ਪੰਨਾ ਨ: ੧੨੯੩
ੴ ਸਤਿਗੁਰ ਪ੍ਰਸਾਦਿ ॥
ਮਲਾਰ ਬਾਣੀ ਭਗਤ ਰਵਿਦਾਸ ਜੀ ਕੀ
   
ਮਿਲਤ ਪਿਆਰੋ ਪ੍ਰਾਨ ਨਾਥੁ,
ਕਵਨ ਭਗਤਿ ਤੇ ॥
ਸਾਧਸੰਗਤਿ ਪਾਈ ਪਰਮ ਗਤੇ ॥ਰਹਾਉ॥

ਮੈਲੇ ਕਪਰੇ ਕਹਾ ਲਉ ਧੋਵਉ ॥
ਆਵੈਗੀ ਨੀਦ ਕਹਾ ਲਗੁ ਸੋਵਉ ॥੧॥
ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ॥
ਝੂਠੈ ਬਨਜਿ ਉਠਿ ਹੀ ਗਈ ਹਾਟਿਓ ॥੨॥
ਕਹੁ ਰਵਿਦਾਸ ਭਇਓ ਜਬ ਲੇਖੋ ॥
ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ॥੩॥੧॥੩॥
ਪ੍ਰਾਨ ਨਾਥੁ — ਜਿੰਦ ਦਾ ਸਾਈਂ । ਕਵਨ ਭਗਤਿ ਤੇ — ਹੋਰ ਕਿਹੜੀ ਭਗਤੀ ਨਾਲ ? ਹੋਰ ਕਿਸ ਤਰ੍ਹਾਂ ਭਗਤੀ ਕੀਤਿਆਂ ? ਭਾਵ, ਕਿਸੇ ਹੋਰ ਤਰ੍ਹਾਂ ਦੀ ਭਗਤੀ ਨਾਲ ਨਹੀਂ । ਪਰਮ ਗਤਿ — ਸਭ ਤੋਂ ਉੱਚੀ ਆਤਮਕ ਅਵਸਥਾ । ਰਹਾਉ । ਕਹਾ ਲਉ — ਕਦੋਂ ਤੱਕ ? ਭਾਵ, ਬੱਸ ਕਰ ਦਿਆਂਗਾ, ਹੁਣ ਨਹੀਂ ਕਰਾਂਗਾ । ਮੈਲੇ ਕਪਰੇ ਧੋਵਉ — ਮੈਂ ਦੂਜਿਆਂ ਦੇ ਮੈਲੇ ਕਪੜੇ ਧੋਵਾਂਗਾ, ਮੈਂ ਦੂਜਿਆਂ ਦੀ ਨਿੰਦਿਆ ਕਰਾਂਗਾ । ਆਵੈਗੀ ਨੀਦ ਕਹਾ ਲਗੁ ਸੋਵਉ — ਕਦੋਂ ਤੱਕ ਨੀਂਦ ਆਵੇਗੀ ਅਤੇ ਕਦ ਤੱਕ ਸਵਾਂਗਾ ? ਨਾਹ ਅਗਿਆਨਤਾ ਦੀ ਨੀਂਦ ਆਵੇਗੀ ਅਤੇ ਨਾਹ ਹੀ ਸਵਾਂਗਾ ।੧। ਜੋਈ ਜੋਈ ਜੋਰਿਓ — ਜੋ ਕੁਝ ਮੈਂ ਜੋੜਿਆ ਸੀ, ਜਿਤਨੀ ਕੁ ਮੰਦ-ਕਰਮਾਂ ਦੀ ਕਮਾਈ ਕੀਤੀ ਸੀ । ਸੋਈ ਸੋਈ — ਉਹ ਸਾਰਾ (ਲੇਖਾ) । ਝੂਠੈ ਬਨਜਿ — ਝੂਠੇ ਵਣਜ ਵਿਚ (ਲੱਗ ਕੇ ਜੋ ਹੱਟੀ ਪਾਈ ਸੀ) ।੨। ਕਹੁ-ਆਖ । ਰਵਿਦਾਸ-ਹੇ ਰਵਿਦਾਸ ! ਭਇਓ ਜਬ ਲੇਖੋ —(ਸਾਧ ਸੰਗਤਿ ਵਿਚ) ਜਦੋਂ (ਮੇਰੇ ਕਰਮਾਂ ਦਾ) ਲੇਖਾ ਹੋਇਆ, ਸਾਧ ਸੰਗਤਿ ਵਿਚ ਜਦੋਂ ਮੈਂ ਆਪੇ ਵਲ ਝਾਤ ਮਾਰੀ ।੩।
ਮਿਲਤ ਪਿਆਰੋ ਪ੍ਰਾਨ ਨਾਥੁ, ਕਵਨ ਭਗਤਿ ਤੇ ॥ ਸਾਧਸੰਗਤਿ ਪਾਈ ਪਰਮ ਗਤੇ ॥ਰਹਾਉ॥
ਸਾਧ ਸੰਗਤਿ ਵਿਚ ਅੱਪੜ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ, (ਨਹੀਂ ਤਾਂ) ਜਿੰਦ ਦਾ ਸਾਈਂ ਪਿਆਰਾ ਪ੍ਰਭੂ ਕਿਸੇ ਹੋਰ ਤਰ੍ਹਾਂ ਦੀ ਭਗਤੀ ਨਾਲ ਨਹੀਂ ਸੀ ਮਿਲ ਸਕਦਾ ।ਰਹਾਉ।

