ਕਦੋਂ ਰੁਕੇਗੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਤੇ ਸਮਾਜਿਕ ਅਨਿਆਂ ਦੀ ਗੱਡੀ।
ਬਹੁਤ ਦੂਰ ਹੈ ਅਜੇ ਵੀ ਸਮਾਜਿਕ ਨਿਆਂ ਦੀ ਮੰਜ਼ਿਲ।

21 ਫਰਵਰੀ, 2014 (ਕੁਲਦੀਪ ਚੰਦ) ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਇਸਦੀ ਸਮਝ, ਸੋਚਣ ਸ਼ਕਤੀ ਅਤੇ ਦਿਮਾਗ ਇਸਨੂੰ ਹੋਰ ਜਾਨਵਰਾਂ ਤੋਂ ਵੱਖ ਕਰਦਾ ਹੈ ਅਤੇ ਮਨੁੱਖਤਾ ਦੀ ਪਹਿਚਾਣ ਹੈ। ਬੇਸ਼ੱਕ ਕੁਦਰਤ ਵਲੋਂ ਹਰ ਇਨਸਾਨ ਨੂੰ ਇੱਕ ਬਰਾਬਰ ਹੀ ਮੰਨਿਆਂ ਜਾਂਦਾ ਹੈ ਅਤੇ ਕੁਦਰਤੀ ਨਿਆਂ ਸਭ ਲਈ ਬਰਾਬਰ ਹੈ ਪਰੰਤੁ ਸਮਾਜ ਵਿੱਚ ਫੈਲੀ ਸਮਾਜਿਕ, ਆਰਥਿਕ ਅਤੇ ਧਾਰਮਿਕ ਤੋਰ ਤੇ ਊਚ ਨੀਚ ਦੀ ਭਾਵਨਾਂ ਕਾਰਨ ਸਮਾਜਿਕ ਅਨਿਆਂ ਦੀ ਭਾਵਨਾ ਵਿਕਸਿਤ ਹੁੰਦੀ ਹੈ। ਸਮਾਜਿਕ ਨਿਆਂ ਦਾ ਭਾਵ ਬਿਨਾਂ ਕਿਸੇ ਭੇਦ ਭਾਵ ਦੇ ਸਭ ਨੂੰ ਵਿਕਸਿਤ ਹੋਣ ਦੇ ਇੱਕੋ ਜਿਹੇ ਮੋਕੇ ਪ੍ਰਦਾਨ ਕਰਨਾ ਹੈ ਤਾਂ ਜੋ ਸਮਾਜ ਦਾ ਕੋਈ ਵੀ ਵਰਗ ਵਿਕਾਸ ਦੀ ਦੋੜ ਵਿੱਚ ਪਿੱਛੇ ਨਾਂ ਰਹਿ ਜਾਵੇ। ਸੰਯੂਕਤ ਰਾਸ਼ਟਰ ਨੇ 20 ਫਰਵਰੀ ਦਾ ਦਿਨ ਸਮਾਜਿਕ ਨਿਆਂ ਦਿਵਸ ਦੇ ਤੋਰ ਤੇ ਘੋਸ਼ਿਤ ਕੀਤਾ ਹੈ ਅਤੇ 20 ਫਰਵਰੀ 2009 ਤੋਂ ਇਸ ਦਿਨ ਨੂੰ ਪੂਰੇ ਸੰਸਾਰ ਵਿੱਚ ਵਿਸ਼ਵ ਸਮਾਜਿਕ ਨਿਆਂ ਦਿਵਸ ਦੇ ਤੋਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਸਮਾਗਮਾਂ ਵਿੱਚ ਹਰ ਦੇਸ਼ ਅਪਣੇ ਆਪ ਨੂੰ ਸਮਾਜਿਕ ਨਿਆਂ ਦੇ ਮੁੱਦੇ ਤੇ ਨਿਰਪੱਖ ਹੋਣ ਦਾ ਦਾਅਵਾ ਕਰਦਾ ਹੈ। ਸਾਡਾ ਦੇਸ਼ ਜੋਕਿ ਇੱਕ ਵੱਡਾ ਲੋਕਤੰਤਰਿਕ ਦੇਸ਼ ਹੈ ਵਿੱਚ ਸਮਾਜਿਕ ਢਾਂਚਾ ਇਸ ਤਰਾਂ ਦਾ ਹੈ ਕਿ ਕਈ ਵਰਗ ਦੇ ਲੋਕ ਸਮਾਜਿਕ ਅਨਿਆਂ ਦੇ ਸ਼ਿਕਾਰ ਹੋ ਰਹੇ ਹਨ। ਸਾਡੇ ਦੇਸ਼ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਕਿਸੇ ਵੀ ਵਿਅਕਤੀ ਨਾਲ ਧਰਮ, ਨਸਲ, ਜਾਤਿ, ਜਨਮ ਸਥਾਨ ਆਦਿ ਦੇ ਅਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ਹੈ। ਬਹੁਤੇ ਲੋਕ ਭਾਰਤੀ ਸੰਵਿਧਾਨ ਅਤੇ ਕਨੂੰਨ ਨੂੰ ਟਿੱਚ ਸਮਝਦੇ ਹਨ ਜਿਸ ਕਾਰਨ ਸਾਡੇ ਦੇਸ਼ ਵਿੱਚ ਫੈਲੀ ਜਾਤਿ ਪ੍ਰਥਾ, ਧਾਰਮਿਕ ਵੰਡ ਕਾਰਨ ਸਮਾਜਿਕ ਅਨਿਆਂ ਵਧ ਰਿਹਾ ਹੈ। ਸਾਡੇ ਦੇਸ਼ ਵਿੱਚ ਇੱਕ ਗਰੀਬ ਵਿਅਕਤੀ ਨਿਆਂ ਪ੍ਰਾਪਤ ਕਰਨ ਲਈ ਦਰ ਦਰ ਦੀਆਂ ਠੋਕਰਾਂ ਖਾਂਦਾ ਹੈ ਪਰੰਤੂ ਉਸਨੂੰ ਕੋਈ ਵੀ ਰਸਤਾ ਨਜ਼ਰ ਨਹੀਂ ਆਂਦਾ ਹੈ। ਸਾਡੇ ਦੇਸ ਵਿੱਚ ਭੁਖਮਰੀ ਨਾਲ ਤੜਫਦੇ ਲੋਕ, ਬਿਨਾਂ ਛੱਤ ਤੋਂ ਰਾਤਾਂ ਕੱਟਦੇ ਲੋਕ, ਮੁਢਲੀਆਂ ਸਹੂਲਤਾਂ ਨੂੰ ਤਰਸਦੇ ਲੋਕ ਸਮਾਜਿਕ ਨਿਆਂ ਦੇ ਰਾਹ ਵਿੱਚ ਵੱਡਾ ਰੋੜਾ ਹਨ। ਸਾਡੇ ਦੇਸ਼ ਦਾ ਨਿਆਇਕ ਢਾਂਚਾ ਜੋਕਿ ਬਹੁਤ ਹੀ ਸਮਾਂ ਲੈਂਦਾ ਹੈ ਅਤੇ ਖਰਚੀਲਾ ਹੈ ਕਾਰਨ ਬਹੁਤੇ ਸਾਧਨਹੀਣ ਲੋਕ ਇਨਸਾਫ ਲੈਣ ਲਈ ਤੜਫਦੇ ਰਹਿੰਦੇ ਹਨ ਜਦਕਿ ਸਾਧਨ ਸੰਪਨ  ਲੋਕ ਇਸਦਾ ਦੁਰਉਪਯੋਗ ਵੀ ਕਰਦੇ ਹਨ। ਸਾਡੇ ਦੇਸ ਵਿੱਚ ਬਹੁਤੇ ਥਾਵਾਂ ਤੇ ਨਾਗਰਿਕਾਂ ਦੀ ਰੱਖਿਆ ਕਰਨ ਵਾਲੀ ਪੁਲਿਸ ਹੀ ਅਪਣੇ ਦੇਸ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਵਿੱਚ ਮੋਹਰੀ ਰਹਿੰਦੀ ਹੈ ਅਤੇ ਇਸ ਵਿੱਚ ਕਈ ਵਾਰ ਸਾਡੇ ਦੇਸ਼ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਨੇਤਾ ਵੀ ਹੱਲਾ ਸ਼ੇਰੀ ਦਿੰਦੇ ਹਨ। ਸਰਕਾਰ ਵਲੋਂ ਲਿਤਾੜੇ ਅਤੇ ਪੱਛੜੇ ਵਰਗਾਂ ਨੂੰ ਸਮਾਜਿਕ ਨਿਆਂ ਦੇਣ ਲਈ ਬੇਸ਼ੱਕ ਵੱਖ ਵੱਖ ਆਯੋਗ ਮਨੁਖੀ ਅਧਿਕਾਰ ਆਯੋਗ, ਬਾਲ ਅਧਿਕਾਰ ਆਯੋਗ, ਮਹਿਲਾ ਆਯੋਗ, ਅਨੂਸੂਚਿਤ ਜਾਤਿ ਆਯੋਗ, ਅਨੂਸੂਚਿਤ ਜਨਜਾਤਿ ਆਯੋਗ, ਘਟ ਗਿਣਤੀ ਆਯੋਗ ਆਦਿ ਬਣਾਏ ਗਏ ਹਨ ਪਰੰਤੂ ਇਹ ਸਭ ਵੀ ਇਨ੍ਹ ਲਿਤਾੜੇ ਤੇ ਪੱਛੜੇ ਵਰਗ ਦੇ ਲੋਕਾਂ ਨੂੰ ਸਮਾਜਿਕ ਨਿਆ ਦਿਵਾਉਣ ਵਿੱਚ ਬਣਦਾ ਯੋਗਦਾਨ ਨਹੀਂ ਪਾ ਰਹੇ ਹਨ ਜਿਸ ਕਾਰਨ ਅੱਜ ਵੀ ਦੇਸ ਦੇ ਕਈ ਭਾਗਾਂ ਵਿੱਚ ਸਮਾਜਿਕ ਅਨਿਆਂ ਤੋਂ ਦੁਖੀ ਲੋਕ ਨਿਆਂ ਪਾਣ ਲਈ ਗੱਲਤ ਢੰਗ ਅਪਣਾ ਰਹੇ ਹਨ। ਦੇਸ਼ ਵਿੱਚ ਕੁੱਝ ਵਿਸ਼ੇਸ ਤਬਕੇ ਦੇ ਲੋਕਾਂ ਤੇ ਹੁੰਦੇ ਹਮਲੇ, ਦੰਗੇ ਇਸ ਗੱਲ ਨੂੰ ਸਾਬਤ ਕਰਦੇ ਹਨ ਕਿ ਸਮਾਜਿਕ ਨਿਆਂ ਦਾ ਸੂਪਨਾ ਪੂਰਾ ਕਰਨ ਲਈ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ।

ਕੁਲਦੀਪ ਚੰਦ
9417563054