ਆਦਿ ਧਰਮ ਕੌਮ ਦੇ ਮਹਾਨ ਦਾਨੀ ਪੁਰਸ਼ ਸ਼੍ਰੀ ਮਹਿੰਦਰ ਪਾਲ ਚੁੰਬਰ
ਜੀ 6 ਸਤੰਬਰ 2013 ਨੂੰ ਅਚਾਨਕ ਸਮਾਜ ਨੂੰ ਸਦੀਵੀ ਵਿਛੋੜਾ ਦੇ
ਗਏ।
ਸ਼੍ਰੀ
ਮਹਿੰਦਰ ਪਾਲ ਜੀ ਦਾ ਜਨਮ ਪਿੰਡ ਮੀਰਪੁਰ ਜੱਟਾਂ ਜਿਲ੍ਹਾ ਸ਼ਹੀਦ
ਭਗਤ ਸਿੰਘ ਨਗਰ ਵਿਖੇ ਪਿਤਾ ਸ਼੍ਰੀ ਬੰਤਾ ਰਾਮ ਚੁੰਬਰ ਜੀ ਦੇ
ਘਰ ਮਾਤਾ ਰਲ੍ਹੀ ਜੀ ਦੀ ਕੁੱਖੋਂ ਸੰਨ 1942 ਵਿੱਚ ਹੋਇਆ ਸੀ।
ਮਹਿੰਦਰ ਪਾਲ ਜੀ ਸ਼ੁਰੂ ਤੋਂ ਹੀ ਧਾਰਮਿਕ ਅਤੇ ਦਾਨੀ ਬਿਰਤੀ ਵਾਲੇ
ਇਨਸਾਨ ਅਤੇ ਆਪਣੇ ਸਮਾਜ ਨੂੰ ਸੰਪੂਰਨ ਤੌਰ ਤੇ ਸਮ੍ਰਪਿਤ ਸਨ।
ਪਿੰਡ ਵਿੱਚ ਲੋਕ ਉਨ੍ਹਾਂ ਨੂੰ ਲਾਲਾ ਜੀ ਕਹਿਕੇ ਬੁਲਾਉਂਦੇ ਸਨ।
ਸ਼੍ਰੀ ਮਹਿੰਦਰ ਪਾਲ ਚੁੰਬਰ ਜੀ ਪੰਜਾਬ ਬਿਜਲੀ ਬੋਰਡ ਵਿੱਚ
ਰਿਕਾਰਡ ਕੀਪਰ ਦੀ ਨੌਕਰੀ ਕਰਦੇ ਸਨ।
ਉਨ੍ਹਾਂ ਦਾ ਸਮਾਜ ਸੇਵਾ ਵਲ ਨੂੰ ਲਗਾਵ ਏਨਾ ਜ਼ਿਆਦਾ ਸੀ ਕਿ
ਉਨ੍ਹਾਂ ਨੇ ਸ਼ਾਦੀ ਵੀ ਨਹੀ ਕੀਤੀ ਅਤੇ ਆਪਣਾ ਸਾਰਾ
ਜੀਵਨਂ ਕੌਮ ਦੀ
ਸੇਵਾ ਵਿੱਚ ਹੀ
ਲਗਾ ਦਿੱਤਾ। ਉਨ੍ਹਾਂ ਦੀ ਸੇਵਾ ਅਤੇ ਨਿਮਰਤਾ ਦੀਆਂ
ਮਿਸਾਲਾਂ ਉਨ੍ਹਾਂ ਨੂੰ ਮਿਲ ਚੁੱਕਾ ਹਰ ਇਨਸਾਨ ਹੀ ਦਿੰਦਾ
ਹੈ। ਮਹਿੰਦਰ ਪਾਲ ਚੁੰਬਰ ਜੀ ਸ਼੍ਰੀ ਬੰਤਾ
ਰਾਨ ਘੇੜਾ ਜੀ ਦੇ ਬਹੁਤ ਹੀ ਕਰੀਬੀ ਸਹਿਯੋਗੀ ਤੇ ਸਾਥੀ ਸਨ।ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ-ਛੋਹ
ਪ੍ਰਾਪਤ ਧਰਤੀ ਸ਼੍ਰੀ ਖੁਰਾਲਗੜ੍ਹ ਤਪ ਅਸਥਾਨ ਅਤੇ ਚਰਨ ਛੋਹ ਗੰਗਾ
ਦੀ ਸਾਰੀ ਤਕਰੀਬਨ 45 ਕਿਲ੍ਹੇ ਜਮੀਨ ਸ਼੍ਰੀ ਮਹਿੰਦਰ ਪਾਲ ਚੁੰਬਰ
ਜੀ ਹੁਰਾਂ ਨੇ ਹੀ ਖੁਦ ਬਹੁਤ ਸਾਰੇ ਲੋਕਾਂ ਤੋਂ ਲੈਕੇ ਆਦਿ
ਨਿਸ਼ਾਨ ਅਤੇ ਚਮਾਰ ਕੌਮ ਦੇ ਨਾਮ ਕਰਵਾ ਦਿੱਤੀ ਸੀ। ਅੱਜ ਸਤਿਗੁਰੂ
ਰਵਿਦਾਸ ਜੀ ਦੇ ਨਾਮ ਤੇ ਖੁਰਾਲਗੜ੍ਹ ਵਿਖੇ ਜੋ ਵੀ ਜਮੀਨ ਹੈ ਉਹ
ਉਨ੍ਹਾਂ ਦੀ ਮਿਹਨਤ ਅਤੇ ਦਾਨ ਦੀ ਮਿਸਾਲ ਹੈ।
ਸਿਰਫ ਚਾਰ ਪੰਜ ਦਿਨਾਂ ਦੀ ਸੰਖੇਪ ਜਿਹੀ ਬੀਮਾਰੀ ਤੋਂ ਬਾਦ ਹੀ
ਸ਼੍ਰੀ ਮਹਿੰਦਰ ਪਾਲ ਚੁੰਬਰ ਜੀ ਨੇ 6 ਸਤੰਬਰ ਨੂੰ
ਬਾਦ ਦੁਪਹਿਰ ਵੇਲੇ
ਲੁਧਿਆਣਾ ਹਸਪਤਾਲ ਵਿਖੇ ਆਖਰੀ ਸਾਹ ਲਿਆ। ਓਸੇ ਦਿਨ ਸ਼ਾਮ ਨੂੰ
