ਰੁੱਤ ਚੋਣਾਂ ਦੀ ਆਈ।

ਚੋਣ ਲੜਣ ਵਾਲੇ ਕਈ ਉਮੀਦਵਾਰ ਚੋਣ ਆਯੋਗ ਦੇ ਹੁਕਮਾਂ ਨੂੰ ਨਹੀਂ ਮੰਨਦੇ। ਚੋਣ  ਆਯੋਗ ਨੇ ਹਜਾਰਾਂ ਉਮੀਦਵਾਰਾਂ ਨੂੰ ਅੱਗੇ ਤੋਂ ਚੋਣ ਲੜਣ ਤੋਂ ਅਯੋਗ ਕਰਾਰ ਦਿਤਾ।

19 ਮਾਰਚ, 2014 (ਕੁਲਦੀਪ ਚੰਦ ) ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਲੜਕੇ ਦੇਸ਼ ਅਤੇ ਸੂਬਿਆਂ ਦੀ ਵਾਗਡੋਰ ਸੰਭਾਲਣ ਅਤੇ ਸਰਕਾਰ ਚਲਾਉਣ ਦੇ ਦਾਅਵੇਦਾਰ ਕਈ ਉਮੀਦਵਾਰ ਚੋਣ ਆਯੋਗ ਦੇ ਹੁਕਮਾਂ ਅਤੇ ਨਿਯਮਾਂ ਅਨੁਸਾਰ ਕੰਮ ਨਹੀਂ ਕਰਦੇ ਅਤੇ ਬਣਦਾ ਹਿਸਾਬ ਕਿਤਾਬ ਚੋਣ ਆਯੋਗ ਨੂੰ ਜਮਾਂ ਨਹੀਂ ਕਰਵਾਂਦੇ ਹਨ। ਇਹ ਸਾਰਾ ਕੁੱਝ ਰਾਸਟਰੀ ਚੋਣ ਆਯੋਗ ਵਲੋਂ ਵੱਖ-ਵੱਖ ਉਮੀਦਵਾਰਾਂ ਨੂੰ  ਚੋਣ ਲੜਣ ਲਈ ਅਯੋਗ ਠਹਿਰਾਉਣ ਵਾਲੇ ਫੈਸਲੇ ਤੋਂ ਸਪਸ਼ਟ ਹੋਇਆ ਹੈ। ਚੋਣ ਆਯੋਗ ਵਲੋ ਜਾਰੀ ਕੀਤੀ ਗਈ ਸੂਚੀ ਅਨੁਸਾਰ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਅਜਾਦ ਚੋਣ ਲੜਣ ਵਾਲੇ ਲੋਕ ਸਭਾ ਅਤੇ ਵਿਧਾਨ ਸਭਾ ਦੇ 3275 ਉਮੀਦਵਾਰਾਂ ਨੂੰ ਚੋਣ ਆਯੋਗ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਜੁਰਮ ਵਿੱਚ 3 ਸਾਲ ਲਈ ਚੋਣ ਲੜਣ ਲਈ ਅਯੋਗ ਕਰਾਰ ਦਿਤਾ ਗਿਆ ਹੈ। ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਚੀਫ ਇਲੈਕਟ੍ਰੋਲ ਅਫਸਰਾਂ ਨੂੰ ਪੱਤਰ ਨੰਬਰ 116/2013/ਸੀ ਈ ਐਮ ਐਸ-1 ਮਿਤੀ 20 ਸਤੰਬਰ 2013 ਰਾਹੀਂ ਡਿਸਕਵਾਲੀਫਾਈਡ ਉਮੀਦਵਾਰਾਂ ਦੀ ਲਿਸਟ ਭੇਜੀ ਹੈ। ਇਹਨਾਂ ਨੂੰ ਰੀਪ੍ਰੈਜੈਂਟ ਆਫ ਦਾ ਪਿਊਪਲ ਐਕਟ 1951 ਦੀ ਧਾਰਾ 10 ਏ ਦੇ ਅਧੀਨ ਡਿਸਕਵਾਲੀਫਾਈਡ ਕੀਤਾ ਗਿਆ ਹੈ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਡਿਸਕਵਾਲੀਫਾਈਡ ਉਮੀਦਵਾਰਾਂ ਦੀ ਲਿਸਟ ਰਿਟਰਨਿੰਗ ਅਫਸਰ ਅਤੇ ਚੋਣਾਂ ਨਾਲ ਸਬੰਧਿਤ ਹੋਰ ਅਫਸਰਾਂ ਨੂੰ ਤੁਰੰਤ ਦਿੱਤੀ ਜਾਵੇ। ਇਹਨਾਂ ਡਿਸਕਵਾਲੀਫਾਈਡ ਉਮੀਦਵਾਰਾਂ ਦੀ ਲਿਸਟ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਵੀ ਪਾਈ ਗਈ ਹੈ। ਪੰਜਾਬ ਦੇ ਜਲਾਲਾਬਾਦ ਤੋਂ ਉਮੀਦਵਾਰ ਕੁਲਵਿੰਦਰ ਸਿੰਘ, ਹੰਸ ਰਾਜ ਅਤੇ ਕੁਲਵਿੰਦਰ ਸਿੰਘ ਨੂੰ ਮਿਤੀ 9.5.2011 ਤੋਂ ਲੈ ਕੇ 9.5.2014 ਤੱਕ ਡਿਸਕਵਾਲੀਫਾਈਡ ਕੀਤਾ ਗਿਆ ਹੈ। ਪੰਜਾਬ ਦੇ ਕੋਟਕਪੁਰਾ ਤੋਂ ਉਮੀਦਵਾਰ ਕਰਮਜੀਤ ਸਿੰਘ ਅਤੇ ਸਵਰਨ ਸਿੰਘ ਨੂੰ 7.8.2013 ਤੋਂ 7.8.2016 ਤੱਕ ਡਿਸਕਵਾਲੀਫਾਈਡ ਕੀਤਾ ਗਿਆ ਹੈ। ਪੰਜਾਬ ਦੇ ਜੈਤੋ ਤੋਂ ਉਮੀਦਵਾਰ ਸ਼੍ਰੀਮਤੀ ਗੁਰਦੇਵ ਕੌਰ ਅਤੇ ਪ੍ਰਭਜੋਤ ਕੌਰ ਨੂੰ 7.8.2013 ਤੋਂ 7.8.2016 ਤੱਕ ਡਿਸਕਵਾਲੀਫਾਈਡ ਕੀਤਾ ਗਿਆ ਹੈ। ਪੰਜਾਬ ਦੇ ਹੀ ਨਾਭਾ ਤੋਂ ਉਮੀਦਵਾਰ ਨਿਰਮਲ ਸਿੰਘ ਅਤੇ ਪ੍ਰੇਮ ਕੁਮਾਰ ਨੂੰ 7.8.2013 ਤੋਂ 7.8.2016 ਤੱਕ ਡਿਸਕਵਾਲੀਫਾਈਡ ਕੀਤਾ ਗਿਆ ਹੈ। ਚੰਡੀਗੜ ਤੋਂ ਉਮੀਦਵਾਰ ਸ਼੍ਰੀਮਤੀ ਮਾਇਆ ਦੇਵੀ ਨੂੰ 4.1.2011 ਤੋਂ 4.1.2014 ਤੱਕ ਡਿਸਕਵਾਲੀਫਾਈਡ ਕੀਤਾ ਗਿਆ ਹੈ। ਦੇਸ਼ ਦੇ ਬਾਕੀ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਵੀ ਕਈ ਉਮੀਦਵਾਰਾਂ ਨੂੰ ਡਿਸਕਵਾਲੀਫਾਈਡ ਕੀਤਾ ਗਿਆ ਹੈ। ਆਸਾਮ ਤੋਂ 76 ਉਮੀਦਵਾਰਾਂ ਨੂੰ ਡਿਸਕਵਾਲੀਫਾਈਡ ਕੀਤਾ ਗਿਆ ਹੈ। ਅਰੁਣਾਚਲ ਪ੍ਰਦੇਸ਼ ਤੋਂ 3, ਆਂਧਰਾ ਪ੍ਰਦੇਸ਼ ਤੋਂ 13, ਬਿਹਾਰ ਤੋਂ 126, ਛਤੀਸਗੜ੍ਹ ਤੋਂ 259, ਦਿੱਲੀ ਤੋਂ 8, ਗੁਜਰਾਤ ਤੋਂ 61, ਹਰਿਆਣਾ ਤੋਂ 117, ਜੰਮੂ-ਕਸ਼ਮੀਰ ਤੋਂ 48, ਝਾਰਖੰਡ 118, ਕੇਰਲਾ ਤੋਂ 34, ਕਰਨਾਟਕਾ ਤੋਂ 80, ਮਹਾਰਾਸ਼ਟਰਾਂ ਤੋਂ 189, ਮੱਧ ਪ੍ਰਦੇਸ਼ ਤੋਂ 179, ਮਿਜ਼ੋਰਮ ਤੋਂ 9, ਮੇਘਾਲਿਆ ਤੋਂ 10, ਮਨੀਪੁਰ ਤੋਂ 7, ਉੜੀਸਾ ਤੋਂ 169, ਪੁਡੂਚੇਰੀ ਤੋਂ 9, ਰਾਜਸਥਾਨ ਤੋਂ 67, ਸਿੱਕਮ ਤੋਂ 15, ਤਾਮਿਲਨਾਢੂ ਤੋਂ 61, ਤ੍ਰਿਪੁਰਾ ਤੋਂ 37, ਉਤਰ ਪ੍ਰਦੇਸ਼ ਤੋਂ 166, ਪੱਛਮੀ ਬੰਗਾਲ ਤੋਂ 78, ਗੋਆ ਤੋਂ 11 ਉਮੀਦਵਾਰਾਂ ਨੂੰ ਡਿਸਕਵਾਲੀਫਾਈਡ ਕੀਤਾ ਗਿਆ ਹੈ। ਇਹਨਾਂ ਉਮੀਦਵਾਰਾਂ ਨੂੰ ਵੱਖ-ਵੱਖ ਸਮੇਂ ਲਈ ਡਿਸਕਵਾਲੀਫਾਈਡ ਕੀਤਾ ਗਿਆ ਹੈ। ਡਿਸਕਵਾਲੀਡਾਈਡ ਦੀ ਅਵਧੀ ਦੌਰਾਨ ਇਹ ਉਮੀਦਵਾਰ ਕਿਸੇ ਵੀ ਤਰ੍ਹਾਂ ਦੀਆਂ ਚੋਣ ਨਹੀਂ ਲੜ ਸਕਦੇ ਹਨ।  
ਕੁਲਦੀਪ ਚੰਦ
9417563054