ਪੰਜਾਬੀ ਨੌਜਵਾਨ ਮੁਕੇਸ਼ ਕੁਮਾਰ ਦੁਬਈ ਜੇਲ ਚੋਂ ਰਿਹਾ ਹੋਇਆ ।ਅੱਜ ਸ਼ਾਮ

 ਆਪਣੇ ਘਰ ਪੰਜਾਬ ਪਹੁੰਚੇਗਾ ।

07 ਜੁਲਾਈ, 2013 ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀਆਂ ਕੋਸ਼ਿਸ਼ਾਂ ਅਤੇ ਇੰਡੀਅਨ ਕੌਂਸੁਲੇਟ ਦੀ ਮਦਦ ਨਾਲ  ਸੰਨ 2009 ਤੋਂ ਦੁਬਈ ਦੀ ਜੇਲ ਵਿਖੇ ਬੰਦ ਇਕ ਪੰਜਾਬੀ ਨੌਜਵਾਨ ਮੁਕੇਸ਼ ਕੁਮਾਰ ਸਪੁੱਤਰ ਸ਼੍ਰੀ ਗਿਆਨ ਚੰਦ ਦੀ 20 ਮਈ ਨੂੰ  ਜੇਲ ਚੋਂ ਰਿਹਾਈ ਹੋਈ। ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਜੀ ਖੁਦ ਮੁਕੇਸ਼ ਕੁਮਾਰ ਨੂੰ ਲੈਕੇ ਅੱਜ ਸ਼ਾਮ ਅੰਮ੍ਰਿਤਸਰ ਪਹੁੰਚਣਗੇ।

5 ਨਵੰਬਰ 2009 ਨੂੰ ਇਕ ਫੋਰਕ-ਲਿਫਟਰ ਚਲਾਉਦੇ ਸਮੇਂ ਹਾਦਸਾ ਵਾਪਰਣ ਕਾਰਣ ਇਕ ਬੰਗਲਾਦੇਸ਼ੀ ਨਾਗਰਿਕ ਦੀ ਮੌਤ ਹੋ ਗਈ ਸੀ। ਇਸ ਸਬੰਧ ਵਿੱਚ ਹੀ ਦੁਬਈ ਦੀ ਕੋਰਟ ਨੇ ਮੁਕੇਸ਼ ਕੁਮਾਰ ਨੂੰ 6 ਮਹੀਨੇ ਦੀ ਕੈਦ ਅਤੇ ਦੋ ਲੱਖ ਦਿਰਾਮ ਬਲੱਡ ਮਨੀ ਦੇਣ ਦਾ ਹੁਕਮ ਸੁਣਾਇਆ ਸੀ। ਇਕ ਗ਼ਰੀਬ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਮੁਕੇਸ਼ ਦੋ ਲੱਖ ਦਿਰਾਮ ਦੇਣ ਦੇ ਸਮਰੱਥ ਨਹੀ ਸੀ। ਭਾਰਤੀ ਕੌਨਸੁਲੇਟ ਦੇ ਲੇਬਰ ਕੌਂਸਲਰ ਸ. ਐੰ.ਪੀ.ਸਿੰਘ ਜੀ ਅਤੇ ਆਈ ਸੀ ਡਬਲਿਯੂ ਸੀ ਦੇ ਸ਼੍ਰੀ ਕੁਮਾਰ ਜੀ ਨੇ ਮੁਕੇਸ਼ ਕੁਮਾਰ ਨੂੰ ਰਿਹਾ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਜਦ ਇਹ ਕੇਸ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਕੋਲ ਆਇਆ ਤਾਂ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਅਤੇ ਪਰਧਾਨ ਰੂਪ ਸਿੱਧੂ ਜੀ ਨੇ ਵੀ ਮੁਕੇਸ਼ ਕੁਮਾਰ ਦੀ ਰਿਹਾਈ ਲਈ ਦਿਨ ਰਾਤ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ। ਮਰਨ ਵਾਲੇ ਬੰਗਲਾਦੇਸ਼ੀ ਨਾਗਰਿਕ ਦੇ ਭਰਾ ਨੂੰ ਪੱਕੇ ਵੀਜ਼ੇ ਤੇ ਦੁਬਈ ਸੱਦਿਆਂ ਗਿਆ ਤਾਂ ਕਿ ਉਸ ਨਾਲ  ਬਲੱਡ ਮਨੀ ਬਾਰੇ ਸਮਝੌਤਾ ਕਰ ਲਿਆ ਜਾਵੇ। ਅੱਧੀ ਕੁ ਬਲੱਡ ਮਨੀ ਦੇ ਬਦਲੇ ਉਹ ਪਰਿਵਾਰ  ਮੁਕੇਸ਼ ਕੁਮਾਰ ਨੂੰ ਮਾਫੀ ਦੇਣ ਲਈ ਮੰਨ ਵੀ ਗਿਆ ਸੀ। ਪਰਧਾਨ ਰੂਪ ਸਿੱਧੂ ਜੀ ਨੇ ਉਸਨੂੰ ਮਿਰਤਕ ਦੇ ਸਾਰੇ ਪਰਿਵਾਰ ਵਲੋਂ ਮੁਖਤਿਆਰ -ਨਾਮਾ ਲੈਕੇ ਆਉਣ ਲਈ ਦੋਬਾਰਾ ਬੰਗਲਾਦੇਸ਼ ਭੇਜਿਆ। ਪਰ ਕਈ ਮਹੀਨੇ ਬੀਤਣ ਦੇ ਬਾਦ ਵੀ ਉਹ ਵਾਪਿਸ ਨਾ ਆਇਆ ਤੇ ਆਖਿਰਕਾਰ ਉਸਨੇ ਵੀ ਵਾਪਿਸ ਆਉਣ ਤੇ ਮਾਫੀ ਦੇਣ ਤੋਂ ਨਾਂਹ ਕਰ ਦਿੱਤੀ। ਇਸ ਉਪਰੰਤ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਤੇ ਸ. ਐਮ ਪੀ ਸਿੰਘ ਜੀ ਨੇ ਦੁਬਈ ਦੇ ਹੁਕਮਰਾਨਾ ਤੋਂ ਮੁਕੇਸ਼ ਨੂੰ ਮਾਫੀ ਦਿਵਾਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ। ਆਖਰਕਾਰ ਸਤਿਗੁਰਾਂ ਦੀ ਕਿਰਪਾ ਸਦਕਾ 20 ਮਈ 2013 ਨੂੰ ਮੁਕੇਸ਼ ਕੁਮਾਰ ਨੂੰ ਮੁਆਫੀ ਦੇ ਅਧਾਰ ਤੇ ਰਿਹਾ ਕਰ ਦਿੱਤਾ ਗਿਆ।

ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਸਾਰੇ ਉਪਰਾਲੇ ਵਿੱਚ ਸ. ਐਮ ਪੀ ਸਿੰਘ ਜੀ ਦਾ ਯੋਗਦਾਨ ਖਾਸ ਕਰਕੇ ਸ਼ਲਾਘਾਯੋਗ ਰਿਹਾ। ਉਨ੍ਹਾਂ ਦੇ ਉਪਰਾਲੇ ਸਦਕਾ ਮੁਕੇਸ਼ ਕੁਮਾਰ ਨੂੰ ਮੁੜ-ਵਸੇਬੇ ਲਈ ਸੱਤ ਹਜ਼ਾਰ ਪੰਜ ਸੌ (7500 ਦਿਰਾਮ) ਦਿਰਾਮ ਦੀ ਮਾਲੀ ਸਹਾਇਤਾ ਵੀ ਦਿੱਤੀ ਗਈ । ਅੱਜ ਸ਼ਾਮ  7 ਜੁਲਾਈ 2013 ਨੂੰ ਸ਼੍ਰੀ ਰੂਪ ਸਿੱਧੂ ਜੀ ਮੁਕੇਸ਼ ਕੁਮਾਰ ਨੂੰ ਲੈਕੇ ਅੰਮ੍ਰਿਤਸਰ ਪਹੁੰਚ ਰਹੇ ਹਨ।

ਪਰਧਾਨ ਰੂਪ ਸਿੱਧੂ ਜੀ ਵਲੋਂ ਇਸ ਉਪਰਾਲੇ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਖਾਸ ਕਰਕੇ ਸ. ਐਮ ਪੀ ਸਿੰਘ, ਸ਼੍ਰੀ ਬਖਸ਼ੀ ਰਾਮ ਪਾਲ ਜੀ, ਸ਼੍ਰੀ ਕੇ ਕੁਮਾਰ ਅਤੇ ਸ਼ੀ ਕਮਲਰਾਜ ਸਿੰਘ ਜੀ ਵਲੋਂ ਕੀਤੀ ਨੱਠ ਭੱਜ ਤੋਂ ਬਿਨਾ ਇਹ ਰਿਹਾਈ ਸੰਭਵ ਹੀ ਨਹੀ ਸੀ ।

ਮੁਕੇਸ਼ ਕੁਮਾਰ, ਉਸਦੇ ਭਰਾ ਰਣਜੀਤ, ਉਸਦੇ ਪਿਤਾ ਸ਼੍ਰੀ ਗਿਆਨ ਚੰਦ ਜੀ ਅਤੇ ਉਸਦੇ ਮਾਮਾ ਜੀ ਹਰਮੇਸ਼ ਲਾਲ ਮੇਹਲੀ ਜੀ ਵਲੌਂ ਸ. ਐਮ ਪੀ ਸਿੰਘ, ਪਰਧਾਨ ਰੂਪ ਸਿੱਧੂ, ਬਖਸ਼ੀ ਰਾਮ ਪਾਲ (ਚੇਅਰਮੈਨ) ਸ਼੍ਰੀ ਕਮਲਰਾਜ ਸਿੰਘ ਅਤੇ ਸਮੂਹ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਹੈ ।