ਇਹ ਹਨ ਸਾਡੀ ਕਿਸਮਤ ਦੇ ਲਿਖਾਰੀ।

ਪੰਜਾਬ ਵਿੱਚ 2012 ਵਿੱਚ ਚੁਣੇ ਗਏ ਵਿਧਾਇਕਾਂ ਵਿਚੋਂ 2 ਸਿਰਫ ਪੜ੍ਹੇ ਲਿਖੇ ਅਤੇ 6 ਪੰਜਵੀ ਪਾਸ।

ਰਾਜਨੀਤੀ ਦਾ ਕਮਾਲ, ਪੜ੍ਹੇ ਲਿਖੇ ਕਰਨ ਕਲਰਕੀਆਂ ਅਤੇ ਅਨਪੜ੍ਹ ਕਰਨ ਰਾਜ।ਸਾਰੀਆਂ ਰਾਜਨੀਤਿਕ ਪਾਰਟੀਆਂ ਕਰੋੜਪਤੀ ਉਮੀਦਵਾਰਾਂ ਨੂੰ ਹੀ ਦਿੰਦੀਆਂ ਹਨ ਟਿਕਟਾ ਕਿਸੇ ਪੜ੍ਹੇ ਲਿਖੇ ਗਰੀਬ ਨੂੰ ਨਹੀਂ।

04 ਸਤੰਬਰ, 2013 (ਕੁਲਦੀਪ ਚੰਦ) ਸਾਡਾ ਦੇਸ਼ ਇਸ ਸਮੇਂ ਕਈ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਜਿਹਨਾਂ ਦਾ ਕੋਈ ਵੀ ਹੱਲ ਨਜ਼ਰ ਨਹੀਂ ਆ ਰਿਹਾ। ਕਿਉਂਕਿ ਸਾਡੇ ਦੇਸ਼ ਦੀ ਰਾਜਨੀਤੀ ਹੀ ਅਜਿਹੀ ਹੈ ਕਿ ਕਿਸੇ ਵੀ ਸਮੱਸਿਆ ਨੂੰ ਘੱਟ ਕਰਨ ਦੀ ਥਾਂ ਤੇ ਉਸਨੂੰ ਵਧਾ ਰਹੀ ਹੈ। ਦੇਸ਼ ਦੀਆਂ ਸਮੱਸਿਆਵਾਂ ਲਈ ਜ਼ਿਆਦਾਤਰ ਦੇਸ਼ ਦੇ ਰਾਜਨੇਤਾਵਾ ਨੂੰ ਹੀ ਜਿੰਮੇਵਾਰ ਮੰਨਿਆ ਜਾਂਦਾ ਹੈ ਕਿਉਂਕਿ ਸਾਡੇ ਦੇਸ਼ ਨੂੰ ਚਲਾਉਣ ਵਾਲੇ ਕਈ ਨੇਤਾ ਅਨਪੜਹਨ ਜਾਂ ਅਨਪੜ੍ਹਾਂ ਵਰਗੇ ਹਨ ਇਸ ਲਈ ਉਹਨਾਂ ਤੋਂ ਦੇਸ਼ ਦੀ ਕੋਈ ਵੀ ਸਮੱਸਿਆ ਹੱਲ ਨਹੀਂ ਹੁੰਦੀ। ਸਾਡੇ ਦੇਸ਼ ਵਿੱਚ ਚਪੜਾਸੀ ਦੀ ਨੌਕਰੀ ਲਈ ਵੀ 10ਵੀਂ ਪਾਸ ਹੋਣਾ ਜ਼ਰੂਰੀ ਹੁੰਦਾ ਹੈ। ਜੇਕਰ ਕਲਰਕ ਦੀ ਨੌਕਰੀ ਹੋਵੇ ਤਾਂ ਪਹਿਲਾਂ ਗ੍ਰੈਜੁਏਟ ਹੋਣ ਦੇ ਨਾਲ-ਨਾਲ ਕੰਪਿਊਟਰ ਦਾ ਕੋਰਸ ਕੀਤਾ ਹੋਣਾ ਜ਼ਰੂਰੀ ਹੁੰਦਾ ਹੈ। ਫਿਰ ਲਿਖਤੀ ਟੈਸਟ ਹੁੰਦਾ ਹੈ ਅਤੇ ਫਿਰ ਇੰਟਰਵਿਊ ਤੋਂ ਬਾਅਦ ਹੀ ਨੌਕਰੀ ਦੇ ਯੋਗ ਸਮਝਿਆਂ ਜਾਂਦਾ ਹੈ। ਅਧਿਆਪਕ ਬਣਨ ਲਈ ਬੀਏ ਬੀਐਡ ਪਾਸ ਕਰਨ ਤੋਂ ਬਾਦ ਵੀ ਅਧਿਆਪਕ ਯੋਗਤਾ ਟੈਸਟ ਵਿੱਚ ਸਰਕਾਰ ਵਲੋਂ ਨਿਸ਼ਚਿਤ ਕੀਤੇ ਨੰਬਰ ਲੈਣੇ ਪੈਂਦੇ ਹਨ, ਪਰ ਸਾਡੇ ਦੇਸ਼ ਨੂੰ ਚਲਾਉਣ ਵਾਲੇ ਨੇਤਾਵਾ ਲਈ ਕਿਸੇ ਵੀ ਵਿਦਿਅਕ ਯੋਗਤਾ ਦੀ ਲੋੜ ਨਹੀਂ ਹੁੰਦੀ। ਰਾਜਨੀਤੀ ਵਿੱਚ ਨੋਟ ਅਤੇ ਵੋਟ ਹੀ ਵਿਦਿਅਕ ਯੋਗਤਾ ਸਮਝੀ ਜਾਂਦੀ ਹੈ। ਇਸੇ ਕਰਕੇ ਦੇਸ਼ ਦੀ ਕਿਸੇ ਵੀ ਸਮੱਸਿਆ ਦਾ ਇਹਨਾਂ ਨੇਤਾਵਾਂ ਕੋਲੋਂ ਹੱਲ ਨਹੀਂ ਹੁੰਦਾ। ਪਾਰਟੀਆਂ ਵੀ ਉਮੀਦਵਾਰਾਂ ਨੂੰ ਨੋਟ, ਵੋਟ ਅਤੇ ਬਾਹੂਬਲ ਦੇਖ ਕੇ ਟਿਕਟ ਦਿੰਦੀਆਂ ਹਨ। ਜੇਕਰ ਉਮੀਦਵਾਰ ਕਰੋੜਪਤੀ ਹੋਵੇ ਤਾਂ ਟਿਕਟ ਮਿਲਣ ਵਿੱਚ ਦੇਰ ਨਹੀਂ ਲੱਗਦੀ। ਪੰਜਾਬ ਵਿੱਚ 2012 ਦੀਆਂ ਚੋਣਾਂ ਵਿੱਚ ਚੁਣੇ ਗਏ ਮੋਜੂਦਾ ਵਿਧਾਇਕਾ ਦੀਆਂ ਵਿਦਿਅਕ ਯੋਗਤਾਵਾਂ ਦੇਖ ਕੇ ਹਰ ਪੜ੍ਹੇ ਲਿਖੇ ਦੇ ਦਿਲ ਨੂੰ ਠੇਸ ਪਹੁੰਚ ਸਕਦੀ ਹੈ। 2012 ਦੀਆਂ ਚੋਣਾਂ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਚੁਣੇ ਗਏ 2 ਵਿਧਾਇਕ ਸਿਰਫ ਪੜ੍ਹਨਾ ਲਿਖਣਾ ਹੀ ਜਾਣਦੇ ਹਨ ਪਰ ਵਿਦਿਅਕ ਯੋਗਤਾ ਕੋਈ ਨਹੀਂ ਹੈ ਜਦਕਿ 6 ਵਿਧਾਇਕ 5ਵੀਂ ਪਾਸ ਹਨ, 8 ਵਿਧਾਇਕ 8ਵੀਂ ਪਾਸ ਹਨ, 19 ਵਿਧਾਇਕ 10ਵੀਂ ਪਾਸ ਹਨ, 18 ਵਿਧਾਇਕ 12ਵੀਂ ਪਾਸ ਹਨ, 36 ਵਿਧਾਇਕ ਗ੍ਰੇਜੂਏਟ ਹਨ, 15 ਵਿਧਾਇਕ ਗ੍ਰੇਜੂਏਟ ਪ੍ਰੋਫੈਸ਼ਨਲ ਹਨ ਅਤੇ 13 ਵਿਧਾਇਕ ਪੋਸਟ ਗ੍ਰੈਜੁਏਟ ਹਨ। ਸਾਡੇ ਦੇਸ਼ ਚਲਾਉਣ ਵਾਲਿਆਂ ਲਈ ਕਿਸੇ ਵਿਦਿਅਕ ਯੋਗਤਾ ਦੀ ਲੋੜ ਨਹੀਂ ਪੈਂਦੀ ਸਿਰਫ ਕਰੋੜਪਤੀ ਜਾਂ ਅਰਬਪਤੀ ਹੋਣਾ ਜ਼ਰੂਰੀ ਹੁੰਦਾ ਹੈ। ਅੱਜਕੱਲ ਦੇਸ਼ ਸੇਵਾ ਕਰਨਾ ਵੀ ਸੌਖਾ ਨਹੀਂ ਰਿਹਾ ਕਿਉਂਕਿ ਦੇਸ਼ ਸੇਵਾ ਕਰਨ ਲਈ ਵੀ ਕਰੋੜਪਤੀ ਹੋਣਾ ਜ਼ਰੂਰੀ ਹੁੰਦਾ ਹੈ ਤਾਂ ਹੀ ਸਾਰੀਆਂ ਪਾਰਟੀਆਂ ਕਰੋੜਪਤੀ ਉਮੀਦਵਾਰਾਂ ਨੂੰ ਹੀ ਟਿਕਟ ਦਿੰਦੀਆਂ ਹਨ ਕਿਉਂਕਿ ਕਿਸੇ ਗਰੀਬ ਗੁਰਬੇ ਦੇ ਵੱਸ ਦੀ ਗੱਲ ਨਹੀਂ ਕਿ ਦੇਸ਼ ਸੇਵਕ ਬਣ ਸਕੇ। ਅੱਜ ਕੋਈ ਵੀ ਵਿਅਕਤੀ ਰਾਜਨੀਤੀ ਵਿੱਚ ਦੇਸ਼ ਸੇਵਾ ਲਈ ਨਹੀਂ ਆਉਂਦਾ ਸਗੋਂ ਵਪਾਰ ਕਰਨ ਲਈ ਆਉਂਦਾ ਹੈ। ਸਾਡੇ ਦੇਸ਼ ਵਿੱਚ ਭਾਵੇ ਕਿਸੇ ਮੰਤਰੀ ਨੂੰ ਟਿਕਟ ਵੀ ਕੱਟਣੀ ਨਾ ਆਉਂਦੀ ਹੋਵੇ ਉਹ ਰੇਲ ਮੰਤਰੀ ਜਾਂ ਆਵਾਜਾਈ ਮੰਤਰੀ ਬਣ ਸਕਦਾ ਹੈ। ਹਿਸਾਬ ਕਿਤਾਬ ਵਿੱਚ ਕਮਜ਼ੌਰ ਨੇਤਾ ਵੀ ਸਾਡੇ ਦੇਸ਼ ਵਿੱਚ ਵਿੱਤ ਮੰਤਰੀ ਬਣ ਸਕਦਾ ਹੈ। ਇਸਤਰਾਂ ਕਈ ਅਣਪੜ  ਪਰ ਕਰੋੜਪਤੀ ਵਿਧਾਇਕ ਪੰਜਾਬ ਦੇ ਕਰੋੜ੍ਹਾਂ ਲੋਕਾਂ ਦੀ ਕਿਸਮਤ ਲਿਖਦੇ ਹਨ।  

ਕੁਲਦੀਪ ਚੰਦ
9417563054