ਸਦਾ ਹੀ ਹਾਸੇ ਬਖੇਰਨ ਵਾਲੇ ਜਸਪਾਲ ਸਿੰਘ ਭੱਟੀ ਇਕ ਸੜਕ ਹਾਦਸੇ
ਦਾ ਸ਼ਿਕਾਰ ਹੋਕੇ ਸਦੀਵੀ ਵਿਛੋੜਾ ਦੇ ਗਏ
26-10-2012
ਲੋਕਾਂ ਦੇ ਮਨਾਂ ਵਿੱਚ ਵੱਸ ਚੁੱਕੇ ਉੱਘੇ ਅਦਾਕਾਰ, ਨਿਰਦੇਸ਼ਕ,
ਪਰਡਿਊਸਰ ਅਤੇ ਕਾਰਟੂਨਿਸਟ ਸ. ਜਸਪਾਲ ਸਿੰਘ ਭੱਟੀ ਜੀ ਦਾ ਕੱਲ
ਇਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ। ਇਹ ਹਾਦਸਾ ਕੱਲ 25
ਅਕਤੂਬਰ ਤੜਕੇ ਡੇਢ ਵਜੇ ਵਾਪਰਿਆ। ਜਸਪਾਲ ਭੱਟੀ ਆਪਣੇ ਬੇਟੇ
ਜਸਰਾਜ ਭੱਟੀ ਅਤੇ ਅਦਾਕਰਾ ਸੁਰੀਲੀ ਗੌਤਮ ਦੇ ਨਾਲ ਬਠਿੰਡਾ ਤੋ
ਜਲੰਧਰ ਜਾ ਰਹੇ ਸਨ ਜਿੱਥੇ ਉਨਾਂ ਨੇ ਫਿਲਮ " ਪਾਵਰ ਕੱਟ" ਦੀ
ਪਰਮੋਸ਼ਨ ਤੇ ਪਹੁੰਚਣਾ ਸੀ । ਉਨ੍ਹਾਂ ਦੀ ਹੌਂਡਾ ਕਾਰ ਜਸਰਾਜ
ਭੱਟੀ ਚਲਾ ਰਿਹਾ ਸੀ । ਸ਼ਾਹਕੋਟ ਦੇ ਨਜ਼ਦੀਕ ਅਚਾਨਕ ਇਕ ਮੋੜ ਕੱਟਣ
ਵੇਲੇ ਉਨ੍ਹਾਂ ਦੀ ਕਾਰ ਬੇਕਾਬੂ ਹੋਕ ਇਕ ਦਰੱਖਤ ਨਾਲ ਜਾ ਟਕਰਾਈ।
ਪਿਛਲੀ ਸੀਟ ਤੇ ਬੈਠੇ ਜਸਪਾਲ ਸਿੰਘ ਭੱਟੀ ਦੇ ਸਿਰ ਵਿੱਚ ਗੰਭੀਰ
ਚੋਟਾਂ ਆਈਆਂ । ਉਨ੍ਹਾਂ ਨੂੰ ਤੁਰੰਤ ਜਲੰਧਰ ਦੇ ਇੱਕ ਨਿੱਜੀ
ਹਸਪਤਾਲ ਵਿਖੇ ਲਿਜਾਇਆ ਗਿਆ ਪਰ ਪਹੁੰਚਦੇ ਸਾਰ ਹੀ ਡਾਕਟਰਾਂ ਨੇ
ਉਨ੍ਹਾਂ ਨੂੰ ਮਿਰਤਕ ਘੋਸ਼ਿਤ ਕਰ ਦਿੱਤਾ।
ਜਸਪਾਲ ਸਿੰਘ ਭੱਟੀ ਦਾ ਜਨਮ 3 ਮਾਰਚ 1955 ਨੂੰ ਪੰਜਾਬ ਦੇ ਸ਼ਹਿਰ
ਅਮ੍ਰਿੰਤਸਰ ਵਿਖੇ ਇਕ ਸਿਖ ਰਾਜਪੂਤ ਪਰਵਾਰ ਵਿੱਚ ਹੋਇਆ
ਸੀ । ਉਨ੍ਹਾਂ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ
ਇਲੈਕਟਰਿਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਦੀ ਡਿਗਰੀ ਹਸਿਲ
ਕੀਤੀ ਸੀ । ਭੱਟੀ ਦੀ ਸ਼ਾਦੀ 24 ਮਾਰਚ 1985 ਨੂੰ ਸਵੀਤਾ ਭੱਟੀ
ਨਾਲ ਹੋਈ ਸੀ । ਉਨ੍ਹਾਂ ਦੇ ਦੋ ਬੱਚੇ ਜਸਰਾਜ ਭੱਟੀ )ਬੇਟਾ) ਅਤੇ
ਰਾਬੀਆ ਭੱਟੀ (ਬੇਟੀ) ਹਨ। ਉਹ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ
ਤੋਂ ਹੀ ਨੁੱਕੜ ਨਾਟਕ ਆਦਿ ਕਰਦੇ ਰਹਿਣ ਕਰਕੇ ਸਾਰੇ ਦੋਸਤਾਂ ਦੇ
ਹਰਮਨ-ਪਿਆਰੇ ਬਣ ਗਏ ਸਨ। ਟੈਲੀਵਿਜ਼ਨ ਤੇ ਕੰਮ ਕਰਨ ਤੋਂ ਪਹਿਲਾਂ
ਉਹ ਅਖਬਾਰ " ਦਾ ਟ੍ਰੀਬਿਊਨ ਚੰਡੀਗੜ੍ਹ" ਵਾਸਤੇ ਕਾਰਟੂਨਿਸਟ ਦਾ
ਕੰਮ ਕਰਦੇ ਸਨ। ਉਨ੍ਹਾਂ ਨੇ ਸ਼ੁਰੂ ਵਿੱਚ ਹੀ ਕੇਂਦਰੀ
ਦੂਰਦਰਸ਼ਨ ਤੋਂ ਚੱਲਣ ਵਾਲੇ ਆਪਣੇ ਪ੍ਰੋਗਰਾਮਾਂ " ਉਲਟਾ ਪੁਲਟਾ"
, ਮਿੱਨੀ ਕੈਪਸੂਲ ਅਤੇ "ਫਲੌਪ ਸ਼ੋਅ" ਵਰਗੇ ਸੀਰੀਅਲਾਂ ਨਾਲ ਆਪਣੀ
ਇਕ ਖਾਸ ਪਹਿਚਾਣ ਬਣਾ ਲਈ ਸੀ । ਉਨ੍ਹਾਂ ਦਾ ਹਿੰਦੀ ਫਿਲਮ " ਆ
ਅਬ ਲੌਟ ਚਲੇਂ" ਵਾਲਾ ਕਿਰਦਾਰ ਵੀ ਅਮਿੱਟ ਪੈਂੜਾ ਛੱਡ
ਗਿਆ । ਉਹ ਕਈ ਰਿਆਲਿਟੀ ਸ਼ੋਆਂ ਵਿੱਚ ਜੱਜ ਵੀ ਬਣੇ । ਉਨ੍ਹਾਂ ਨੇ
ਸੰਨ੍ਹ 2008 ਵਿੱਚ ਸਟਾਰ ਪਲੱਸ ਦੇ ਪ੍ਰੋਗ੍ਰਾਮ ਨੱਚ ਬੱਲੀਏ
ਵਿੱਚ ਆਪਣੀ ਪਤਨੀ ਸਵੀਤਾ ਦੇ ਨਾਲ ਹਿੱਸਾ ਲੈਕੇ ਦਰਸ਼ਕਾ ਦਾ ਖੂਬ
ਮਨੋਰੰਜਨ ਕੀਤਾ । ਹਰ ਵਾਰ ਇਲੈਕਸ਼ਨ ਦੇ ਦਿਨੀ ਸਮਾਜਿਕ ਅਤੇ
ਰਾਜਨੀਤਕ ਖਾਮੀਆਂ ਦੇ ਖਿਲਾਫ ਅਵਾਜ਼ ਉਠਾਉਣ ਲਈ ਉਨ੍ਹਾਂ ਵਲੋਂ
ਕੋਈ ਨਾ ਕੋਈ ਸਿਆਸੀ ਪਾਰਟੀ ਬਣਾ ਕੇ ਵਿਅੰਗਮਈ ਤਰੀਕੇ ਨਾਲ
ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਹੀ ਬਹੁਤ ਸਾਰੀਆਂ
ਸਮਾਜਿਕ ਮੁਸ਼ਕਲਾਂ ਨੂੰ ਵੀ ਲੀਡਰਾਂ ਦੇ ਕੰਨਾਂ ਤੱਕ ਅਪੜਾ ਦੇਣ
ਦਾ ਢੰਗ ਵੀ ਆਪਣੇ ਆਪ ਵਿੱਚ ਇਕ ਖਾਸ ਮਿਸਾਲ ਸੀ । ਜਸਪਾਲ ਸਿੰਘ
ਭੱਟੀ ਬੇਸ਼ੱਕ ਅੱਜ ਸਾਡੇ ਦਰਮਿਆਨ ਨਹੀ ਰਹੇ ਪਰ ਉਨ੍ਹਾਂ ਦੀ ਕਲਾ
ਕ੍ਰਿਤੀ ਹਮੇਸ਼ਾ ਹਮੇਸ਼ਾ ਲਈ ਲੋਕਾਂ ਦੇ ਦਿੱਲਾਂ ਵਿੱਚ ਭੱਟੀ ਨੂੰ
ਜ਼ਿੰਦਾ ਰੱਖੇਗੀ । ਟੈਲੀਵਿਜ਼ਨ, ਫਿਲਮ ਅਤੇ ਮੰਚ ਜਗਤ ਵਾਸਤੇ ਇਹ
ਇਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਭੱਟੀ ਜੀ ਦੀ ਕਮੀ
ਹਮੇਸ਼ਾ ਮਹਿਸੂਸ ਹੁੰਦੀ ਰਹੇਗੀ । ਅਦਾਰਾ ਉਪਕਾਰ.ਕੋਮ ਵਲੋਂ
ਅਨ੍ਹਾਂ ਦੇ ਪਰੀਵਾਰ ਨਾਲ ਹਮਦਰਦੀ ਹੈ ਅਤੇ ਅਕਾਲ ਪੁਰਖ ਦੇ
ਚਰਨਾਂ ਵਿੱਚ ਬੇਨਤੀ ਹੈ ਕਿ ਇਸ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ
ਬਖਸ਼ਣ।