ਕਨੂੰਨ ਅਤੇ ਅਦਾਲਤੀ ਹੁਕਮਾਂ ਨੂੰ ਛਿਕੇ ਟੰਗਕੇ ਪ੍ਰਾਈਵੇਟ ਬੱਸਾਂ ਵਾਲ਼ੇ ਕਰਦੇ ਨੇ ਸਵਾਰੀਆਂ ਦੀ ਜਾਨ ਨਾਲ ਖਿਲਵਾੜ੍ਹ, ਸਵਾਰੀਆਂ ਹੁੰਦੀਆਂ ਹਨ ਪ੍ਰੇਸ਼ਾਨ। 
10 ਮਈ, 2015 (ਕੁਲਦੀਪ ਚੰਦ )
ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਚੱਲਦੀਆਂ ਕਈ ਨਾਮੀ ਪ੍ਰਾਈਵੇਟ ਬੱਸ ਕੰਪਨੀਆਂ ਦੀਆਂ ਬੱਸਾਂ ਵਿੱਚ ਅਪਰਾਧਿਕ ਘਟਨਾਵਾਂ ਵਿਸ਼ੇਸ਼ ਤੋਰ ਤੇ ਮਹਿਲਾਵਾਂ ਨਾਲ ਅਪਰਾਧਿਕ ਘਟਨਾਵਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਪੰਜਾਬ ਦੀ ਸੱਤਾਧਾਰੀ ਪਾਰਟੀ ਅਤੇ ਕੇਂਦਰ ਸਰਕਾਰ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦੇ ਆਗੂਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਪੱ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੀ ਨਾਮੀ ਬੱਸ ਕੰਪਨੀ ਦੀ ਇੱਕ ਬੱਸ ਵਿੱਚ ਪਿਛਲੇ ਦਿਨੀਂ ਵਾਪਰੀ ਇੱਕ ਘਟਨਾਂ ਜਿਸ ਵਿੱਚ ਇੱਕ ਲੜਕੀ ਮਾਰੀ ਗਈ ਅਤੇ ਉਸਦੀ ਮਾਂ ਗੰਭੀਰ ਜਖਮੀ ਹੈ ਤੋਂ ਬਾਦ ਪੰਜਾਬ ਵਿੱਚ ਅਰਾਜਕਤਾ ਦਾ ਮਾਹੋਲ ਬਣ ਗਿਆ ਹੈ ਅਤੇ ਇਸ ਘਟਨਾ ਦੀ ਅਵਾਜ਼ ਲੋਕ ਸਭਾ ਅਤੇ ਰਾਜ ਸਭਾ ਤੱਕ ਪਹੁੰਚ ਗਈ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਬੇਸ਼ੱਕ ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ ਪਰੰਤੂ ਘਟਨਾ ਵਾਲੀ ਬੱਸ ਦਾ ਸਬੰਧ ਪੰਜਾਬ ਦੀ ਸੱਤਾਧਾਰੀ ਰਾਜਨੀਤਿਕ ਪਾਰਟੀ ਸ਼ੋਮਣੀ ਅਕਾਲੀ ਦੱਲ ਨਾਲ ਹੋਣ ਕਾਰਨ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਮੁੱਦਾ ਮਿਲ ਗਿਆ ਹੈ। ਮੀਡੀਆ ਦੀਆਂ ਸੁਰਖੀਆਂ ਬਣੀ ਇਹ ਘਟਨਾ ਪਹਿਲੀ ਘਟਨਾ ਨਹੀਂ ਹੈ। ਇਸ ਤਰਾਂ ਦੀਆਂ ਘਟਨਾਂਵਾਂ ਸਬੰਧੀ ਕਈ ਵਾਰ ਮੀਡੀਆ ਵਿੱਚ ਵੀ ਆਂਦੀਆਂ ਹਨ ਪਰ ਇਹ ਖਬਰਾਂ ਵੀ ਆਟੇ ਵਿੱਚ ਲੂਣ ਬਰਾਬਰ ਹੀ ਹਨ ਜਦਕਿ ਹਕੀਕਤ ਇਹ ਹੈ ਕਿ ਅਜਿਹੀਆਂ ਘਟਨਾਵਾਂ ਦੀ ਗਿਣਤੀ ਕਈ ਗੁਣਾਂ ਵੱਧ ਹੈ ਅਤੇ ਬਹੁਤੇ ਮਾਮਲਿਆਂ ਵਿੱਚ ਲੋਕ ਚੁੱਪ ਹੀ ਰਹਿੰਦੇ ਹਨ। ਪੰਜਾਬ ਵਿੱਚ ਇਸ ਵੇਲੇ ਸਰਕਾਰੀ ਬੱਸਾਂ ਨਾਲੋਂ ਪ੍ਰਾਈਵੇਟ ਬੱਸਾਂ ਦੀ ਗਿਣਤੀ ਕਾਫੀ ਵੱਧ ਹੈ ਅਤੇ ਇਨ੍ਹਾਂ ਪ੍ਰਾਈਵੇਟ ਬੱਸਾਂ ਵਿਚੋਂ ਬਹੁਤੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਹੀ ਆਗੂਆਂ ਦੀਆਂ ਹਨ। ਕਈ ਰੂਟਾਂ ਤੇ ਸਰਕਾਰੀ ਬੱਸਾਂ ਦੀ ਥਾਂ ਪ੍ਰਾਈਵੇਟ ਬੱਸਾਂ ਦੀ ਭਰਮਾਰ ਹੋਣ ਕਾਰਨ ਲੋਕ ਇਨ੍ਹਾਂ ਬੱਸਾਂ ਵਿੱਚ ਹੀ ਸਫਰ ਕਰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤੀਆਂ ਪ੍ਰਾਈਵੇਟ ਬੱਸਾਂ ਸਰਕਾਰੀ ਬੱਸਾਂ ਦੇ ਮੁਕਾਬਲੇ ਵਧੀਆ ਹਾਲਤ ਵਿੱਚ ਹੁੰਦੀਆਂ ਹਨ ਜੋਕਿ ਸਵਾਰੀਆਂ ਦੇ ਆਕਰਸ਼ਣ ਦਾ ਕਾਰਨ ਵੀ ਬਣਦੀਆਂ ਹਨ। ਸਮੇਂ ਸਮੇਂ ਤੇ ਬੱਸਾਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਦੀ ਸੁਰੱਖਿਆਂ ਅਤੇ ਸਹੂਲਤ ਲਈ ਸਰਕਾਰ ਵਲੋਂ ਕਨੂੰਨ ਬਣਾਏ ਗਏ ਹਨ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਮਾਣਯੋਗ ਅਦਾਲਤਾਂ ਵਲੋਂ ਹੁਕਮ ਜ਼ਾਰੀ ਕੀਤੇ ਜਾਂਦੇ ਹਨ ਪਰ ਇਹਨਾਂ ਹੁਕਮਾਂ ਨੂੰ ਪ੍ਰਾਈਵੇਟ ਬੱਸਾਂ ਵਾਲ਼ੇ ਟਿੱਚ ਜ਼ਾਣਦੇ ਹਨ ਅਤੇ ਇਹਨਾ ਹੁਕਮਾਂ ਦੀ ਪਰਵਾਹ ਨਹੀਂ ਕਰਦੇ ਹਨ। ਬੇਸ਼ਕ ਮਾਣਯੋਗ ਅਦਾਲਤਾਂ ਨੇ ਬੱਸਾਂ ਵਿੱਚ ਟੀ ਵੀ, ਸਟੀਰੀÀ ਆਦਿ ਤੇ ਮੁਕੰਮਲ ਪਬੰਦੀ ਲਗਾਈ ਹੋਈ ਹੈ ਪਰ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਦੀਆਂ ਬਹੁਤੀਆਂ ਬੱਸਾਂ ਵਿੱਚ ਟੀ ਵੀ, ਵੀਡੀਉ ਸਿਸਟਮ ਸ਼ਰੇਆਮ ਚੱਲਦੇ ਹਨ। ਇਹਨਾਂ ਬੱਸਾਂ ਵਾਲ਼ਿਆਂ ਨੇ ਵੱਖ-ਵੱਖ ਟਿਊਨਾਂ ਵਾਲ਼ੇ ਪ੍ਰੈਸ਼ਰ ਹਾਰਨ ਲਗਾਏ ਹੋਏ ਹਨ ਜੋ ਕਿ ਸ਼ੋਰ ਪ੍ਰਦੂਸ਼ਣ ਵਿੱਚ ਵਾਧਾ ਕਰਦੇ ਹਨ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਇਨ੍ਹਾਂ ਬੱਸਾਂ ਦੇ ਕਾਲੇ ਸ਼ੀਸ਼ੇ, ਲੱਗੇ ਪਰਦੇ ਦਸੰਬਰ 2012 ਵਿੱਚ ਦਿੱਲੀ ਵਿੱਚ ਵਾਪਰੀ ਘਟਨਾ ਤੋਂ ਬਾਦ ਬਣਾਏ ਗਏ ਜਸਟਿਸ ਵਰਮਾ ਆਯੋਗ ਵਲੋਂ ਦਿਤੀਆਂ ਗਈਆਂ ਹਦਇਤਾਂ ਦੀ ਸਿੱਧੀ ਉਲੰਘਣਾ ਹੈ।  ਇਹਨਾਂ ਬੱਸਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਲਈ ਨਾਂ ਕੋਈ ਵਰਦੀ ਹੈ ਨਾਂ ਹੀ ਕੋਈ ਨਾਮ ਅੰਕਿਤ ਪਲੇਟ ਹੁੰਦੀ ਹੈ। ਇਹਨਾਂ ਬੱਸਾਂ ਵਿੱਚ ਅੱਗ ਬਝਾਉ ਯੰਤਰ, ਫਸਟ ਏਡ ਕਿੱਟ ਨਾ ਹੋਣਾ ਆਮ ਗੱਲ ਹੈ। ਸ਼ਕਾਇਤ ਅਤੇ ਸੁਝਾਅ ਨੋਟ ਬੁੱਕ ਬਾਰੇ ਤਾਂ ਬੱਸ ਸਟਾਫ ਨੂੰ ਵੀ ਪਤਾ ਨਹੀਂ ਹੁੰਦਾ ਹੈ। ਕੁੱਝ ਬਸਾਂ ਦੇ ਡਰਾਇਵਰ ਅਤੇ ਕੰਡਕਟਰ ਹਰ ਵੇਲੇ ਨਸ਼ੇ ਵਿੱਚ ਟੱਲੀ ਰਹਿੰਦੇ ਹਨ ਜਿਸ ਨਾਲ ਸਵਾਰੀਆਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ। ਇਨ੍ਹਾਂ ਪ੍ਰਾਈਵੇਟ ਬੱਸਾਂ ਦੇ ਸਟਾਫ ਮੈਂਬਰਾਂ ਦੇ ਵਤੀਰੇ ਤੋਂ ਅਕਸਰ ਹੀ ਸਵਾਰੀਆਂ ਪ੍ਰੇਸ਼ਾਨ ਹੁੰਦੀਆਂ ਹਨ। ਇਹਨਾਂ ਵਿੱਚ ਲੱਗੇ ਹੋਏ ਆਡੀਉ ਵੀਡੀਉ ਸਿਸਟਮ ਤੇ ਅਕਸਰ ਅਜਿਹੇ ਗਾਣੇ ਅਤੇ ਫਿਲਮਾਂ ਲਗਾਈਆ ਜਾਂਦੀਆਂ ਹਨ ਕਿ ਬੱਸ ਵਿੱਚ ਸਫਰ ਕਰ ਰਹੇ ਪਰਿਵਾਰ ਵਾਲ਼ੇ ਮੈਂਬਰਾਂ ਦਾ ਬੈਠਣਾ ਮੁਸਕਿਲ ਹੋ ਜਾਂਦਾ ਹੈ ਪਰ ਹੋਰ ਕੋਈ ਬੱਸ ਨਾਂ ਹੋਣ ਕਾਰਨ ਸਵਾਰੀਆਂ ਦੀ ਮਜਬੂਰੀ ਬਣੀ ਹੁੰਦੀ ਹੈ। ਇਹਨਾਂ ਪ੍ਰਾਈਵੇਟ ਬੱਸਾਂ ਵਾਲ਼ੇ ਸਟਾਫ ਮੈਂਬਰ ਅਪਣੀ ਮਨਮਰਜੀ ਦੇ ਟਾਇਮ ਤੇ ਹੀ ਚੱਲਦੇ ਹਨ ਅਤੇ ਮਰਜੀ ਦੇ ਸਟਾਪੇਜ ਬਣਾਉਂਦੇ ਹਨ ਜਿਸ ਕਾਰਨ ਸਵਾਰੀਆਂ ਪ੍ਰੇਸ਼ਾਨ ਹੁੰਦੀਆਂ ਹਨ। ਇਹਨਾਂ ਬੱਸਾਂ ਵਿੱਚ ਮਹਿਲਾਵਾਂ, ਅੰਗਹੀਣਾ, ਬਜੁਰਗਾਂ ਆਦਿ ਲਈ ਵੀ ਸੀਟਾਂ ਰਾਖਵੀਆਂ ਨਹੀਂ ਰੱਖੀਆਂ ਗਈਆਂ ਹਨ। ਇਹਨਾਂ ਬੱਸਾਂ ਵਾਲ਼ਿਆ ਵਲੋਂ ਸਵਾਰੀਆ ਨੂੰ ਦਿਤੀਆਂ ਜਾਣ ਵਾਲ਼ੀਆਂ ਟਿਕਟਾਂ ਵੀ ਅਪਣੀ ਮਰਜੀ ਦੀਆਂ ਹੁੰਦੀਆਂ ਹਨ ਜਿਸਤੇ ਕੰਪਨੀ ਦਾ ਪਤਾ ਤੱਕ ਅੰਕਿਤ ਨਹੀਂ ਹੁੰਦਾ ਹੈ ਅਤੇ ਟਿਕਟ ਦੀ ਕੀਮਤ ਵੀ ਅੰਕਿਤ ਨਹੀਂ ਹੰਦੀ ਹੈ। ਬੱਸ ਕੰਪਨੀ ਦਾ ਪੂਰਾ ਪਤਾ ਨਾ ਹੋਣ ਕਾਰਨ ਕੋਈ ਸ਼ਕਾਇਤ ਨਹੀਂ ਕਰ ਸਕਦਾ ਹੈ। ਇਹਨਾਂ ਬੱਸਾਂ ਵਾਲ਼ਿਆਂ ਨੇ ਬੌਰਡ ਵੀ ਅਪਣੀ ਮਰਜੀ ਦੇ ਲਗਾਏ ਹੋਏ ਹੁੰਦੇ ਹਨ। ਕਈ ਬੱਸਾਂ ਬੇਸ਼ੱਕ ਮੋਹਾਲੀ ਤੱਕ ਹੀ ਜਾਂਦੀਆਂ ਹਨ ਪਰੰਤੂ ਬੌਰਡ ਚੰਡੀਗੜ੍ਹ ਦਾ ਹੁੰਦਾ ਹੈ ਅਤੇ ਖਰੜ ਆਕੇ ਸਵਾਰੀਆਂ ਉਤਾਰ ਦਿੰਦੇ ਹਨ। ਇਸੇ ਤਰਾਂ ਜਿਵੇਂ ਹੀ ਨੈਣਾ ਦੇਵੀ ਮਾਤਾ ਦੇ ਮੇਲੇ ਸ਼ੁਰੁ ਹੁੰਦੇ ਹਨ ਇਹ ਨੈਣਾ ਦੇਵੀ ਦਾ ਬੌਰਡ ਲਗਾ ਲੈਂਦੇ ਹਨ ਅਤੇ ਅਨੰਦਪੁਰ ਸਾਹਿਬ ਆਕੇ ਸਵਾਰੀਆਂ ਨੂੰ ਉਤਾਰ ਦਿੰਦੇ ਹਨ ਅਤੇ ਸਵਾਰੀਆ ਪ੍ਰੇਸ਼ਾਨ ਹੁੰਦੀਆਂ ਹਨ। ਕਈ ਬੱਸਾਂ ਵਾਲ਼ੇ ਊਨਾ (ਹਿਮਾਚਲ ਪ੍ਰਦੇਸ਼) ਦਾ ਬੌਰਡ ਵੀ ਲਗਾ ਰੱਖਦੇ ਹਨ ਜਦੋਂ ਕਿ ਬੱਸ ਕੇਵਲ਼ ਨੰਗਲ ਤੱਕ ਹੀ ਹੁੰਦੀ ਹੈ ਅਤੇ ਇਹਨਾਂ ਕੋਲ਼ ਅਜਿਹਾ ਕੋਈ ਪਰਮਿਟ ਵੀ ਨਹੀਂ ਹੁੰਦਾ ਹੈ। ਬੇਸ਼ਕ ਕਨੂੰਨਨ ਤੌਰ ਤੇ ਅਜਿਹਾ ਕਰਨਾ ਧੋਖੇਬਾਜ਼ੀ ਹੈ ਪਰ ਇਹਨਾਂ ਬੱਸਾਂ ਵਾਲ਼ਿਆਂ ਲਈ ਸਵਾਰੀਆਂ ਇਕੱਠੀਆਂ ਕਰਨ ਦਾ ਸੌਖਾ ਢੰਗ ਹੈ। ਬੇਸ਼ੱਕ ਹਰ ਬੱਸ ਤੇ ਇਹ ਚੇਤਾਵਨੀ ਬੌਰਡ ਲਗਾਇਆ ਜਾਦਾ ਹੈ ਕਿ ਬਸ ਦੀ ਛੱਤ ਤੇ ਸਫਰ ਕਰਨਾ ਕਨੂੰਨਨ ਜੁਰਮ ਹੈ ਪਰ ਇਨ੍ਹਾਂ ਨਿੱਜੀ ਬਸਾਂ ਵਾਲੇ ਕੰਡਕਟਰ-ਡਰਾਇਵਰ ਆਪ ਸਵਾਰੀਆਂ ਵਿਸ਼ੇਸ਼ ਤੌਰ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਛੱਤ ਤੇ ਸਫਰ ਕਰਨ ਲਈ ਕਹਿੰਦੇ ਹਨ। ਇਨ੍ਹਾਂ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਉਪੱਰ ਤੱਕ ਪਹੁੰਚ ਹੋਣ ਕਾਰਨ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਡਰਦੇ ਹੋਏ ਕਾਰਵਾਈ ਨਹੀਂ ਕਰਦੇ ਹਨ ਜਿਸ ਕਾਰਨ ਇਹ ਬੱਸਾਂ ਬਿਨਾਂ ਡਰ ਤੋਂ ਹੀ ਕਨੂੰਨ ਤੋੜਕੇ ਚੱਲਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸਵਾਰੀਆਂ ਦੀ ਸੁਰਖਿਆ ਅਤੇ ਸਹੂਲਤਾਂ ਲਈ ਬਣਾਏ ਗਏ ਕਨੂੰਨਾਂ ਨੂੰ ਸੱਖਤੀ ਨਾਲ ਲਾਗੂ ਕਰੇ। ਇਸਤਰਾਂ ਦੀਆਂ ਅਪਰਾਧਿਕ ਘਟਨਾਵਾਂ ਦੀਆਂ ਸ਼ਿਕਾਇਤਾਂ ਲਈ ਵਿਸੇਸ ਹੈਲਪਲਾਇਨ ਨੰਬਰ ਬੱਸਾਂ ਵਿੱਚ ਹੀ ਲਿਖੇ ਜਾਣ। ਸ਼ਿਕਾਇਤ ਮਿਲਣ ਤੇ ਫੌਰੀ ਕਾਰਵਾਈ ਕੀਤੀ ਜਾਵੇ। ਜਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਬਣਦੀ ਡਿਊਟੀ ਨਾਂ ਕਰਨ ਸਬੰਧੀ ਸੱਖਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੇ ਮਾਮਲਿਆਂ ਵਿੱਚ ਰਾਜਨੀਤਿਕ ਦਖਲਅੰਦਾਜੀ ਰੋਕੀ ਜਾਵੇ।  
ਕੁਲਦੀਪ ਚੰਦ 
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ, ਜਿਲ੍ਹਾ ਰੂਪਨਗਰ ਪੰਜਾਬ-140124
9417563054, kuldipnangal0gmail.com

ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਨ ਲਈ ਪਤਾ  E-mail  : editor@upkaar.com  mobile 00971506330466