ਸਭਨੂੰ ਹੋਵੇ ਵਧਾਈ, ਹੁਣ ਫਿਰ ਚੋਣਾਂ ਦੀ ਰੁੱਤ ਆਈ।

ਰਾਜਨੀਤਿਕ ਦਲਾਂ ਨੂੰ ਵੋਟ ਦੀ ਰਾਜਨੀਤੀ ਕਰਨ ਦੀ ਥਾਂ ਇਨਸਾਨੀਅਤ ਦੀ ਰਾਜਨੀਤੀ ਕਰਨੀ ਚਾਹੀਦੀ ਹੈ।

05 ਮਾਰਚ, 2014 (ਕੁਲਦੀਪ ਚੰਦ) ਸਾਡੇ ਦੇਸ਼ ਵਿੱਚ ਵੈਸੇ ਤਾਂ ਚਾਰ ਮੌਸਮ ਹਨ ਪਰ ਪੰਜਵਾਂ ਮੌਸਮ ਚੋਣਾਂ ਦਾ ਵੀ ਆ ਜਾਂਦਾ ਹੈ ਭਾਵੇਂ ਉਹ ਲੋਕ ਸਭਾ ਚੋਣਾਂ ਹੋਣ, ਭਾਵੇਂ ਵਿਧਾਨ ਸਭਾ ਚੋਣਾਂ ਹੋਣ, ਭਾਵੇਂ ਮਿਉਂਸੀਪਲ ਕੌਂਸਲ ਦੀਆਂ ਜਾਂ ਪੰਚਾਇਤ ਦੀਆਂ ਚੋਣਾਂ ਹੋਣ। ਜਦੋਂ ਚੋਣਾਂ ਦਾ ਮੌਸਮ ਆਉਂਦਾ ਹੈ ਕਿ ਸੁਸਰੀ ਵਾਂਗ ਸੁੱਤੇ ਨੇਤਾ ਇੱਕ ਦਮ ਚੁਸਤ-ਦਰੁਸਤ ਹੋ ਜਾਂਦੇ ਹਨ ਅਤੇ ਵੋਟਾਂ ਮੰਗਣ ਲਈ ਤੁਫਾਨੀ ਦੌਰੇ ਸ਼ੁਰੂ ਕਰ ਦਿੰਦੇ ਹਨ। ਜਿਹੜੇ ਨੇਤਾ ਪਹਿਲਾਂ ਗਰਦਨ ਉੱਚੀ ਕਰਕੇ ਚੱਲਦੇ ਹਨ ਉਹੀ ਨੇਤਾ ਚੌਣਾਂ ਦੇ ਮੌਸਮ ਵਿੱਚ ਹਰ ਆਮ ਜਨਤਾ ਅੱਗੇ ਗਰਦਨ ਨੀਵੀਂ ਕਰਕੇ ਹੱਥ ਜੋੜਦੇ ਨਜ਼ਰ ਆਉਂਦੇ ਹਨ। ਚੋਣਾਂ ਤੋਂ ਪਹਿਲਾਂ ਨੇਤਾ ਆਮ ਜਨਤਾ ਅੱਗੇ ਹੱਥ ਜੋੜਦੇ ਹਨ ਅਤੇ ਚੋਣਾਂ ਤੋਂ ਬਾਅਦ ਪੂਰੇ 5 ਸਾਲ ਜਨਤਾ ਇਨ੍ਹਾਂ ਸਾਹਮਣੇ ਹੱਥ ਜੋੜ ਕੇ ਮਿੰਨਤਾਂ ਕਰਦੀ ਹੈ ਪਰ ਇਹਨਾਂ ਨੂੰ ਤਰਸ ਨਹੀਂ ਆਉਂਦਾ। ਸਾਡੇ ਦੇਸ਼ ਵਿੱਚ ਸਰਕਾਰ ਭਾਵੇਂ ਕੇਂਦਰ ਦੀ ਹੋਵੇ ਜਾਂ ਸੂਬੇ ਦੀ ਪਹਿਲਾਂ ਤਾਂ ਰੱਜ ਕੇ 4 ਸਾਲਾਂ ਤੱਕ ਸੱਤਾਧਾਰੀ ਨੇਤਾ ਸੱਤਾ ਦਾ ਸੁੱਖ ਮਾਣਦੇ ਹਨ ਉਸ ਵੇਲੇ ਇਹਨਾਂ ਨੂੰ ਜਨਤਾ ਦੀਆਂ ਸਮੱਸਿਆਵਾਂ ਦੀ ਯਾਦ ਨਹੀਂ ਆਉਂਦੀ ਪਰ ਜਿਵੇਂ ਹੀ ਚੋਣਾਂ ਦਾ ਸਾਲ ਸ਼ੁਰੂ ਹੁੰਦਾ ਹੈ ਇਹ ਝੂਠੇ ਵਾਅਦਿਆਂ ਦੇ ਟੋਕਰੇ ਭਰ-ਭਰ ਕੇ ਵੰਡਣੇ ਸ਼ੁਰੂ ਕਰ ਦਿੰਦੇ ਹਨ। ਚੋਣਾਂ ਦੇ ਮੌਸਮ ਵਿੱਚ ਸ਼ਰਾਬ ਦੀਆਂ ਭੱਠੀਆਂ ਦਿਨ-ਰਾਤ ਚੱਲਣ ਲੱਗਦੀਆਂ ਹਨ ਕਿਉਂਕਿ ਇਸ ਨਾਲ ਹੀ ਤਾਂ ਨੇਤਾਵਾਂ ਨੇ ਚੋਣਾਂ ਜਿੱਤਣੀਆਂ ਹੁੰਦੀਆਂ ਹਨ। ਨਕਲੀ ਅਤੇ ਜ਼ਹਿਰੀਲੀ ਸ਼ਰਾਬ ਵੀ ਬਣਨ ਲੱਗਦੀ ਹੈ। ਜਨਤਾ ਇਹ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਪੀ ਕੇ ਆਪਣੀਆਂ ਜਾਨਾਂ ਗਵਾਂਉਂਦੀ ਹੈ ਪਰ ਨੇਤਾਵਾਂ ਨੂੰ ਸਿਰਫ ਚੋਣਾਂ ਜਿੱਤਣ ਨਾਲ ਮਤਲਬ ਹੁੰਦਾ ਹੈ। ਚੋਣਾਂ ਵਿੱਚ ਸਮੈਕ ਪੀਣ ਵਾਲੇ ਨੂੰ ਸਮੈਕ, ਅਫੀਮ ਖਾਣ ਵਾਲੇ ਨੂੰ ਅਫੀਮ, ਸ਼ਰਾਬ ਪੀਣ ਵਾਲੇ ਨੂੰ ਸ਼ਰਾਬ ਅਤੇ ਨਸ਼ੀਲੇ ਗੋਲੀਆਂ ਕੈਪਸੂਲ ਖਾਣ ਵਾਲਿਆਂ ਨੂੰ ਇਹਨਾਂ ਚੀਜ਼ਾਂ ਦੀ ਕੋਈ ਥੁੜ ਨਹੀਂ ਰਹਿੰਦੀ ਹੈ। ਜਿਹੜੇ ਨੇਤਾ ਨਸ਼ਿਆਂ ਵਿਰੁੱਧ ਭਾਸ਼ਣ ਦਿੰਦੇ ਨਹੀਂ ਥੱਕਦੇ ਚੋਣਾਂ ਵਿੱਚ ਉਹੀ ਨੇਤਾ ਨਸ਼ਿਆਂ ਦਾ ਹੜ੍ਹ ਲਿਆ ਦਿੰਦੇ ਹਨ। ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆਂ ਨੇਤਾਵਾਂ ਦੀ ਸ਼ਹਿ ਤੇ ਹੀ ਚੱਲਦਾ ਹੈ ਇਹ ਗੱਲ ਹੁਣ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ। ਕੇਂਦਰ ਸਰਕਾਰ ਵਿੱਚ ਲਗਾਤਾਰ 10 ਸਾਲਾਂ ਤੋਂ ਇੱਕ ਹੀ ਪਾਰਟੀ ਦਾ ਰਾਜ ਚੱਲ ਰਿਹਾ ਹੈ ਜਿਸਦੇ ਆਰਥਿਕ ਸੁਧਾਰਾਂ ਨੇ ਗਰੀਬ ਜਨਤਾ ਦੀ ਸਿਹਤ ਵਿਗਾੜ ਦਿੱਤੀ ਹੈ। ਆਰਥਿਕ ਸੁਧਾਰਾਂ ਕਾਰਨ ਦੇਸ਼ ਵਿੱਚ ਮਹਿੰਗਾਈ ਇੰਨ੍ਹੀ ਜ਼ਿਆਦਾ ਵੱਧ ਗਈ ਹੈ ਕਿ ਲੋਕਾਂ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਆਰਥਿਕ ਸੁਧਾਰਾਂ ਕਾਰਨ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਗਏ ਹਨ। ਕੋਈ ਕੇਂਦਰ ਸਰਕਾਰ ਨੂੰ ਪੁੱਛੇ ਕਿ ਚੋਣਾਂ ਦੇ ਮੋਸਮ ਵਿੱਚ ਹੀ ਫੂਡ ਸਕਿਓਰਿਟੀ ਬਿੱਲ ਕਿਉਂ ਪਾਸ ਕੀਤਾ ਗਿਆ? ਚੋਣਾਂ ਦੇ ਮੌਸਮ ਵਿੱਚ ਹੁਣ ਸਰਕਾਰ ਆਪਣੀਆਂ ਉਪਲਬੱਧੀਆਂ ਗਿਣਾਂ ਰਹੀ ਹੈ ਇਹੀ ਸਰਕਾਰ 4 ਸਾਲਾਂ ਤੱਕ ਸੁੱਤੀ ਕਿਉਂ ਰਹੀ ਹੈ? ਅਖਬਾਰਾਂ ਵਿੱਚ ਅਤੇ ਟੀ ਵੀ ਚੈਨਲਾਂ ਵਿੱਚ ਵੀ ਵੱਡੇ ਰਾਜਨੀਤਿਕ ਦਲ ਆਪਣੀਆਂ ਪਾਰਟੀਆਂ ਦੇ ਇਸ਼ਤਿਹਾਰ ਦੇ ਰਹੇ ਹਨ ਅਤੇ ਆਪਣੀਆਂ ਉਪਲਬੱਧੀਆਂ ਗਿਣਾਂ ਰਹੇ ਹਨ। ਰਾਜਨੀਤਿਕ ਦਲਾਂ ਦੁਆਰਾ ਅਖਬਾਰਾਂ ਅਤੇ ਟੀ ਵੀ ਚੈਨਲਾਂ ਰਾਹੀਂ ਆਪਣੇ ਵਿਰੋਧੀਆਂ ਤੇ ਰਾਜਨੀਤਿਕ ਚਿੱਕੜ ਉਛਾਲਿਆ ਜਾ ਰਿਹਾ ਹੈ। ਕਿਸੇ ਵੀ ਰਾਜਨੀਤਿਕ ਪਾਰਟੀ ਨੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਗਰੀਬੀ, ਬੋਰੁਜ਼ਗਾਰੀ, ਭੁੱਖਮਰੀ, ਮਹਿੰਗਾਈ, ਬਾਲ ਮਜ਼ਦੂਰੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਅਨਪੜ੍ਹਤਾ ਆਦਿ ਕਿਸੇ ਵੀ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਅਤੇ ਸਿਰਫ ਇਨ੍ਹਾਂ ਸਮਸਿਆਵਾਂ ਤੇ ਰਾਜਨੀਤੀ ਹੀ ਕੀਤੀ ਹੈ। ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਕੋਈ ਵੀ ਰਾਜਨੀਤਿਕ ਦਲ ਗੰਭੀਰ ਨਹੀਂ ਹੈ ਸਿਰਫ ਆਪਣੇ ਨਿੱਜੀ ਲਾਭ ਲਈ ਇੱਕ ਦੂਸਰੇ ਉਪਰ ਚਿੱਕੜ ਉਛਾਲ ਰਹੇ ਹਨ। ਦੇਸ਼ ਵਿੱਚ ਗਰੀਬ ਲੋਕ ਗਰੀਬੀ ਅਤੇ ਮਹਿੰਗਾਈ ਕਾਰਨ ਭੁੱਖੇ ਸੋਣ ਲਈ ਮਜ਼ਬੂਰ ਹਨ, ਸਰਕਾਰੀ ਨੌਕਰੀਆਂ ਵਿਕ ਰਹੀਆਂ ਹਨ, ਲੋਕ ਬਿਨਾਂ ਇਲਾਜ ਤੋਂ ਮਰ ਰਹੇ ਹਨ ਕਿਉਂਕਿ ਮਹਿੰਗੇ ਇਲਾਜ ਕਰਵਾਉਣਾ ਗਰੀਬ ਲੇਕਾਂ ਦੇ ਵੱਸ ਦੀ ਗੱਲ ਨਹੀਂ ਹੈ। ਕੀ ਕੋਈ ਰਾਜਨੀਤਿਕ ਦਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ। ਰਾਜਨੀਤਿਕ ਦਲ ਤਾਂ ਆਪਣੇ ਨਿੱਜੀ ਲਾਭ ਤੋਂ ਬਿਨਾਂ ਹੋਰ ਕੋਈ ਗੱਲ ਕਰਨ ਲਈ ਵੀ ਤਿਆਰ ਨਹੀਂ ਹੁੰਦੇ ਹਨ। ਜਿਹੜੇ ਚੋਣਾਂ ਜਿੱਤ ਕੇ ਮੰਤਰੀ ਬਣ ਜਾਂਦੇ ਹਨ ਉਹਨਾਂ ਨੇਤਾਵਾਂ ਦੀ, ਨੇਤਾਵਾਂ ਦੇ ਘਰਦਿਆਂ ਦੀ, ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਜਿੰਦਗੀ ਇੱਕ ਦਮ ਬਦਲ ਜਾਂਦੀ ਹੈ ਅਤੇ ਕੁਝ ਮਹੀਨਿਆਂ ਵਿੱਚ ਹੀ ਸਾਰੇ ਕਰੋੜਾਂਪਤੀ ਬਣ ਜਾਂਦੇ ਹਨ ਪਰ ਇਹਨਾਂ ਨੂੰ ਆਪਣੀਆਂ ਵੋਟਾਂ ਪਾ ਕੇ ਜਿਤਾ ਕੇ ਮੰਤਰੀ ਬਣਾਉਣ ਵਾਲੀ ਜਨਤਾ ਤੇ ਟੈਕਸਾਂ ਦਾ ਹੋਰ ਵਾਧੂ ਭਾਰ ਪਾ ਦਿੱਤਾ ਜਾਂਦਾ ਹੈ ਅਤੇ ਵੋਟਾਂ ਪਾਉਣ ਵਾਲੀ ਜਨਤਾ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸਦੀ ਰਹਿੰਦੀ ਹੈ। ਜਨਤਾ ਦੀਆਂ ਵੋਟਾਂ ਲੈ ਕੇ ਮੰਤਰੀ ਬਣਨ ਵਾਲੇ ਨੇਤਾ ਬੇਹਿਸਾਬ ਪੈਸਾ ਅਤੇ ਸੰਪਤੀਆਂ ਜੁਟਾ ਕੇ ਆਪਣੀ ਅਤੇ ਆਪਣੀਆਂ ਆਉਣ ਵਾਲੀਆਂ ਕਈ ਪੀੜੀਆਂ ਦੀ ਜਿੰਦਗੀ ਸਵਾਰ ਲੈਂਦੇ ਹਨ ਪਰ ਇਹਨਾਂ ਨੂੰ ਜਿਤਾਉਣ ਵਾਲੀ ਜਨਤਾ ਹਮੇਸ਼ਾਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੈ। ਰਾਜਨੇਤਾ ਵੋਟਾਂ ਤੋਂ ਪਹਿਲਾਂ ਜਨਤਾ ਦੇ ਸੇਵਕ ਕਹਾਉਂਦੇ ਹਨ ਪਰ ਜਿੱਤਣ ਤੋਂ ਬਾਅਦ ਜਨਤਾ ਨੂੰ ਇਹ ਆਪਣਾ ਸੇਵਕ ਬਣਾ ਲੈਂਦੇ ਹਨ। ਸਾਡੇ ਦੇਸ਼ ਦੇ ਨੇਤਾਵਾਂ ਨੂੰ ਚਾਹੀਦਾ ਹੈ ਕਿ ਵੋਟਾਂ ਦੀ ਰਾਜਨੀਤੀ ਕਰਨ ਦੀ ਥਾਂ ਤੇ ਇਨਸਾਨੀਅਤ ਦੀ ਰਾਜਨੀਤੀ ਕਰਨ ਤਾਂ ਹੀ ਸਾਡੇ ਦੇਸ਼ ਦਾ ਕੁਝ ਬਣ ਸਕਦਾ ਹੈ ਨਹੀਂ ਤਾਂ ਦੇਸ਼ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਹੈ।