ਖੁਰਾਲਗੜ੍ਹ ਵਿਖੇ ਮੀਨਾਰ-ਏ-ਬੇਗ਼ਮਪੁਰਾ ਬਣਾਇਆ
ਜਾਏਗਾ – ਪੰਜਾਬ ਸਰਕਾਰ ਨੇ ਉਪਰਾਲੇ ਆਰੰਭੇ
19-10-2012
ਪੰਜਾਬ ਦੇ
ਜ਼ਿਲਾ ਹੁਸ਼ਿਆਰਪੁਰ ਤਹਿਸੀਲ ਗੜ੍ਹਸ਼ੰਕਰ ਦੇ ਨਜ਼ਦੀਕ ਸਤਿਗੁਰੂ
ਰਵਿਦਾਸ ਜੀ ਮਹਾਰਾਜ ਦੀ ਚਰਨ-ਛੂਹ ਇਤਹਾਸਿਕ ਧਾਰਮਿਕ ਅਸਥਾਨ ਤੇ
ਮੀਨਾਰ-ਏ-ਬੇਗ਼ਮਪੁਰਾ ਬਨਾਉਣ ਦਾ ਫੈਸਲਾ ਪੰਜਾਬ ਸਰਕਾਰ ਨੇ ਲਿਆ
ਹੈ । ਮੀਨਾਰ-ਏ-ਬੇਗ਼ਮਪੁਰਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
ਮਿਸ਼ਨ ਅਤੇ ਸਿਖਿਆਵਾਂ ਦੇ ਪਰਚਾਰ ਅਤੇ ਪਸਾਰ ਹਿੱਤ ਬਣਾਇਆ ਜਾ
ਰਿਹਾ ਹੈ । ਭਰੋਸੇਯੋਗ ਸੂਤਰਾਂ ਅਨੁਸਾਰ ਇਕ ਅਰਬ ਦੇ ਕਰੀਬ ਦੀ
ਸ਼ੁਰੂਆਤੀ ਲਾਗਤ ਵਾਲੇ ਇਸ ਪ੍ਰੌਜੈਕਟ ਵਾਸਤੇ 15.20 ( ਤਕਰੀਬਨ
ਸਵਾ ਪੰਦਰਾਂ ਏਕੜ) ਜ਼ਮੀਨ ਰਾਖਵੀ ਪੱਕੀ ਕੀਤੀ ਗਈ ਹੈ । ਇਸ
ਯਾਦਗਾਰੀ ਮੀਨਾਰ ਦੀ 18 ਫੁੱਟ ਚੌੜੀ ਸੜਕ ਵਾਸਤੇ ਪੰਜਾਬ ਸਰਕਾਰ
ਵਲੋਂ 12 ਕਰੋੜ ਰੁਪੈ ਦਾ ਐਨਾਲ ਹੋ ਵੀ ਚੁੱਕਾ ਹੈ । ਮੁੱਖ
ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੀ ਵਲੋਂ ਇਸ ਕਾਰਜ ਵਾਸਤੇ ਸ਼੍ਰੀ
ਗੁਰੂ ਰਵਿਦਾਸ ਮੈਮੋਰੀਅਲ ਫਾਂਊਂਡੇਸ਼ਨ ਕਮੇਟੀ ਦਾ ਗਠਨ ਵੀ ਕਰ
ਦਿੱਤਾ ਗਿਆ ਹੈ। ਸ. ਬਾਦਲ ਨੇ ਕਮੇਟੀ ਨੂੰ ਤਾਕੀਦ ਕੀਤੀ ਹੈ ਕਿ
ਇਹ ਮੈਮੋਰੀਅਲ ਸਤਿਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਅਤੇ
ਸਿਖਿਆਵਾਂ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ। ਸੱਤ ਮੈਂਬਰੀ
ਕੰਸੈਪਟ ਕਮੇਟੀ ਵਿੱਚ ਚੀਫ ਪਰਲੀਮਾਨੀ ਸਕੱਤਰ (ਸਿੰਚਾਈ) ਸੋਹਣ
ਸਿੰਘ ਠੰਢਲ, ਜੇਲ ਮੰਤਰੀ ਸਰਵਣ ਸਿੰਘ ਫਿਲੌਰ, ਸੰਤ ਨਿਰਮਲ ਦਾਸ
ਜੀ ਜੌੜੇ ਵਾਲੇ ( ਪਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ
ਪੰਜਾਬ), ਸੰਤ ਸੁਰਿੰਦਰ ਦਾਸ ਜੀ ਕਠਾਰ ਵਾਲੇ, ਸ਼੍ਰੀ ਸੋਮ
ਪ੍ਰਕਾਸ਼ (ਸੀ.ਪੀ.ਐਸ), ਸ. ਜਸਵੀਰ ਸਿੰਘ ਸਾਬਰ ਅਤੇ ਸ਼੍ਰੀ
ਧਰਮਪਾਲ ਸਿੰਗਲ ਨੂੰ ਨਿਯੁਕਤ ਕੀਤਾ ਗਿਆ ਹੈ । ਇਸ ਕਮੇਟੀ ਨੇ
ਹੋਰ ਸੰਤਾਂ ਮਹਾਪੁਰਸ਼ਾਂ ਅਤੇ ਵਿਦਵਾਨਾ ਨਾਲ ਵਿਚਾਰ ਗੋਸ਼ਟੀਆਂ
ਕਰਨ ਤੇ ਪੁਰਾਤਨ ਅਜਿਹੇ ਮੈਮੋਰੀਅਲਾਂ ਤੇ ਯਾਦਗਾਰਾਂ ਨੂੰ ਵੇਖ
ਕੇ ਸਰਵੇ ਕਰਨ ਦੇ ਉਪਰਾਲੇ ਵੀ ਸ਼ੁਰੂ ਕਰ ਦਿੱਤੇ ਹਨ ਤਾਂ ਕਿ
ਸਤਿਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਪਰਚਾਰ ਅਤੇ ਪਰਸਾਰ ਲਈ
ਸਰਵ ਉਤਮ ਯਾਦਗਾਰ ਬਣਾਈ ਜਾ ਸਕੇ ।