ਰੁੱਤ ਚੋਣਾਂ ਦੀ ਆਈ।

12 ਮਾਰਚ, 2014 (ਕੁਲਦੀਪ ਚੰਦ) 16ਵੀਂ ਲੋਕ ਸਭਾ ਦੀਆਂ ਚੋਣਾਂ ਲਈ ਸਾਰੇ ਦੇਸ ਵਿੱਚ ਜੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਹਰ ਰਾਜਨੀਤਿਕ ਪਾਰਟੀ ਅਤੇ ਰਾਜਨੀਤੀਵਾਨਾਂ ਵਲੋਂ ਚੋਣਾਂ ਵਿੱਚ ਅਪਣੇ ਹੱਕ ਵਿੱਚ ਵੋਟਰਾਂ ਨੂੰ ਭਰਮਾਉਣ ਜਲਈ ਮੁਹਿੰਮ ਸ਼ੁਰੂਕੀਤੀ ਗਈ ਹੈ। ਸਰਕਾਰੀ ਪੱਧਰ ਤੇ ਚੋਣ ਆਯੋਗ ਵਲੋਂ ਨਿਰਪੱਖ ਅਤੇ ਅਜ਼ਾਦ ਚੋਣਾਂ ਕਰਵਾਉਣ ਲਈ ਅਪਣੇ ਪੱਧਰ ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੰਜਾਬ ਵਿੱਚ ਇਹ ਚੋਣਾਂ 30 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ ਜਿਸ ਲਈ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਕਾਂਗਰਸ, ਅਕਾਲੀ ਦੱਲ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਕਮਿਊਨਿਸਟ ਪਾਰਟੀਆਂ, ਹੁਣੇ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਵਲੋਂ ਵਿਸ਼ੇਸ਼ ਰੁੱਚੀ ਵਿਖਾਈ ਜਾ ਰਹੀ ਹੈ। ਜੇਕਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਪਿਛੋਕੜ ਵੇਖੀਏ ਤਾਂ ਪਹਿਲੀ ਲੋਕ ਸਭਾ ਚੋਣ ਨਾਲ 1952 ਵਿੱਚ ਆਰੰਭ ਹੋਇਆ ਤੇ ਕਾਂਗਰਸ ਪਾਰਟੀ ਨੇ 15 ਸੀਟਾਂ ਵਿੱਚੋਂ 14 ਸੀਟਾਂ ਜਿੱਤੀਆਂ ਤੇ ਬਕਾਇਆ ਇੱਕ ਸੀਟ ਅਕਾਲੀ ਦਲ ਨੇ ਜਿੱਤੀ। ਕਾਂਗਰਸ ਪਾਰਟੀ ਨੇ ਕੁੱਲ ਪਈਆਂ ਵੋਟਾਂ ਵਿੱਚੋਂ ਤਕਰੀਬਨ 43 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਜਦੋਂ ਕਿ ਅਕਾਲੀ ਦਲ ਨੂੰ ਸਿਰਫ 12 ਫੀਸਦੀ ਵੋਟਾਂ ਮਿਲੀਆਂ। 1957 ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ 17 ਸੀਟਾਂ ਵਿੱਚੋਂ 16 ਸੀਟਾ ਮਿਲੀਆਂ ਤੇ ਇੱਕ ਸੀਟ ਭਾਰਤੀ ਕਮਿਊਨਿਸਟ ਪਾਰਟੀ ਨੇ ਜਿੱਤੀ। ਕਾਂਗਰਸ ਪਾਰਟੀ ਨੂੰ ਕੁੱਲ ਪਈਆਂ ਵੋਟਾਂ ਵਿੱਚੋਂ 51.26 ਫੀਸਦੀ ਤੇ ਤੇ ਭਾਰਤੀ ਕਮਿਊਨਿਸਟ ਪਾਰਟੀ ਨੂੰ 16.81 ਫੀਸਦੀ ਵੋਟਾਂ ਮਿਲੀਆਂ ਸਨ। 