ਲੋਕਾਂ ਲਈ ਗਰੀਬ ਅਤੇ ਵਿਧਾਇਕਾਂ ਤੇ ਮੰਤਰੀਆਂ ਲਈ ਅਮੀਰ ਪੰਜਾਬ ਸਰਕਾਰ


04  ਨਵੰਬਰ, 2013 (ਕੁਲਦੀਪ ਚੰਦ) ਭਾਰਤ ਦੇਸ਼ ਇਕ ਵਿਸ਼ਾਲ ਆਬਾਦੀ ਵਾਲਾ ਦੇਸ਼ ਹੈ। ਸਾਡੇ ਦੇਸ਼ ਦੀ ਆਬਾਦੀ ਦਾ ਜ਼ਿਆਦਾ ਤਬਕਾ ਗਰੀਬੀ ਅਤੇ ਬੇਰੁਜ਼ਗਾਰੀ ਨਾਲ ਜਕੜ੍ਹਿਆ ਹੋਇਆ ਹੈ। ਦੇਸ਼ ਦੀ ਕਾਫੀ ਅਬਾਦੀ ਅੱਜ ਵੀ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਦੇਸ਼ ਦੇ ਕਰੋੜ੍ਹਾਂ ਲੋਕ ਗਰੀਬੀ ਕਾਰਨ ਜੀਵਨ ਦੀਆਂ ਮੁਢਲੀਆਂ ਸਹੂਲਤਾ ਰੋਟੀ, ਕੱਪੜਾ, ਮਕਾਨ ਤੋਂ ਬਾਂਝੇ ਹਨ। ਦੇਸ਼ ਦੇ ਕਰੋੜ੍ਹਾਂ ਲੋਕ ਬਿਨਾਂ ਦਵਾਈ ਤੋਂ ਤੜਫ-ਤੜਫ ਕੇ ਮਰ ਜਾਂਦੇ ਹਨ। ਦੇਸ਼ ਦੀ ਬਹੁਤੀ ਜਨਤਾ ਹਰ ਵਾਰ ਰਾਜਨੀਤੀਵਾਨਾਂ ਦੇ ਲਾਰਿਆਂ ਵਿੱਚ ਆਕੇ ਅਪਣੀ ਵੋਟ ਦਾ ਇਸਤੇਮਾਲ ਕਰਦੀ ਹੈ ਅਤੇ ਹਰ ਵਾਰ ਸੋਚਦੀ ਹੈ ਕਿ ਸਰਕਾਰ ਵਿੱਚ ਬੈਠੇ ਨੇਤਾ ਉਨ੍ਹਾਂ ਦੀ ਕਿਸਮਤ ਬਦਲਣ ਲਈ ਕੰਮ ਕਰਨਗੇ ਅਤੇ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਗੇ। ਬਹੁਤੀ ਜਨਤਾ ਅੱਜ ਵੀ ਇਹ ਸੋਚਦੀ ਹੈ ਕਿ ਚੋਣ ਲੜਣ ਅਤੇ ਜਿਤਣ ਵਾਲੇ ਨੇਤਾਵਾਂ ਨੂੰ ਸਮਾਜ ਸੇਵਾ ਅਤੇ ਲੋਕ ਸੇਵਾ ਦਾ ਦਿਲੀ ਸ਼ੋਂਕ ਹੈ ਅਤੇ ਇਹ ਸਾਰੇ ਬਿਨ੍ਹਾਂ ਕਿਸੇ ਲਾਲਚ ਦੇ ਕੰਮ ਕਰਦੇ ਹਨ ਪਰ ਇਹ ਸਿਰਫ ਇੱਕ ਵਹਿਮ ਹੈ ਜਦਕਿ ਹਕੀਕਤ ਵਿੱਚ ਇਨ੍ਹਾਂ ਨੂੰ ਲੱਖਾਂ ਰੁਪਏ ਲੋਕਾਂ ਦੇ ਟੈਕਸ ਦੇ ਰੂਪ ਵਿੱਚ ਇਕੱਠੇ ਹੋਏ ਸਰਕਾਰੀ ਖਜਾਨੇ ਵਿੱਚੋਂ ਮਿਲਦੇ ਹਨ। ਲੋਕਾਂ ਦੇ ਹੱਕਾਂ ਦੀ ਲੜਾਈ ਅਤੇ ਸਹੂਲਤਾਂ ਦੇਣ ਵੇਲੇ ਇੱਕ ਦੂਜੇ ਨਾਲ ਲੜਣ ਵਾਲੇ ਵਿਧਾਇਕਾਂ ਦੇ ਜਦੋਂ ਅਪਣੇ ਨਿੱਜੀ ਲਾਭ ਦੀ ਗੱਲ ਚੱਲਦੀ ਹੈ ਤਾਂ ਸਾਰੇ ਵਿਧਾਇਕ ਜਨਤਾ ਨੂੰ ਭੁਲਕੇ ਪੂਰੀ ਸਹਿਮਤੀ ਨਾਲ ਇਹ ਬਿੱਲ ਪਾਸ ਕਰ ਦਿੰਦੇ ਹਨ। ਹਰ ਮਹੀਨੇ ਇਨ੍ਹਾਂ ਨੂੰ ਹਜਾਰਾਂ ਰੁਪਏ ਮਿਲਦੇ ਹਨ। ਵਿਧਾਨ ਸਭਾ ਵਲੋਂ ਸਮੇਂ-ਸਮੇਂ ਤੇ ਇਸ ਵਿੱਚ ਸੋਧ ਅਤੇ ਵਾਧਾ ਕੀਤਾ ਜਾਂਦਾ ਹੈ। ਪੰਜਾਬ ਦੀ ਮੋਜੂਦਾ ਵਿਧਾਨ ਸਭਾ ਵਲੋਂ ਵੀ ਜਿਸਦੀ ਅਗਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਹਨ ਵਿਧਾਇਕਾਂ, ਮੰਤਰੀਆਂ, ਸਾਬਕਾ ਵਿਧਾਇਕਾਂ ਨੂੰ ਮਿਲਣ ਵਾਲੇ ਭੱਤਿਆਂ ਅਤੇ ਤਨਖਾਹਾਂ ਵਿੱਚ ਵਾਧਾ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਹ ਕਿਹੋ ਜਿਹਾ ਲੋਕਤੰਤਰ ਹੈ ਕਿ ਮਹਿੰਗਾਈ ਦੀ ਮਾਰ ਤੋਂ ਆਮ ਆਦਮੀ ਨੂੰ ਬਚਾਉਣ ਦੀ ਥਾਂ ਤੇ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਨੂੰ ਵਧਾਉਣ ਦੀਆਂ ਸਿਫਾਰਸ਼ਾਂ ਕਰ ਦਿੱਤੀਆਂ ਗਈਆਂ ਹਨ ਜਦਕਿ ਇਹ ਵਿਧਾਇਕ ਪਹਿਲਾਂ ਤੋਂ ਹੀ ਕਰੋੜਾਂਪਤੀ ਹਨ ਅਤੇ ਆਮ ਆਦਮੀ ਦੋ ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰ ਰਿਹਾ ਹੈ। ਪੰਜਾਬ ਵਿਧਾਨ ਸਭਾ ਦੀ ਜਨਰਲ ਪਰਪਜ਼ ਕਮੇਟੀ, ਜਿਸਦੇ ਸਪੀਕਰ ਡਾਕਟਰ ਚਰਨਜੀਤ ਸਿੰਘ ਅਟਵਾਲ ਚੇਅਰਮੈਨ ਹਨ ਨੇ ਸਿਫਾਰਿਸ਼ ਕੀਤੀ ਹੈ ਕਿ ਵਿਧਾਇਕ ਦੀ ਤਨਖਾਹ 15 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਰੁਪਏ, ਕਾਂਸਟੀਚਿਊਂਸੀ ਸੈਕਰੈਟੇਰੀਅਲ ਅਤੇ ਪੋਸਟਲ ਫੈਸਲਿਟੀਜ਼ ਅਲਊਂਸ 15 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਰੁਪਏ, ਦਫ਼ਤਰੀ ਭੱਤਾ 5 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ, ਸਕੱਤਰੇਤ ਭੱਤਾ 5 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ, ਰੋਜ਼ਾਨਾ ਭੱਤਾ 1 ਹਜ਼ਾਰ ਤੋਂ ਵਧਾ ਕੇ 15 