}
                                                                           

Articles

Home

ਸਦੀਆਂ ਤੋਂ ਦੱਬੇ ਕੁਚਲੇ ਵਰਗਾਂ ਦਾ ਜੀਵਨ ਸੰਵਾਰਨ ਲਈ ਅਪਣਾ ਜੀਵਨ ਲਗਾ ਦਿਤਾ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਨੇ।

ਕੁੱਝ ਅਕਾਲੀ ਆਗੂਆਂ ਦੇ ਧੋਖਾ ਦੇਣ ਕਾਰਨ ਡਾਕਟਰ ਅੰਬੇਡਕਰ ਨੇ ਸਿੱਖ ਧਰਮ ਨਾਂ ਅਪਣਾਇਆ।

ਭਾਰਤੀ ਸਮਾਜ ਵਿੱਚ ਫੈਲੀ ਸਮਾਜਿਕ ਵਿਤਕਰੇ ਅਤੇ ਜਾਤ ਪ੍ਰਥਾ ਦੀ ਕੁਰਿਤੀ ਨੂੰ ਖਤਮ ਕਰਨ ਲਈ ਸਮਂ ਸਮੇਂ ਤੇ ਸਮਾਜ ਦੇ ਰਹਿਵਰਾਂ ਨੇ ਕੰਮ ਕੀਤਾ ਹੈ, ਇਨ੍ਹਾਂ ਵਿੱਚੋਂ ਭਾਰਤੀ ਸੰਵਿਧਾਨ ਤਿਆਰ ਕਰਨ ਲਈ ਮੁੱਖ ਭੁਮਿਕਾ ਨਿਭਾਉਣ ਵਾਲੇ ਆਗੂ ਡਾਕਟਰ ਭੀਮ ਰਾਓ ਅੰਬੇਡਕਰ ਦਾ ਨਾਮ ਪ੍ਰਮੁੱਖ ਹੈ। ਡਾਕਟਰ ਭੀਮ ਰਾਮ ਰਾਓ ਅੰਬੇਡਕਰ ਨੇ ਸਦੀਆਂ ਤੋਂ ਦੱਬੇ ਕੁਚਲੇ ਕਰੋੜਾਂ ਲੋਕਾਂ ਦਾ ਜੀਵਨ ਸੰਵਾਰਨ ਲਈ ਅਪਣਾ ਜੀਵਨ ਲਗਾ ਦਿਤਾ ਅਤੇ ਅਪਣੀ ਜਿੰਦਗੀ ਦੀਆਂ ਖੁਸ਼ੀਆਂ ਦੀ ਕੁਰਬਾਨੀ ਦੇ ਦਿਤੀ। ਡਾਕਟਰ ਭੀਮਰਾਓ ਰਾਮਜੀ ਅੰਬੇਡਕਰ ਦਾ ਜਨਮ ਅੱਜ ਦੇ ਦਿਨ 14 ਅਪ੍ਰੈਲ 1891 ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਕੇਂਦਰੀ ਪ੍ਰਾਂਤ (ਹੁਣ ਮੱਧ ਪ੍ਰਦੇਸ਼ ਵਿੱਚ) ਵਿੱਚ ਸਥਾਪਿਤ ਨਗਰ ਅਤੇ ਸੈਨਿਕ ਛਾਉਣੀ ਮਊ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਮ ਭੀਮਾਬਾਈ ਮੁਰਬਾਦਕਰ ਸੀ ਅਤੇ ਉਹ ਅਪਣੇ ਮਾਤਾ ਪਿਤਾ ਦੀ 14ਵੀਂ ਅੋਲਾਦ ਸਨ। ਉਹ ਹਿੰਦੂ ਮਹਾਰ ਜਾਤਿ ਨਾਲ ਸਬੰਧ ਰੱਖਦੇ ਸੀ ਜੋ ਕਿ ਭਾਰਤ ਵਿੱਚ ਅਛੂਤ ਕਹੀ ਜਾਂਦੀ ਸੀ ਅਤੇ ਉਹਨਾਂ ਨਾਲ ਸਮਾਜਿਕ ਅਤੇ ਆਰਥਿਕ ਰੂਪ ਨਾਲ ਭੇਦਭਾਵ ਕੀਤਾ ਜਾਂਦਾ ਸੀ। ਡਾਕਟਰ ਅੰਬੇਡਕਰ ਦੇ ਬਜ਼ੁਰਗ ਲੰਬੇ ਸਮੇਂ ਤੋਂ ਬ੍ਰਿਟਿਸ਼ ਈਸਟ ਇੰਡੀਆਂ ਕੰਪਨੀ ਦੀ ਸੈਨਾ ਵਿੱਚ ਕੰਮ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਦੇ ਪਿਤਾ ਭਾਰਤੀ ਸੈਨਾ ਦੀ ਮਊ ਛਾਉਣੀ ਵਿੱਚ ਕੰਮ ਕਰਦੇ ਸਨ। ਸਕੂਲੀ ਪੜ੍ਹਾਈ ਵਿੱਚ ਨਿਪੁੰਨ ਹੋਣ ਦੇ ਬਾਵਜੂਦ ਡਾਕਟਰ ਅੰਬੇਡਕਰ ਅਤੇ ਅਛੂਤਾਂ ਦੇ ਹੋਰ ਬੱਚਿਆਂ ਨੂੰ ਸਕੂਲ ਵਿੱਚ ਅਲੱਗ ਬਿਠਾਇਆ ਜਾਂਦਾ ਸੀ ਅਤੇ ਅਧਿਆਪਕਾਂ ਦੁਆਰਾ ਨਾ ਤਾਂ ਪੜ੍ਹਾਇਆ ਜਾਂਦਾ ਸੀ ਅਤੇ ਨਾ ਹੀ ਕੋਈ ਸਹਾਇਤਾ ਕੀਤੀ ਜਾਂਦੀ ਸੀ। ਉਹਨਾਂ ਨੂੰ ਜਮਾਤ ਦੇ ਅੰਦਰ ਬਾਕੀ ਆਮ ਵਿਦਿਆਰਥੀਆਂ ਨਾਲ ਬੈਠਣ ਦੀ ਇਜ਼ਾਜ਼ਤ ਤੱਕ ਨਹੀਂ ਸੀ, ਪਿਆਸ ਲੱਗਣ ਤੇ ਕੋਈ ਉਚੱ ਜਾਤਿ ਦਾ ਵਿਅਕਤੀ ਉਚਾਈ ਤੋਂ ਪਾਣੀ ਉਹਨਾਂ ਦੇ ਹੱਥਾਂ ਤੇ ਪਾਂਦਾ ਸੀ ਕਿਉਂਕਿ ਉਸ ਵੇਲੇ ਮਨੂੰਵਾਦੀ ਸੋਚ ਭਾਰੂ ਹੋਣ ਕਾਰਨ ਅਛੂਤ ਕਹਾਏ ਜਾਣ ਵਾਲੇ ਲੋਕਾਂ ਨੂੰ ਪਾਣੀ ਅਤੇ  ਪਾਣੀ ਦੇ ਭਾਂਡਿਆਂ ਨੂੰ ਛੁਹਣ ਦੀ ਇਜ਼ਾਜ਼ਤ ਨਹੀਂ ਸੀ। ਆਮ ਤੌਰ ਤੇ ਇਹ ਕੰਮ ਸਕੂਲ ਦੇ ਚਪੜਾਸੀ ਦੁਆਰਾ ਕੀਤਾ ਜਾਂਦਾ ਸੀ ਅਤੇ ਜੇਕਰ ਕਿਸੇ ਦਿਨ ਉਹ ਨਾ ਆਉਂਦਾ ਤਾਂ ਡਾਕਟਰ ਅੰਬੇਡਕਰ ਨੂੰ ਸਾਰਾ ਦਿਨ ਪਿਆਸੇ ਹੀ ਰਹਿਣਾ ਪੈਂਦਾ ਸੀ। ਕੁਝ ਸਮੇਂ ਬਾਅਦ ਡਾਕਟਰ ਅੰਬੇਡਕਰ ਦੇ ਪਿਤਾ ਪਰਿਵਾਰ ਸਮੇਤ ਮੁੰਬਈ ਆ ਗਏ ਜਿੱਥੇ ਕਿ ਅੰਬੇਡਕਰ ਐਲਫਿੰਸਟੋਲ ਰੋਡ ਸਥਿਤ ਸਰਕਾਰੀ ਹਾਈ ਸਕੂਲ ਦੇ ਪਹਿਲੇ ਦਲਿਤ ਵਿਦਿਆਰਥੀ ਬਣੇ। ਇੱਥੇ ਵੀ ਉਨ੍ਹਾਂ ਨਾਲ ਜਾਤਿ ਅਧਾਰਿਤ ਭੇਦਭਾਵ ਹੁੰਦਾ ਰਿਹਾ। ਉਨ੍ਹਾਂ ਦੇ ਜੀਵਨ ਵਿੱਚ ਵਾਪਰੀਆਂ ਅਜਿਹੀਆਂ ਸਮਾਜਿਕ ਭੇਦਭਾਵ ਵਾਲੀਆਂ ਘਟਨਾਵਾਂ ਨੇ ਉਨ੍ਹਾਂ ਦੇ ਦਿਮਾਗ ਅਤੇ ਵਿਚਾਰਧਾਰਾ ਤੇ ਡੂੰਘਾ ਅਸਰ ਕੀਤਾ। ਇਸ ਲਈ ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਅਜਿਹੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹੋ ਖਤਮ ਕਰਕੇ ਰਹਿਣਗੇ। ਉਨ੍ਹਾਂ ਨੇ ਅਪਣੇ ਇੱਕ ਬ੍ਰਾਹਮਣ ਦੋਸਤ ਅਧਿਆਪਕ ਮਹਾਂਦੇਵ ਅੰਬੇਡਕਰ ਦੇ ਕਹਿਣ ਤੇ ਅਪਣੇ ਨਾਮ ਨਾਲ ਅੰਬੇਡਕਰ ਸ਼ਬਦ ਜੋੜਿਆ। ਮੈਟ੍ਰਿਕ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਐਲਫਿਨਸਟਨ ਕਾਲਜ਼ ਬੰਬਈ ਵਿੱਚ ਦਾਖਿਲਾ ਲਿਆ ਅਤੇ ਇਸ ਤਰ੍ਹਾਂ ਉਹ ਭਾਰਤ ਵਿੱਚ ਕਾਲਜ਼ ਵਿੱਚ ਦਾਖਿਲਾ ਲੈਣ ਵਾਲੇ ਪਹਿਲੇ ਦਲਿਤ ਵਿਦਿਆਰਥੀ ਬਣੇ। ਸੰਨ 1912 ਵਿੱਚ ਉਨ੍ਹਾਂ ਨੇ ਬੀ ਏ ਪਾਸ ਕਰ ਲਈ। ਮਹਾਰਾਜਾ ਬੜੋਦਾ ਦੇ ਗਾਇਕਵਾੜ ਸ਼ਾਸ਼ਕ ਨੇ ਉਹਨਾਂ ਨੂੰ ਉਚੱ ਵਿਦਿਆ ਪ੍ਰਾਪਤ ਕਰਨ ਲਈ ਸਰਕਾਰੀ ਖਰਚੇ ਤੇ ਅਮਰੀਕਾ ਭੇਜ ਦਿੱਤਾ। ਜੀਵਨ ਵਿੱਚ ਆਈਆਂ ਭਾਰੀ ਰੁਕਾਵਟਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਡਾਕਟਰ ਅੰਬੇਡਕਰ ਨੇ ਪੰਜ ਵਿਸ਼ਿਆਂ ਵਿੱਚ ਐਮ.ਏ., ਪੀ.ਐਚ.ਡੀ., ਡੀ.ਐਸ.ਸੀ. ਐਲ.ਐਲ.ਡੀ., ਡੀ.ਲਿੱਟ, ਬਾਰ.ਐਟ ਲਾਅ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਸ ਵੇਲੇ ਬਾਲ ਵਿਆਹ ਦੀ ਕੁਪ੍ਰਥਾ ਜੋਰਾਂ ਤੇ ਸੀ। ਬਾਬਾ ਸਾਹਿਬ ਦਾ ਵਿਆਹ ਲੱਗਭੱਗ 17 ਸਾਲ ਦੀ ਉਮਰ ਵਿੱਚ ਰਾਮਾ ਬਾਈ ਨਾਲ ਹੋਇਆ। ਡਾਕਟਰ ਅੰਬੇਡਕਰ ਦੇ ਘਰ ਪੰਜ ਬੱਚਿਆਂ ਜਸ਼ਵੰਤ ਰਾਓ, ਗੰਗਾਧਰ, ਰਮੇਸ਼, ਇੰਦੂ ਅਤੇ ਰਾਜ ਰਤਨ ਨੇ ਜਨਮ ਲਿਆ ਪਰ ਜਸਵੰਤ ਰਾਓ ਤੋਂ ਇਲਾਵਾ ਬਾਕੀ ਛੋਟੀ ਉਮਰ ਵਿੱਚ ਹੀ ਮਰ ਗਏ। ਮਈ 1935 ਵਿੱਚ ਬਾਬਾ ਸਾਹਿਬ ਦੀ ਜੀਵਨ ਸਾਥਣ ਰਮਾ ਬਾਈ ਬਿਮਾਰੀ ਤੋਂ ਬਾਦ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈੇ। ਪੜਾਈ ਮੁਕੰਮਲ ਕਰਨ ਤੋਂ ਬਾਦ ਮਹਾਰਾਜਾ ਬੜੌਦਾ ਨੇ ਡਾਕਟਰ ਅੰਬੇਡਕਰ ਨੂੰ ਫੌਜੀ ਸਕੱਤਰ ਨਿਯੁਕਤ ਕਰ ਲਿਆ ਪਰ ਇੱਥੇ ਵੀ ਉਨ੍ਹਾਂ ਨੂੰ ਅਛੂਤ ਹੋਣ ਕਾਰਨ ਉਚੱ ਜਾਤਿ ਦੇ ਕਰਮਚਾਰੀ ਨਫਰਤ ਨਾਲ ਹੀ ਦੇਖਦੇ ਰਹੇ। ਜਦੋਂ ਉਹ ਬੰਬਈ ਦੇ ਕਾਲਜ਼ ਵਿੱਚ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਨਿਯੁਕਤ ਹੋਏ ਤਾਂ ਉਥੇ ਵੀ ਅਛੂਤ ਹੋਣ ਕਾਰਨ ਉਨ੍ਹਾਂ ਨਾਲ ਭੇਦਭਾਵ ਹੁੰਦਾ ਰਿਹਾ। ਬ੍ਰਿਟਿਸ਼ ਸਰਕਾਰ ਵਿੱਚ ਉਚੱ ਅਹੁਦੇ ਪਹਿਲਾਂ ਸਿਰਫ ਅੰਗਰੇਜਾ ਲਈ ਹੀ ਰਾਖਵੇਂ ਸਨ ਅਤੇ ਬ੍ਰਿਟਿਸ਼ ਸਰਕਾਰ ਇਸਦਾ ਕਾਰਨ ਇਹ ਮੰਨਦੀ ਸੀ ਕਿ ਭਾਰਤੀਆਂ ਦੀ ਵਿਦਿਅਕ ਪੱਖੋਂ ਮੈਰਿਟ ਅੰਗਰੇਜਾਂ ਨਾਲੋਂ ਹੇਠਾਂ ਹੈ। ਭਾਰਤੀ ਲੋਕਾਂ ਵਲੋਂ ਕਿਤੇ ਅੰਦੋਲਨ ਬਾਦ ਸਾਊਥਬੋਰੋਹ ਸਮਿਤੀ ਦੀ ਸਿਫਾਰਿਸ਼ ਤੇ ਅੰਗਰੇਜ਼ ਸਰਕਾਰ ਨੇ ਆਈ ਸੀ ਐਸ ਦੀਆਂ 11 ਪੋਸਟਾਂ ਭਾਰਤੀਆਂ ਲਈ ਰੱਖੀਆਂ ਜਿਨ੍ਹਾਂ ਵਿਚੋਂ 4 ਹਿੰਦੂਆਂ ਲਈ, 4 ਮੁਸਲਮਾਨਾਂ ਲਈ, 2 ਸਿੱਖਾਂ ਲਈ ਅਤੇ ਇੱਕ ਐਂਗਲੋ ਇੰਡੀਅਨ ਲਈ ਰੱਖੀ ਗਈ। ਡਾਕਟਰ ਅੰਬੇਡਕਰ ਨੇ ਇਸ ਸਮਿਤੀ ਨੂੰ ਮੰਗ ਪੱਤਰ ਦੇਕੇ ਮੰਗ ਕੀਤੀ ਕਿ ਦਲਿਤਾਂ ਲਈ ਵੀ ਅਲੱਗ ਅਧਿਕਾਰ ਰੱਖੇ ਜਾਣ ਪਰੰਤੂ ਹਿੰਦੂਆਂ ਨੇ ਡਾਕਟਰ ਅੰਬੇਡਕਰ ਦੀ ਇਸ ਮੰਗ ਦਾ ਸੱਖਤੀ ਨਾਲ ਵਿਰੋਧ ਕੀਤਾ ਜਿਸ ਕਾਰਨ ਇਨ੍ਹਾਂ ਵਿਚੋਂ ਕੋਈ ਵੀ ਪੋਸਟ ਦਲਿਤਾਂ ਲਈ ਨਾਂ ਰੱਖੀ ਗਈ। ਡਾਕਟਰ ਅੰਬੇਡਕਰ ਅਤੇ ਹੋਰ ਦਲਿਤਾਂ ਨੇ ਹਿੰਦੂਆਂ ਦੇ ਇਸ ਵਿਰੋਧ ਪ੍ਰਤੀ ਰੋਸ ਦਾ ਪ੍ਰਗਟਾਵਾ ਕੀਤਾ ਜਿਸਤੋਂ ਬਾਦ ਅੰਗਰੇਜ ਸਰਕਾਰ ਨੇ ਦਲਿਤਾਂ ਦੀ ਹਾਲਤ ਜਾਨਣ ਲਈ ਸਾਇਮਨ ਕਮਿਸ਼ਨ ਭਾਰਤ ਭੇਜਿਆ। ਇਸ ਸਾਇਮਨ ਕਮਿਸ਼ਨ ਦਾ ਡਾਕਟਰ ਅੰਬੇਡਕਰ ਅਤੇ ਹੋਰ ਦਲਿਤ ਆਗੂਆਂ ਜਿਨ੍ਹਾਂ ਵਿੱਚ ਪੰਜਾਬ ਤੋਂ ਆਦਿ ਧਰਮ ਮੁਹਿੰਮ ਦੇ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਸ਼ਾਮਿਲ ਸਨ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਦਲਿਤ ਜਥੇਵੰਦੀਆਂ ਨੇ ਅਪਣੀਆਂ ਮੰਗਾਂ ਇਸ ਕਮਿਸ਼ਨ ਅੱਗੇ ਰੱਖੀਆਂ। ਕਈ ਹਿੰਦੂ ਆਗੂਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ। ਇਸਤੋਂ ਬਾਦ ਕਮਿਸ਼ਨ ਦੀਆਂ ਤਿੰਨ ਮੀਟਿੰਗਾਂ ਲੰਡਨ ਵਿੱਚ ਹੋਈਆਂ ਜਿਸ ਵਿੱਚ ਡਾਕਟਰ ਅੰਬੇਡਕਰ ਨੇ ਦਲਿਤਾਂ ਦੀ ਪ੍ਰਤੀਨਿਧਤਾ ਕਰਦਿਆਂ ਅਛੂਤਾਂ ਦੀ ਅਸਲੀ ਸਥਿਤੀ ਤੋਂ ਬ੍ਰਿਟਿਸ਼ ਸਰਕਾਰ ਨੂੰ ਜਾਣੂ ਕਰਵਾਇਆ। 17 ਅਗਸੱਤ 1932 ਨੂੰ ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਐਵਾਰਡ ਦਾ ਫੈਸਲਾ ਸੁਣਾ ਦਿਤਾ ਜਿਸ ਅਨੁਸਾਰ ਮੁਸਲਮਾਨਾਂ, ਇਸਾਈਆਂ ਅਤੇ ਸਿੱਖਾਂ ਵਾਂਗ ਦਲਿਤਾਂ ਨੂੰ ਵੀ ਘੱਟ ਗਿਣਤੀ ਦੇ ਮੰਨਦੇ ਹੋਏ ਵੱਖਰੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਦੇ ਦਿਤਾ ਜਿਸਦਾ ਕੱਟੜ ਹਿੰਦੂ ਨੇਤਾਵਾਂ ਨੇ ਵਿਰੋਧ ਕੀਤਾ। ਕਾਂਗਰਸੀ ਆਗੂ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਹਿੰਦੂਆਂ ਦੀ ਪ੍ਰਤੀਨਿਧਤਾ ਕਰਦੇ ਹੋਏ ਇਸ ਫੈਸਲੇ ਅਤੇ ਅਛੂਤਾਂ ਨੂੰ ਮਿਲੇ ਅਧਿਕਾਰਾਂ ਖਿਲਾਫ ਮਰਨ ਵਰਤ ਸ਼ੁਰੂ ਕਰ ਦਿਤਾ। ਗਾਂਧੀ ਦੇ ਇਸ ਮਰਨ ਵਰਤ ਕਾਰਨ ਦੇਸ਼ ਵਿੱਚ ਖਲਬਲੀ ਮਚ ਗਈ ਅਤੇ ਡਾਕਟਰ ਅੰਬੇਡਕਰ ਤੇ ਦਬਾਓ ਵੱਧ ਗਿਆ। ਅੰਤ 24 ਸਤੰਬਰ 1932 ਨੂੰ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਗਾਂਧੀ ਵਿਚਕਾਰ ਇੱਕ ਸਮਝੋਤਾ ਹੋਇਆ ਜਿਸ ਵਿੱਚ ਅਛੂਤਾਂ ਨੂੰ ਮਿਲਿਆ ਵੱਖਰੀ ਪ੍ਰਤੀਨਿਧਤਾ ਦਾ ਅਧਿਕਾਰ ਖਤਮ ਕੀਤਾ ਗਿਆ। ਇਸਤੋਂ ਬਾਦ ਡਾਕਟਰ ਅੰਬੇਡਕਰ ਨੇ ਦਲਿਤਾਂ ਦੀ ਭਲਾਈ ਅਤੇ ਰਾਖੀ ਲਈ ਰਾਜਨੀਤਿਕ ਲੜਾਈ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ। ਡਾਕਟਰ ਅੰਬੇਡਕਰ ਨੇ 1936 ਵਿੱਚ ਅਜ਼ਾਦ ਲੇਬਰ ਪਾਰਟੀ ਭਾਰਤ ਦੀ ਸਥਾਪਨਾ ਕੀਤੀ ਅਤੇ 1937 ਵਿੱਚ ਹੋਈਆਂ ਕੇਂਦਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ 15 ਸੀਟਾਂ ਤੇ ਜਿੱਤ ਹਾਸਲ ਹੋਈ। ਉਨ੍ਹਾਂ ਨੇ ਹਿੰਦੁ ਧਰਮ ਅਤੇ ਮੁਸਲਿਮ ਧਰਮ ਵਿੱਚ ਹੋ ਰਹੇ ਅਛੂਤਾਂ ਨਾਲ ਵਿਤਕਰੇ ਬਾਰੇ ਖੁੱਲਕੇ ਲਿਖਿਆ। ਉਨ੍ਹਾਂ ਨੇ ਮੂਕ ਨਾਇਕ-ਗੂੰਗਿਆਂ ਦਾ ਆਗੂ ਹਫਤਾਵਾਰੀ ਅਖਬਾਰ  ਸ਼ਰੂ ਕੀਤਾ। ਉਨ੍ਹਾਂ ਨੇ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਦਾ ਗਠਨ ਕੀਤਾ ਅਤੇ ਦਲਿਤਾਂ ਦੇ ਵਿਦਿਅਕ, ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕੰਮ ਕੀਤਾ। ਡਾਕਟਰ ਅੰਬੇਡਕਰ ਨੇ ਰੱਖਿਆ ਸਲਾਹਕਾਰ ਸਮਿਤੀ ਅਤੇ ਵਾਇਸਰਾਇ ਦੀ ਕਾਰਜਕਾਰੀ ਪ੍ਰੀਸ਼ਦ ਲਈ ਲੇਬਰ ਮੰਤਰੀ ਦੇ ਤੋਰ ਤੇ ਕੰਮ ਕੀਤਾ। ਸਾਲ 1940 ਵਿੱਚ ਬਾਬਾ ਸਾਹਿਬ ਦੀ ਤਬੀਅਤ ਖਰਾਬ ਰਹਿਣ ਲੱਗ ਪਈ ਅਤੇ ਬਾਬਾ ਸਾਹਿਬ ਇਲਾਜ ਲਈ ਬੰਬਈ ਗਏ ਜਿੱਥੇ ਉਨ੍ਹਾਂ ਦੀ ਮੁਲਾਕਾਤ ਡਾਕਟਰ ਸ਼ਾਰਦਾ ਕਬੀਰ ਨਾਲ ਹੋਈ ਅਤੇ 15 ਅਪ੍ਰੈਲ, 1948 ਨੂੰ ਬਾਬਾ ਸਾਹਿਬ ਨੇ ਡਾਕਟਰ ਸ਼ਾਰਦਾ ਕਬੀਰ ਨਾਲ ਦੂਜਾ ਵਿਆਹ ਕਰਵਾ ਲਿਆ ਅਤੇ ਵਿਆਹ ਤੋਂ ਬਾਦ ਉਸਨੂੰ ਸਵਿਤਾ ਅੰਬੇਡਕਰ ਦਾ ਨਾਮ ਦਿਤਾ ਗਿਆ। 15 ਅਗਸਤ 1947 ਨੂੰ ਭਾਰਤ ਦੇਸ਼ ਅਜ਼ਾਦ ਹੋ ਗਿਆ ਅਤੇ ਡਾਕਟਰ ਅੰਬੇਡਕਰ ਦੇਸ਼ ਦੇ ਪਹਿਲੇ ਕਨੂੰਨ ਮੰਤਰੀ ਬਣੇ। 29 ਅਗਸਤ 1947 ਨੂੰ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਬਣਾਈ ਗਈ ਜਿਸਦੇ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਬਣਾਇਆ ਗਿਆ। ਇਸ ਕਮੇਟੀ ਵਿੱਚ 6 ਹੋਰ ਮੈਂਬਰ ਪੰਡਿਤ ਗੋਬਿੰਦ ਵਲਭ ਪੰਤ, ਕੇ ਐਮ ਮੁਨਸ਼ੀ ਸਾਬਕ ਗ੍ਿਰਹ ਮੰਤਰ ਬੰਬੇ, ਅਲਾਦੀ ਕ੍ਰਿਸ਼ਨਾਸਵਾਮੀ ਅਈਅਰ ਸਾਬਕਾ ਐਡਵੋਕੇਟ ਜਨਰਲ ਮਦਰਾਸ ਰਾਜ, ਐਨ ਗੋਪਾਲਾਸਵਾਮੀ ਐਂਇਗਰ ਸਾਬਕਾ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ, ਬੀ ਐਲ ਮਿਤਰ ਸਾਬਕਾ ਐਡਵੋਕੇਟ ਜਨਰਲ, ਮੁਹੰਮਦ ਸਾਦਉੱਲਾ ਸਾਬਕਾ ਮੁੱਖ ਮੰਤਰੀ ਅਸਾਮ ਅਤੇ ਮੁਸਲਿਮ ਲੀਗ ਮੈਂਬਰ ਅਤੇ ਡੀ ਪੀ ਖੈਤਾਨ ਉੱਘੇ ਵਕੀਲ ਅਤੇ ਖੈਤਾਨ ਵਪਾਰਿਕ ਘਰਾਣੇ ਦੇ ਮੈਂਬਰ ਸਨ। ਸਰ ਬੈਨੇਗਲ ਨਾਰਸਿੰਗ ਰਾਓ ਨੂੰ ਜੋ ਕਿ 1950-54 ਦੌਰਾਨ ਪਹਿਲੇ ਭਾਰਤੀ ਅੰਤਰਰਾਸ਼ਟਰੀ ਨਿਆਂ ਜਸਟਿਸ ਰਹੇ ਹਨ ਨੂੰ ਸੰਵਿਧਾਨਿਕ ਸਲਾਹਕਾਰ ਬਣਾਇਆ ਗਿਆ। ਬਾਦ ਵਿੱਚ ਇੱਕ ਮੈਂਬਰ ਬੀ ਐਲ ਮਿਤਰ ਸਾਬਕਾ ਐਡਵੋਕੇਟ ਜਨਰਲ ਨੇ ਅਸਤੀਫਾ ਦੇ ਦਿਤਾ ਤੇ ਉਨ੍ਹਾਂ ਦੀ ਥਾਂ ਮਾਧਵ ਰਾਓ ਕਨੂੰਨੀ ਸਲਾਹਕਾਰ ਮਹਾਰਾਜਾ ਬੜੋਦਾ ਨੂੰ ਮੈਂਬਰ ਲਿਆ ਗਿਆ। ਡੀ ਪੀ ਖੈਤਾਨ ਉੱਘੇ ਵਕੀਲ ਅਤੇ ਖੈਤਾਨ ਵਪਾਰਿਕ ਘਰਾਣੇ ਦੇ ਮੈਂਬਰ ਦੀ ਮੋਤ ਹੋਣ ਕਾਰਨ ਟੀ ਟੀ ਕ੍ਰਿਸ਼ਨਾਮਾਚਾਰੀ ਨੂੰ ਕਮੇਟੀ ਮੈਂਬਰ ਬਣਾਇਆ ਗਿਆ। ਸੰਵਿਧਾਨ ਸਭਾ ਨੇ 2 ਸਾਲ, 11 ਮਹੀਨੇ ਅਤੇ 18 ਦਿਨ ਵਿੱਚ ਸੰਵਿਧਾਨ ਨੂੰ ਅਡਾਪਟ ਕਰਨ ਤੋਂ ਪਹਿਲਾਂ ਲੱਗਭੱਗ 166 ਦਿਨ ਆਮ ਲੋਕਾਂ ਨਾਲ ਮੀਟਿੰਗਾਂ ਕੀਤੀਆਂ। ਡਰਾਫਟਿੰਗ ਕਮੇਟੀ ਵਲੋਂ ਡਰਾਫਟ ਸੰਵਿਧਾਨ ਤਿਆਰ ਕਰਕੇ 04 ਨਵੰਬਰ, 1947 ਨੂੰ ਸਭਾ ਨੂੰ ਪੇਸ ਕੀਤਾ ਗਿਆ। 26 ਨਵੰਬਰ, 1949 ਨੂੰ ਸੰਵਿਧਾਨ ਸਭਾ ਨੇ ਇਸਨੂੰ ਮੰਨਜੂਰ ਕਰ ਲਿਆ। 