ਰੱਖੜੀ ਦੇ ਪਵਿਤਰ ਤਿਉਹਾਰ ਤੇ ਵੀ ਪਈ ਮਹਿੰਗਾਈ ਦੀ ਮਾਰ ।

20 ਅਗਸਤ, 2013 (ਕੁਲਦੀਪ ਚੰਦ) ਭਾਰਤ ਦੇਸ਼ ਇਕ ਵਿਸ਼ਾਲ ਆਬਾਦੀ ਵਾਲਾ ਦੇਸ਼ ਹੈ। ਸਾਡੇ ਦੇਸ਼ ਦੀ ਆਬਾਦੀ ਦਾ ਜ਼ਿਆਦਾ ਤਬਕਾ ਗਰੀਬੀ ਅਤੇ ਭੁੱਖਮਰੀ ਨਾਲ ਜਕੜਿਆ ਹੋਇਆ ਹੈ। ਦੇਸ਼ ਦੇ ਕਰੋੜ੍ਹਾਂ ਲੋਕ ਗਰੀਬੀ ਕਾਰਨ ਜੀਵਨ ਦੀਆਂ ਮੁਢਲੀਆਂ ਸਹੂਲਤਾ ਰੋਟੀ, ਕੱਪੜਾ, ਮਕਾਨ ਤੋਂ ਬਾਂਝੇ ਹਨ। ਦੇਸ਼ ਦੇ ਕਰੋੜ੍ਹਾਂ ਲੋਕ ਬਿਨਾਂ ਦਵਾਈ ਤੋਂ ਤੜਫ-ਤੜਫ ਕੇ ਮਰ ਜਾਂਦੇ ਹਨ। ਸਾਡਾ ਦੇਸ ਵਿਸ਼ਾਲ ਸੰਸਕ੍ਰਿਤੀ ਅਤੇ ਸਭਿਆਚਾਰ ਵਾਲਾ ਦੇਸ਼ ਹੈ ਜਿਸ ਵਿੱਚ ਹਰ ਸਾਲ ਹਜਾਰਾਂ ਤਿਉਹਾਰ ਮਨਾਏ ਜਾਂਦੇ ਹਨ। ਵੱਖ ਵੱਖ ਧਰਮਾਂ ਫਿਰਕਿਆਂ ਵਾਲੇ ਇਸ ਦੇਸ਼ ਵਿੱਚ ਹਰ ਤਿਉਹਾਰ ਦੀ ਅਪਣੀ ਹੀ ਮਹੱਤਤਾ ਹੈ। ਸਾਡੇ ਦੇਸ਼ ਵਿੱਚ ਰੱਖੜੀ ਦਾ ਪਵਿੱਤਰ ਤਿਉਹਾਰ ਜੋਕਿ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਵੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਅਕਸਰ ਅਗਸਤ ਮਹੀਨੇ ਵਿੱਚ ਆਂਦੇ ਇਸ ਤਿਉਹਾਰ ਤੇ ਭੈਣਾਂ ਅਪਣੇ ਭਰਾਵਾਂ ਨੂੰ ਰੱਖੜੀ ਬੰਨਕੇ ਉਨ੍ਹਾਂ ਦੇ ਸੁੱਖ ਦੀ ਕਾਮਨਾ ਕਰਦੀਆਂ ਹਨ ਅਤੇ ਭਰਾ ਅਪਣੀ ਭੈਣ ਦੀ ਰੱਖਿਆ ਕਰਨ ਦਾ ਬਚਨ ਦਿੰਦਾ ਹੈ। ਭੈਣ ਭਰਾ ਦੇ ਇਸ ਪਵਿੱਤਰ ਤਿਉਹਾਰ ਤੇ ਵੀ ਹੁਣ ਮਹਿੰਗਾਈ ਦਾ ਅਸਰ ਹੋ ਰਿਹਾ ਹੈ। ਕੁੱਝ ਸਾਲ ਪਹਿਲਾਂ ਤੱਕ 01 ਰੁਪਏ ਤੋਂ 50 ਰੁਪਏ ਤੱਕ ਮਿਲਣ ਵਾਲੀਆਂ ਰੱਖੜੀਆਂ ਦੀਆਂ ਕੀਮਤਾਂ ਛਾਲ ਮਾਰਕੇ ਕਈ ਗੁਣਾਂ ਵਧ ਗਈਆਂ ਹਨ। ਬੇਸ਼ੱਕ ਹਰ ਸਾਲ ਦੀ ਤਰਾਂ ਵਿਸ਼ੇਸ਼ ਲੋਕਾਂ ਲਈ ਹੀਰੇ ਜਵਾਹਰਤ ਵਾਲੀਆਂ ਰੱਖੜੀਆਂ ਵੀ ਖਾਸ ਦੁਕਾਨਾਂ ਤੇ ਖਾਸ ਆਰਡਰ ਤੇ ਮਿਲਦੀਆਂ ਹਨ ਪਰ ਬਹੁਤੇ ਲੋਕ ਇਸ ਪੱਵਿਤਰ ਤਿਉਹਾਰ ਨੂੰ ਬਜਾਰ ਵਿੱਚ ਆਮ ਉਪਲੱਭਦ ਰੱਖੜੀਆਂ ਖ੍ਰੀਦਕੇ ਹੀ ਮਨਾਂਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਦੇਸ਼ ਵਿੱਚ ਵਧ ਰਹੀ ਮੰਹਿਗਾਈ ਨੇ ਹੁਣ ਇਸ ਤਿਉਹਾਰ ਤੇ ਵੀ ਅਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਬਜ਼ਾਰ ਵਿੱਚ ਵੱਖ ਵੱਖ ਤਰਾਂ ਦੀਆਂ ਰੱਖੜੀਆਂ ਸ਼ਾਮਲ ਹਨ ਵੀਕੀਆਂ ਹਨ ਜਿਨ੍ਹਾਂ ਵਿੱਚ ਚੰਦਨ, ਡੋਰੀ, ਬ੍ਰੈਸਲਟ, ਮੋਤੀ, ਟੈਡੀ ਰੱਖੜੀ ਆਦਿ ਪ੍ਰਮੁੱਖ ਹਨ। ਰੱਖੜੀਆਂ ਦੇ ਇੱਕ ਵਿਕਰੇਤਾ ਮਨਜੀਤ ਸਿੰਘ ਪੱਪੂ ਨੇ ਦੱਸਿਆ ਕਿ ਰੱਖੜੀ ਦਾ ਪਵਿੱਤਰ ਤਿਉਹਾਰ ਵੀ ਹੁਣ ਮੰਹਿਗਾਈ ਕਾਰਨ ਮੰਦੀ ਦਾ ਸ਼ਿਕਾਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੰਦਨ ਰੱਖੜੀ ਦੀ ਕੀਮਤ ਇਸ ਵਾਰ ਥੋਕ ਵਿੱਚ 3 ਰੁਪਏ ਸੀ ਜੋਕਿ ਪ੍ਰਚੂਨ ਵਿੱਚ 10 ਤੋਂ 20 ਰੁਪਏ ਵਿਕੀ ਹੈ, ਡੋਰੀ ਦੀ ਥੋਕ ਕੀਮਤ 1-2 ਰੁਪਏ ਸੀ ਜੋਕਿ ਪ੍ਰਚੂਨ ਵਿੱਚ 5-10 ਰੁਪਏ ਵਿਕੀ ਹੈ, ਬ੍ਰੈਸਲਟ ਰੱਖੜੀ ਜੋਕਿ ਥੋਕ ਵਿੱਚ 6-10 ਰੁਪਏ ਸੀ ਪ੍ਰਚੂਨ ਵਿੱਚ 20-50 ਰੁਪਏ ਵਿਕੀ ਸੀ, ਮੋਤੀ ਰੱਖੜੀ ਦੀ ਕੀਮਤ ਥੋਕ ਵਿੱਚ 2-3 ਰੁਪਏ ਸੀ ਜੋਕਿ ਪ੍ਰਚੂਨ ਵਿੱਚ 5-10 ਰੁਪਏ ਤੱਕ ਵਿਕੀ ਹੈ ਅਤੇ ਟੈਡੀ ਰੱਖੜੀ ਜੋਕਿ ਬੱਚਿਆਂ ਲਈ ਵਿਸ਼ੇਸ ਆਕਰਸ਼ਣ ਦਾ ਕੇਂਦਰ ਹੈ ਦੀ ਕੀਮਤ ਥੋਕ ਵਿੱਚ 5-10 ਰੁਪਏ ਸੀ ਜੋਕਿ ਪ੍ਰਚੂਨ ਵਿੱਚ 40  ਤੋਂ 60 ਰੁਪਏ ਵਿੱਚ ਵਿਕੀ ਹੈ। ਉਸਨੇ ਦੱਸਿਆ ਕਿ ਹੁਣ ਬਜ਼ਾਰ ਵਿੱਚ ਚਾਇਨਾ ਮੇਡ ਰੱਖੜੀਆਂ ਵਿਸ਼ੇਸ਼ ਥਾਂ ਬਣਾ ਰਹੀਆਂ ਹਨ ਅਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਹੀਆਂ ਹਨ।  
ਕੁਲਦੀਪ ਚੰਦ
9417563054