ਸੌ ਰੁਪਏ, ਮੁਫ਼ਤ ਯਾਤਰਾ ਸਹੂਲਤ 2 ਲੱਖ ਤੋਂ ਵਧਾ ਕੇ 3 ਲੱਖ ਰੁਪਏ, ਐਕਸ ਗਰੇਸ਼ੀਆ ਗਰਾਂਟ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ, ਸਕਿਉਰਿਟੀ ਵਹੀਕਲ ਲਈ ਡੀਜ਼ਲ ਪੈਟਰੋਲ 500 ਲੀਟਰ ਦੀ ਬਜਾਏ 700 ਲੀਟਰ, ਪੈਨਸ਼ਨ ਪਹਿਲੀ ਟਰਮ 75 ਸੌ ਰੁਪਏ ਜਮਾਂ, ਸਮੇਂ-ਸਮੇਂ ਤੇ ਨਿਰਧਾਰਿਤ ਮਹਿੰਗਾਈ ਭੱਤਾ 10 ਹਜ਼ਾਰ ਰੁਪਏ, ਦੂਜੀ ਟਰਮ 5 ਹਜ਼ਾਰ ਰੁਪਏ ਜਮਾਂ ਸਮੇਂ-ਸਮੇਂ ਤੇ ਨਿਰਧਾਰਿਤ ਮਹਿੰਗਾਈ ਭੱਤਾ ਵਧਾ ਕੇ 75 ਸੌ ਰੁਪਏ, ਐਕਸ ਗਰੇਸ਼ੀਆਂ ਗਰਾਂਟ 1 ਲੱਖ 50 ਹਜ਼ਾਰ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਜਾਵੇ। ਇੱਥੇ ਹੀ ਬਸ ਨਹੀਂ ਕਮੇਟੀ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਇੱਕ ਵਾਰ ਵਿਧਾਇਕ ਚੁਣੇ ਜਾਣ ਤੇ ਹਰ ਸਾਬਕਾ ਵਿਧਾਇਕ ਪੈਨਸ਼ਨ ਲੈਣ ਦਾ ਵੀ ਹੱਕਦਾਰ ਹੋਵੇਗਾ। ਵਿਧਾਨਸਭਾ ਵਿੱਚ ਸੱਤਾ ਪੱਖ ਅਤੇ ਵਿਰੋਧੀ ਧਿਰ ਕੁੱਕੜਾਂ ਵਾਂਗੂ ਲੜਦੇ ਹਨ ਪਰ ਸਹੂਲਤਾਂ ਅਤੇ ਤਨਖਾਹਾਂ ਵਧਾਉਣ ਦੇ ਨਾਮ ਤੇ ਸਾਰੇ ਇੱਕ ਹੋ ਜਾਂਦੇ ਹਨ। ਸਰਕਾਰ ਖਾਲੀ ਖਜ਼ਾਨੇ ਦਾ ਰੌਲਾ ਪਾ ਕੇ ਗਰੀਬਾਂ ਨੂੰ ਮਿਲਣ ਵਾਲੀਆਂ ਸਹੂਲਤਾਂ, ਬੁਢਾਪਾ ਪੈਨਸ਼ਨਾਂ, ਵਿਧਵਾ ਪੈਨਸ਼ਨਾਂ ਨੂੰ ਤਾਂ ਰੋਕ ਸਕਦੀ ਹੈ ਪਰ ਵਿਧਾਇਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਕਿਉਂ ਨਹੀਂ ਰੋਕਦੀ ਹੈ। ਸਰਕਾਰ ਨੇ ਤਾਂ ਬੇਰੁਜ਼ਗਾਰਾਂ ਨੂੰ ਮਿਲਣ ਵਾਲਾ ਮਹਿੰਗਾਈ ਭੱਤਾ ਵੀ ਇਸ ਸਾਲ ਤੋਂ ਬੰਦ ਕਰ ਦਿੱਤਾ ਹੋਇਆ ਹੈ। ਜਦੋਂ ਯੋਜਨਾ ਕਮਿਸ਼ਨ ਨੇ ਇਹ ਨਿਰਧਾਰਤ ਕਰ ਦਿੱਤਾ ਹੈ ਕਿ ਪੇਂਡੂ ਖੇਤਰ ਵਿੱਚ 26 ਰੁਪਏ ਅਤੇ ਸ਼ਹਿਰੀ ਖੇਤਰ ਵਿੱਚ 32 ਰੁਪਏ ਕਮਾਉਣ ਵਾਲਾ ਗਰੀਬੀ ਰੇਖਾ ਤੋਂ ਹੇਠਾਂ ਨਹੀਂ ਆਉਂਦਾ ਫਿਰ ਵਿਧਾਇਕ ਤਾਂ ਪਹਿਲਾਂ ਹੀ ਕਰੋੜਾਂਪਤੀ ਹਨ ਫਿਰ ਇਹਨਾਂ ਦੀਆਂ ਤਨਖਾਹਾਂ ਅਤੇ ਭੱਤੇ ਵਧਾਉਣ ਦੀ ਕੀ ਲੋੜ ਹੈ। ਇਹਨਾਂ ਵਿਧਾਇਕਾਂ ਦਾ ਬੋਝ ਜਨਤਾ ਤੇ ਹੋਰ ਨਵੇਂ ਟੈਕਸ ਲਗਾ ਕੇ ਪੂਰਾ ਕੀਤਾ ਜਾਵੇਗਾ। ਸਰਕਾਰ ਨੇ ਸ਼ਹਿਰੀ ਖੇਤਰ ਦੇ ਘਰਾਂ ਤੇ ਤਾਂ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਲਗਾ ਦਿੱਤਾ ਹੈ ਪਰ ਇਹ ਕਦੀ ਨਹੀਂ ਸੋਚਿਆ ਕਿ ਘਰਾਂ ਵਿੱਚ ਰਹਿਣ ਵਾਲਿਆਂ ਦੀ ਕੋਈ ਆਮਦਨ ਦਾ ਸਾਧਨ ਵੀ ਹੈ ਜਾਂ ਨਹੀਂ। ਅਜਿਹੇ ਸਮੇਂ ਤੇ ਜਦੋਂ ਕਿ ਜਨਤਾ ਨੂੰ ਦੋ ਵਕਤ ਦੀ ਰੋਟੀ ਵੀ ਢਿੱਡ ਭਰਕੇ ਨਸੀਬ ਨਹੀਂ ਹੋ ਰਹੀ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਵਾਧਾ ਕਰਨਾ ਗਰੀਬ ਜਨਤਾ ਦੇ ਜਖਮਾਂ ਤੇ ਨਮਕ ਛਿੜਕਣ ਦੇ ਬਰਾਬਰ ਹੋਵੇਗਾ। ਇਸ ਤਰਾਂ ਸਾਡੇ ਵਿਧਾਇਕਾਂ ਨੂੰ ਮਿਲਦੀਆਂ ਸਹੂਲਤਾਂ ਵੇਖਕੇ ਲੱਗਦਾ ਹੈ ਕਿ ਅਸੀਂ ਬਹੁਤ ਹੀ ਵਿਕਸਿਤ ਹਾਂ ਪਰ ਹਕੀਕਤ ਤੋਂ ਤੁਸੀਂ ਆਪ ਭਲੀਭਾਂਤ ਵਾਕਿਫ ਹੋ ਕਿ ਸਾਡੇ ਦੇਸ਼ ਦੀ ਆਮ ਜਨਤਾ ਫੁਟਪਾਥਾਂ, ਰੇਲਵੇਪਲੇਟਫਾਰਮਾਂ, ਗੰਦੀਆਂ ਮਲੀਨ ਬਸਤੀਆਂ ਵਿੱਚ ਕਿਸ ਹਾਲਾਤ ਵਿੱਚ ਰਹਿੰਦੀ ਹੈ।  ਪੰਜਾਬ ਵਿੱਚ ਪੜ੍ਹੇ ਲਿਖੇ ਬੇਰੁਜਗਾਰਾਂ ਨੂੰ ਸਿਰਫ 150 ਤੋਂ 200 ਰੁਪਏ ਤੱਕ ਬੇਰੋਜਗਾਰੀ ਭੱਤਾ ਦਿਤਾ ਜਾ ਰਿਹਾ ਸੀ ਜੋ ਹੁਣ ਉਹ ਵੀ ਬੰਦ ਹੀ ਹੈ। ਇਸ ਤਰਾਂ ਹੀ ਸਮਾਜ ਵਿੱਚ ਬੇਸਹਾਰਾ ਬਜੁਰਗਾਂ, ਵਿਧਵਾਵਾਂ, ਅੰਗਹੀਣਾਂ, ਅਨਾਥ ਬੱਚਿਆਂ ਨੂੰ ਮਿਲਣ ਵਾਲੀ ਸਹਾਇਤਾ ਲਈ ਵੀ ਕਈ ਲੋੜਵੰਦ ਦਫਤਰਾਂ ਦੇ ਧੱਕੇ ਖਾਂਦੇ ਹਨ ਪਰ ਉਨ੍ਹਾਂ ਵੱਲ ਕਦੇ ਕਿਸੇ ਆਗੂ ਨੇ ਧਿਆਨ ਨਹੀਂ ਦਿਤਾ ਹੈ। 
ਕੁਲਦੀਪ  ਚੰਦ 
9417563054