ਮੈਲੇ ਕਪਰੇ ਕਹਾ ਲਉ ਧੋਵਉ ॥ ਆਵੈਗੀ ਨੀਦ ਕਹਾ ਲਗੁ ਸੋਵਉ ॥੧॥
(ਸਾਧ ਸੰਗਤਿ ਦੀ ਬਰਕਤਿ ਨਾਲ) ਹੁਣ ਮੈਂ ਪਰਾਈ ਨਿੰਦਿਆ ਕਰਨੀ ਛੱਡ ਦਿੱਤੀ ਹੈ, (ਸਤਸੰਗ ਵਿਚ ਰਹਿਣ ਕਰਕੇ) ਨਾਹ ਮੈਨੂੰ ਅਗਿਆਨਤਾ ਦੀ ਨੀਂਦ ਆਵੇਗੀ ਅਤੇ ਨਾਹ ਹੀ ਮੈਂ ਗ਼ਾਫ਼ਲ ਹੋਵਾਂਗਾ ।੧।

ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ॥ ਝੂਠੈ ਬਨਜਿ ਉਠਿ ਹੀ ਗਈ ਹਾਟਿਓ ॥੨॥
(ਸਾਧ ਸੰਗਤ ਵਿਚ ਆਉਣ ਤੋਂ ਪਹਿਲਾਂ) ਮੈਂ ਜਿਤਨੀ ਕੁ ਮੰਦ-ਕਰਮਾਂ ਦੀ ਕਮਾਈ ਕੀਤੀ ਹੋਈ ਸੀ (ਸਤਸੰਗ ਵਿਚ ਆ ਕੇ) ਉਸ ਸਾਰੀ ਦੀ ਸਾਰੀ ਦਾ ਲੇਖਾ ਮੁੱਕ ਗਿਆ ਹੈ, ਝੂਠੇ ਵਣਜ ਵਿਚ (ਲੱਗ ਕੇ ਮੈਂ ਜੋ ਹੱਟੀ ਪਾਈ ਹੋਈ ਸੀ, ਸਾਧ ਸੰਗਤਿ ਦੀ ਕਿਰਪਾ ਨਾਲ) ਉਹ ਹੱਟੀ ਹੀ ਉੱਠ ਗਈ ਹੈ ।੨।

ਕਹੁ ਰਵਿਦਾਸ ਭਇਓ ਜਬ ਲੇਖੋ ॥ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ॥੩॥੧॥੩॥
(ਇਹ ਤਬਦੀਲੀ ਕਿਵੇਂ ਆਈ ?) ਹੇ ਰਵਿਦਾਸ ! ਆਖ — (ਸਾਧ ਸੰਗਤਿ ਵਿਚ ਆ ਕੇ) ਜਦੋਂ ਮੈਂ ਆਪੇ ਵਲ ਝਾਤ ਮਾਰੀ, ਤਾਂ ਜੋ ਜੋ ਕਰਮ ਮੈਂ ਕੀਤਾ ਹੋਇਆ ਸੀ ਉਹ ਸਭ ਕੁਝ ਪ੍ਰਤੱਖ ਦਿੱਸ ਪਿਆ (ਤੇ ਮੈਂ ਮੰਦੇ ਕਰਮਾਂ ਤੋਂ ਸ਼ਰਮਾ ਕੇ ਇਹਨਾਂ ਵਲੋਂ ਹਟ ਗਿਆ) ।੩।੩।