ਪੰਨਾ ਨ: ੬੫੮
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ॥
   
ਜਲ ਕੀ ਭੀਤਿ, ਪਵਨ ਕਾ ਥੰਭਾ, ਰਕਤ ਬੁੰਦ ਕਾ ਗਾਰਾ ॥
ਹਾਡ ਮਾਸ ਨਾੜੀ ਕੋ ਪਿੰਜਰੁ, ਪੰਖੀ ਬਸੈ ਬਿਚਾਰਾ ॥੧॥
ਪ੍ਰਾਨੀ, ਕਿਆ ਮੇਰਾ ਕਿਆ ਤੇਰਾ ॥
ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥

ਰਾਖਹੁ ਕੰਧ ਉਸਾਰਹੁ ਨੀਵਾਂ ॥
ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥
ਬੰਕੇ ਬਾਲ ਪਾਗ ਸਿਰਿ ਡੇਰੀ ॥
ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥
ਊਚੇ ਮੰਦਰ ਸੁੰਦਰ ਨਾਰੀ ॥
ਰਾਮ ਨਾਮ ਬਿਨੁ ਬਾਜੀ ਹਾਰੀ ॥੪॥
ਮੇਰੀ ਜਾਤਿ ਕਮੀਨੀ, ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
ਤੁਮ ਸਰਨਾਗਤਿ ਰਾਜਾ ਰਾਮ ਚੰਦ, ਕਹਿ ਰਵਿਦਾਸ ਚਮਾਰਾ ॥੫॥੬॥
ਭੀਤਿ — ਕੰਧ । ਪਵਨ — ਹਵਾ । ਥੰਭਾ — ਥੰਮ੍ਹੀ । ਰਕਤ — ਮਾਂ ਦੀ ਰੱਤ । ਬੂੰਦ — ਪਿਉ ਦੇ ਵੀਰਜ ਦੀ ਬੂੰਦ । ਪੰਖੀ  — ਜੀਵ - ਪੰਛੀ ।੧। ਪ੍ਰਾਨੀ  — ਹੇ ਬੰਦੇ ! ਤਰਵਰ — ਰੁੱਖਾਂ (ਉੱਤੇ) । ਪੰਖਿ —  ਪੰਛੀ ।੧।ਰਹਾਉ। ਨੀਵਾਂ — ਨੀਹਾਂ । ਸੀਵਾਂ — ਸੀਮਾ, ਹੱਦ, ਵੱਧ ਤੋਂ ਵੱਧ ਥਾਂ ।੨। ਬੰਕੇ — ਸੋਹਣੇ, ਬਾਂਕੇ । ਡੇਰੀ — ਵਿੰਗੀ, ਟੇਢੀ ।੩। ਬਾਜੀ —  ਜ਼ਿੰਦਗੀ ਦੀ ਖੇਡ ।੪। ਪਾਂਤਿ — ਕੁਲ, ਗੋਤ । ਓਛਾ  —  ਨੀਵਾਂ । ਸਰਨਾਗਤਿ  — ਸਰਨ ਆਇਆ । ਰਾਜਾ — ਹੇ ਰਾਜਨ ! ਕਹਿ — ਕਹੇ। ਚੰਦ — ਹੇ ਚੰਦ ! ਹੇ ਸੋਹਣੇ ! ।੫।

ਜਲ ਕੀ ਭੀਤਿ, ਪਵਨ ਕਾ ਥੰਭਾ, ਰਕਤ ਬੁੰਦ ਕਾ ਗਾਰਾ ॥
ਹਾਡ ਮਾਸ ਨਾੜੀ ਕੋ ਪਿੰਜਰੁ, ਪੰਖੀ ਬਸੈ ਬਿਚਾਰਾ ॥੧॥

