ਯਾਤਰੂਆਂ ਦਾ ਟਰੱਕਾਂ ਅਤੇ ਗੈਰ ਕਨੂੰਨੀ ਵਾਹਨਾਂ
ਤੇ ਸਫਰ ਕਰਨਾ ਬਦਸਤੂਰ ਜਾਰੀ।
30 ਜੂਨ, 2013(ਕੁਲਦੀਪ ਚੰਦ) ਸਰਕਾਰ ਵਲੋਂ ਸੜ੍ਹਕ
ਰਾਹੀਂ ਸਫਰ ਨੂੰ ਸੁਰੱਖਿਅਤ ਬਣਾਉਣ ਲਈ ਸੜ੍ਹਕਾਂ
ਦੀ ਚੋੜਾਈ ਵਧਾਈ ਜਾ ਰਹੀ ਹੈ ਅਤੇ ਹੋਰ ਪ੍ਰਬੰਧ ਕੀਤੇ ਜਾਂਦੇ ਹਨ।
ਸਰਕਾਰ
ਵਲੋਂ ਲੋਕਾਂ ਨੂੰ ਸੜ੍ਹਕ ਸੁਰੱਖਿਆ ਦੇ
ਨਿਯਮਾਂ ਪ੍ਰਤੀ ਜਾਣੂ ਕਰਵਾਉਣ ਲਈ ਵੀ ਹਰ ਸਾਲ ਕਰੋੜ੍ਹਾਂ
ਰੁਪਏ ਖਰਚੇ ਜਾਂਦੇ ਹਨ। ਵਧ ਰਹੇ ਸੜ੍ਹਕ
ਹਾਦਸਿਆ ਕਾਰਨ ਅਜਾਂਈ ਜਾ ਰਹੀਆਂ ਮਨੁਖੀ ਜਾਨਾਂ ਪ੍ਰਤੀ ਬੇਸ਼ਕ ਹਰ
ਵਿਅਕਤੀ ਨੂੰ ਸੰਵੇਦਨਾ ਹੈ ਅਤੇ ਇਹਨਾਂ ਹਾਦਸਿਆਂ ਨੂੰ ਰੋਕਣ ਦੇ
ਪ੍ਰਸ਼ਾਸ਼ਨ ਵਲੋਂ ਵੀ ਵੇਲੇ-ਕੁਵੇਲੇ ਦਾਅਵੇ ਕੀਤੇ ਜਾਂਦੇ ਹਨ। ਮਾਣਯੋਗ
ਪੰਜਾਬ ਅਤੇ ਹਰਿਆਣਾ ਹਾਈ ਕੌਰਟ ਦੇ ਡਵੀਜਨ ਬੈਂਚ ਵਲੋਂ ਰਿੱਟ ਪਟੀਸ਼ਨ
ਨੰਬਰ 11387/2001 ਦੁਆਰਾ ਵੀ ਹਦਾਇਤ ਕੀਤੀ ਗਈ ਹੈ ਕਿ ਟਰੱਕਾਂ,
ਟਰਾਲੀਆਂ, ਅਤੇ ਹੋਰ ਗੈਰ ਮਾਨਤਾ ਪ੍ਰਾਪਤ ਵਾਹਨਾਂ ਤੇ ਸਫਰ ਕਨੂੰਨਨ
ਜ਼ੁਰਮ ਹੈ। ਪਿਛਲੇ ਸਮਿਆਂ ਦੌਰਾਨ ਹੀ ਗੈਰ ਕਨੂੰਨੀ ਵਾਹਨਾਂ ਟਰੱਕਾਂ,
ਟੈਂਪੂਆਂ ਆਦਿ ਵਿੱਚ ਸਫਰ ਕਰ ਰਹੇ ਲੋਕ ਸੜ੍ਹਕ
ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਹਿਮਾਚਲ ਪ੍ਰਦੇਸ਼ ਦੇ ਪਵਿੱਤਰ ਧਾਰਮਿਕ
ਸਥਾਨ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਜਾ ਰਹੇ ਟਰੱਕ ਜੋਕਿ
ਅਨੰਦਪੁਰ ਸਾਹਿਬ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਵਿੱਚ ਸਵਾਰ
ਸ਼ਰਧਾਲੂਆਂ ਵਿੱਚੋਂ ਦਰਜਨਾਂ ਵਿਅਕਤੀ ਮਾਰੇ ਗਏ ਸਨ ਅਤੇ ਕਈ ਦਰਜਨਾਂ
ਜਖਮੀ ਹੋ ਗਏ ਸਨ। ਇਸ ਤੋਂ ਪਹਿਲਾਂ ਵੀ ਇਲਾਕੇ ਵਿੱਚ ਇਸ ਤਰਾਂ ਦੀਆਂ
ਕਈ ਘਟਨਾਵਾਂ ਵਾਪਰ ਚੁਕੀਆਂ ਹਨ। ਇਸ ਘਟਨਾ ਤੋਂ ਬਾਦ ਡਿਪਟੀ ਕਮਿਸ਼ਨਰ
ਰੂਪਨਗਰ ਵਲੋਂ ਵੀ ਇਸ ਤਰਾਂ ਦੇ ਵਪਾਰਕ ਵਾਹਨਾਂ ਤੇ ਸਵਾਰੀਆਂ ਲੱਦਣ
ਵਾਲ਼ਿਆਂ ਦੇ ਖਿਲਾਫ ਸੱਖਤ ਕਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ
ਗਏ ਹਨ। ਇਸ ਸਬੰਧੀ ਪੁਲਿਸ ਵਲੋਂ ਵੀ ਵਿਸ਼ੇਸ਼ ਨਾਕੇ ਲਗਾਏ ਗਏ ਸਨ ਅਤੇ
ਚੈਕਿੰਗ ਵੀ ਵਧਾਈ ਗਈ ਸੀ ਪਰ ਡਿਪਟੀ ਕਮਿਸ਼ਨਰ ਦੇ ਹੁਕਮਾਂ ਦਾ ਅਸਰ ਵੀ
ਕੁੱਝ ਦਿਨ ਹੀ ਰਿਹਾ ਅਤੇ ਹੁਣ ਫਿਰ ਪਹਿਲਾਂ ਦੀ ਤਰਾਂ ਹੀ ਲੋਕ
ਟਰੱਕਾਂ ਆਦਿ ਤੇ ਛੱਤਾਂ ਪਾਕੇ ਸਫਰ ਕਰ ਰਹੇ ਹਨ ਅਤੇ ਕੋਈ ਵੀ ਰੋਕਣ
ਵਾਲ਼ਾ ਨਹੀਂ ਹੈ। ਨੰਗਲ ਸ਼ਹਿਰ ਜਿਥੋਂ ਇਹ ਸ਼ਰਧਾਲੂ ਅੱਗੇ ਮਾਤਾ ਨੈਣਾ
ਦੇਵੀ, ਬਾਬਾ ਬਾਲਕ ਨਾਥ, ਬਾਬਾ ਵਡਭਾਗ ਸਿੰਘ ਆਦਿ ਧਾਰਮਿਕ ਸਥਾਨਾਂ
ਨੂੰ ਜਾਂਦੇ ਹਨ। ਨੰਗਲ ਵਿੱਚ ਅੱਜ ਕੱਲ ਅਜਿਹੇ ਟਰੱਕਾਂ ਨੂੰ ਅਕਸਰ ਹੀ
ਦੇਖਿਆ ਜਾਂਦਾ ਹੈ। ਇਹ ਟਰੱਕ ਪੁਲਿਸ ਵਲੋਂ ਲਗਾਏ ਗਏ ਵਿਸ਼ੇਸ਼ ਨਾਕਿਆਂ
ਤੋਂ ਵੀ ਬਿਨਾਂ ਕਿਸੇ ਡਰ ਅਤੇ ਰੋਕ ਟੋਕ ਦੇ ਲੰਘ ਜਾਂਦੇ ਹਨ। ਇੱਥੇ
ਇਹ ਵੀ ਜਿਕਰਯੋਗ ਹੈ ਕਿ ਅਜਿਹੇ ਟਰੱਕ ਬੀ ਬੀ ਐਮ ਬੀ ਦੇ ਪੀ ਆਰ À
ਦਫਤਰ ਤੋਂ ਪਰਮਿਟ ਕਟਵਾ ਕੇ ਅੱਗੇ ਜਾਂਦੇ ਹਨ ਪਰ ਕਦੇ ਕਿਸੇ ਨੇ
ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਭਰੋਸੇਯੋਗ ਸੂਤਰਾਂ ਨੇ
ਦੱਸਿਆ ਕਿ ਅਜਿਹੇ ਟਰੱਕਾਂ ਵਾਲ਼ੇ ਜੋਕਿ ਜਿਆਦਾ ਤੌਰ ਤੇ ਮਾਲਵੇ ਦੇ
ਇਲਾਕੇ ਵਿੱਚੋਂ ਆਂਦੇ ਹਨ ਕਿਸੇ ਮੰਤਰੀ ਅਤੇ ਹੋਰ ਰਾਜਨਿਤੀਵਾਨਾਂ ਦੀ
ਸਿਫਾਰਸ਼ ਪਾ ਦਿੰਦੇ ਹਨ ਜਿਸ ਕਾਰਨ ਪੁਲਿਸ ਕਰਮਚਾਰੀ ਮਜਬੂਰ ਹੋ ਜਾਂਦੇ
ਹਨ। ਜੇਕਰ ਅਜਿਹਾ ਸੱਚ ਹੈ ਤਾਂ ਫਿਰ ਕੁੱਝ ਵੱਡੇ ਰਾਜਨੀਤੀਵਾਨਾਂ ਦੀ
ਸ਼ਹਿ ਤੇ ਹੀ ਇਹ ਕਾਰੋਬਾਰ ਵਧ ਰਿਹਾ ਹੈ। ਇਸ ਸਬੰਧੀ ਪੁਲਿਸ
ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵਲੋਂ ਪਹਿਲਾਂ ਹੀ ਅਜਿਹੇ ਗੈਰ
ਕਨੰਨੀ ਵਾਹਨਾਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਅਤੇ ਹੁਣ ਹੋਰ ਵੀ
ਸਖਤੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਰਾਜਨੀਤੀਵਾਨ ਦੀ
ਸਿਫਾਰਸ਼ ਤੇ ਵਾਹਨ ਛੱਡਣ ਦਾ ਮਾਮਲਾ ਉਨ੍ਹਾਂ
ਦੀ ਜਾਣਕਾਰੀ ਵਿੱਚ ਨਹੀਂ ਹੈ। ਉਹਨਾਂ ਕਿਹਾ ਕਿ ਕਿਸੇ ਦੀ ਵੀ ਸਿਫਾਰਸ਼
ਤੇ ਕਨੂੰਨ ਨਾਲ਼ ਖਿਲਵਾੜ੍ਹ ਕਰਨ ਵਾਲ਼ਿਆਂ
ਨੂੰ ਬਖਸ਼ਿਆ ਨਹੀਂ ਜਾਵੇਗਾ।
ਕੁਲਦੀਪ ਚੰਦ 9417563054