ਭਾਰਤੀ ਰਾਜਨੀਤੀ ਵਿੱਚ ਛਾਈਆਂ ਮਹਿਲਾਵਾਂ।
    ਭਾਰਤ ਦੀ ਮੋਜੂਦਾ ਰਾਜਨੀਤੀ ਵਿੱਚ ਪ੍ਰਭਾਵ ਵਿਖਾ ਰਹੀਆਂ ਹਨ ਪੰਜ ਮਹਿਲਾਵਾਂ।
ਦੁਨੀਆਂ ਦੇ ਕਈ ਦੇਸ਼ਾਂ ਨੇ ਔਰਤਾਂ ਦੀ ਮਹੱਤਤਾ ਅਤੇ ਅਬਾਦੀ ਨੂੰ ਦੇਖਦੇ ਹੋਏ ਵੱਖ-ਵੱਖ ਰਾਜਨੀਤਿਕ ਸੀਟਾਂ ਵਿੱਚ ਮਹਿਲਾਵਾਂ ਨੂੰ ਰਿਜਰਵੇਸ਼ਨ ਦਿਤੀ ਹੈ। ਪਿਛਲੇ 2 ਦਹਾਕਿਆਂ ਦੌਰਾਨ ਹੀ ਕਰੀਬ 50 ਮੁਲਕਾਂ ਨੇ ਰਾਸ਼ਟਰੀ ਅਤੇ ਸੂਬਾ ਪੱਧਰ ਦੀਆਂ ਨਿਰਣਾ ਲੈਣ ਵਾਲੀਆ ਕਈ ਮਹਤਵਪੂਰਨ ਸੀਟਾਂ ਔਰਤਾਂ ਲਈ ਰਾਖਵੀਂਆਂ ਰੱਖੀਆਂ ਹਨ। ਭਾਰਤ ਜੋ ਕਿ ਵੱਡਾ ਲੋਕਤੰਤਰ ਦੇਸ਼ ਹੈ ਵਿੱਚ ਵੀ ਸਾਬਕਾ ਸਵਰਗੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀਆਂ ਕੋਸ਼ਿਸ਼ਾਂ ਸਦਕਾ 1992 ਤੋਂ ਬਾਦ ਲੋਕਤੰਤਰ ਦੇ ਹੇਠਲੇ ਭਾਗ ਪੰਚਾਇਤ ਰਾਜ ਸਿਸਟਮ ਆਦਿ ਵਿੱਚ 33% ਸੀਟਾਂ ਅੋਰਤਾਂ ਲਈ ਰਾਖਵੀਂਆਂ ਰੱਖੀਆਂ ਗਈਆਂ ਹਨ। ਇਸ ਸਭ ਦਾ ਮੁਖ ਮੰਤਵ ਅੋਰਤਾਂ ਵਿੱਚ ਸਵੈਮਾਨ ਦੀ ਭਾਵਨਾ ਪੈਦਾ ਕਰਨਾ ਸੀ। ਸਮੇਂ-ਸਮੇਂ ਤੇ ਮਹਿਲਾ ਸੰਗਠਨਾਂ ਦੀ ਮੰਗ ਤੇ ਸਰਕਾਰਾਂ ਵਲੋਂ ਮਹਿਲਾਵਾਂ ਲਈ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਮਹਿਲਾਵਾਂ ਲਈ ਸੀਟਾਂ ਰਾਖਵੀਆਂ ਰੱਖਣ ਸਬੰਧੀ ਕੋਸ਼ਿਸ਼ ਕੀਤੀ ਗਈ। 1996 ਵਿੱਚ ਐਚ ਡੀ ਦੇਵਗੋੜਾ ਦੀ ਸਰਕਾਰ ਵੇਲੇ ਔਰਤਾਂ ਨੂੰ ਲੋਕ ਸਭਾ, ਵਿਧਾਨ ਸਭਾ ਆਦਿ ਵਿੱਚ 33% ਸੀਟਾਂ ਰਿਜਰਵ ਕਰਨ ਲਈ ਬਿਲ ਲਿਆਂਦਾ ਗਿਆ ਅਤੇ ਸਮੇਂ ਸਮੇਂ ਤੇ ਇਸ ਵਿੱਚ ਬਦਲਾਵ ਆਂਦੇ ਰਹੇ ਹਨ। ਐਨ ਡੀ ਏ ਦੀ ਸਰਕਾਰ ਵੇਲੇ ਗੀਤਾ ਮੁਖਰਜੀ ਦੀ ਅਗਵਾਈ ਵਿੱਚ ਇੱਕ ਜ਼ੁਆਇੰਟ ਪਾਰਲੀਆਮੈਂਟਰੀ ਕਮੇਟੀ ਬਣਾਈ ਗਈ ਅਤੇ ਕਮੇਟੀ ਵਲੋਂ ਵੀ ਇਸ ਵਿੱਚ ਲੋੜ ਅਨੁਸਾਰ ਸੋਧ ਕੀਤੀ ਗਈ ਸੀ। ਫਿਰ ਇਸ ਵਿੱਚ ਜਾਤ ਅਧਾਰਤ ਰਿਜਰਵੇਸ਼ਨ ਨੂੰ ਲੈ ਕੇ ਸਮੱਸਿਆ ਪੈਦਾ ਹੋ ਗਈ ਅਤੇ ਇਹ ਬਿਲ ਅਜੇ ਤੱਕ ਲਾਗੂ ਨਹੀਂ ਹੋ ਸਕਿਆ। ਬੇਸ਼ੱਕ ਮਹਿਲਾਵਾਂ ਨੂੰ ਰਾਖਵੀਆਂ ਸੀਟਾਂ ਦੇਣ ਸਬੰਧੀ ਕਨੂੰਨ ਅਜੇ ਤੱਕ ਨਹੀਂ ਬਣ ਸਕਿਆ ਹੈ ਪਰ ਇਹ ਵੀ ਇੱਕ ਮੰਨੀ ਪ੍ਰਮੰਨੀ ਸਚਾਈ ਹੈ ਕਿ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਕਈ ਮਹਿਲਾਵਾਂ ਹਾਵੀ ਅਤੇ ਪ੍ਰਭਾਵਸ਼ਾਲੀ ਹਨ। ਸਾਡੇ ਦੇਸ਼ ਵਿੱਚ ਲੱਗਭੱਗ ਦੋ ਦਹਾਕੇ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਰਾਜਨੀਤੀ ਵਿੱਚ ਹਾਵੀ ਰਹੀ ਹੈ। ਮੋਜੂਦਾ ਸਮੇਂ ਵੀ ਦੇਸ਼ ਦੀ ਸਿਆਸਤ ਦੀ ਚਾਬੀ ਕਈ ਮਹਿਲਾਵਾਂ ਕੋਲ ਹੀ ਹੈ ਜਾਂ ਇਨ੍ਹਾਂ ਦੇ ਆਲੇ ਦੁਆਲੇ ਘੁੰਮਦੀ ਹੈ। ਇਨ੍ਹਾਂ ਪ੍ਰਭਾਵਸ਼ਾਲੀ ਮਹਿਲਾਵਾਂ ਵਿਚੋਂ ਪੰਜ ਮਹਿਲਾ ਆਗੂਆਂ ਦਾ ਨਾਮ ਅਕਸਰ ਚਰਚਾ ਵਿੱਚ ਰਹਿੰਦਾ ਹੈ। ਇਨ੍ਹਾਂ ਮਹਿਲਾ ਆਗੂਆਂ ਵਿਚੋਂ ਕੋਈ ਕੇਂਦਰ ਦੀ ਰਾਜਨੀਤੀ ਵਿੱਚ ਇਸ਼ਾਰਿਆਂ ਨਾਲ ਸਰਕਾਰ ਚਲਵਾਉਂਦਾ ਰਿਹਾ ਹੈ, ਤਾਂ ਕੋਈ ਆਪਣੇ-ਆਪਣੇ ਸੂਬਿਆਂ ਵਿੱਚ ਸਾਲਾਂ ਪੁਰਾਣੇ ਕਿਲਿਆਂ ਨੂੰ ਢਾਹ ਕੇ ਕੁਰਸੀ ਹਾਸਲ ਕਰਨ ਅਤੇ ਸੱਤਾ ਤੇ ਕਬਜ਼ਾ ਕਰਨ ਵਿੱਚ ਕਾਮਯਾਬ ਸਾਬਿਤ ਹੋਇਆ ਹੈ। ਇਹ ਪੰਜ ਮਹਿਲਾਵਾਂ ਭਾਵੇਂ ਅਲੱਗ-ਅਲੱਗ ਰਾਜਨੀਤਿਕ ਦਲਾਂ ਤੋਂ ਹੋਣ, ਪਰ ਸਿਆਸੀ ਹੁਨਰ ਦੀ ਗੱਲ ਹੋਣ ਤੇ ਸਭ ਇੱਕ ਦੂਜੇ ਤੋਂ ਵੱਧ ਹਨ। ਇਨ੍ਹਾਂ ਵਿੱਚ ਤਿਆਗ ਦੀ ਤਾਕਤ, ਰਾਜਨੀਤਿਕ ਸੋਚ, ਰਣਨੀਤਿਕ ਸਮਝ ਅਤੇ ਦੋਸਤ ਬਣਾਉਣ ਵਿੱਚ ਮਹਾਰਤ ਇਨ੍ਹਾਂ ਦੀ ਖੂਬੀ ਹੈ। ਜੇਕਰ ਕਿਸੀ ਇੱਕ ਆਗੂ ਵਿੱਚ ਇਹ ਸਾਰੀ ਕਾਬਲੀਅਤ ਵੇਖੀਏ ਤਾਂ ਯੂਪੀਏ ਅਤੇ ਕਾਂਗਰਸ ਦੀ ਵਾਗਡੋਰ ਸੰਭਾਲਣ ਵਾਲੀ ਸੋਨੀਆ ਗਾਂਧੀ ਦਾ ਨਾਮ ਆਂਦਾ ਹੈ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਜਵਾਹਰ ਲਾਲ ਨਹਿਰੂ ਦੇ ਪਰਿਵਾਰ ਦੀ ਨੂੰਹ ਅਤੇ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੀ ਪਤਨੀ ਦੀ ਸ਼ੁਰੂਆਤ ਭਾਵੇਂ ਇਟਲੀ ਵਿੱਚ ਹੋਈ, ਪਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਖੁਦ ਨੂੰ ਭਾਰਤੀ ਅੰਦਾਜ਼ ਵਿੱਚ ਢਾਲ ਲਿਆ, ਉਹ ਕਾਬਿਲੇ ਤਾਰੀਫ ਹੈ। 1998 ਵਿੱਚ ਕਾਂਗਰਸ ਪਾਰਟੀ ਦੀ ਪ੍ਰਧਾਨ ਬਣਨ ਤੋਂ ਬਾਦ ਬੀਬੀ ਸੋਨੀਆਂ ਗਾਂਧੀ ਨੇ ਦਿਨ ਪ੍ਰਤੀ ਦਿਨ ਰਾਜਨੀਤੀ ਵਿੱਚ ਅਗਾਂਹ ਕਦਮ ਪੁੱਟੇ ਹਨ। ਇਸ ਵਿੱਚ ਵੀ ਕੋਈ ਅੱਤਕਥਿਨੀ ਨਹੀਂ ਕਿ ਕਿਸੇ ਵੇਲੇ ਕਾਂਗਰਸ ਪਾਰਟੀ ਦੀ ਡੁਬੱ ਰਹੀ ਸਾਖ ਨੂੰ ਸੋਨੀਆ ਗਾਂਧੀ ਨੇ ਹੀ ਬਚਾਇਆ ਹੈ ਅਤੇ ਪਿਛਲੇ 10 ਸਾਲਾਂ ਤੋਂ ਲਗਾਤਾਰ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਚਲਾਈ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਭਾਂਵੇ ਵਿਦੇਸੀ ਹੋਣ ਦਾ ਰੋਲ਼ਾ ਪੈਣ ਕਾਰਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 10 ਸਾਲ ਸੰਭਾਲੀ ਹੋਵੇ, ਪਰ ਇਹਨਾਂ 10 ਸਾਲਾਂ ਵਿੱਚ ਕੋਈ ਦਿਨ ਅਜਿਹਾ ਨਹੀਂ ਗਿਆ ਹੋਣਾ, ਜਦੋਂ ਸੋਨੀਆਂ ਗਾਂਧੀ ਨੇ ਆਪਣੀ ਤਾਕਤ ਦਾ ਅਹਿਸਾਸ ਨਾ ਕਰਵਾਇਆ ਹੋਵੇ। ਉਹ ਸਰਕਾਰ ਚਲਾਣਾ ਜਾਣਦੀ ਹੈ, ਉਸਨੂੰ ਸੰਗਠਨ ਸੰਭਾਲਣਾ ਆਉਂਦਾ ਹੈ, ਆਪਣੇ ਕਾਰਜਕਰਤਾਵਾਂ ਵਿੱਚ ਜੋਸ਼ ਭਰਨ ਦੀ ਕਲਾ ਤੋਂ ਵਾਕਿਫ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੀਤੇ ਕਈ ਸਾਲਾਂ ਤੋਂ ਕਾਂਗਰਸ ਦਾ ਹਰ ਨੇਤਾ ਉਸਨੂੰ ਆਪਣਾ ਨੇਤਾ ਮੰਨਦਾ ਹੈ। ਉਤਰ ਪ੍ਰਦੇਸ ਵਿੱਚ 4 ਵਾਰ ਮੁੱਖ ਮੰਤਰੀ ਬਣਨ ਵਾਲੀ ਦਲਿਤ ਮਹਿਲਾ ਆਗੂ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਰਾਜਨੀਤੀ ਵਿੱਚ ਉਹ ਕਿਸੇ ਤਰਾਂ ਵੀ ਪਿੱਛੇ ਨਹੀਂ ਹੈ। ਤਿਲਕ, ਤਰਾਜੂ ਅਤੇ ਤਲਵਾਰ, ਇਨਕੋ ਮਾਰੋ ਜੂਤੇ ਚਾਰ ਇੱਕ ਸਮਾਂ ਸੀ ਜਦੋਂ ਇਸੀ ਨਾਰੇ ਦੇ ਦਮ ਤੇ ਬਹੁਜਨ ਸਮਾਜ ਪਾਰਟੀ ਨੇ ਦਲਿਤ ਵੋਟਾਂ ਦਾ ਅਜਿਹਾ ਧਰੁਵੀਕਰਨ ਬਣਾਇਆ ਕਿ ਪੁਰਾਣੇ ਕਈ ਖਿਲਾੜੀਆਂ ਦਾ ਖੇਲ ਡੋਲ ਗਿਆ। ਫਿਰ ਵਾਰੀ ਆਈ ਸ਼ੋਸ਼ਲ ਇੰਜੀਨੀਰਿੰਗ ਦੀ, ਅਜਿਹਾ ਫਾਰਮੂਲਾ ਜਿਸ ਨੇ ਅਗਲੀਆਂ ਜਾਤੀ ਦੇ ਆਗੂਆਂ ਨੂੰ ਵੀ ਮਾਇਆਵਤੀ ਦੇ ਪਿੱਛੇ ਲਿਆ ਕੇ ਖੜਾ ਕਰ ਦਿੱਤਾ ਅਤੇ ਇੱਕ ਵਾਰ ਫਿਰ ਕਈ ਰਾਜਨੀਤਿਕ ਸੂਰਮਿਆਂ ਦੇ ਅਰਮਾਨ ਧਰੇ ਦੇ ਧਰੇ ਰਹਿ ਗਏ। ਇਹ ਮਾਇਆਵਤੀ ਦਾ ਜਾਦੂ ਹੈ ਜੋ ਸਿਰ ਚੜ੍ਹ ਕੇ ਬੋਲਦਾ ਹੈ ਜਿਸ ਕਾਰਨ ਦੇਸ਼ ਦੇ ਵੱਡੇ ਸੂਬੇ ਉਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਦੀ ਕਮਾਂਡ ਸੰਭਾਲਕੇ ਰੱਖੀ ਅਤੇ ਕੇਂਦਰੀ ਸਰਕਾਰ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਵੀ ਅੱਜਕੱਲ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਮਾਇਆਵਤੀ ਕਿਸਦੇ ਨਾਲ ਜਾਵੇਗੀ। ਭਾਜਪਾ ਨੇ ਹੁਣ ਤੱਕ ਉਸਦੇ ਖਿਲਾਫ ਹਮਲਾਵਰ ਰੁੱਖ ਅਖਤਿਆਰ ਨਹੀਂ ਕੀਤਾ ਹੈ, ਪਰ ਰਾਜਨੀਤੀ ਦਾ ਕੋਈ ਭਰੋਸਾ ਨਹੀਂ ਹੈ। 16 ਮਈ ਨੂੰ ਨਤੀਜੇ ਦੱਸਣਗੇ ਕਿ ਹਾਥੀ ਕਿੰਨਾ ਸਫਰ ਤਹਿ ਕਰਦਾ ਹੈ ਅਤੇ ਕਿਹੜੀ ਰਾਹ ਫੜਦਾ ਹੈ। ਦੇਸ਼ ਦਾ ਪੱਛਮੀ ਬੰਗਾਲ ਇੱਕ ਸੂਬਾ ਅਜਿਹਾ ਹੈ, ਜਿੱਥੇ ਖੱਬੇਪੱਖੀਆਂ ਕਾਮਰੇਡਾਂ ਨੇ ਤਿੰਨ ਦਹਾਕੇ ਰਾਜ ਕੀਤਾ ਹੈ। ਵਿਕਾਸ ਵਿਰੋਧੀ ਨੀਤੀਆਂ ਦੀ ਤਮਾਮ ਆਲੋਚਨਾਵਾਂ ਦੇ ਬਾਵਜੂਦ ਉਹ ਹਰ ਵਾਰ ਚੋਣਾਂ ਵਿੱਚ ਖੜੇ ਹੁੰਦੇ, ਲੜਦੇ ਅਤੇ ਜਿੱਤ ਜਾਂਦੇ। ਪਰੰਤੂ ਤ੍ਰਿਣਾਮੂਲ ਕਾਂਗਰਸ ਪਾਰਟੀ ਆਗੂ ਮਮਤਾ ਬੈਨਰਜੀ ਨੇ ਇਸ ਸੂਬੇ ਤੋਂ ਕਾਮਰੇਡਾਂ ਦੇ ਪੈਰ ਉਖਾੜਕੇ ਸਾਬਤ ਕਰ ਦਿਤਾ ਕਿ ਉਹ ਕਿਸੇ ਤੋਂ ਘਟ ਨਹੀਂ ਹੈ। ਅੱਜ ਉਹ ਕਿੰਨੀ ਤਾਕਤਵਰ ਹੈ, ਇਸਦੇ ਬਾਰੇ ਵਿੱਚ ਦੱਸਣ ਦੀ ਲੋੜ ਨਹੀਂ ਹੈ। ਪੱਛਮੀ ਬੰਗਾਲ ਵਿੱਚ ਉਸਨੇ ਸੱਤਾ ਸੰਭਾਲੀ ਹੋਈ ਹੈ ਅਤੇ ਹੁਣ ਨਿਸ਼ਾਨਾ ਇਸ ਪਾਸੇ ਹੈ ਕਿ ਰਾਸ਼ਟਰੀ ਰਾਜਨੀਤੀ ਵਿੱਚ ਆਪਣਾ ਕੱਦ ਕਿਵੇਂ ਵਧਾਇਆ ਜਾਵੇ। ਭਾਜਪਾ ਉਹਨਾਂ ਤੇ ਡੋਰੇ ਪਾ ਰਹੀ ਹੈ, ਕਾਂਗਰਸ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੈ। ਦੇਸ਼ ਵਿੱਚ ਰਾਜਨੀਤਿਕ ਸੱਤਾ ਹਾਸਲ ਕਰਨ ਲਈ ਅੱਗੇ ਵਧ ਰਹੀ ਐਨ ਡੀ ਏ ਦੀ ਪ੍ਰਮੁੱਖ ਪਾਰਟੀ ਭਾਰਤੀ ਜਨਤਾ ਪਾਰਟੀ ਵਿੱਚ ਲੋਕਸਭਾ ਵਿੱਚ ਵਿਰੋਧੀ ਨੇਤਾ ਸ਼ੁਸ਼ਮਾ ਸਵਰਾਜ਼ ਆਪਣੀ ਭਾਸ਼ਣ ਕਲਾ, ਤੇਜ-ਤਰਾਰ ਵਿਅਕਤੀਤਵ ਅਤੇ ਸ਼ੋਸ਼ਲ ਮੀਡੀਆ ਵਿੱਚ ਚੰਗੀ ਪੈਠ ਰੱਖਣ ਦੇ ਲਈ ਜਾਣੀ ਜਾਂਦੀ ਹੈ। ਦਿਲੀ ਦੀ ਸਾਬਕਾ ਮੁੱਖ ਮੰਤਰੀ ਅਤੇ 15ਵੀਂ ਲੋਕ ਸਭਾ ਵਿੱਚ ਵਿਰੋਧੀ ਧਿਰ ਆਗੂ ਸੁਸ਼ਮਾ ਸਵਰਾਜ ਭਾਜਪਾ ਦੇ ਉਚ ਨੇਤਾਵਾਂ ਵਿੱਚ ਸ਼ਾਮਲ ਹੈ ਅਤੇ ਜੇਕਰ ਭਾਜਪਾ ਕੇਂਦਰ ਵਿੱਚ ਅਗਲੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹਿੰਦੀ ਹੈ, ਤਾਂ ਉਸਨੂੰ ਅਹਿਮ ਮੰਤਰਾਲਾ ਮਿਲ ਸਕਦਾ ਹੈ। ਜੇਕਰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਆਗੂ ਨਰਿੰਦਰ ਮੋਦੀ ਦੇ ਨਾਮ ਦਾ ਕੋਈ ਬਵਾਲ ਖੜ੍ਹਾ ਹੁੰਦਾ ਹੈ ਤਾਂ ਐਨ ਡੀ ਏ  ਭਾਰਤੀ ਜਨਤਾ ਪਾਰਟੀ ਆਗੂ ਸ਼ੁਸ਼ਮਾ ਸਵਰਾਜ਼ ਨੂੰ ਵੀ ਪ੍ਰਧਾਨ ਮੰਤਰੀ ਬਣਾ ਸਕਦੀ ਹੈ। ਲੰਬਾ ਸਮਾਂ ਫਿਲਮੀ ਪਰਦੇ ਤੇ ਚਮਕਣ ਵਾਲੀ ਇੱਕ ਅਭਿਨੇਤਰੀ ਹੁਣ ਰਾਜਨੀਤੀ ਵਿੱਚ ਅੰਮਾ ਕਹਿਲਾਂਦੀ ਹੈ, ਉਸਦੀ ਸਿਆਸੀ ਚਾਲ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਤਾਮਿਲਨਾਡੂ ਦੀ ਮੁੱਖ ਮੰਤਰੀ ਅਤੇ ਏਆਈਏਡੀਐਮਕ ਮੁਖੀ ਜੈ ਲਲਿਤਾ ਪਿਛਲੇ ਲੱਗਭੱਗ ਤਿੰਨ ਦਹਾਕਿਆਂ ਤੋਂ ਤਾਮਿਨਾਡੂ ਅਤੇ ਕੇਂਦਰ ਦੀ ਰਾਜਨੀਤੀ ਵਿੱਚ ਸਰਗਰਮ ਭੁਮਿਕਾ ਨਿਭਾ ਰਹੀ ਹੈ। ਰਾਜਨੀਤਿਕ ਜਾਣਕਾਰ ਉਮੀਦ ਕਰ ਰਹੇ ਸੀ ਕਿ ਹੁਣ ਜੈਲਲਿਤਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਵੇਦਾਰ ਨਰਿੰਦਰ ਮੋਦੀ ਦਾ ਸਾਥ ਦੇਣ ਦੇ ਲਈ ਤੁਰੰਤ ਤਿਆਰ ਹੋ ਜਾਵੇਗੀ, ਪਰ ਇਸ ਤਰ੍ਹਾਂ ਨਹੀਂ ਹੋਇਆ ਅਤੇ ਉਸਨੇ ਨੇ ਸਾਫ ਕਹਿ ਦਿੱਤਾ ਕਿ ਉਹ ਖੁਦ ਪ੍ਰਧਾਨਮੰਤਰੀ ਦੀ ਕੁਰਸੀ ਬਹੁਤ ਪਸੰਦ ਕਰਦੀ ਹੈ। ਏਆਈਏਡੀਐਮਕੇ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ। ਹੁਣ ਉਹ ਤਾਮਲਿਨਾਡੂ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜ ਰਹੀ ਹੈ। ਚੋਣਾਂ ਤੋਂ ਬਾਦ ਉਹ ਕੀ ਰਸਤਾ ਅਪਣਾਂਣੀ ਹੈ ਇਹ ਤਾਂ 16 ਮਈ ਤੋਂ ਬਾਦ ਹੀ ਪਤਾ ਚੱਲੇਗਾ ਪਰ ਹਾਲ ਦੀ ਘੜੀ ਉਨੇ ਕਈ ਆਗੂਆਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਬੇਸ਼ੱਕ ਇਹ ਪੰਜ ਮਹਿਲਾ ਆਗੂ ਰਾਜਨੀਤੀ ਦਾ ਪ੍ਰਮੁੱਖ ਧੂਰਾ ਬਣੀਆਂ ਹੋਈਆਂ ਹਨ ਪਰ ਕਈ ਹੋਰ ਮਹਿਲਾ ਆਗੂ ਜਿਨ੍ਹਾਂ ਵਿੱਚ ਭਾਜਪਾ ਆਗੂ ਉਮਾ ਭਾਰਤੀ, ਗਾਂਧੀ ਪਰਿਵਾਰ ਦੀ ਨੂੰਹ ਮੇਨਕਾ ਗਾਂਧੀ, ਸ਼੍ਰੋਮਣੀ ਅਕਾਲੀ ਦੱਲ ਆਗੂ ਅਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ, ਕਾਂਗਰਸੀ ਆਗੂ ਅੰਬਿਕਾ ਸੋਨੀ, ਲੋਕ ਸਭਾ ਸਪੀਕਰ ਮੀਰਾ ਕੁਮਾਰ, ਰਜਿੰਦਰ ਕੌਰ ਭੱਠਲ, ਡਾਕਟਰ ਨਜ਼ਮਾ ਹਪਤੁਲਾ, ਕਾਮਰੇਡ ਆਗੂ ਬਰਿੰਦਾ ਕਰਾਤ, ਫਿਲਮੀ ਐਕਟਰਸ ਹੇਮਾ ਮਾਲਿਨੀ ਮੁੱਖ ਤੋਰ ਤੇ ਸ਼ਾਮਲ ਹਨ ਅਪਣੀ-ਅਪਣੀ ਪਾਰਟੀ ਲਈ ਅਪਣੇ - ਅਪਣੇ ਇਲਾਕੇ ਵਿੱਚ ਕੰਮ ਕਰ ਰਹੀਆਂ ਹਨ। 
ਕੁਲਦੀਪ ਚੰਦ
9417563054