1957 ਵਿੱਚ ਹੋਈ ਰਾਜ ਵਿਧਾਨ ਸਭਾ ਦੀ ਚੋਣ ਵਿੱਚ ਕਾਂਗਰਸ ਨੇ ਕੁੱਲ 154 ਸੀਟਾਂ ਵਿੱਚੋਂ 120 ਸੀਟਾਂ ਅਤੇ ਭਾਰਤੀ ਕਮਿਊਨਿਸਟ ਪਾਰਟੀ ਨੇ 6 ਸੀਟਾਂ ਜਿੱਤੀਆਂ। ਭਾਰਤੀ ਜਨ ਸੰਘ) ਨੇ ਕੇਵਲ 8.6 ਫੀਸਦੀ ਵੋਟਾਂ ਨਾਲ 9 ਸੀਟਾਂ ਜਿੱਤੀਆਂ, ਜਦੋਂ ਕਿ ਕਾਂਗਰਸ ਤੇ ਭਾਰਤੀ ਕਮਿਊਨਿਸਟ ਪਾਰਟੀ ਨੂੰ ਕ੍ਰਮਵਾਰ 47.5 ਫੀਸਦੀ ਅਤੇ 13.6 ਫੀਸਦੀ ਵੋਟਾਂ ਮਿਲੀਆਂ। ਭਾਰਤੀ ਜਨ ਸੰਘ ਘੱਟ ਵੋਟਾਂ ਲੈ ਕੇ ਵੀ ਕਮਿਊਨਿਸਟ ਪਾਰਟੀ ਨਾਲੋਂ ਜ਼ਿਆਦਾ ਸੀਟਾਂ ਜਿੱਤ ਗਈ। ਦੇਸ਼ ਵਿੱਚ ਤੀਸਰੀਆਂ ਲੋਕ ਸਭਾ ਚੋਣਾਂ 1962 ਵਿੱਚ ਹੋਈਆਂ ਤੇ ਇਨ੍ਹਾਂ ਚੋਣਾਂ ਵਿੱਚ ਪੰਜਾਬ ਦੀਆਂ ਲੋਕ ਸਭਾ ਸੀਟਾਂ 17 ਤੋਂ ਵੱਧ ਕੇ 22 ਹੋ ਗਈਆਂ। ਅਕਾਲੀ ਦਲ ਨੇ ਇਨ੍ਹਾਂ ਚੋਣਾਂ ਵਿੱਚ ਪੰਜਾਬੀ ਸੂਬੇ ਨੂੰ ਮੁੱਦਾ ਬਣਾ ਕੇ ਹਿੱਸਾ ਲਿਆ ਤੇ ਕੁੱਲ ਪਈਆਂ ਵੋਟਾਂ ਦਾ 12.2 ਫੀਸਦੀ ਵੋਟਾਂ ਲੈ ਕੇ 3 ਸੀਟਾਂ ਜਿੱਤੀਆਂ, ਕਾਂਗਰਸ ਪਾਰਟੀ 41.30 ਫੀਸਦੀ ਵੋਟਾਂ ਲੈ ਕੇ ਕੇਵਲ 14 ਸੀਟਾਂ ਹੀ ਜਿੱਤ ਸਕੀ। ਭਾਰਤੀ ਜਨ ਸੰਘ ਨੇ ਵੀ 15.12 ਫੀਸਦੀ ਵੋਟਾਂ ਲੈ ਕੇ ਤਿੰਨ ਸੀਟਾਂ ਪ੍ਰਾਪਤ ਕੀਤੀਆਂ। ਸੀ.ਪੀ.ਆਈ. ਦੇ ਖਾਤੇ ਕੋਈ ਸੀਟ ਨਹੀਂ ਆਈ, ਭਾਵੇਂ ਕਿ ਇਸ ਨੇ ਕੁੱਲ ਵੋਟਾਂ ਦੇ 4.72 ਫੀਸਦੀ ਵੋਟ ਪ੍ਰਾਪਤ ਕੀਤੇ। 1967 ਦੀਆਂ ਚੋਣਾਂ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਹੋਈਆਂ ਅਤੇ ਲੋਕ ਸਭਾ ਸੀਟਾਂ ਦੀ ਗਿਣਤੀ 13 ਰਹਿ ਗਈ ਜੋਕਿ ਹੁਣ ਤੱਕ ਕਾਇਮ ਹੈ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ ਕੁੱਲ ਪਈਆਂ ਵੋਟਾਂ ਦਾ 37.3 ਫੀਸਦੀ ਲੈ ਕੇ 9 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਜਦਕਿ ਜਨ ਸੰਘ ਨੂੰ ਕੁੱਲ ਪਈਆਂ ਵੋਟਾਂ ਦਾ ਕੇਵਲ 12.5 ਫੀਸਦੀ ਹੀ ਮਿਲਿਆ। ਅਕਾਲੀ ਦਲ (ਸੰਤ) ਨੂੰ ਕੁੱਲ ਪਈਆਂ ਵੋਟਾਂ ਵਿੱਚੋਂ 22.61 ਫੀਸਦੀ ਵੋਟਾਂ ਮਿਲੀਆਂ ਅਤੇ ਇੱਕ ਹੀ ਸੀਟ ਮਿਲੀ। 1967 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਰਾਜ ਦੀਆਂ ਕੁੱਲ 104 ਸੀਟਾਂ ਵਿੱਚੋਂ 48 ਸੀਟਾਂ ਜਿੱਤੀਆਂ, ਜਦੋਂ ਕਿ ਅਕਾਲੀ ਦਲ ਨੇ 19 ਅਤੇ ਜਨ ਸੰਘ ਨੇ 9 ਸੀਟਾਂ ਹੀ ਪ੍ਰਾਪਤ ਕੀਤੀਆਂ। ਦੋਫਾੜ ਹੋਈ ਕਮਿਊਨਿਸਟ ਪਾਰਟੀ ਨੇ ਵੱਖਰੇ ਤੌਰ ਤੇ ਚੋਣਾਂ ਲੜੀਆਂ, ਜਿਸ ਵਿੱਚ ਸੀ.ਪੀ.ਆਈ. ਨੂੰ 5 ਤੇ ਸੀ.ਪੀ.ਆਈ (ਐਮ) ਨੂੰ 3 ਸੀਆਂ ਤੇ ਕ੍ਰਮਵਾਰ ਫਾਇਦਾ ਹੋਇਆ। 1971 ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸੀ.ਪੀ.ਆਈ. ਨਾਲ ਚੋਣ ਗਠਜੋੜ ਕਰਕੇ ਚੋਣ ਲੜੀ। ਇਨ੍ਹਾਂ ਵਿੱਚ ਅਕਾਲੀ ਦਲ 30.85 ਫੀਸਦੀ ਵੋਟਾਂ ਲੈ ਕੇ ਕੇਵਲ ਇੱਕ ਸੀਟ ਹੀ ਜਿੱਤ ਸਕਿਆ। ਦੂਸਰੇ ਪਾਸੇ ਕਾਂਗਰਸ ਨੇ 46 ਫੀਸਦੀ  ਵੋਟਾਂ ਲੈਕੇ 10 ਤੇ ਸੀ.ਪੀ.ਆਈ. ਨੇ 6.12 ਫੀਸਦੀ ਵੋਟਾਂ ਪ੍ਰਾਪਤ ਕਰਕੇ 2 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। 1977 ਵਿੱਚ ਹੋਈਆਂ ਲੋਕ ਸਭਾ ਚੋਣਾਂ ਨੇ ਇੱਕ ਨਵਾਂ ਇਤਿਹਾਸ ਰਚਿਆ ਤੇ ਪਹਿਲੀ ਵਾਰੀ ਦੇਸ਼ ਵਿੱਚ ਗੈਰ ਕਾਂਗਰਸ ਸਰਕਾਰ ਬਣੀ ਤੇ ਕਾਂਗਰਸ ਪਾਰਟੀ ਪੰਜਾਬ ਸਮੇਤ ਦੇਸ਼ ਦੇ ਉੱਤਰ-ਭਾਰਤ ਰਾਜਾਂ ਵਿੱਚ ਬੁਰੀ ਤਰ੍ਹਾਂ ਹਾਰ ਗਈ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਪਾਰਟੀ 35 ਫੀਸਦੀ ਵੋਟ ਲੈਣ ਦੇ ਬਾਵਜੂਦ ਇੱਕ ਵੀ ਸੀਟ ਨਹੀਂ ਜਿੱਤ ਸਕੀ। ਦੂਸਰੇ ਪਾਸੇ ਗੈਰ ਕਾਂਗਰਸੀ ਗਠਜੋੜ ਜਿਨ੍ਹਾਂ ਵਿੱਚ ਅਕਾਲੀ ਦਲ, ਜਨਤਾ ਪਾਰਟੀ ਅਤੇ ਮਾਕਰਸੀ ਕਮਿਊਨਿਸਟ ਪਾਰਟੀ ਸ਼ਾਮਿਲ ਸੀ ਨੇ ਕ੍ਰਮਵਾਰ 9, 3 ਤੇ 1 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਅਕਾਲੀ ਦਲ ਨੇ ਕੁੱਲ ਪਈਆਂ ਵੋਟਾਂ ਵਿੱਚੋਂ 42.30 ਫੀਸਦੀ ਵੋਟਾਂ ਲਈਆਂ, ਜਦਕਿ ਇਸ ਦੀ ਸਹਿਯੋਗੀ ਭਾਰਤੀ ਜਨਤਾ ਪਾਰਟੀ ਨੂੰ 12.50 ਫੀਸਦੀ ਵੋਟ ਮਿਲੇ। 7ਵੀਂ ਲੋਕ ਸਭਾ ਲਈ ਚੋਣਾਂ 1980 ਵਿੱਚ ਕਰਵਾਈਆਂ ਗਈਆਂ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪੰਜਾਬ ਵਿੱਚ ਕੁੱਲ 13 ਸੀਟਾਂ ਵਿੱਚੋਂ 12 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਅਕਾਲੀ ਦਲ ਸਿਰਫ ਇੱਕ ਸੀਟ (ਤਰਨਤਾਰਨ) ਹੀ ਜਿੱਤ ਸਕਿਆ। ਕਾਂਗਰਸ ਪਾਰਟੀ ਨੇ ਕੁੱਲ ਪਈਆਂ ਵੋਟਾਂ ਵਿੱਚੋਂ ਤਕਰੀਬਨ 52.50 ਫੀਸਦੀ ਵੋਟਾਂ ਲਈਆਂ ਜਦੋਂ ਕਿ ਅਕਾਲੀ ਦਲ ਨੂੰ ਕੇਵਲ 23.4 ਫੀਸਦੀ ਹੀ ਵੋਟਾਂ ਮਿਲੀਆਂ। 1985 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ 41.53 ਫੀਸਦੀ ਵੋਟਾਂ ਪ੍ਰਾਪਤ ਕਰਕੇ ਕੇਵਲ 6 ਸੀਟਾਂ ਹੀ ਜਿੱਤ ਸਕੀ ਸੀ। ਦੂਸਰੇ ਪਾਸੇ ਅਕਾਲੀ ਦਲ ਨੇ ਕਾਂਗਰਸ ਨਾਲੋਂ ਘੱਟ ਵੋਟਾਂ (37.17 ਫੀਸਦੀ) ਲੈ ਕੇ 7 ਸੀਟਾਂ ਤੇ ਆਪਣਾ ਕਬਜ਼ਾ ਕੀਤਾ। 1989 ਵਿੱਚ ਹੋਈਆਂ 9ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਕੇਵਲ 24.4 ਫੀਸਦੀ ਵੋਟਾਂ ਲੈਕੇ ਸਿਰਫ 2 ਸੀਟਾਂ ਤੇ ਸਿਮਟ ਕੇ ਰਹਿ ਗਈ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਮਿਊਨਿਸਟਾਂ ਨੂੰ ਭਾਰੀ ਨੁਕਸਾਨ ਹੋਇਆ ਜਦਕਿ ਨਵੇਂ ਬਣੇ ਅਕਾਲੀ ਦਲ (ਮਾਨ) ਨੇ 26.19 ਪ੍ਰਤੀਸ਼ਤ ਵੋਟਾਂ ਲੈ ਕੇ 6 ਸੀਟਾਂ ਤੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਇਸੇ ਦਲ ਦੁਆਰਾ ਸਮੱਰਥਨ ਪ੍ਰਾਪਤ ਤਿੰਨ ਆਜ਼ਾਦ ਉਮੀਦਵਾਰ ਉਹ ਜਿੱਤੇ ਜਿਨ੍ਹਾਂ ਦਾ ਪਿਛੋਕੜ ਪੰਜਾਬ ਵਿੱਚ ਚੱਲ ਰਹੀ ਲਹਿਰ ਜਾਂ ਲਹਿਰ ਵਿੱਚ ਕੰਮ ਕਰਦੇ ਲੋਕਾਂ ਜਾਂ ਮਾਰੇ ਗਏ ਲੋਕਾਂ ਦੇ ਨਾਲ ਸੀ। 