ਜੀਵ-ਪੰਛੀ ਵਿਚਾਰਾ ਉਸ ਸਰੀਰ ਵਿਚ ਵੱਸ ਰਿਹਾ ਹੈ ਜਿਸ ਦੀ ਕੰਧ (ਮਾਨੋ) ਪਾਣੀ ਦੀ ਹੈ, ਜਿਸ ਦੀ ਥੰਮ੍ਹੀ ਹਵਾ(ਸੁਆਸਾਂ) ਦੀ ਹੈ; ਮਾਂ ਦੀ ਰੱਤ ਤੇ ਪਿਉ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ, ਤੇ ਹੱਡ ਮਾਸ ਨਾੜੀਆਂਦਾ ਪਿੰਜਰ ਬਣਿਆ ਹੋਇਆ ਹੈ ।੧।

ਪ੍ਰਾਨੀ, ਕਿਆ ਮੇਰਾ ਕਿਆ ਤੇਰਾ ॥ ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥
ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ (ਸਿਰਫ਼ ਰਾਤ ਲਈ) ਡੇਰਾ ਹੁੰਦਾ ਹੈ (ਤਿਵੇਂ ਜੀਵਾਂ ਦੀ ਵੱਸੋਂ ਜਗਤ ਵਿਚ ਹੈ) । ਹੇ ਭਾਈ ! ਫਿਰ, ਇਹਨਾਂ ਵਿਤਕਰਿਆਂ ਤੇ ਵੰਡਾਂ ਦਾ ਕੀਹ ਲਾਭ ? ।੧।ਰਹਾਉ।

ਰਾਖਹੁ ਕੰਧ ਉਸਾਰਹੁ ਨੀਵਾਂ ॥ ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥

ਹੇ ਭਾਈ ! (ਡੂੰਘੀਆਂ) ਨੀਹਾਂ ਪੁਟਾ ਪੁਟਾ ਕੇ ਤੂੰ ਉਹਨਾਂ ਉੱਤੇ ਕੰਧਾਂ ਉਸਰਾਉਂਦਾ ਹੈਂ, ਪਰ ਤੈਨੂੰ ਆਪ ਨੂੰ (ਹਰ ਰੋਜ਼ ਤਾਂ ਵੱਧ ਤੋਂ ਵੱਧ ਸਾਢੇ ਤਿੰਨ ਹੱਥ ਥਾਂ ਹੀ ਚਾਹੀਦੀ ਹੈ (ਸੌਣ ਵੇਲੇ ਇਤਨੀ ਕੁ ਥਾਂ ਹੀ ਮੱਲਦਾ ਹੈਂ) ।੨।

ਬੰਕੇ ਬਾਲ ਪਾਗ ਸਿਰਿ ਡੇਰੀ ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥
ਤੂੰ ਸਿਰ ਉੱਤੇ ਬਾਂਕੇ ਬਾਲ (ਸੰਵਾਰ ਸੰਵਾਰ ਕੇ) ਵਿੰਗੀ ਪੱਗ ਬੰਨ੍ਹਦਾ ਹੈਂ (ਪਰ ਸ਼ਾਇਦ ਤੈਨੂੰ ਕਦੇ ਇਹ ਚੇਤਾ ਨਹੀਂ ਆਇਆ ਕਿ) ਇਹ ਸਰੀਰ (ਹੀ ਕਿਸੇ ਦਿਨ) ਸੁਆਹ ਦੀ ਢੇਰੀ ਹੋ ਜਾਇਗਾ ।੩।

ਊਚੇ ਮੰਦਰ ਸੁੰਦਰ ਨਾਰੀ ॥ ਰਾਮ ਨਾਮ ਬਿਨੁ ਬਾਜੀ ਹਾਰੀ ॥੪॥
ਹੇ ਭਾਈ ! ਤੂੰ ਉੱਚੇ ਉੱਚੇ ਮਹਲ ਮਾੜੀਆਂ ਤੇ ਸੁੰਦਰ ਇਸਤ੍ਰੀ (ਦਾ ਮਾਣ ਕਰਦਾ ਹੈਂ), ਪ੍ਰਭੂ ਦਾ ਨਾਮ ਵਿਸਾਰ ਕੇ ਤੂੰ ਮਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈਂ ।੪।

ਮੇਰੀ ਜਾਤਿ ਕਮੀਨੀ, ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
ਤੁਮ ਸਰਨਾਗਤਿ ਰਾਜਾ ਰਾਮ ਚੰਦ, ਕਹਿ ਰਵਿਦਾਸ ਚਮਾਰਾ ॥੫॥੬॥