1951 ਵਿੱਚ ਸੰਸਦ ਵਿੱਚ ਹਿੰਦੂ ਕੋਡ ਬਿੱਲ ਜੋਕਿ ਕਰੋੜ੍ਹਾਂ ਅਛੂਤਾਂ ਵਾਂਗ ਸਦੀਆਂ ਤੋਂ ਵਿਤਕਰੇ ਦਾ ਸ਼ਿਕਾਰ ਭਾਰਤੀ ਮਹਿਲਾਵਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਲਈ ਸੀ ਦੇ ਵਿਰੋਧ ਵਿੱਚ ਸੰਸਦ ਦੇ ਬਹੁਤੇ ਮੈਂਬਰਾਂ ਵਲੋਂ ਵੋਟ ਪਾਏ ਜਾਣ ਕਾਰਨ ਉਨ੍ਹਾਂ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿਤਾ। 1952 ਵਿੱਚ ਡਾਕਟਰ ਅੰਬੇਡਕਰ ਨੇ ਅਜਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਇਹ ਚੋਣ ਹਾਰ ਗਏ। ਮਾਰਚ 1952 ਵਿੱਚ ਡਾਕਟਰ ਅੰਬੇਡਕਰ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਜਿੰਦਗੀ ਦੇ ਅੰਤਿਮ ਸਮੇਂ ਤੱਕ ਉਹ ਰਾਜ ਸਭਾ ਮੈਂਬਰ ਬਣੇ ਰਹੇ। ਡਾਕਟਰ ਅੰਬੇਡਕਰ ਨੇ ਹਿੰਦੂ ਧਰਮ ਵਿੱਚ ਫੈਲੇ ਗੱਲਤ ਰੀਤੀ ਰਿਵਾਜਾਂ ਖਿਲਾਫ ਜੋਰਦਾਰ ਅਵਾਜ਼ ਚੁੱਕੀ, ਉਨ੍ਹਾਂ ਨੇ ਹਿੰਦੁ ਧਰਮ ਦਾ ਅਧਾਰ ਮਨੂੰ ਸਮ੍ਰਤੀ ਨੂੰ 25 ਦਸੰਬਰ, 1927 ਨੂੰ ਜਲਾਇਆ। ਉਨ੍ਹਾਂ ਨੇ 13 ਅਕਤੂਬਰ, 1935 ਨੂੰ ਐਲਾਨ ਕੀਤਾ ਕਿ ਉਹ ਹਿੰਦੁ ਧਰਮ ਵਿੱਚ ਪੈਦਾ ਹੋਏ ਹਨ ਪਰ ਹਿੰਦੂ ਧਰਮ ਵਿੱਚ ਮਰਨਗੇ ਨਹੀਂ। ਉਨ੍ਹਾਂ ਨੇ ਲੱਖਾਂ ਅਛੂਤਾਂ ਨੂੰ ਹਿੰਦੂ ਧਰਮ ਦਾ ਤਿਆਗ ਕਰਨ ਲਈ ਤਿਆਰ ਕਰ ਲਿਆ। ਉਹ ਸਿੱਖ ਧਰਮ ਜਿਸ ਵਿੱਚ ਦਲਿਤਾਂ ਦੇ ਰਹਿਵਰ ਗੁਰੂਆਂ ਨੂੰ ਵਿਸ਼ੇਸ਼ ਸਥਾਨ ਦਿਤਾ ਗਿਆ ਹੈ ਅਤੇ ਜੋਕਿ ਸਭਨੂੰ ਬਰਾਬਰਤਾ ਦਾ ਸੁਨੇਹਾ ਦਿੰਦਾ ਹੈ ਨੂੰ ਅਪਣਾਉਣ ਲਈ ਤਿਆਰ ਹੋ ਗਏ। 1936 ਵਿੱਚ ਡਾਕਟਰ ਅੰਬੇਡਕਰ ਨੇ ਅਪਣੇ ਪੁੱਤਰ ਜਸ਼ਵੰਤ ਰਾਓ ਅਤੇ ਭਤੀਜੇ ਨੂੰ ਦਰਬਾਰ ਸਾਹਿਬ ਭੇਜਿਆ ਜਿੱਥੇ ਉਹ ਲੱਗਭੱਗ ਡੇਢ ਮਹੀਨਾ ਰਹੇ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਿੱਖ ਧਰਮ ਦੇ ਆਗੂਆਂ ਨੂੰ ਮਿਲੇ। ਇਸ ਸਮੇਂ ਹੀ ਸਿੱਖ ਧਰਮ ਦੇ ਆਗੂਆਂ ਵਲੋਂ ਦੱਖਣੀ ਭਾਰਤ ਦੇ ਦਲਿਤਾਂ ਨੂੰ ਉਚੱ ਸਿਖਿਆ ਦੇਣ ਲਈ ਮੁੰਬਈ ਵਿੱਚ ਖਾਲਸਾ ਕਾਲਜ ਦੀ ਸੁਰੂਆਤ ਕੀਤੀ ਗਈ। ਕੁੱਝ ਉਚੱ ਜਾਤੀ ਦੇ ਅਕਾਲੀ ਲੀਡਰਾਂ ਨੇ ਡਾਕਟਰ ਅੰਬੇਡਕਰ ਨੂੰ ਸਿੱਖ ਧਰਮ ਅਪਣਾਉਣ ਤੋਂ ਰੋਕਣ ਲਈ ਚਾਲ ਚੱਲੀ ਅਤੇ ਅੰਤ ਇਹ ਚਾਲ ਕਾਮਯਾਬ ਹੋ ਗਈ ਅਤੇ ਦੇਸ਼ ਦੇ 6 ਕਰੋੜ ਅਛੂਤ ਸਿੱਖ ਧਰਮ ਨਾਂ ਅਪਣਾ ਸਕੇ। ਸੱਚੀ ਸਾਖੀ ਕਿਤਾਬ ਦੇ ਲੇਖਕ ਅਤੇ ਸਾਬਕਾ ਆਈ ਸੀ ਐਸ ਅਫਸਰ ਅਤੇ ਸਾਬਕਾ ਵਿਧਾਇਕ ਅਤੇ ਲੋਕ ਸਭਾ ਮੈਂਬਰ ਸਰਦਾਰ ਕਪੂਰ ਸਿੰਘ ਅਨੁਸਾਰ ਸਿੱਖ ਧਰਮ ਅਤੇ ਅਕਾਲੀ ਦੱਲ ਵਿੱਚ ਬੈਠੇ ਕੁੱਝ ਉਚੱ ਜਾਤਿ ਦੇ ਆਗੂਆਂ ਨੇ ਅਪਣੀ ਕੁਰਸੀ ਕਾਇਮ ਰੱਖਣ ਲਈ ਗੁੱਝੀਆਂ ਚਾਲਾਂ ਚੱਲਕੇ ਡਾਕਟਰ ਅੰਬੇਡਕਰ ਅਤੇ ਕਰੋੜਾਂ ਅਛੂਤਾਂ ਨੂੰ ਸਿੱਖ ਧਰਮ ਵਿੱਚ ਆਣ ਤੋਂ ਰੋਕਿਆ। ਇਸਤੋਂ ਬਾਦ ਡਾਕਟਰ ਅੰਬੇਡਕਰ ਨੇ ਬੁੱਧ ਧਰਮ ਅਪਣਾਉਣ ਬਾਰੇ ਫੈਸਲਾ ਕੀਤਾ। 