ਸੱਤ ਵਜੇ ਉਨ੍ਹਾਂ ਦੀ ਮਿਰਤਕ ਦੇਹ ਨੂੰ
ਨਵਾਂ ਸ਼ਹਿਰ ਮੁਰਦਾਘਰ ਵਿਖੇ ਲਿਜਾਇਆ ਗਿਆ ।
ਅਚਾਨਕ ਓਥੇ ਉਨ੍ਹਾਂ ਨੂੰ
ਦੁਬਾਰਾ ਸਾਹ ਆਉਣਾ ਸ਼ੁਰੂ ਹੋ ਗਿਆ। ਇਹ ਦੇਖ ਕੇ
ਉਨ੍ਹਾਂ ਦੇ
ਚਾਹੁਣ ਵਾਲਿਆ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਦੌੜ ਪਈ। ਇਸ
ਘਟਨਾ ਪਿੱਛੋਂ ਉਨ੍ਹਾਂ ਨੂੰ ਨਵਾਂ ਸ਼ਹਿਰ ਵਿਖੇ ਉਨ੍ਹਾਂ ਦੇ ਭਤੀਜੇ
ਸੋਮ ਨਾਥ ਦੇ ਘਰ ਲਿਜਾਇਆ ਗਿਆ।
ਰਾਤ ਭਰ ਉਨ੍ਹਾਂ ਦਾ ਸਾਹ ਠੀਕ ਚੱਲਦਾ ਰਿਹਾ। 7 ਸਤੰਬਰ
ਨੂੰ ਉਨ੍ਹਾਂ ਨੂੰ ਜੱਦੀ ਪਿੰਡ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ
ਸੀ ਤਦ ਅਚਾਨਕ ਉਹ ਫਿਰ ਕੋਮਾ ਵਿੱਚ ਚਲੇ ਗਏ ਅਤੇ 9 ਵਜੇ ਦੇ
ਕਰੀਬ ਉਹ ਅਕਾਲ ਚਲਾਣਾ ਕਰ ਗਏ। ਅੱਜ 8 ਸਤੰਬਰ
ਸ਼ਾਮ ਨੂੰ ਸ਼੍ਰੀ ਮਹਿੰਦਰ ਪਾਲ ਜੀ
ਦੇ ਜੱਦੀ ਪਿੰਡ ਮੀਰ ਪੁਰ ਜੱਟਾਂ ਵਿਖੇ ਉਨ੍ਹਾਂ ਦਾ ਅੰਤਿਮ
ਸੰਸਕਾਰ ਕਰ ਦਿੱਤਾ ਗਿਆ। ਸਾਰੇ ਪਿੰਡ ਵਾਸੀਆਂ, ਰਿਸ਼ਤੇਦਾਰਾਂ, ਬਹੁਤ
ਸਾਰੀਆਂ ਸਭਾ ਸੁਸਾਇਟੀਆਂ, ਸਮਾਜ ਸੇਵਕਾਂ ਅਤੇ ਸਮਾਜ ਦਰਦੀਆਂ ਨੇ
ਲਾਲਾ ਜੀ ਨੂੰ ਉਚ ਸਨਮਾਨਾਂ ਅਤੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ
ਦਿੱਤੀ। ਅੱਜ
ਆਦਿ ਧਰਮੀ ਸਮਾਜ ਦਾ ਇਕ ਅਨਮੋਲ ਹੀਰਾ ਸਾਥੋਂ
ਵਿੱਛੜ ਗਿਆ। ਇਹ ਆਦਿ ਧਰਮੀ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ
ਵਾਲਾ ਘਾਟਾ ਹੈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ
ਯੂ.ਏ.ਈ ਅਤੇ ਉਪਕਾਰ .ਕੌਮ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ
ਪਰੀਵਾਰ ਅਤੇ ਸਮੂਹ ਸਮਾਜ ਦੇ ਨਾਲ ਖੜੀ ਹੈ। ਅਸੀ ਅਕਾਲ ਪੁਰਖ
ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹ ਉਨ੍ਹਾਂ ਦੀ
ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਕੇ ਆਤਮਿਕ ਸ਼ਾਂਤੀ ਬਖਸ਼ਣ
ਅਤੇ ਸਮੂਹ ਪਰੀਵਾਰ ਅਤੇ ਸਮਾਜ ਨੂੰ ਇਹ ਵਿਛੋੜਾ ਸਹਿਣ ਦੀ
ਸਮਰੱਥਾ ਬਖਸ਼ਣ। ਜੈ ਗੁਰੁਦੇਵ