ਗੁਰੂ ਰਵਿਦਾਸ ਜੀ ਆਖਦੇ ਹਨ — ਹੇ ਮੇਰੇ ਰਾਜਨ ! ਹੇ ਮੇਰੇ ਸੋਹਣੇ ਰਾਮ ! ਮੇਰੀ ਤਾਂ ਜਾਤਿ, ਕੁਲ ਤੇ ਜਨਮ ਸਭ ਕੁਝ ਨੀਵਾਂ ਹੀ ਨੀਵਾਂ ਸੀ, (ਇੱਥੇ ਉੱਚੀਆਂ ਕੁਲਾਂ ਵਾਲੇ ਡੁਬਦੇ ਜਾ ਰਹੇ ਹਨ, ਮੇਰਾ ਕੀਹ ਬਣਨਾ ਸੀ ? ਪਰ) ਮੈਂ ਤੇਰੀ ਸਰਨ ਆਇਆ ਹਾਂ ।੫।੬।

ਨੋਟ : — ਇਸ ਸ਼ਬਦ ਵਿਚ ਅਸਲ ਜ਼ੋਰ ਇਸ ਗੱਲ ਉੱਤੇ ਹੈ ਕਿ ਇੱਥੇ ਜਗਤ ਵਿਚ ਪੰਛੀਆਂ ਵਾਂਗ ਜੀਵਾਂ ਦਾ ਵਸੇਬਾ ਹੈ, ਪਰ ਜੀਵ ਵੱਡੇ ਵੱਡੇ ਕਿੱਲੇ ਗੱਡ ਕੇ ਮਾਣ ਕਰ ਰਹੇ ਹਨ ਤੇ ਰੱਬ ਨੂੰ ਭੁਲਾ ਕੇ ਜੀਵਨ ਕਮੀਨੇ ਬਣਾ ਰਹੇ ਹਨ, ਅਜਾਈਂ ਗਵਾ ਰਹੇ ਹਨ । ਅਖ਼ੀਰ ਦੀਆਂ ਤੁਕਾਂ ਦੇ ਲਫ਼ਜ਼ 'ਰਾਜਾ' ਅਤੇ 'ਚੰਦ' ਸ੍ਰੀ ਰਾਮ ਚੰਦ ਜੀ ਵਾਸਤੇ ਨਹੀਂ ਹਨ, ਆਪਣਾ ਕਮੀਨਾ-ਪਨ ਤੇ ਹੋਛਾ-ਪਨ ਵਧੀਕ ਉੱਘਾ ਕਰਨ ਲਈ ਪਰਮਾਤਮਾ ਵਾਸਤੇ ਲਫ਼ਜ਼ 'ਰਾਜਾ' ਤੇ 'ਚੰਦ' ਵਰਤੇ ਹਨ, ਭਾਵ, ਇਕ ਪਾਸੇ, ਪ੍ਰਕਾਸ਼-ਸਰੂਪ ਸੋਹਣਾ ਪ੍ਰਭੂ ਦੂਜੇ ਪਾਸੇ, ਮੈਂ ਜੀਵ ਹੋਛਾ ਤੇ ਕਮੀਨਾ । ਜੇ ਰਵਿਦਾਸ ਜੀ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਦੇ ਉਪਾਸ਼ਕ ਹੁੰਦੇ ਤਾਂ ਆਪਣੇ ਸ਼ਬਦਾਂ ਵਿਚ ਲਫ਼ਜ਼ 'ਮਾਧੋ' ਨਾਹ ਵਰਤਦੇ ਕਿਉਂਕਿ 'ਮਾਧੋ' ਕ੍ਰਿਸ਼ਨ ਜੀ ਦਾ ਨਾਮ ਹੈ, ਤੇ ਇੱਕ ਅਵਤਾਰ ਦਾ ਪੁਜਾਰੀ ਦੂਜੇ ਅਵਤਾਰ ਦਾ ਨਾਮ ਆਪਣੇ ਅਵਤਾਰ ਵਾਸਤੇ ਨਹੀਂ ਵਰਤ ਸਕਦਾ ।