22 ਅਕਤੂਬਰ, 2013 ਨੂੰ  ਭਾਖੜ੍ਹਾ ਡੈਮ ਦੀ ਗੋਲਡਨ ਜੁਬਲੀ ਸਬੰਧੀ ਵਿਸ਼ੇਸ਼।

ਰਾਸ਼ਟਰ ਦਾ ਗੌਰਵ ਭਾਖੜਾ ਬੰਨ ਅੱਜ ਹੋਵੇਗਾ 50 ਸਾਲਾਂ ਦਾ

ਭਾਖੜ੍ਹਾ ਨੰਗਲ ਪ੍ਰੋਜੈਕਟ ਕੁੱਝ ਹੈਰਾਨੀਜਨਕ ਹੈ, ਕੁੱਝ ਚਮਤਕਾਰੀ ਹੈ, ਕੁੱਝ ਅਜਿਹਾ ਹੈ ਜਿਸਨੂੰ ਵੇਖਕੇ ਤੁਹਾਡੇ ਦਿਲ ਵਿੱਚ ਤੁਫਾਨ ਉਠਦਾ ਹੈ।ਭਾਖੜ੍ਹਾ ਅਜਾਦ ਭਾਰਤ ਦਾ ਨਵਾਂ ਮੰਦਿਰ ਹੈ ਅਤੇ ਭਾਰਤ ਦੀ ਤਰੱਕੀ ਦਾ ਪ੍ਰਤੀਕ ਹੈ----ਪੰਡਿਤ ਜਵਾਹਰ ਲਾਲ ਨਹਿਰੂ।

ਰਾਸ਼ਟਰ ਦਾ ਗੌਰਵ ਮੰਨੇ ਜਾਂਦੇ ਭਾਖੜਾ ਬੰਨ ਨੂੰ 50 ਸਾਲ ਪੂਰੇ ਹੋ ਰਹੇ ਹਨ। 22 ਅਕਤੂਬਰ 1963 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਜਵਾਹਰ ਲਾਲ ਨਹਿਰੂ ਵੱਲੋਂ ਇਸ ਡੈਮ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ, ਉਦੋਂ ਤੋਂ ਹੀ ਸਿੰਚਾਈ ਦੁਆਰਾ ਪਰਿਯੋਜਨਾ ਦੇ ਲਾਭ ਦੇਸ਼ ਦੇ ਕਿਸਾਨਾਂ ਨੂੰ ਮਿਲਣੇ ਸ਼ੁਰੂ ਹੋ ਗਏ ਸਨ। ਭਾਖੜਾ ਬੰਨ ਦੇ ਨਿਰਮਾਣ ਵਿੱਚ ਕੁੱਲ ਇੱਕ ਲੱਖ ਟਨ ਸਰੀਏ ਦਾ ਇਸਤੇਮਾਲ ਕੀਤਾ ਗਿਆ ਸੀ। ਮੋਜੂਦਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜਿਲ੍ਹੇ ਵਿੱਚ ਸਥਿਤ  ਭਾਖੜ੍ਹਾ ਡੈਮ ਪ੍ਰੋਜੈਕਟ ਨੂੰ ਬਣਾਉਣ ਦਾ ਵਿਚਾਰ ਸਭਤੋਂ ਪਹਿਲਾਂ ਸਰ ਲੂਈਸ ਡੈਨੇ ਦੁਆਰਾ 8 ਨਵੰਬਰ, 1908 ਦੀ ਟਿਪਣੀ ਵਿੱਚ ਉਤਪੰਨ ਹੋਇਆ ਸੀ ਅਤੇ ਇਸ ਸਬੰਧੀ ਵਿਸਥਰਿਤ ਰਿਪੋਰਟ ਮਾਰਚ 1919 ਵਿੱਚ ਪੇਸ਼ ਕੀਤੀ ਗਈ। 1920 ਤੋਂ ਲੈਕੇ 1938 ਤੱਕ ਇਸ ਸਬੰਧੀ ਵੱਖ ਵੱਖ ਤਰਾਂ ਦੇ ਸਰਵੇਖਣ ਹੋਏ। 1939 ਤੋਂ 1942 ਤੱਕ ਇਸ ਪ੍ਰੋਜੈਕਟ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ। 1948 ਤੋਂ 1951 ਦੌਰਾਨ ਇਸ ਪ੍ਰੋਜੈਕਟ ਨੂੰ ਪਾਸ ਕੀਤਾ ਗਿਆ। ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੀ ਸਿੰਚਾਈ ਸ਼ਾਖਾ ਅਤੇ ਅੰਤਰਰਾਸ਼ਟਰੀ ਕੰਪਨੀ ਆਈ ਐਨ ਸੀ  ਯੂ ਐਸ ਏ ਵਿੱਚ 14 ਨਵੰਬਰ, 1948 ਨੂੰ ਹੋਏ ਸਮਝੋਤੇ ਅਨੁਸਾਰ ਇਸ ਪ੍ਰੋਜੈਕਟ ਸਬੰਧੀ ਕਾਗਜ ਅਤੇ ਡਿਜਾਇਨ ਸਮੇਤ ਦਿਸ਼ਾ ਨਿਰਦੇਸ਼ ਕੰਪਨੀ ਨੂੰ ਸੋਂਪੇ ਗਏ। ਅਪ੍ਰੈਲ 1952 ਵਿੱਚ ਮਿਸਟਰ ਐਮ ਹਾਰਵੇ ਸਲੋਕਮ ਅਮਰੀਕਾ ਤੋਂ ਅਪਣੇ ਤਕਨੀਕੀ ਮਾਹਿਰਾਂ ਅਤੇ ਇੰਜਨੀਅਰਾਂ ਦੀ ਟੀਮ ਨਾਲ ਆਏ ਤੇ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ 18 ਨਵੰਬਰ, 1955 ਨੂੰ ਕੰਕਰੀਟ ਦੀ ਪਹਿਲੀ ਟੋਕਰੀ ਪਾਕੇ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦੇ ਨਿਰਮਾਣ ਵਿੱਚ ਮੁੱਖ ਤੋਰ ਤੇ  ਭਾਖੜ੍ਹਾ ਬੰਨ ਅਤੇ ਊਰਜਾ ਸੰਚਾਲਣ ਯੰਤਰ, ਨੰਗਲ ਬੰਨ, ਨੰਗਲ ਹਾਇਡਲ ਚੈਨਲ, ਨੰਗਲ ਹਾਇਡਲ ਚੈਨਲ ਤੇ ਗੰਗੂਵਾਲ ਅਤੇ ਕੋਟਲਾ ਪਾਵਰ ਹਾਊਸਜ਼, ਰੋਪੜ੍ਹ ਹੈਡ ਵਰਕਸ ਦਾ ਪੁਨਰਨਿਰਮਾਣ, ਸਰਹੰਦ ਨਹਿਰ ਦਾ ਪੁਨਰਨਿਰਮਾਣ,  ਭਾਖੜ੍ਹਾ ਨਹਿਰ, ਬਿਸਤ-ਦੋਆਬ ਨਹਿਰ, ਬਿਜਲੀ ਦੀ ਪੈਦਾਵਰ ਅਤੇ ਵਿਤਰਣ ਪ੍ਰਣਾਲੀ,  ਭਾਖੜ੍ਹਾ ਖੇਤਰ ਦੀ ਮਾਰਕੀਟ ਅਤੇ ਸੰਚਾਰ ਦਾ ਵਿਕਾਸ ਆਦਿ ਯੂਨਿਟ ਸ਼ਾਮਲ ਸਨ। ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਪ੍ਰੋਜੈਕਟ ਦਾ 10 ਵਾਰ ਦੌਰਾ ਕੀਤਾ। ਭਾਖੜਾ ਬੰਨ ਦੇ ਨਿਰਮਾਣ ਵਿੱਚ ਵਰਤੀ ਗਈ ਸੀਮੇਂਟ, ਕੰਕਰੀਟ ਦੀ ਮਾਤਰਾ ਧਰਤੀ ਦੇ ਭੂ-ਮੱਧ ਰੇਖਾ ਤੇ 2.44 ਮੀਟਰ ਚੋੜੀ ਸੜਕ ਬਣਾਉਣ ਵਿੱਚ ਸਮਰੱਥ ਸੀ। ਬੰਨ ਦੀ ਉਚਾਈ ਦਿੱਲੀ ਵਿੱਚ ਸਥਿਤ ਕੁਤਬਮੀਨਾਰ ਦੀ ਉਚਾਈ ਤੋਂ ਵੀ 3 ਗੁਣਾ ਵੱਧ ਹੈ। 283.90 ਕਰੋੜ ਰੁਪਏ ਦੀ ਲਾਗਤ ਨਾਲ ਸਾਲ 1962 ਵਿੱਚ ਬਣ ਕੇ ਤਿਆਰ ਹੋਇਆ ਭਾਖੜਾ ਬੰਨ ਉਸ ਵੇਲੇ ਏਸ਼ੀਆਂ ਵਿੱਚ ਸਭ ਤੋਂ ਉਚਾ ਅਤੇ ਵਿਸ਼ਵ ਵਿੱਚ ਦੂਜੇ ਨੰਬਰ ਤੇ ਸੀ। ਪਾਣੀ ਦਾ ਪੱਧਰ 1680 ਫੁੱਟ ਪਹੁੰਚਣ ਤੇ ਭਾਖੜਾ ਬੰਨ 2 ਇੰਚ ਤੱਕ ਝੁਕਣ ਦੀ ਸਮਰੱਥਾ ਰੱਖਦਾ ਹੈ। ਖਾਸ ਗੱਲ ਇਹ ਹੈ ਕਿ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਡੈਮ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ। ਭਾਖੜਾ ਬੰਨ ਸਹਿਤ ਬੀ ਬੀ ਐਮ ਬੀ ਦੇ ਬਿਆਸ ਬੰਨ ਪਰਿਯੋਜਨਾ, ਬਿਆਸ ਸਤਲੁਜ ਲਿੰਕ ਨਹਿਰ  ਪਰਿਯੋਜਨਾ ਦੇ ਦੁਆਰਾ ਰਾਸ਼ਟਰ ਵਿੱਚ ਹਰੀ ਕ੍ਰਾਂਤੀ ਦਾ ਸੁਪਨਾ ਸਾਕਾਰ ਹੋ ਸਕਿਆ ਹੈ। ਇਹਨਾਂ ਸਾਰੀਆਂ ਪਰਿਯੋਜਨਾਵਾਂ ਦੀ ਵਰਤਮਾਨ ਬਿਜਲੀ ਉਤਪਾਦਨ ਸਮਰੱਥਾ 2866 ਮੈਗਾਵਾਟ ਹੈ ਜਦਕਿ ਇਹਨਾਂ ਪਰਿਯੋਜਨਾਵਾਂ ਦੁਆਰਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਰੇਗਿਸਤਾਨੀ ਜਮੀਨ ਨੂੰ ਹਰਾ ਭਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ। ਭਾਖੜਾ ਬੰਨ ਦੀ ਝੀਲ ਦੀ ਕੁੱਲ ਭੰਡਾਰਨ ਸਮਰੱਥਾ 9340 ਮਿਲੀਅਨ ਘਣਮੀਟਰ ਹੈ। ਭਾਖੜਾ ਬੰਨ ਦੇ ਪਿੱਛੇ ਬਣੀ ਝੀਲ ਦਾ ਨਾਮਕਰਨ ਸਿੱਖਾਂ ਦੇ ਮਹਾਨ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ  ਜੀ ਦੇ ਨਾਮ ਤੇ ਹੀ ਗੋਬਿੰਦ ਸਾਗਰ ਝੀਲ ਰੱਖਿਆ ਗਿਆ ਹੈ। ਬੰਨ ਤੱਕ ਸਤਲੁਜ ਦਰਿਆ ਦਾ ਕੁੱਲ ਕੈਚਮੈਂਟ ਏਰੀਆਂ 56980 ਵਰਗ ਕਿਲੋਮੀਟਰ ਹੈ ਜਿਸ ਵਿੱਚ 37050 ਵਰਗ ਕਿਲੋਮੀਟਰ ਖੇਤਰ ਤਿੱਬਤ ਅਤੇ ਬਾਕੀ 19930 ਵਰਗ ਕਿਲੋਮੀਟਰ ਭਾਰਤ ਵਿੱਚ ਹੈ। ਗਰਮੀਆਂ ਦੇ ਮੌਸਮ ਵਿੱਚ ਮਾਨ ਸਰੋਵਰ ਝੀਲ ਅਤੇ ਰਸਤੇ ਦੀ ਬਰਫ ਦਾ ਪਿਘਲਿਆ ਹੋਇਆ ਪਾਣੀ ਅਤੇ ਬਾਰਿਸ਼ ਦੀ ਰੁੱਤ ਵਿੱਚ ਕੈਚਮੈਂਟ ਏਰੀਆਂ ਤੋਂ ਆਉਣ ਵਾਲਾ ਵਰਖਾ ਦਾ ਪਾਣੀ ਬੰਨ ਵਿੱਚ ਇਕੱਠਾ ਕੀਤਾ ਜਾਂਦਾ ਹੈ। ਇਸ ਬੰਨ ਵਿੱਚ 50 ਤੋਂ 60 ਫੀਸਦੀ ਪਾਣੀ ਬਰਫ ਦੇ ਪਿਘਲਣ ਕਾਰਨ ਆਉਂਦਾ ਹੈ ਅਤੇ ਬਾਕੀ ਬਾਰਿਸ਼ ਤੋਂ। ਝੀਲ ਵਿੱਚ 1680 ਫੁੱਟ ਤੱਕ 93400 ਲੱਖ ਘਣਮੀਟਰ ਪਾਣੀ ਇਕੱਠਾ ਕੀਤਾ ਜਾਂਦਾ ਹੈ। ਝੀਲ ਵਿੱਚ ਬਰਸਾਤ ਦੇ ਦਿਨਾਂ ਵਿੱਚ ਜਮ੍ਹਾ ਕੀਤੇ ਜਾਣ ਵਾਲੇ ਪਾਣੀ ਦੀ ਬਦੋਲਤ ਜਿੱਥੇ ਪੰਜਾਬ, ਹਰਿਆਣਾ ਅਤੇ ਹੋਰ ਪ੍ਰਾਂਤਾ ਦੇ ਇਲਾਕਿਆਂ ਨੂੰ ਹੜ੍ਹ ਤੋਂ ਰਾਹਤ ਮਿਲਦੀ ਹੈ ਉਥੇ ਝੀਲ ਤੋਂ ਉਕਤ ਪ੍ਰਾਂਤਾ ਦੀ 26 ਲੱਖ ਹੈਕਟੇਅਰ ਜਮੀਨ ਨੂੰ ਸਿੰਚਾਈ ਲਈ ਪਾਣੀ ਮਿਲਦਾ ਹੈ। ਭਾਖੜਾ ਬੰਨ ਤੋਂ ਪੰਜਾਬ, ਹਰਿਆਣਾ, ਪੱਛਮੀ ਰਾਜਸਥਾਨ, ਚੰਡੀਗੜ ਅਤੇ ਦਿੱਲੀ ਦੇ ਮੁੱਖ ਸ਼ਹਿਰਾਂ ਦੇ ਲਈ ਪੀਣ ਦੇ ਪਾਣੀ ਦੀ ਪੂਰਤੀ ਵੀ ਕੀਤੀ ਜਾਂਦੀ ਹੈ। ਵਰਣਨਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਬੀ ਬੀ ਐਮ ਬੀ ਦਾ ਬਿਜਲੀ ਉਦਪਾਦਨ ਕੇਂਦਰੀ ਬਿਜਲੀ ਪ੍ਰਾਧੀਕਰਨ (ਸੀਈਏ) ਦੁਆਰਾ ਨਿਰਧਾਰਤ ਟੀਚਿਆਂ ਤੋਂ ਲਗਾਤਾਰ ਵੱਧ ਰਿਹਾ ਹੈ। ਇਸਦਾ ਜਲ ਭੰਡਾਰਨ ਦੇਸ਼ ਦੇ ਸਭ ਤੋਂ ਵੱਡੇ ਜਲ ਭੰਡਾਰਾ ਵਿੱਚੋਂ ਇੱਕ ਹੈ। ਜਿਸਦੀ ਸਮਰੱਥਾ 9620 ਅਤੇ 8570 ਮਿਲੀਅਨ ਘਣਮੀਟਰ ਹੈ। ਇਹ ਡੈਮ ਸਿਰਫ 20 ਪੈਸੇ ਪ੍ਰਤੀ ਯੂਨਿਟ ਦੀ ਲਾਗਤ ਨਾਲ ਬਿਜਲੀ ਪੈਦਾ ਕਰਕੇ ਰਾਸ਼ਟਰ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਅਹਿਮ ਪ੍ਰੋਜੈਕਟ ਦਾ ਗੋਲਡਨ ਜੁਬਲੀ ਸਮਾਰੋਹ ਮਨਾਇਆ ਜਾ ਰਿਹਾ ਹੈ ਜਿਸ ਲਈ ਸਰਕਾਰ ਵਲੋਂ ਵਿਸ਼ੇਸ਼ ਤੋਰ ਤੇ  ਭਾਖੜ੍ਹਾ ਡੈਮ ਤੇ ਡਾਕ ਟਿਕਟ ਜਾਰੀ ਕੀਤਾ ਗਿਆ ਹੈ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ
9417563054