ਦੇਸ਼ ਵਿੱਚ ਮਹਿਲਾਵਾਂ ਨਾਲ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਨੇ ਹਰ ਦੇਸ਼ਵਾਸੀ ਨੂੰ ਸ਼ਰਮਸਾਰ ਕੀਤਾ ਹੈ।


13
ਸਤੰਬਰ, 2013 (ਕੁਲਦੀਪ ਚੰਦ) ਪਿਛਲੇ ਕਈ ਦਿਨਾਂ ਤੋਂ ਦੇਸ ਦੇ ਵੱਖ ਵੱਖ ਭਾਗਾਂ ਅਤੇ ਸੂਬਿਆਂ ਤੋਂ ਮਹਿਲਾਵਾਂ ਨਾਲ ਵਾਪਰੀਆਂ ਘਟਨਾਵਾਂ ਨੇ ਦੇਸ ਦੇ ਹਰ ਬੁੱਧੀਜੀਵੀ ਨੂੰ ਸੋਚਣ ਲਈ ਮਜ਼ਬੂਰ ਕਰ ਦਿਤਾ ਹੈ ਕਿ ਸਾਡਾ ਦੇਸ ਕਿਸ ਪਾਸੇ ਜਾ ਰਿਹਾ ਹੈ। ਮਹਿਲਾਵਾਂ ਭਾਵੇਂ ਘਰ ਵਿੱਚ ਹੋਣ ਜਾਂ ਘਰ ਤੋਂ ਬਾਹਰ ਕਿਤੇ ਵੀ ਮਹਿਲਾਵਾਂ ਸੁਰੱਖਿਅਤ ਨਹੀਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੀ ਮਹਿਲਾਵਾਂ ਸੁਰੱਖਿਅਤ ਨਹੀਂ ਹਨ ਤਾਂ ਬਾਕੀ ਦੇਸ਼ ਦਾ ਕੀ ਹਾਲ ਹੋਵੇਗਾ ਇਹ ਸੋਚ ਕੇ ਹੀ ਦਿਲ ਕੰਬ ਜਾਂਦਾ ਹੈ। ਦਿੱਲੀ ਵਿੱਚ ਚੱਲਦੀ ਬੱਸ ਵਿੱਚ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੇ ਸਾਰੇ ਦੇਸ਼ਵਾਸੀਆ ਦੇ ਲੂੰ ਕੰਡੇ ਖੜੇ ਕਰ ਦਿੱਤੇ ਹਨ। ਅੱਜ ਬੇਸ਼ੱਕ ਇਸ ਮਾਮਲੇ ਵਿੱਚ 4 ਵਿਅਕਤੀਆਂ ਨੂੰ ਫਾਸੀ ਦੀ ਸਜ਼ਾ ਸੁਣਾਈ ਗਈ ਹੈ ਪਰ ਇਸ ਸਜ਼ਾ ਤੋਂ ਬਾਦ ਅਜਿਹੇ ਅਪਰਾਧ ਕਿੰਨੇ ਘਟਣਗੇ ਇਹ ਤਾਂ ਸਮਾਂ ਹੀ ਦੱਸੇਗਾ। ਕੁੱਝ ਮਹੀਨੇ ਪਹਿਲਾਂ ਪੰਜਾਬ ਵਿੱਚ ਵੀ ਇੱਕ ਪੁਲਿਸ ਦੇ ਏ ਐਸ ਆਈ ਦੀ ਬੇਟੀ ਨਾਲ ਛੇੜਖਾਨੀ ਕੀਤੀ ਜਾ ਰਹੀ ਸੀ ਜਿਸਦਾ ਏ ਐਸ ਆਈ ਦੁਆਰਾ ਵਿਰੋਧ ਕਰਨ ਤੇ ਏ ਐਸ ਆਈ ਦੀ ਹੱਤਿਆ ਕਰ ਦਿੱਤੀ ਗਈ। ਬਲਾਤਕਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਇਹ ਨਹੀਂ ਸੋਚਦੇ ਕਿ ਜਿਸ ਨਾਲ ਉਹ ਕੁਕਰਮ ਕਰ ਰਹੇ ਹਨ ਉਹ ਵੀ ਕਿਸੇ ਦੀ ਧੀ ਜਾਂ ਭੈਣ ਹੋਵੇਗੀ। ਹੁਣ ਆਏ ਦਿਨ ਇਨ੍ਹਾਂ ਅਤਿਆਚਾਰਾਂ ਦਾ ਰੂਪ ਬਦਲਦਾ ਜਾ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ਤੇ ਇਸ ਸਮਸਿਆ ਨੂੰ ਲੈਕੇ ਅਕਸਰ ਵਿਚਾਰ ਵਟਾਂਦਰਾਂ ਕੀਤਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਦ ਅਕਸਰ ਹੀ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਆਗੂ ਬਿਆਨਬਾਜੀ ਕਰਦੇ ਹਨ ਅਤੇ ਇੱਕ ਦੂਜੇ ਨੂੰ ਭੰਡਦੇ ਹਨ ਪਰ ਕੁੱਝ ਦਿਨਾਂ ਬਾਦ ਸਭ ਭੁੱਲ ਜਾਂਦੇ ਹਨ ਅਤੇ ਫਿਰ ਅਜਿਹੀ ਘਟਨਾ ਵਾਪਰ ਜਾਂਦੀ ਹੈ। ਸਾਡਾ ਭਾਰਤ ਦੇਸ਼ ਜਿਸਦੀ ਕਮਾਂਡ ਲੰਬਾ ਸਮਾਂ ਇੱਕ ਮਹਿਲਾ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਦੇ ਹੱਥ ਵਿੱਚ ਰਹੀ ਨੇ ਮਹਿਲਾਵਾਂ ਦੀ ਹਾਲਤ ਅਤੇ ਉਨ੍ਹਾਂ ਤੇ ਵਾਪਰਦੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਕਈ ਤਰਾਂ ਦੀਆਂ ਯੋਜਨਾਵਾਂ ਉਲੀਕੀਆਂ ਅਤੇ ਸੱਖਤ ਕਨੂੰਨ ਬਣਾਏ ਹਨ। ਅੱਜ ਵੀ ਸਾਡੇ ਦੇਸ਼ ਦੀ ਕੇਂਦਰ ਸਰਕਾਰ ਦੀ ਅਗਵਾਈ ਕਰਨ ਵਾਲੇ ਯੂ ਪੀ ਏ ਗਠਜੋੜ੍ਹ ਦੀ ਅਗਵਾਈ ਚੇਅਰਪਰਸਨ ਮੈਡਮ ਸੋਨੀਆ ਪਾਸ ਹੈ। ਸਾਡੇ ਦੇਸ਼ ਦੇ ਕਈ ਰਾਜਾਂ ਵਿੱਚ ਮਹਿਲਾ ਮੁੱਖ ਮੰਤਰੀ ਸੂਬਿਆਂ ਦੀ ਕਮਾਂਡ ਸੰਭਾਲ ਰਹੇ ਹਨ ਜਿਸਨੂੰ ਵੇਖਕੇ ਲੱਗਦਾ ਹੈ ਕਿ ਸਾਡੇ ਦੇਸ ਵਿੱਚ ਮਹਿਲਾਵਾਂ ਨਾਲ ਹੋਣ ਵਾਲੀਆਂ ਹਿੰਸਕ ਘਟਨਾਵਾਂ ਇਤਿਹਾਸ ਬਣ ਗਈਆਂ ਹਨ ਪਰ ਇਹ ਸਭ ਕੁੱਝ ਸੱਚ ਨਹੀਂ ਹੈ ਅਤੇ ਹਕੀਕਤ ਸਾਡੇ ਸਾਹਮਣੇ ਹੈ। ਅਜਿਹੀਆਂ ਘਟਨਾਵਾ ਕਦੇ ਕਦੇ ਮੀਡੀਆ ਦੀਆਂ ਸੁਰਖੀਆਂ ਵੀ ਬਣ ਜਾਂਦੀਆਂ ਹਨ ਪਰ ਦੂਰ ਦੁਰਾਡੇ ਇਲਾਕਿਆਂ ਵਿੱਚ ਵਾਪਰਦੀਆਂ ਅਜਿਹੀਆਂ ਘਟਨਾਵਾ ਤੇ ਮੀਡੀਆ ਦੀ ਵੀ ਨਜ਼ਰ ਨਹੀਂ ਪੈਂਦੀ ਹੈ। ਮਹਿਲਾਵਾਂ ਨਾਲ ਵਾਪਰ ਰਹੇ ਅਪਰਾਧ ਅਤੇ ਇਨ੍ਹਾਂ ਦੀ ਹਰ ਸਾਲ ਵਧ ਰਹੀ ਗਿਣਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਰਾਸ਼ਟਰੀ ਮਹਿਲਾ ਅਯੋਗ ਵਿੱਚ ਮਹਿਲਾਵਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਦੀਆਂ ਦਰਜ ਹੋਈਆਂ ਸ਼ਕਾਇਤਾਂ ਤੋਂ ਕੁੱਝ ਹੱਦ ਤੱਕ ਸਚਾਈ ਸਾਹਮਣੇ ਆਂਦੀ ਹੈ। ਰਾਸ਼ਟਰੀ ਮਹਿਲਾ ਅਯੋਗ ਦੀਆਂ ਰਿਪੋਰਟਾਂ ਅਨੁਸਾਰ ਮਹਿਲਾਵਾਂ ਤੇ ਕਈ ਤਰ੍ਹਾਂ ਨਾਲ ਅਤਿਆਚਾਰ ਹੋ ਰਿਹਾ ਹੈ। ਰਾਸ਼ਟਰੀ ਮਹਿਲਾ ਆਯੋਗ ਕੋਲ ਦਾਜ ਲਈ ਤੰਗ ਕਰਨਾ, ਘਰੇਲੂ ਹਿੰਸਾ, ਯੌਨ ਸ਼ੋਸ਼ਣ, ਬਲਾਤਕਾਰ, ਤਲਾਕ, ਪੁਲਿਸ ਦੁਆਰਾ ਅਤਿਆਚਾਰ, ਅਗਵਾ, ਦਾਜ ਸਬੰਧੀ ਮੌਤ, ਤੇਜ਼ਾਬ ਨਾਲ ਹਮਲਾ, ਐਨ ਆਰ ਆਈ ਮੈਰਿਜ ਸਬੰਧੀ ਸ਼ਕਾਇਤਾਂ ਦਰਜ ਹੋਈਆਂ ਹਨ। ਰਾਸ਼ਟਰੀ ਮਹਿਲਾ ਆਯੋਗ ਕੋਲ ਸਾਲ 2008-09 ਵਿੱਚ ਦੇਸ਼ ਭਰ ਤੋਂ ਕੁੱਲ 12895 ਸ਼ਕਾਇਤਾਂ ਦਰਜ ਹੋਈਆਂ ਸਨ ਜਦਕਿ ਸਾਲ 2009-10 ਵਿੱਚ ਦੇਸ਼ ਭਰ ਤੋਂ ਕੁੱਲ 15985 ਸ਼ਕਾਇਤਾਂ ਦਰਜ ਹੋਈਆਂ ਹਨ। ਮਤਲਬ ਕਿ ਇੱਕ ਸਾਲ ਦੋਰਾਨ ਹੀ 3090 ਸ਼ਕਾਇਤਾਂ ਦਾ ਵਾਧਾ ਹੋਇਆ ਹੈ। ਰਾਸ਼ਟਰੀ ਮਹਿਲਾ ਆਯੋਗ ਕੋਲ 2008-09 ਦੀਆਂ ਦਰਜ ਸ਼ਕਾਇਤਾਂ ਅਨੁਸਾਰ ਸਭ ਤੋਂ ਵੱਧ ਸ਼ਕਾਇਤਾਂ ਉਤਰ ਪ੍ਰਦੇਸ਼ ਤੋਂ 6813 ਸ਼ਕਾਇਤਾਂ ਜਦਕਿ ਸਾਲ 2009-10  ਵਿੱਚ ਵੀ ਸਭ ਤੋਂ ਵੱਧ 8644 ਸ਼ਕਾਇਤਾਂ ਉਤਰ ਪ੍ਰਦੇਸ਼ ਤੋਂ ਹੀ ਮਿਲੀਆਂ ਹਨ। ਦਿੱਲੀ ਤੋਂ ਸਾਲ 2008-09 ਦੌਰਾਨ 1910 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 2094 ਸ਼ਕਾਇਤਾਂ, ਰਾਜਸਥਾਨ ਤੋਂ ਸਾਲ 2008-09 ਦੌਰਾਨ 919 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 1339 ਸ਼ਕਾਇਤਾਂ, ਹਰਿਆਣਾ ਤੋਂ ਸਾਲ 2008-09 ਦੌਰਾਨ 700 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 710 ਸ਼ਕਾਇਤਾਂ, ਮੱਧ ਪ੍ਰਦੇਸ਼ ਤੋਂ ਸਾਲ 2008-09 ਦੌਰਾਨ 431 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 674 ਸ਼ਕਾਇਤਾਂ, ਬਿਹਾਰ ਤੋਂ ਸਾਲ 2008-09 ਦੌਰਾਨ 338 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 465 ਸ਼ਕਾਇਤਾਂ, ਮਹਾਰਾਸ਼ਟਰ ਤੋਂ ਸਾਲ 2008-09 ਦੌਰਾਨ 230 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 409 ਸ਼ਕਾਇਤਾਂ, ਉਤਰਾਖੰਡ ਤੋਂ ਸਾਲ 2008-09 ਦੌਰਾਨ 212 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 304 ਸ਼ਕਾਇਤਾਂ, ਪੰਜਾਬ ਤੋਂ ਸਾਲ 2008-09 ਦੌਰਾਨ 212 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 209 ਸ਼ਕਾਇਤਾਂ, ਤਾਮਿਲਨਾਡੂ ਤੋਂ ਸਾਲ 2008-09 ਦੌਰਾਨ 186 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 158 ਸ਼ਕਾਇਤਾਂ ਅਤੇ ਸਾਲ 2009-10 ਦੌਰਾਨ ਝਾਰਖੰਡ ਤੋਂ 209, ਪੱਛਮੀ ਬੰਗਾਲ ਤੋਂ 144 ਪ੍ਰਾਪਤ ਹੋਈਆਂ ਹਨ। ਇਹ ਉਹਨਾਂ ਸ਼ਕਾਇਤਾਂ ਦੀ ਗਿਣਤੀ ਹੈ ਜੋ ਕਿ ਰਾਸ਼ਟਰੀ ਮਹਿਲਾ ਆਯੋਗ ਕੋਲ ਪਹੁੰਚੀਆਂ ਹਨ ਜਦਕਿ ਇਸ ਤੋਂ ਕਈ ਗੁਣਾ ਵੱਧ ਸ਼ਕਾਇਤਾਂ ਆਯੋਗ ਕੋਲ ਪਹੁੰਚਦੀਆਂ ਹੀ ਨਹੀਂ ਹਨ। ਇਸੇ ਤਰ੍ਹਾਂ ਹੀ ਜੇਕਰ ਮਹਿਲਾਵਾਂ ਨਾਲ ਵਾਪਰਨ ਵਾਲੇ ਅਤਿਅਚਾਰਾਂ ਦੀਆਂ ਕਿਸਮਾਂ ਵੇਖੀਏ ਤਾਂ ਸਾਲ 2008-09 ਵਿੱਚ ਦਹੇਜ ਲਈ ਸ਼ੋਸਣ ਕਰਨ ਦੀਆਂ 2020 ਸ਼ਕਾਇਤਾਂ, ਘਰੇਲੂ ਹਿੰਸਾ/ਵਿਵਾਹਿਕ ਵਿਵਾਦ ਸਬੰਧੀ 1137, ਪੁਲਿਸ ਦੀ ਲਾਪਰਵਾਹੀ ਸਬੰਧੀ 682, ਸੰਪਤੀ ਸਬੰਧੀ 621, ਦਹੇਜ ਕਾਰਨ ਮੌਤ ਸਬੰਧੀ 602, ਬਲਾਤਕਾਰ ਸਬੰਧੀ 577, ਪੁਲਿਸ ਦੁਆਰਾ ਉਤਪੀੜਨ ਸਬੰਧੀ 487, ਕੰਮ ਦੇ ਸਥਾਨ ਤੇ ਉਤਪੀੜਨ ਸਬੰਧੀ 349, ਅਗਵਾ/ਭਜਾ ਕੇ ਲੈ ਜਾਣ ਸਬੰਧੀ 308, ਮਹਿਲਾਵਾਂ ਨੂੰ ਛੇੜਨ/ਤੰਗ ਕਰਨ ਸਬੰਧੀ 297 ਸ਼ਕਾਇਤਾਂ ਪ੍ਰਾਪਤ ਹੋਈਆਂ ਸਨ। ਇਸੇ ਤਰਾਂ ਸਾਲ 2009-10 ਵਿੱਚ 6376 ਸ਼ਕਾਇਤਾਂ ਸਧਾਰਨ ਤੋਰ ਤੇ ਵਾਪਰੀਆਂ ਘਟਨਾਵਾਂ ਜਿਨ੍ਹਾਂ ਸਬੰਧੀ ਕੋਈ ਵਿਸ਼ੇਸ਼ ਕਨੂੰਨ ਨਹੀਂ ਹੈ ਸਬੰਧੀ ਹਨ, 2234 ਸ਼ਕਾਇਤਾਂ ਪੁਲਿਸ ਦੁਆਰਾ ਕੀਤੇ ਗਏ ਅੱਤਿਆਚਾਰਾਂ ਸਬੰਧੀ, 2155 ਘਰੇਲੂ ਹਿੰਸਾ ਅਤੇ ਵਿਆਹ ਸਬੰਧੀ ਮਾਮਲੇ, 1339 ਸਹੁਰੇ ਪਰਿਵਾਰ ਵਲੋਂ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਸਬੰਧੀ, 764 ਜਮੀਨ ਜਾਇਦਾਦ ਦੇ ਝਗੜਿਆਂ ਸਬੰਧੀ, 544 ਬਲਾਤਕਾਰ ਸਬੰਧੀ, 521 ਦਾਜ ਨਾਂ ਦੇਣ ਕਾਰਨ ਹੋਈਆਂ ਮੌਤਾਂ ਸਬੰਧੀ, 516 ਪੁਲਿਸ ਦੁਆਰਾ ਕਾਰਵਾਈ ਨਾਂ ਕਰਨ ਅਤੇ ਖੱਜਲ ਖੁਆਰੀ ਸਬੰਧੀ, 461 ਛੇੜਖਾਨੀ ਸਬੰਧੀ ਅਤੇ 401 ਕੰਮ ਵਾਲੀ ਥਾਂ ਤੇ ਛੇੜਛਾੜ ਦੀਆਂ ਘਟਨਾਵਾਂ ਸਬੰਧੀ ਸ਼ਕਾਇਤਾਂ ਪ੍ਰਾਪਤ ਹੋਈਆਂ ਹਨ। ਇਸਤੋਂ ਇਲਾਵਾ ਬਲਾਤਕਾਰ ਦੀ ਕੋਸਿਸ਼ ਕਰਨ, ਮਾਰਨ ਦੀ ਕੋਸ਼ਿਸ਼ ਕਰਨ, ਤੇਜਾਬ ਸੁੱਟਣ, ਕਤਲ ਆਦਿ ਦੇ ਵੀ ਦਰਜਨਾਂ ਮਾਮਲੇ ਰਾਸ਼ਟਰੀ ਮਹਿਲਾ ਅਯੋਗ ਕੋਲ ਪਹੁੰਚੇ ਹਨ। ਇਨ੍ਹ ਸ਼ਕਾਇਤਾਂ ਨੂੰ ਵੇਖਕੇ ਪਤਾ ਚਲਦਾ ਹੈ ਕਿ ਅੱਜ ਦੇਸ਼ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ ਅਤੇ ਉਨ੍ਹਾਂ ਨੂੰ ਘਰੋਂ ਅਤੇ ਬਾਹਰੋਂ ਹਰ ਪਾਸੇ ਖਤਰਾ ਹੀ ਖਤਰਾ ਹੈ ਅਤੇ ਕਈ ਵਾਰ ਤਾਂ ਉਹ ਕਨੂੰਨ ਦੇ ਰਾਖਿਆਂ ਪੁਲਿਸ ਤੋਂ ਵੀ ਸੁਰੱਖਿਅਤ ਨਹੀਂ ਹੈ। ਇਹ ਅਪਰਾਧਿਕ ਘਟਨਾਵਾਂ ਰੋਕਣ ਲਈ ਬੇਸ਼ੱਕ ਸੱਖਤ ਕਨੂੰਨ ਬਣਾਏ ਗਏ ਹਨ ਪਰੰਤੂ ਇਹ ਸਾਰੇ ਕਨੂੰਨ ਬੇਅਸਰ ਸਾਬਤ ਹੋ ਰਹੇ ਹਨ। ਮਹਿਲਾਵਾਂ ਨਾਲ ਵਾਪਰਦੇ ਅਤਿੱਆਚਾਰਾਂ ਸਬੰਧੀ ਸਿਕਾਇਤਾਂ ਪੁਲਿਸ ਥਾਣਿਆਂ ਵਿੱਚ ਪਈਆਂ ਰਹਿੰਦੀਆਂ ਹਨ। ਕਈ ਵਾਰ ਤਾਂ ਅਜਿਹੇ ਕਈ ਮਾਮਲੇ ਅਦਾਲਤਾਂ ਵਿੱਚ ਵੀ ਲੰਬਾ ਸਮਾਂ ਲਟਕਦੇ ਰਹਿੰਦੇ ਹਨ ਅਤੇ ਇਨਸਾਫ ਲੈਣ ਲਈ ਪੀੜ੍ਹਿਤ ਮਹਿਲਾਵਾਂ ਨੂੰ ਦਰ-ਦਰ ਦੇ ਧੱਕੇ ਖਾਣੇ ਪੈਂਦੇ ਹਨ ਅਤੇ ਕਈ ਤਾਂ ਇਨਸਾਫ ਨੂੰ ਉਡੀਕਦੀਆਂ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀਆਂ ਹਨ। ਜੇਕਰ ਸਾਡੇ ਦੇਸ ਵਿੱਚ ਮਹਿਲਾਵਾਂ ਨਾਲ ਵਾਪਰਦੀਆਂ ਘਟਨਾਵਾਂ ਰੋਕਣ ਲਈ ਵਿਸੋਸ਼ ਕਦਮ ਨਾਂ ਚੁੱਕੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਹਿਲਾਵਾਂ ਨਾਲ ਵਾਪਰ ਰਹੇ ਅਪਰਾਧਾਂ ਲਈ ਸਾਡਾ ਦੇਸ ਸਭਤੋਂ ਉਪੱਰ ਹੋਵੇਗਾ। 
ਕੁਲਦੀਪ ਚੰਦ
9417563054