15 ਮਾਰਚ, 2015 ਲਈ ਵਿਸ਼ੇਸ਼
ਦਲਿਤ ਆਗੂ ਸਵਰਗੀ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਵਸ 15 ਮਾਰਚ ਲਈ ਵਿਸ਼ੇਸ਼।
ਦਲਿਤਾਂ ਦੇ ਵਿਕਾਸ ਅਤੇ ਸਮਾਜਿਕ ਵਿਤਕਰੇ ਖਿਲਾਫ ਚਲਾਏ ਅਭਿਆਨ ਲਈ ਸਦਾ ਯਾਦ ਕੀਤਾ ਜਾਵੇਗਾ ਬਾਬੂ ਕਾਂਸ਼ੀ ਰਾਮ ਨੂੰ।
 

 

ਸੰਸਾਰ ਦੇ ਕਈ ਦੇਸ਼ਾਂ ਵਿੱਚ ਨਸਲ, ਰੰਗ, ਧਰਮ, ਜਾਤ ਆਦਿ ਦੇ ਅਧਾਰ ਤੇ ਲੰਬਾ ਸਮਾਂ ਵਿਤਕਰਾ ਤੇ ਭੇਦਭਾਵ ਹੁੰਦਾ ਰਿਹਾ ਹੈ। ਸਾਡੇ ਦੇਸ਼ ਭਾਰਤ ਵਿੱਚ ਵੀ ਸਦੀਆਂ ਤੱਕ ਜਾਤ ਅਧਾਰਤ ਭੇਦਭਾਵ ਕਾਇਮ ਰਿਹਾ ਹੈ। ਸਾਡਾ ਦੇਸ਼ ਲੰਬਾ ਸਮਾਂ ਵਿਦੇਸ਼ੀਆਂ ਦਾ ਗੁਲਾਮ ਰਿਹਾ ਹੈ ਪਰੰਤੂ ਦੇਸ਼ ਵਿੱਚ ਰਹਿਣ ਵਾਲੇ ਇੱਕ ਵਿਸ਼ੇਸ਼ ਵਰਣ ਦੇ ਲੋਕ ਅਪਣੇ ਹੀ ਦੇਸ਼ ਦੇ ਲੋਕਾਂ ਦੇ ਗੁਲਾਮ ਰਹੇ ਹਨ। ਇਸ ਵਰਣ ਵਿਵਸਥਾ ਅਤੇ ਜਾਤ ਅਧਾਰਤ ਵਿਤਕਰੇ ਖਿਲਾਫ ਸਮੇਂ ਸਮੇਂ ਤੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਰਹਿਵਰਾਂ ਨੇ ਅਵਾਜ਼ ਉਠਾਈ ਹੈ ਅਤੇ ਇਸ ਸਮਾਜਿਕ ਢਾਂਚੇ ਨੂੰ ਬਦਲਣ ਲਈ ਮੁਹਿੰਮ ਚਲਾਈ ਹੈ। ਇਨ•ਾਂ ਰਹਿਬਰਾਂ ਵਿੱਚ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜਿਨ੍ਹਾਂ ਨੂੰ ਸਾਹਿਬ ਅਤੇ ਮਾਨਿਆਵਾਰ ਕਾਂਸ਼ੀ ਰਾਮ ਵੀ ਕਿਹਾ ਜਾਂਦਾ ਦਾ ਨਾਮ ਵੀ ਸ਼ਾਮਲ ਹੈ। ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰਸਟ ਦੇ ਚੇਅਰਮੈਨ ਅਤੇ ਬਾਬੂ ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਅਤੇ ਭਾਣਜੇ ਰਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਾਬੂ ਜੀ ਦਾ ਜਨਮ 15 ਮਾਰਚ 1934 ਨੂੰ ਉਨ੍ਹਾਂ ਦੇ ਨਾਨਕੇ ਘਰ ਨੰਗਲ-ਚੰਡੀਗੜ੍ਹ ਮੁੱਖ ਮਾਰਗ ਤੇ ਇਤਿਹਾਸਕ ਕਸਬਾ ਬੂੰਗਾ ਸਾਹਿਬ ਕੋਲ ਪੈਂਦੇ ਪਿੰਡ ਪ੍ਰਿਥੀਪੁਰ ਵਿੱਚ ਹੋਇਆ। ਬਾਬੂ ਕਾਂਸ਼ੀ ਰਾਮ ਅਪਣੇ ਮਾਤਾ ਸਵਰਗੀ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ ਦੇ 7 ਬੱਚਿਆਂ ਵਿਚੋਂ ਸਭਤੋਂ ਵੱਡੇ ਸਨ। ਸਵਰਗੀ ਬਾਬੂ ਕਾਂਸ਼ੀ ਰਾਮ ਦਾ ਪਰਿਵਾਰ ਰੂਪਨਗਰ ਜਿਲ੍ਹੇ ਦੇ ਪਿੰਡ ਖੁਆਸਪੁਰਾ ਵਿੱਚ ਰਹਿੰਦਾ ਸੀ ਅਤੇ ਬਾਬੂ ਜੀ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਮ ਸਿੱਖ ਧਰਮ ਨਾਲ ਸਬੰਧਿਤ ਰੱਖਦੇ ਸਨ ਪ੍ਰੰਤੂ ਬਾਬੂ ਜੀ ਦਾ ਜਨਮ ਨਾਨਕੇ ਪਿੰਡ ਹੋਣ ਕਾਰਨ ਉਨ੍ਹਾਂ ਦਾ ਨਾਮ ਕਾਂਸ਼ੀ ਰਾਮ ਰੱਖਿਆ ਗਿਆ। ਬਾਬੂ ਜੀ ਦੇ ਨਾਨਾ ਜੀ ਦਾ ਨਾਮ ਸਾਹਿਬ ਦਿਤਾ ਸੀ ਅਤੇ ਉਨ੍ਹਾਂ ਦਾ ਬਾਬੂ ਜੀ ਦੇ ਜਨਮ ਤੋਂ ਪਹਿਲਾਂ ਹੀ ਸਵਰਗਵਾਸ ਹੋ ਚੁੱਕਾ ਸੀ। ਬਾਬੂ ਜੀ ਦੀ ਨਾਨੀ ਦਾ ਨਾਮ ਪ੍ਰਸਿੰਨੀ ਦੇਵੀ ਸੀ ਅਤੇ ਬਾਬੂ ਜੀ ਦੇ ਨਾਨਕੇ ਪਰਿਵਾਰ ਵਿੱਚ ਹੋਰ ਕੋਈ ਮਾਮਾ ਨਾਂ ਹੋਣ ਕਾਰਨ ਬਾਬੂ ਜੀ ਦਾ ਅਪਣੀ ਨਾਨੀ ਨਾਲ ਬਹੁਤ ਗੂੜ•ਾ ਪਿਆਰ ਸੀ ਜਿਸ ਕਰਕੇ ਬਾਬੂ ਜੀ ਅਕਸਰ ਨਾਨਕੇ ਪਿੰਡ ਜਾਂਦੇ ਰਹਿੰਦੇ ਸਨ। ਨਾਨਕੇ ਪਿੰਡ ਨਾਲ ਪਿਆਰ ਕਾਰਨ ਹੀ ਬਾਬੂ ਜੀ ਨੇ ਆਪਣਾ ਮਕਾਨ ਵੀ ਨਾਨਕੇ ਪਿੰਡ ਵਿੱਚ ਹੀ ਬਣਾਇਆ ਸੀ। ਬਾਬੂ ਕਾਂਸ਼ੀ ਰਾਮ ਰਵਿਦਾਸੀਆ ਜਾਤ ਨਾਲ ਸਬੰਧ ਰੱਖਦੇ ਸਨ ਜੋਕਿ ਕਈ ਹੋਰ ਜਾਤਾਂ ਵਾਂਗ ਹੀ ਸਦੀਆਂ ਤੋਂ ਅਛੂਤ ਰਹੀ ਹੈ ਅਤੇ ਬਹੁਤੇ ਲੋਕ ਇਸ ਵਰਗ ਦੇ ਲੋਕਾਂ ਨੂੰ ਛੂਹਣਾ ਵੀ ਪਾਪ ਮੰਨਦੇ ਸਨ। ਬਾਬੂ ਕਾਂਸ਼ੀ ਰਾਮ ਨੇ ਮੁਢਲੀ ਪੜਾਈ ਪਿੰਡ ਤੋਂ ਲੈਣ ਉਪਰੰਤ ਸਰਕਾਰੀ ਕਾਲਜ ਰੋਪੜ੍ਹ ਤੋਂ ਵਿਗਿਆਨ ਵਿੱਚ ਗ੍ਰੈਜੂਏਸਨ ਕੀਤੀ। ਬਾਬੂ ਕਾਂਸ਼ੀ ਰਾਮ ਨੇ ਲੱਖਾਂ ਅਛੂਤਾਂ ਵਾਂਗ ਅਛੂਤਾਂ ਨਾਂਲ ਹੋ ਰਹੇ ਗੈਰ ਮਨੁਖੀ ਵਿਤਕਰੇ ਨੂੰ ਅਪਣੇ ਅੱਖੀਂ ਵੇਖਿਆਂ ਅਤੇ ਕਈ ਵਾਰ ਆਪ ਹੰਢਾਇਆ। ਬਾਬੂ ਜੀ ਨੇ ਬਚਪਨ ਵਿੱਚ ਹੀ ਇਸ ਸਮਾਜਿਕ ਬੁਰਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ। 1957 ਵਿੱਚ ਐਕਸਪਲੋਸਿਵ ਰਿਸਰਚ ਐਂਡ ਡਿਵੈਲਪਮੈਂਟ ਲੈਵੋਰਟਰੀ ਮਹਾਂਰਾਸ਼ਟਰ ਵਿੱਚ ਰਿਸਰਚ ਸਟਾਫ ਦੇ ਤੋਰ ਤੇ ਕੰਮ ਸ਼ੁਰੂ ਕੀਤਾ ਪਰ ਨਾਲ ਦੇ ਸਟਾਫ ਮੈਂਬਰ ਦੀਨਾ ਭਾਨ ਜੋਕਿ ਅਛੂਤ ਸੀ ਦੇ ਇੱਕ ਕੇਸ ਵਿੱਚ ਸ਼ਾਮਿਲ ਹੋਣ ਕਾਰਨ ਨੋਕਰੀ ਛੱਡ ਦਿਤੀ। ਵਰਣਨਯੋਗ ਹੈ ਕਿ ਦੀਨਾ ਭਾਨ ਜੋਕਿ ਰਾਜਾਸਥਾਨ ਦਾ ਰਹਿਣ ਵਾਲਾ ਸੀ ਨੇ ਕੰਪਨੀ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਛੁਟੀ ਨਾਂ ਕਰਨ ਕਾਰਨ ਰੋਸ ਪ੍ਰਦਰਸਨ ਕੀਤਾ ਸੀ। ਬਾਬੂ ਕਾਂਸ਼ੀ ਰਾਮ ਨੇ ਜਾਤ ਅਧਾਰਤ ਵਿਤਕਰੇ ਨੂੰ ਖਤਮ ਕਰਵਾਉਣ ਲਈ ਮੁਹਿੰਮ ਸ਼ੁਰੂ ਕਰ ਦਿਤੀ। ਬਾਬੂ ਜੀ ਨੇ ਦੀਨਾ ਭਾਨ ਨਾਲ ਮਿਲਕੇ ਸੰਘਰਸ ਕਰਕੇ ਤੇ ਲੰਬੀ ਲੜਾਈ ਲੜਕੇ ਇਸ ਕੰਪਨੀ ਵਿੱਚ ਬਾਬਾ ਸਾਹਿਬ ਦੇ ਜਨਮ ਦਿਵਸ ਅਤੇ ਬੁੱਧ ਜਯੰਤੀ ਦੀ ਬੰਦ ਕੀਤੀ ਗਈ ਛੁੱਟੀ ਮੁੜ੍ਹ ਸ਼ੁਰੂ ਕਰਵਾਈ। ਬਾਬੂ ਜੀ ਨੇ ਅਪਣੀ ਨੋਕਰੀ ਦੌਰਾਨ ਦਲਿਤ ਰਹਿਵਰਾਂ ਵਲੋਂ ਕੀਤੇ ਗਏ ਸੰਘਰਸ ਨੂੰ ਪੜਿਆ ਅਤੇ ਸਮਝਿਆ। ਭਾਰਤੀ ਸੰਵਿਧਾਲ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਦਲਿਤਾਂ ਨੂੰ ਸਹੀ ਅਰਥਾਂ ਵਿੱਚ ਏਕੇ ਦੇ ਸੂਤਰ ਵਿੱਚ ਬੰਨਣ ਦਾ ਸੁਪਨਾ ਸੱਚ ਕਰ ਦਿਖਾਇਆ। ਇਸਤੋਂ ਬਾਦ ਬਾਬੂ ਜੀ ਨੇ ਅਪਣਾ ਸਾਰਾ ਜੀਵਨ ਸਮਾਜ ਦੇ ਲਿਤਾੜ੍ਹੇ ਵਰਗਾਂ ਦੀ ਭਲਾਈ ਲਈ ਲਗਾ ਦਿਤਾ। ਬਾਬੂ ਜੀ ਨੇ ਅਪਣੇ ਸੰਘਰਸ਼ ਵਿੱਚ ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਸ਼ਾਮਿਲ ਕਰਕੇ ਇੱਕ ਵੱਡੀ ਤਾਕਤ ਬਣਾਈ। ਬਾਬੂ ਜੀ ਨੇ ਦਲਿਤਾਂ ਨੂੰ ਇਸ ਦੇਸ਼ ਦੇ ਮੁਢਲੇ ਵਾਸੀ ਕਹਿਕੇ ਆਦਿ ਦਾ ਨਾਮ ਦਿਤਾ। ਬਾਬੂ ਕਾਂਸ਼ੀ ਰਾਮ ਨੇ ਮੋਜੂਦਾ ਦਲਿਤ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ ਪੂਨਾ ਪੈਕਟ ਜੋਕਿ ਬਾਬ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਇੱਕ ਸਮਝੋਤਾ ਸੀ ਨੇ ਸਿਰਫ ਚਮਚੇ ਹੀ ਪੈਦਾ ਕੀਤੇ ਹਨ। ਉਹ ਅਕਸਰ ਪੂਨਾ ਪੈਕਟ ਦੀ ਵਿਰੋਧਤਾ ਕਰਦਿਆਂ ਕਹਿੰਦੇ ਸਨ ਕਿ ਇਸ ਸਮਝੋਤੇ ਕਾਰਨ ਪੀ ਐਮ ਰਾਮਸੇ ਮੈਕਡੋਨਲਡ ਦੇ ਕਮਿਊਨਲ ਐਵਾਰਡ ਦੁਆਰਾ ਦੱਸੇ ਗਏ ਵੱਖਰੇ ਵੋਟ ਦੇ ਅਧਿਕਾਰ ਤੋਂ ਸਦੀਆਂ ਤੋਂ ਲਿਤਾੜੇ ਵਰਗਾਂ ਨੂੰ ਬਾਂਝੇ ਰਹਿਣਾ ਪਿਆ ਹੈ। ਬਾਬੂ ਜੀ ਨੇ ਇਸ ਸਬੰਧੀ ਅਪਣੀ ਕਿਤਾਬ ਚਮਚਾ ਯੁੱਗ ਵਿੱਚ ਵਿਸਥਾਰ ਵਿੱਚ ਵਰਣਨ ਕੀਤਾ ਹੈ। ਬਾਬੂ ਜੀ ਨੇ ਦਲਿਤ ਕਰਮਚਾਰੀਆਂ ਨੂੰ ਸੰਗਠਿਤ ਕੀਤਾ ਅਤੇ ਉਚੱ ਜਾਤਿ ਦੇ ਕਰਮਚਾਰੀਆਂ ਅਤੇ ਲੋਕਾਂ ਵਲੋਂ ਕੀਤੇ ਜਾ ਰਹੇ ਅਤਿਆਚਾਰਾਂ ਦਾ ਸੰਘਰਸ਼ਮਈ ਵਿਰੋਧ ਕਰਨ ਲਈ ਤਿਆਰ ਕੀਤਾ। ਇਸ ਸਮੇਂ ਦੋਰਾਨ ਹੀ ਬਾਬੂ ਜੀ ਨੇ ਅਪਣਾ ਜੀਵਨ ਲਿਤਾੜ•ੇ ਵਰਗਾਂ ਦੇ ਨਾਮ ਕਰਕੇ ਵਿਆਹ ਨਾਂ ਕਰਵਾਉਣ ਦਾ ਫੈਸਲਾ ਕੀਤਾ। ਇਸਤੋਂ ਬਾਦ ਬਾਬੂ ਜੀ ਨੇ ਦਲਿਤ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਪਣੇ ਕੁੱਝ ਸਾਥੀਆਂ ਨਾਲ ਸਾਇਕਲ ਯਾਤਰਾ ਕੀਤੀ ਅਤੇ ਜਾਗਰੂਕਤਾ ਅਭਿਆਨ ਚਲਾਇਆ। ਬਾਬ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪ੍ਰੀਨਿਵਾਣ ਦਿਵਸ ਤੇ 06 ਦਿਸੰਬਰ, 1978 ਨੂੰ ਬਾਬੂ ਜੀ ਨੇ ਬੈਕਵਰਡ ਐਂਡ ਮਨਾਰਟੀਜ਼ ਕਮਿਊਨਿਟੀ ਇੰਪਲਾਇਜ਼ ਫੈਡਰੇਸ਼ਨ ਬਾਮਸੇਫ ਨਾਮ ਦਾ ਕਰਮਚਾਰੀ ਸੰਗਠਨ ਬਣਾਇਆ ਅਤੇ 3 ਸਾਲ ਬਾਦ 6 ਦਸੰਬਰ 1981 ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਡੀ ਐਸ-4 ਨਾਮ ਦਾ ਸੰਗਠਨ ਤਿਆਰ ਕੀਤਾ। ਬਾਬ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ 14 ਅਪ੍ਰੈਲ 1984 ਨੂੰ ਬਾਬੂ ਜੀ ਨੇ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ (ਬੀ ਐਸ ਪੀ) ਬਣਾ ਦਿਤੀ ਅਤੇ ਦੇਸ਼ ਦੀ ਸੱਤਾ ਤੇ ਕਾਬਜ ਹੋਣ ਦਾ ਐਲਾਨ ਕਰ ਦਿਤਾ। ਬਾਬੂ ਜੀ ਦੁਆਰਾ 6000 ਜਾਤਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਅਤੇ 85 ਫਿਸਦੀ ਵਰਗ ਦੇ ਲੋਕਾਂ ਨੂੰ ਬਹੁਜ਼ਨ ਸਮਝਣ ਦੇ ਤਜ਼ਰਬੇ ਨਾਲ ਬੀ ਐਸ ਪੀ ਰਾਸ਼ਟਰੀ ਪਾਰਟੀ ਬਣ ਗਈ ਅਤੇ ਪਿਛਲੇ ਕਈ ਸਾਲਾਂ ਤੋਂ ਚਲਦੀਆਂ ਰਾਜਨੀਤਿਕ ਪਾਰਟੀਆਂ ਨੂੰ ਪਿੱਛੇ ਛੱਡਕੇ ਤੀਜੇ ਨੰਬਰ ਤੇ ਪਹੁੰਚ ਗਈ। 1989 ਦੀਆਂ ਲੋਕ ਸਭਾ ਚੋਣਾਂ ਵਿੱਚ ਬਾਬੂ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਬੀ ਐਸ ਪੀ ਨੇ ਦੇਸ਼ ਵਿੱਚ 2.07 ਫਿਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 3 ਲੋਕ ਸਭਾ ਮੈਂਬਰ ਬਣੇ। 1992 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਇੱਕ ਵੱਡੀ ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ ਜਿਸ ਵਿੱਚ 9 ਵਿਧਾਇਕ ਚੁਣੇ ਗਏ ਅਤੇ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਬਣੀ। 1993 ਵਿੱਚ ਦੇਸ਼ ਦੀ ਰਾਜਨੀਤੀ ਦਾ ਗੜ੍ਹ ਰਹਿਣ ਵਾਲੇ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ 67 ਵਿਧਾਇਕ ਬਣਾਕੇ ਵੱਡੀ ਜਿੱਤ ਹਾਸਲ ਕੀਤੀ। ਬਾਬੂ ਜੀ ਆਪ ਦੋ ਵਾਰ 1991 ਅਤੇ 1996 ਵਿੱਚ ਲੋਕ ਸਭਾ ਮੈਂਬਰ ਚੁਣੇ ਗਏ। 