Upkaar -News Home |
ਇਕ ਹੋਰ ਲੜਕੀ ਬਿਅੰਤ ਕੌਰ ਨੂੰ ਏਜੰਟਾਂ ਤੋਂ ਛੁਡਾਕੇ ਭਾਰਤ ਭੇਜਿਆ ਗਿਆ। | ||
06 ਜਨਵਰੀ, 2018 (ਅਜਮਾਨ) ਰਾਜੋਮਾਜਰਾ ਦੀ 22 ਸਾਲਾ ਬਿਅੰਤ ਕੌਰ ਨੂੰ ਏਜੰਟਾਂ ਤੋਂ ਛੁਡਵਾਕੇ ਭਾਰਤ ਵਾਪਿਸ ਭੇਜਿਆ ਗਿਆ। 23 ਦਿਸੰਬਰ ਸ਼ਾਮ 7 ਵਜੇ ਬਿਅੰਤ ਕੌਰ ਨੇ ਫੋਨ ਰਾਹੀ ਰੂਪ ਸਿੱਧੂ ਨਾਲ ਸੰਪਰਕ ਕਰਕੇ ਦੱਸਿਆ ਕਿ ਤਕਰੀਬਨ ਡੇਢ ਮਹੀਨੇ ਤੋਂ ਉਹ ਯੂ ਏ ਈ ਵਿਖੇ ਕਿਸੇ ਕਮਰੇ ਵਿਚ ਬੰਦ ਹੈ। ਏਜੰਟਾਂ ਨੇ ਉਸਨੂੰ ਬੰਦ ਕਰਕੇ ਹੀ ਰੱਖਿਆ ਹੋਇਆ ਹੈ। ਇਸ ਲੜਕੀ ਨੂੰ ਇਹ ਵੀ ਨਹੀ ਪਤਾ ਸੀ ਕਿ ਉਹ ਕਿਸ ਸ਼ਹਿਰ ਵਿਚ ਹੈ। ਲੜਕੀ ਦੇ ਕਹਿਣ ਅਨੁਸਾਰ ਭਾਰਤ ਵਿਚ ਰਹਿੰਦੇ ਉਸਦੇ ਭਰਾ ਨੂੰ ਏਜੰਟਾਂ ਬਾਰੇ ਪਤਾ ਸੀ। ਲੜਕੀ ਨੇ ਆਪਣੇ ਭਰਾ ਦਾ ਮੋਬਾਇਲ ਨੰਬਰ ਦਿੱਤਾ ਪਰ ਇਕ ਦਿਨ ਤਾਂ ਉਸਦੇ ਭਰਾ ਨੇ ਫੋਨ ਹੀ ਨਹੀ ਚੁਕਿਆ। 23ਦਿਸੰਬਰ ਨੂੰ ਲੜਕੀ ਦੇ ਭਰਾ ਨੇ ਏਜੰਸੀ ਦੇ ਦਫਤਰ ਦਾ ਇਕ ਕਾਰਡ ਭੇਜਿਆ ਜਿਸ ਤੋਂ ਇਹ ਪਤਾ ਲੱਗ ਸਕਿਆ ਕਿ ਲੜਕੀ ਅਲੇਨ ਸ਼ਹਿਰ ਵਿਚ ਹੈ। ਰੂਪ ਸਿੱਧੂ ਨੇ ਭਾਰਤੀ ਕੌਂਸਲਖਾਨੇ ਵਿਚ ਮੈਡਮ ਸੁਮਿਤੀ ਜੀ ਨੂੰ ਇਸ ਕੇਸ ਬਾਰੇ ਲਿਖਿਆ ਤਾਂ ਮੈਡਮ ਜੀ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਕੇਸ ਐਮਬੈਸੀ ਵਿਚ ਭੇਜ ਦਿੱਤਾ। ਦੂਜੇ ਪਾਸੇ ਰੂਪ ਸਿੱਧੂ ਨੇ ਅਲੇਨ ਇੰਡੀਅਨ ਏਸੋਸੀਏਸ਼ਨ ਦੇ ਸਾਬਕਾ ਪਰਧਾਨ ਅਤੇ ਸਮਾਜ ਸੇਵਕ ਨਰੇਸ਼ ਸੂਰੀ ਨੂੰ ਵੀ ਇਸ ਕੇਸ ਵਿਚ ਮਦਦ ਲਈ ਫੋਨ ਕੀਤਾ ਕਿਉਂਕਿ ਸੂਰੀ ਹੁਰਾਂ ਦਾ ਕਾਰੋਬਾਰ ਵੀ ਅਲੇਨ ਸ਼ਹਿਰ ਵਿਚ ਹੀ ਹੈ। ਨਰੇਸ਼ ਸੂਰੀ ਨੇ ਆਪਣੇ ਵਲੋਂ ਤੁਰੰਤ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਐਮਬੈਸੀ ਤੋਂ ਮੈਡਮ ਗਾਇਤਰੀ ਨੇ ਵੀ ਅਲੇਨ ਪੁਲਿਸ ਦੀ ਮਦਦ ਨਾਲ ਲੜਕੀ ਤੱਕ ਪਹੁੰਚਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਅਤੇ ਆਖਰਕਾਰ 23ਦਿਸੰਬਰ ਨੂੰ ਪੁਲਿਸ ਦੀ ਮਦਦ ਨਾਲ ਇਸ ਲੜਕੀ ਨੂੰ ਏਜੰਟਾਂ ਤੋਂ ਛੁਡਵਾ ਲਿਆ ਗਿਆ। ਉਸੇ ਦਿਨ ਹੀ ਇਸ ਲੜਕੀ ਨੂੰ ਨਰੇਸ਼ ਸੂਰੀ ਨੇ ਆਬੂ ਧਾਬੀ ਵਿਖੇ ਭਾਰਤੀ ਦੂਤਾਵਾਸ ਵਿਖੇ ਪਹੁੰਚਾ ਦਿੱਤਾ ਅਤੇ ਇਸਦਾ ਵੀਜ਼ਾ ਦੁਬਈ ਦਾ ਹੋਣ ਕਰਕੇ ਉਸੇ ਦਿਨ ਹੀ ਇਸਨੂੰ ਭਾਰਤੀ ਕੌਂਸਲਖਾਨੇ ਦੁਬਈ ਵਿਖੇ ਭੇਜ ਦਿੱਤਾ ਗਿਆ। ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਦ ਇਸ ਲੜਕੀ ਬਿਅੰਤ ਕੌਰ ਨੂੰ 31ਦਿਸੰਬਰ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ। ਇਸ ਕੇਸ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਤੇ ਇੰਡੀਅਨ ਏਸੋਸੀਏਸ਼ਨ ਅਜਮਾਨ ਦੇ ਉਪਰਾਲਿਆਂ ਅਤੇ ਭਾਰਤੀ ਕੌਂਸਲਖਾਨੇ ਅਤੇ ਭਾਰਤੀ ਐਮਬੈਸੀ ਦੀ ਮਦਦ ਅਤੇ ਨਰੇਸ਼ ਸੂਰੀ ਜੀ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਹੀ ਏਨੀ ਜਲਦੀ ਸੁਲਝਾਉਣ ਵਿਚ ਸਫਲਤਾ ਮਿਲੀ। ਰੂਪ ਸਿੱਧੂ ਵਲੋਂ ਇਕ ਵਾਰ ਫਿਰ ਸਮੂਹ ਭਾਰਤੀਆਂ ਨੂੰ ਅਪੀਲ ਹੈ ਕਿ ਆਪਣੀਆਂ ਲੜਕੀਆਂ ਜਾਂ ਲੜਕਿਆਂ ਨੂੰ ਵਿਜ਼ਟ ਵੀਜ਼ੇ ਤੇ ਕੰਮ ਦੀ ਭਾਲ ਵਿਚ ਯੂ ਏ ਈ ਨਾ ਭੇਜਣ।ਯੂ ਏ ਈ ਦੀ ਸਰਕਾਰ ਕਾਨੂੰਨੀ ਤੌਰ ਤੇ ਏਥੇ ਆਏ ਅਤੇ ਕੰਮ ਕਰਦੇ ਕਾਮਿਆਂ ਦੇ ਹੱਕਾਂ ਦੀ ਰਾਖੀ ਕਰਦੀ ਹੈ ਪਰ ਸਾਡਾ ਵੀ ਫਰਜ਼ ਬਣਦਾ ਹੈ ਕਿ ਏਥੋਂ ਦੇ ਕਾਨੂੰਨਾ ਮੁਤਾਬਕ ਹੀ ਰਹੀਏ। ਏਜੰਟਾਂ ਦੇ ਧੋਖੇ ਵਿਚ ਆਕੇ ਆਪਣੇ ਬੱਚਿਆਂ ਨੂੰ ਮੁਸ਼ਕਿਲਾਂ ਵਿਚ ਨਾ ਫਸਾਉ ਅਤੇ ਭਾਰਤ ਸਰਕਾਰ ਵਲੋਂ ਚਾਲੂ ਕੀਤੇ ਈ ਮਾਇਗ੍ਰੈਟ ਸਿਸਟਮ ਰਾਹੀ ਹੀ ਵਿਦੇਸ਼ਾਂ ਵਿਚ ਕੰਮ ਕਰਨ ਲਈ ਆਉ ਤਾਂ ਕਿ ਤੁਹਾਡੇ ਹੱਕਾਂ ਦੀ ਰਾਖੀ ਹੋ ਸਕੇ। |