ਦੇਸ਼ ਵਿੱਚ ਦਲਿਤ ਅੱਜ ਵੀ ਗੁਲਾਮਾਂ ਵਰਗੀ ਜਿੰਦਗੀ ਜੀਅ ਰਹੇ ਹਨ।ਕਈ ਧਾਰਮਿਕ ਸਥਾਨਾਂ ਵਿੱਚ ਸ਼ੂਦਰਾਂ ਦੇ ਜਾਣ ਦੀ ਅੱਜ ਵੀ ਮਨਾਹੀ।

31 ਜਨਵਰੀ, 2014 (ਕੁਲਦੀਪ ਚੰਦ) ਸਾਡਾ ਦੇਸ਼ ਲੰਬਾ ਸਮਾਂ ਗੁਲਾਮ ਰਿਹਾ ਹੈ ਜਿਸਤੋਂ 15 ਅਗਸਤ 1947 ਨੂੰ ਅਜ਼ਾਦੀ ਮਿਲ ਗਈ ਹੈ, ਪਰੰਤੂ ਇਸ ਦੇਸ਼ ਵਿੱਚ ਰਹਿ ਰਹੇ ਕਰੋੜ੍ਹਾਂ ਸ਼ੂਦਰਾਂ ਨੂੰ ਅਜੇ ਤੱਕ ਵੀ ਸਹੀ ਅਰਥਾਂ ਵਿੱਚ ਅਜ਼ਾਦੀ ਹਾਸਲ ਨਹੀਂ ਹੋਈ ਹੈ। ਇਸ ਦੇਸ਼ ਵਿੱਚ ਸਦੀਆਂ ਤੋਂ ਗੁਲਾਮੀ ਵਿੱਚ ਨਿਰਾਦਰ ਭਰਿਆ ਜੀਵਨ ਜਿਊਣ ਵਾਲੇ ਸ਼ੂਦਰਾਂ ਨੂੰ ਅੱਜ ਵੀ ਕਈ ਥਾਵਾਂ ਤੇ ਸਿਰਫ ਮੰਨੂਵਾਦੀ ਨੀਤੀਆਂ ਕਾਰਨ ਆਣ ਜਾਣ ਤੇ ਪਬੰਦੀ ਲਗਾਈ ਗਈ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਜਿਸ ਮੰਨੂੰ ਸਮਰਿਤੀ ਨੂੰ ਜਲਾਕੇ ਸ਼ੂਦਰਾਂ ਨੂੰ ਅਜਾਦੀ ਦਿਵਾਈ ਸੀ ਉਹ ਮੰਨੂੰ ਸਮਰਿਤੀ ਅੱਜ ਵੀ ਲਾਗੂ ਕੀਤੀ ਜਾ ਰਹੀ ਹੈ।  ਅਜਾਦੀ ਦੇ 67 ਸਾਲ ਬੀਤਣ ਬਾਦ ਵੀ ਦਲਿਤ ਗੁਲਾਮਾਂ ਵਾਲ਼ੀ ਜਿੰਦਗੀ ਜੀਅ ਰਹੇ ਹਨ ਅਤੇ ਲਗਦਾ ਹੈ ਕਿ ਇਸ ਦੇਸ਼ ਵਿੱਚ ਅਜੇ ਤੱਕ ਰਾਜਨੀਤਿਕ ਅਜਾਦੀ ਹੀ ਆਈ ਹੈ ਅਤੇ ਸਮਾਜਿਕ-ਆਰਥਿਕ ਅਜਾਦੀ ਅਜੇ ਬਹੁਤ ਦੂਰ ਹੈ। ਇਸ ਦੇਸ਼ ਵਿੱਚ 25 ਪ੍ਰਤੀਸ਼ਤ ਤੋ ਵੱਧ ਦਲਿਤ ਵਰਗ ਦੇ ਲੋਕ ਰਹਿੰਦੇ ਹਨ ਜੋ ਹੁਣ ਵੀ  ਅੱਤਿਆਚਾਰ ਸਹਿ ਰਹੇ ਹਨ। ਛੂਆ-ਛਾਤ ਅਤੇ ਸਮਾਜਿਕ ਗੈਰਬਰਾਬਰੀਆਂ ਨੂੰ ਮੇਟਣ ਲਈ ਆਰਟੀਕਲ 17 ਨੂੰ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਛੂਆ-ਛਾਤ ਨੂੰ ਖਤਮ ਕਰਨ ਲਈ 1955 ਵਿੱਚ ਸਿਵਲ ਅਧਿਕਾਰਾਂ ਦੀ ਸੁਰਖਿਆ ਲਈ ਐਕਟ ਬਣਾਇਆ ਗਿਆ ਹੈ ਪਰ ਇਸਤੇ ਵੀ ਕੋਈ ਅਮਲ ਨਹੀਂ ਹੋ ਰਿਹਾ ਹੈ। ਦੇਸ਼ ਵਿੱਚ ਕਈ ਮੰਦਿਰਾਂ ਵਿੱਚ ਸਦੀਆਂ ਤੋਂ ਸ਼ੂਦਰਾਂ ਦੇ ਦਾਖਲੇ ਤੇ ਲਗਾਈ ਗਈ ਪਬੰਦੀ ਅੱਜ ਵੀ ਬਰਕਰਾਰ ਹੈ। ਅੱਜ ਵੀ ਹਲਾਤ ਇਹ ਹਨ ਕਿ ਕਈ ਜਨਤਕ ਸਥਾਨਾਂ ਤੇ ਸ਼ੂਦਰਾਂ ਦਾ ਦਾਖਲ ਹੋਣਾ ਮਨ੍ਹਾਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਜਨਤਕ ਸਥਾਨਾਂ ਦੇ ਪ੍ਰਬੰਧਕਾਂ ਵਲੋਂ ਇਸ ਸਬੰਧੀ ਸਰੇਆਮ ਬੌਰਡ ਲਗਾਏ ਹੋਏ ਹਨ ਅਤੇ ਧਾਰਮਿਕ ਸਥਾਨਾਂ ਦੀ ਦਿਵਾਰ ਤੇ ਲਿਖਿਆ ਹੋਇਆ ਹੈ। ਭਾਰਤ ਦੇ ਕਈ ਰਾਜਾਂ ਵਿੱਚ ਅੱਜ ਵੀ ਦਲਿਤਾਂ ਨੂੰ ਗੁਲਾਮੀ ਭਰਿਆ ਜੀਵਨ ਜਿਊਣਾ ਪੈ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਰਗੇ ਸੂਬੇ ਜਿੱਥੇ ਬਹੁਤੇ ਦਲਿਤਾਂ ਨੇ ਸਿੱਖ ਧਰਮ ਅਪਣਾਇਆ ਹੈ ਅਤੇ ਸਿੱਖ ਧਰਮ ਨੂੰ ਬਚਾਉਣ ਲਈ ਹੋਈ ਹਰ ਲੜਾਈ ਵਿੱਚ ਵੱਡਾ ਯੋਗਦਾਨ ਪਾਇਆ ਹੈ ਵਿੱਚ ਵੀ ਕਈ  ਗੁਰਦੁਆਰਿਆਂ ਵਿੱਚ ਸ਼ੂਦਰਾਂ ਨਾਲ ਪੱਖਪਾਤ ਕੀਤਾ ਜਾਂਦਾ ਹੈ ਅਤੇ ਕਈ ਥਾਵਾਂ ਤੇ ਉਨ੍ਹਾਂ ਨੂੰ ਲੰਗਰ ਵੀ ਅਲੱਗ ਲਾਇਨਾਂ ਵਿੱਚ ਬਿਠਾਕੇ ਹੀ ਛਕਾਇਆ ਜਾਂਦਾ ਹੈ। ਪੰਜਾਬ ਵਰਗੇ ਵਿਕਸਿਤ ਸੂਬੇ ਵਿੱਚ ਕਈ ਥਾਵਾਂ ਤੇ ਮਰਨ ਤੋਂ ਬਾਦ ਵੀ ਦਲਿਤਾਂ ਦੇ ਸਾਂਝੀਆਂ ਥਾਵਾਂ ਤੇ ਜਾਣਾ ਸਬੰਧੀ ਪਬੰਦੀਆਂ ਲਗਾਈਆਂ ਗਈਆਂ ਹਨ ਅਤੇ ਅਲੱਗ ਸ਼ਮਸ਼ਾਨ ਘਾਟ ਬਣਾਏ ਗਏ ਹਨ। ਸਰਕਾਰਾਂ ਅਤੇ ਸਰਕਾਰੀ ਅਧਿਕਾਰੀ ਵੀ ਅਜਿਹੇ ਮਾਮਲਿਆਂ ਤੇ ਅਕਸਰ ਚੁੱਪੀ ਧਾਰਕੇ ਹੀ ਰੱਖਦੇ ਹਨ ਜਿਸ ਕਾਰਨ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਜੇਕਰ ਹੁਣ ਵੀ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਨੇਤਾਵਾਂ ਨੇ ਇਸ ਤਰਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੱਖਤ ਕਦਮ ਨਾਂ ਚੁੱਕੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਦੇਸ਼ ਵਿੱਚ ਭਾਰਤੀ ਸੰਵਿਧਾਨ ਅਧੀਨ ਮਿਲੇ ਅਧਿਕਾਰ ਨਾਮ ਮਾਤਰ ਹੀ ਰਹਿ ਜਾਣਗੇ ਅਤੇ ਸ਼ੂਦਰਾਂ ਨੂੰ ਗੈਰ ਸੰਵਿਧਾਨਿਕ ਤਰੀਕੇ ਅਪਣਾਉਣੇ ਪੈਣ ਅਤੇ ਸਮਾਜ ਵਿੱਚ ਉਥਲ ਪੂਥਲ ਮਚ ਜਾਵੇਗੀ।