1955 ਵਿੱਚ ਉਨ੍ਹਾਂ ਨੇ ਬੋਧ ਸੋਸਾਇਟੀ ਆਫ ਇੰਡੀਆ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਅਪਣਾ ਆਖਰੀ ਲੇਖ ਦਾ ਬੁੱਧ ਐਂਡ ਹਿੱਜ਼ ਧੱਮ 1956 ਵਿੱਚ ਹੀ ਪੂਰਾ ਕੀਤਾ ਜੋਕਿ ਉਨ੍ਹਾਂ ਦੀ ਮੋਤ ਤੋਂ ਬਾਦ ਪ੍ਰਕਾਸ਼ਿਤ ਹੋਇਆ। 14 ਅਕਤੂਬਰ, 1956 ਨੂੰ ਡਾਕਟਰ ਅੰਬੇਡਕਰ ਨੇ ਲੱਖਾਂ ਸਾਥੀਆ ਸਮੇਤ ਬੁੱਧ ਧਰਮ ਅਪਣਾਇਆ। ਵਿਸ਼ਵ ਦਾ ਇਹ ਧਰਮ ਬਦਲਣ ਦਾ ਸਭਤੋਂ ਵੱਡਾ ਸਮਾਗਮ ਸੀ ਜਿਸ ਵਿੱਚ ਲੱਖਾਂ ਵਿਅਕਤੀਆਂ ਨੇ ਬੁੱਧ ਧਰਮ ਅਪਣਾਇਆ। ਦਿੱਲੀ ਵਿੱਚ 6 ਦਸੰਬਰ 1956 ਨੂੰ ਡਾਕਟਰ ਅੰਬੇਡਕਰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਬਾਬਾ ਸਾਹਿਬ ਨੇ ਅਪਣੇ 55ਵੇਂ ਜਨਮ ਦਿਵਸ ਮੌਕੇ 1947 ਵਿੱਚ ਅਪਣੇ ਸੰਦੇਸ਼ ਵਿੱਚ ਸਾਫ ਕਿਹਾ ਹੈ ਕਿ ਇਸਨੂੰ ਬਦਕਿਸਮਤੀ ਹੀ ਕਹਾਂਗੇ ਕਿ ਭਾਰਤ ਵਿੱਚ ਇੱਕ ਰਾਜਨੀਤਿਕ ਨੇਤਾ ਨੂੰ ਪੈਗੰਬਰ ਮੰਨ ਲਿਆ ਜਾਂਦਾ ਹੈ। ਇੱਥੇ ਪੈਗੰਬਰਾਂ ਅਤੇ ਸਿਆਸਦਾਨਾਂ ਦੇ ਜਨਮ ਦਿਨ ਇੱਕੋ ਪੱਧਰ ਤੇ ਮਨਾਉਣ ਦਾ ਰਿਵਾਜ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੋਰ ਤੇ ਅਪਣਾ ਜਨਮ ਦਿਨ ਮਨਾਉਣਾ ਪਸੰਦ ਨਹੀਂ ਕਰਦੇ, ਉਨ੍ਹਾਂ ਕਿਹਾ ਕਿ ਉਹ ਲੋਕਤੰਤਰਵਾਦੀ ਵਿਚਾਰਧਾਰਾ ਦੇ ਹਨ ਅਤੇ ਵਿਅਕਤੀਗਤ ਪੂਜਾ ਲੋਕਤੰਤਰ ਦੇ ਉਲੱਟ ਹੈ, ਜੇਕਰ ਕੋਈ ਨੇਤਾ ਪਿਆਰ ਸਤਿਕਾਰ ਦੇ ਕਾਬਲ ਹੈ ਤਾਂ ਉਸਦਾ ਮਾਣ ਸਨਮਾਨ ਕਰਨਾ ਮਾੜਾ ਨਹੀਂ ਪਰ ਲੀਡਰ ਦੀ ਪੂਜਾ ਮਾੜੀ ਗੱਲ ਹੈ। ਜੇਕਰ ਕਿਸੇ ਰਾਜਸੀ ਵਿਅਕਤੀ ਨੂੰ ਤੁਸੀਂ ਪੈਗੰਬਰ ਮੰਨ ਲੈਂਦੇ ਹੋ ਤਾਂ ਇਹ ਜਰੂਰੀ ਹੈ ਕਿ ਉਹ ਪੈਗੰਬਰ ਵਾਲੇ ਕੰਮ ਵੀ ਕਰੇ। ਬਾਬਾ ਸਾਹਿਬ ਨੂੰ 1992 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਭਾਰਤ ਦਾ ਸਰਵਉਚੱ ਨਾਗਰਿਕ ਪੁਰਸਕਾਰ ਹੈ। 14 ਅਪ੍ਰੈਲ 1992 ਨੂੰ ਪਹਿਲੀ ਵਾਰ ਭਾਰਤ ਸਰਕਾਰ ਨੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਅਤੇ 1991 ਦਾ ਸਾਲ ਅੰਬੇਡਕਰ ਸ਼ਤਾਬਦੀ ਵਜੋਂ ਐਲਾਨਿਆ ਗਿਆ ਅਤੇ ਇਸ ਸਾਲ ਨੂੰ ਸਮਾਜਿਕ ਨਿਆਏ ਦੇ ਸਾਲ ਦੇ ਤੋਰ ਤੇ ਮਨਾਇਆ ਗਿਆ। ਭਾਰਤ ਸਰਕਾਰ ਵਲੋਂ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 125ਵੇਂ ਜਨਮ ਦਿਵਸ ਸਬੰਧੀ ਵਿਸ਼ੇਸ ਸਮਾਗਮ ਕਰਵਾਏ ਗਏ। 