1998 ਵਿੱਚ ਬਾਬੂ ਜੀ ਨੇ ਇਹ ਵਾਅਦਾ ਕੀਤਾ ਕਿ ਉਹ ਉਦੋਂ ਤੱਕ ਆਪ ਚੋਣ ਨਹੀਂ ਲੜਣਗੇ ਜਦੋਂ ਤੱਕ ਲੋਕ ਸਭਾ ਵਿੱਚ ਘਟੋ ਘਟ 100 ਮੈਂਬਰ ਜਿੱਤਕੇ ਨਹੀਂ ਜਾਂਦੇ ਤਾਂ ਜੋ ਦੇਸ਼ ਦੀ ਸੱਤਾ ਦੀ ਚਾਬੀ ਦਲਿਤਾਂ ਦੇ ਹੱਥਾਂ ਵਿੱਚ ਆ ਸਕੇ। ਉਸਤੋਂ ਬਾਦ ਬਹੁਜਨ ਸਮਾਜ ਪਾਰਟੀ ਬੇਸੱਕ ਪੰਜਾਬ ਵਿੱਚ ਪੂਰੀ ਤਰਾਂ ਕਾਮਯਾਬ ਨਹੀਂ ਹੋ ਸਕੀ ਪਰ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ ਕਈ ਵਾਰ ਸਰਕਾਰ ਬਣਾਈ। ਬਾਬੂ  ਕਾਂਸ਼ੀ ਰਾਮ ਜੋ ਕਿ ਸ਼ੂਗਰ ਦੀ ਬਿਮਾਰੀ ਤੋਂ ਪੀੜ੍ਹਿਤ ਸਨ ਨੂੰ 1994 ਵਿੱਚ ਦਿਲ ਦਾ ਦੌਰਾ ਪੈ ਗਿਆ। 2003 ਵਿੱਚ ਬਾਬੂ ਜੀ ਦੀ ਹਾਲਤ ਹੋਰ ਜਿਆਦਾ ਖਰਾਬ ਹੋ ਗਈ ਅਤੇ 2004 ਤੋਂ ਬਾਦ ਬਾਬੂ ਜੀ ਨੇ ਹਰ ਤਰਾਂ ਦੇ ਜਨਤਕ ਪ੍ਰੋਗਰਾਮਾਂ ਵਿੱਚ ਜਾਣਾ ਬੰਦ ਕਰ ਦਿਤਾ। ਅੰਤ ਬਾਬੂ ਜੀ ਲੰਬੀ ਬਿਮਾਰੀ ਬਾਦ ਮਿਤੀ 09 ਅਕਤੂਬਰ 2006 ਨੂੰ ਸਦੀਵੀ ਵਿਛੋੜਾ ਦੇ ਗਏ। ਬਾਬੂ ਕਾਂਸ਼ੀ ਰਾਮ ਬੇਸ਼ੱਕ ਬਹੁਜਨ ਸਮਾਜ ਪਾਰਟੀ ਨਾਲ ਹੀ ਜੁੜ੍ਹੇ ਰਹੇ ਪਰੰਤੂ ਹੁਣ ਉਨ੍ਹਾਂ ਨੂੰ ਹਰ ਰਾਜਨੀਤਿਕ ਪਾਰਟੀ ਪੂਰਾ ਮਾਣ ਸਨਮਾਨ ਦਿੰਦੀ ਹੈ। ਦੇਸ਼ ਵਿੱਚ ਦਲਿਤ ਰਾਜਨੀਤੀ ਦਾ ਧੁਰਾ ਰਹੇ ਬਾਬੂ ਕਾਂਸ਼ੀ ਰਾਮ ਦਾ ਨਾਮ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਵਸਿਆ ਰਹੇਗਾ।   

 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ 
ਪੰਜਾਬ
9417563054

ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਨ ਲਈ ਪਤਾ  E-mail  : editor@upkaar.com  mobile 00971506330466