1991 ਵਿੱਚ ਦੁਬਾਰਾ ਚੋਣਾਂ ਦਾ ਐਲਾਨ ਹੋ ਗਿਆ। ਭਾਵੇਂ ਕਿ ਦਸਵੀਆਂ ਆਮ ਚੋਣਾਂ ਸਾਰੇ ਦੇਸ਼ ਵਿੱਚ 1991 ਵਿੱਚ ਹੋਣੀਆਂ ਸਨ ਪਰ ਪੰਜਾਬ ਦੇ ਅੰਦਰੂਨੀ ਹਾਲਤਾਂ ਨੂੰ ਆਧਾਰ ਬਣਾ ਕੇ ਰਾਜ ਵਿੱਚ ਇਹ ਚੋਣਾਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਮੁਲਤਵੀ ਕਰ ਦਿੱਤੀਆਂ ਗਈਆਂ ਅਤੇ ਅਗਲੇ ਸਾਲ ਫਰਵਰੀ 1992 ਵਿੱਚ ਹੋਈਆਂ। ਪੰਜਾਬ ਵਿੱਚ ਫੈਲੀ ਅੱਤਵਾਦ ਦੀ ਲਹਿਰ ਕਾਰਨ ਅਕਾਲੀ ਦਲ (ਬਾਦਲ) ਅਤੇ ਹੋਰ ਸਿੱਖ ਜਥੇਬੰਦੀਆਂ ਦੇ ਬਾਈਕਾਟ ਕਾਰਨ ਬਹੁਤ ਘੱਟ ਲੋਕਾਂ ਨੇ ਇਨ੍ਹਾਂ ਚੋਣਾਂ ਵਿੱਚ ਹਿੱਸਾ ਲਿਆ ਅਤੇ ਕੇਵਲ 23.96 ਫੀਸਦੀ ਵੋਟਾਂ ਹੀ ਪਈਆਂ ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਸ਼ਹਿਰੀ ਵੋਟਰਾਂ ਦੀ ਸੀ। ਕਾਂਗਰਸ ਪਾਰਟੀ ਨੇ ਕੁੱਲ ਪਈਆਂ ਵੋਟਾਂ ਦਾ 49.25 ਫੀਸਦੀ ਪ੍ਰਾਪਤ ਕਰਕੇ 12 ਸੀਟਾਂ ਤੇ ਕਬਜ਼ਾ ਕੀਤਾ ਜਦਕਿ ਇੱਕ ਬਕਾਇਆ ਸੀਟ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈ। 1996 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ 35.1 ਫੀਸਦੀ ਵੋਟਾਂ ਲੈਕ ਕੇਵਲ ਦੋ ਸੀਟਾਂ ਹੀ ਜਿੱਤ ਸਕੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 28.72 ਫੀਸਦੀ ਵੋਟਾਂ ਨਾਲ 8 ਸੀਟਾਂ ਜਿੱਤੀਆਂ ਤੇ ਬਾਕੀ 3 ਸੀਟਾਂ ਤੇ ਬਹੁਜਨ ਸਮਾਜ ਪਾਰਟੀ ਨੇ 9.35 ਫੀਸਦੀ ਵੋਟਾਂ ਨਾਲ ਕਬਜ਼ਾ ਕੀਤਾ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਸੀ। 12ਵੀਂ ਲੋਕ ਸਭਾ ਲਈ 1998 ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਕੁੱਲ ਪਈਆਂ ਵੋਟਾਂ ਦਾ 25.85 ਫੀਸਦੀ ਹਿੱਸਾ ਪ੍ਰਾਪਤ ਕੀਤਾ ਪਰ ਕੋਈ ਵੀ ਸੀਟ ਨਾਂ ਜਿੱਤ ਸਕੀ। ਅਕਾਲੀ-ਭਾਜਪਾ ਗਠਜੋੜ ਨੇ ਇਹਨਾਂ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਅਕਾਲੀ ਦਲ ਨੇ 8 ਅਤੇ ਭਾਜਪਾ ਨੇ 3 ਸੀਟਾਂ ਜਿੱਤੀਆਂ। ਬਾਕੀ ਦੋ ਸੀਟਾਂ ਤੇ ਇਨ੍ਹਾਂ ਪਾਰਟੀਆਂ ਦੀ ਹਮਾਇਤ ਨਾਲ ਇੰਦਰ ਕੁਮਾਰ ਗੁਜਰਾਲ ਜਲੰਧਰ ਤੋਂ ਅਤੇ ਸਤਨਾਮ ਸਿੰਘ ਕੈਂਥ ਫਿਲੌਰ ਤੋਂ ਚੋਣ ਜਿੱਤ ਗਏ। 1999 ਵਿੱਚ ਦੇਸ਼ ਵਿੱਚ 13ਵੀਆਂ ਲੋਕ ਸਭਾ ਚੋਣਾਂ ਹੋਈਆਂ ਤੇ ਇਨ੍ਹਾਂ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਅਕਾਲੀ ਦਲ ਸਿਰਫ ਦੋ ਸੀਟਾਂ ਤੱਕ ਹੀ ਸਿਮਟ ਕੇ ਰਹਿ ਗਿਆ। ਜਦੋਂ ਕਿ ਇਸ ਦੀ ਭਾਈਵਾਲ ਪਾਰਟੀ ਭਾਜਪਾ ਦੇ ਹਿੱਸੇ ਇੱਕ ਸੀਟ ਹੀ ਆਈ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਤੋਂ ਭਾਜਪਾ ਦਾ ਕੁੱਲ ਪਈਆਂ ਵੋਟਾਂ ਵਿੱਚ ਹਿੱਸਾ ਕ੍ਰਮਵਾਰ 28.6 ਤੇ 9.2 ਫੀਸਦੀ ਸੀ, ਜੋ ਪਹਿਲੀਆਂ ਚੋਣਾਂ ਨਾਲੋਂ ਘੱਟ ਸੀ। ਕਾਂਗਰਸ ਪਾਰਟੀ ਨੇ 38.44 ਫੀਸਦੀ ਵੋਟਾਂ ਨਾਲ 8 ਸੀਟਾਂ ਉੱਪਰ ਜਿੱਤ ਪ੍ਰਾਪਤ ਕੀਤੀ। ਬਾਕੀ ਰਹਿੰਦੀਆਂ ਦੋ ਸੀਟਾਂ ਉੱਪਰ ਸੀ.ਪੀ.ਆਈ. ਤੇ ਅਕਾਲੀ ਦਲ (ਮਾਨ) ਦਾ ਕਬਜ਼ਾ ਹੋਇਆ। ਦੇਸ਼ ਵਿੱਚ 14ਵੀਆਂ ਆਮ ਚੋਣਾਂ 2004 ਵਿੱਚ ਹੋਈਆਂ ਤੇ ਇਸ ਵਿੱਚ ਅਕਾਲੀ-ਭਾਜਪਾ ਗਠਜੋੜ ਨੇ ਇੱਕ ਵਾਰੀ ਫਿਰ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਇਸ ਗਠਜੋੜ ਨੇ 13 ਸੀਟਾਂ ਵਿੱਚੋਂ 11 ਸੀਟਾਂ ਤੇ ਕੁੱਲ ਪਈਆਂ ਵੋਟਾਂ ਦਾ 44.8 ਫੀਸਦੀ ਹਿੱਸਾ ਪ੍ਰਾਪਤ ਕੀਤਾ ਜਦੋਂ ਕਿ ਕਾਂਗਰਸ ਨੇ 34.2 ਫੀਸਦੀ ਵੋਟਾਂ ਨਾਲ ਦੋ ਸੀਟਾਂ ਤੇ ਕਬਜ਼ਾ ਕੀਤਾ। 2009 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਨਤੀਜਿਆਂ ਨੇ ਇੱਕ ਵਾਰ ਫਿਰ ਪਲਟੀ ਮਾਰੀ ਤੇ ਕਾਂਗਰਸ ਨੇ ਕੁੱਲ ਪਈਆਂ ਵੋਟਾਂ ਵਿੱਚੋਂ 45.23 ਫੀਸਦੀ ਵੋਟਾਂ ਲੈ ਕੇ 8 ਸੀਟਾਂ ਜਿੱਤੀਆਂ। ਅਕਾਲੀ ਦਲ ਤੇ ਬੀਜੇਪੀ ਨੇ ਕ੍ਰਮਵਾਰ 4 ਤੇ 1 ਸੀਟਾਂ ਤੇ ਆਪਣੀ ਸਰਦਾਰੀ ਕਾਇਮ ਰੱਖੀ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਅਤੇ ਭਾਜਪਾ ਦੀਆਂ ਕੁੱਲ ਪਈਆਂ ਵੋਟਾਂ ਵਿੱਚ ਹਿੱਸੇਦਾਰੀ ਕ੍ਰਮਵਾਰ 33.85 ਫੀਸਦੀ ਤੇ 10.06 ਫੀਸਦੀ ਸੀ। ਜਨਵਰੀ, 2012 ਫਰਵਰੀ, 2013 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 78.20 ਫਿਸਦੀ ਵੋਟਾਂ ਪਈਆਂ ਜੋਕਿ ਅਪਣੇ-ਆਪ ਵਿੱਚ ਇੱਕ ਰਿਕਾਰਡ ਸੀ। ਸੱਤਾ ਤੇ ਕਾਬਜ਼ ਅਕਾਲੀ ਦੱਲ ਨੇ ਕੁੱਲ 94 ਸੀਟਾਂ ਤੇ ਚੋਣ ਲੀ ਅਤੇ 34.73 ਫਿਸਦੀ ਵੋਟਾਂ ਲੈਕੇ 56 ਸੀਟਾਂ ਤੇ ਜਿੱਤ ਹਾਸਲ ਕੀਤੀ। ਅਕਾਲੀ ਦੱਲ ਦੀ ਸਹਿਯੋਗੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਕੁੱਲ 23 ਸੀਟਾਂ ਤੇ ਚੋਣ ਲੜੀ ਅਤੇ 7.18 ਫਿਸਦੀ ਵੋਟਾਂ ਲੈਕੇ 12 ਸੀਟਾਂ ਤੇ ਜਿੱਤ ਹਾਸਲ ਕੀਤੀ। ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ 40.09 ਫਿਸਦੀ ਵੋਟਾਂ ਪਈਆਂ ਅਤੇ 46 ਸੀਟਾਂ ਤੇ ਜਿੱਤ ਹਾਸਲ ਕੀਤੀ। ਇਨ੍ਹਾਂ ਚੋਣਾਂ ਵਿੱਚ ਤਿੰਨ ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਜੋਕਿ ਬਾਦ ਵਿੱਚ ਸੱਤਾ ਤੇ ਕਾਬਜ਼ ਅਕਾਲੀ ਭਾਜਪਾ ਵਿੱਚ ਚਲੇ ਗਏ। ਇਨ੍ਹਾਂ ਚੋਣਾ ਵਿੱਚ ਸੀ ਪੀ ਆਈ, ਬੀ ਐਸ ਪੀ, ਸ਼ਿਵ ਸੈਨਾ, ਪੰਜਾਬ ਵਿੱਚ ਨਵੀਂ ਬਣੀ ਪਾਰਟੀ ਪੀਪੀਪੀ ਆਦਿ ਨੇ ਵੀ ਚੋਣ ਲੜੀ ਪਰ ਇੱਕ ਵੀ ਸੀਟ ਨਾਂ ਜਿੱਤ ਸਕੇ। 16ਵੀਂ ਲੋਕ ਸਭਾ ਚੋਣਾਂ ਲਈ 30 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਵਿੱਚ  ਪ੍ਰਮੁੱਖ ਪਾਰਟੀਆ ਸ਼੍ਰੋਮਣੀ ਅਕਾਲੀ ਦੱਲ, ਭਾਰਤੀ ਜਨਤਾ ਪਾਰਟੀ, ਕਾਂਗਰਸ ਪਾਰਟੀ, ਪੀ ਪੀ ਪੀ, ਬਹੁਜਨ ਸਮਾਜ ਪਾਰਟੀ, ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀਆਂ, ਸ਼ਿਵ ਸੈਨਾ ਆਦਿ ਭਾਗ ਲੈ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਕੋਣ ਕਾਮਯਾਬ ਹੁੰਦਾ ਹੈ ਇਹ ਤਾਂ 16 ਮਈ ਨੂੰ ਹੀ ਪਤਾ ਚੱਲੇਗਾ। 
ਕੁਲਦੀਪ ਚੰਦ
9417563054