14 ਅਪ੍ਰੈਲ ਤੋਂ 24 ਅਪ੍ਰੈਲ 2016 ਤੱਕ ਬਾਬਾ ਸਾਹਿਬ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਜੈਅੰਤੀ ਤੇ ਗ੍ਰਾਮ Àਦੈਯ ਤੋਂ ਭਾਰਤ ਊਦੈਯ ਅਭਿਆਨ ਚਲਾਇਆ ਗਿਆ। ਸਰਕਾਰ ਵਲੋਂ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੀ ਭਲਾਈ ਲਈ ਵਿਸ਼ੇਸ਼ ਯੋਜਨਵਾਂ ਸ਼ੁਰੂ ਕੀਤੀਆਂ ਗਈਆਂ। ਪੰਜਾਬ ਸਰਕਾਰ ਵਲੋਂ ਸਾਲ 2016 ਵਿੱਚ ਬਾਬਾ ਸਾਹਿਬ ਦੇ ਨਾਮ ਤੇ ਹੀ ਵਰਲਡ ਕਬੱਡੀ ਕੱਪ ਟਨੂੰਰਨਾਂਮੈਂਟ ਕਰਵਾਏ ਗਏ। ਪੰਜਾਬ ਸਰਕਾਰ ਵਲੋ। ਪੰਜਬ ਯੋਜਨਾ ਭਵਨ ਚੰਡੀਗੜ੍ਹ ਅਤੇ ਜ਼ਿਲ੍ਹਾ ਪੱਧਰ ਤੇ ਬਾਬਾ ਸਾਹਿਬ ਦੇ ਬੁੱਤ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅੱਜ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਇਸ ਬਾਬਾ ਸਾਹਿਬ ਦਾ 126ਵਾਂ ਜਨਮ ਦਿਵਸ ਮਨਾਉਣ ਲਈ ਸਮਾਗਮ ਕਰਵਾਏ ਜਾ ਰਹੇ ਹਨ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਜਿਸ ਦੱਬੇ ਕੁਚਲੇ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਸਾਰੀ ਉਮਰ ਲਗਾ ਦਿਤੀ ਅਤੇ ਸੰਘਰਸ਼ ਕੀਤਾ ਅਜ਼ਾਦ ਭਾਰਤ ਵਿੱਚ ਵੀ ਅਜੇ ਤੱਕ ਉਨ੍ਹਾਂ ਦੀ ਸਥਿਤੀ ਵਿੱਚ ਪੂਰੀ ਤਰਾਂ ਸੁਧਾਰ ਨਹਂੀ ਹੋਇਆ ਹੈ। ਸੰਵਿਧਾਨ ਵਿੱਚ ਦਰਜ਼ ਕੀਤੇ ਗਏ ਅਧਿਕਾਰਾਂ ਤੋਂ ਅਜੇ ਵੀ ਬਹੁਗਿਣਤੀ ਬਾਂਝੀ ਹੈ। ਅਜੇ ਵੀ ਬਹੁਤੇ ਲੋਕ ਅਪਣੇ ਅਧਿਕਾਰਾਂ ਤੋਂ ਅਣਜਾਣ ਹਨ। ਸਾਨੂੰ ਸਭਨੂੰ ਚਾਹੀਦਾ ਹੈ ਕਿ ਅਸੀਂ ਮਿਲਕੇ ਬਾਬਾ ਸਾਹਿਬ ਦੇ ਸੁਪਨਿਆਂ ਵਾਲਾ ਸਮਾਜ ਜਿਸ ਵਿੱਚ ਕੋਈ ਭੇਦ ਭਾਵ ਨਾਂ ਹੋਵੇ ਸਿਰਜਣ ਲਈ ਕੰਮ ਕਰੀਏ। ਸਾਡੇ ਨੀਤੀ ਨਿਰਮਾਤਾਵਾਂ ਅਤੇ ਨੀਤੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਭਾਰਤੀ ਸੰਵਿਧਾਨ ਨੂੰ ਸਹੀ ਰੂਪ ਵਿੱਚ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਸੰਵਿਧਾਨ ਵਿੱਚ ਦੇਸ਼ ਦੇ ਵੱਖ ਵੱਖ ਵਰਗਾਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਦਾ ਲਾਭ ਸਹੀ ਅਰਥਾਂ ਵਿੱਚ ਉਨ੍ਹਾਂ ਵਰਗਾਂ ਤੱਕ ਪਹੁੰਚ ਸਕੇ ਅਤੇ ਹਰ ਵਰਗ ਅਪਣੇ ਆਪ ਨੂੰ ਸੱਚਾ ਭਾਰਤੀ ਹੋਣ ਤੇ ਮਾਣ ਮਹਿਸੂਸ ਕਰ ਸਕੇ।

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ
9417563054
E-mail: kuldipnangal0gmail.com