ਲੜੀ ਨੰਬਰ : 08

 

ਮੌਲਿਕ ਕਰਤੱਵ


ਅਧਿਕਾਰ ਅਤੇ ਕਰਤੱਵਾਂ ਦਾ ਅੰਤਰ-ਸੰਬੰਧ ਹੈ ਅਤੇ ਇਹ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ। ਸੰਵਿਧਾਨ ਨਿਰਮਾਤਾ ਰਾਜਸੀ ਸਿਧਾਂਤ ਦੇ ਇਸ ਅਟੱਲ ਮੂਲ ਤੱਤ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਸਨ। ਇਸ ਸਿਧਾਂਤ ਵਿੱਚ ਵਿਸ਼ਵਾਸ ਕਾਰਨ ਸੰਵਿਧਾਨ ਨਿਰਮਾਤਾਵਾਂ ਨੇ ਮੌਲਿਕ ਅਧਿਕਾਰਾਂ ਬਾਰੇ ਅਧਿਆਏ ਦਰਜ ਕਰਨ ਸਮੇਂ ਨਾਗਰਿਕਾਂ ਦੇ ਮੁੱਢਲੇ ਕਰਤੱਵਾਂ ਬਾਰੇ ਵੱਖਰਾ ਅਧਿਆਇ ਨਾ ਸ਼ਾਮਲ ਕਰਨ ਨੂੰ ਠੀਕ ਸਮਝਿਆ। ਉਨ੍ਹਾਂ ਮਹਿਸੂਸ ਕੀਤਾ ਕਿ ਮੁੱਢਲੇ ਕਰਤੱਵ ਮੌਲਿਕ ਅਧਿਕਾਰਾਂ ਬਾਰੇ ਅਧਿਆਇ ਦਾ ਹੀ ਅਟੁੱਟ ਹਿੱਸਾ ਹਨ। ਉਨ੍ਹਾਂ ਦਾ ਭਾਰਤ ਦੇ ਲੋਕਾਂ ਦੁਆਰਾ ਅਪਣਾਈਆਂ ਲੋਕਤੰਤਰਿਕ ਕਦਰਾਂ-ਕੀਮਤਾਂ ਵਿੱਚ ਡੂੰਘਾ ਵਿਸ਼ਵਾਸ ਸੀ ਇਸ ਲਈ ਉਨ੍ਹਾਂ ਨੇ ਭਾਰਤੀ ਨਾਗਰਿਕਾਂ ਦੇ ਕਰਤੱਵਾਂ ਸਬੰਧੀ ਵੱਖਰੀ ਸੂਚੀ ਦੇਣ ਦੀ ਲੋੜ ਮਹਿਸੂਸ ਨਹੀਂ ਕੀਤੀ। ਪਰ ਸੰਵਿਧਾਨ ਲਾਗੂ ਹੋਣ ਦੇ ਲਗਭਗ 4 ਦਹਾਕਿਆਂ ਦੇ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਰਾਸ਼ਟਰ ਪ੍ਰਤੀ ਫਰਜ਼ਾਂ ਬਾਰੇ ਪੂਰੀ ਤਰ੍ਹਾਂ ਚੇਤਨ ਕਰਨ ਦੀ ਬੇਹੱਦ ਲੋੜ ਸੀ। ਕਾਂਗਰਸ ਲੀਡਰਸ਼ਿਪ ਜੋ ਸੁਤੰਤਰਤਾ ਤੋਂ ਲੈ ਕੇ ਸੱਤਾ ਵਿੱਚ ਚਲੀ ਆ ਰਹੀ ਸੀ, ਨੇ 1970 ਦੇ ਦਹਾਕੇ ਦੇ ਅੰਤ ਵਿੱਚ ਮਹਿਸੂਸ ਕੀਤਾ ਜਿਵੇਂ ਕਿ ਕਾਨੂੰਨ ਮੰਤਰੀ ਐਚ.ਆਰ.ਗੋਖਲੇ ਨੇ ਕਿਹਾ ਕਿ ''ਲੋਕਾਂ ਦਾ ਇੱਕ ਵਰਗ ਮੌਲਿਕ ਅਧਿਕਾਰਾਂ ਵੱਲ ਤਾਂ ਅਥਾਹ ਉਤਸ਼ਾਹ ਵਿਖਾਉਂਦਾ ਹੈ ਪਰ ਉਹ ਸਥਾਪਤ ਵਿਵਸਥਾ ਦੇ ਸਤਿਕਾਰ ਵਜੋਂ ਆਪਣੇ ਮੁੱਢਲੇ ਕਰਤੱਵਾਂ ਨੂੰ ਨਿਭਾਉਣ ਵਾਸਤੇ ਕੋਈ ਦਿਲਚਸਪੀ ਨਹੀਂ ਵਿਖਾਉਂਦਾ।''
ਫਰਵਰੀ 1976 ਵਿੱਚ ਸੰਵਿਧਾਨਿਕ ਸੁਧਾਰਾਂ ਬਾਰੇ ਰਾਇ ਦੇਣ ਵਾਸਤੇ ਸਵਰਨ ਸਿੰਘ ਕਮੇਟੀ ਬਣਾਈ ਗਈ। ਮਈ, 1976 ਵਿੱਚ ਪ੍ਰਕਾਸ਼ਤ ਇਸ ਦੀ ਰਿਪੋਰਟ ਵਿੱਚ ਇਸ ਕਮੇਟੀ ਨੇ ਸਿਫਾਰਿਸ਼ ਕੀਤੀ ਕਿ ਹੋਰ ਗੱਲਾਂ ਤੋਂ ਇਲਾਵਾ ਭਾਰਤ ਦੇ ਲੋਕਾਂ ਦੇ ਮੁੱਢਲੇ ਕਰਤੱਵਾਂ ਦੀ ਸੂਚੀ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਕਮੇਟੀ ਦੀਆਂ ਸਿਫਾਰਸ਼ਾਂ ਮੰਨਦੇ ਹੋਏ ਸੰਸਦ ਵੱਲੋਂ 42ਵੀਂ ਸੋਧ (1976) ਪਾਸ ਕੀਤੀ ਗਈ ਤੇ ਇਸ ਦੁਆਰਾ ਸੰਵਿਧਾਨ ਵਿੱਚ ਇੱਕ ਨਵਾਂ ਭਾਗ 4-ਏ ਸ਼ਾਮਲ ਕੀਤਾ ਗਿਆ। ਇਸ ਭਾਗ ਵਿੱਚ ਅਨੁਛੇਦ 51-ਏ ਸ਼ਾਮਲ ਕੀਤਾ ਗਿਆ ਤੇ ਇਸ ਰਾਹੀਂ ਦੇਸ਼ ਦੇ ਲੋਕਾਂ ਦੇ 10 ਮੌਲਿਕ ਕਰਤੱਵਾਂ ਦਾ ਵੇਰਵਾ ਦਰਜ ਕੀਤਾ ਗਿਆ। ਫਿਰ 2002 ਵਿੱਚ ਕੀਤੀ ਗਈ 86ਵੀਂ ਸੰਵਿਧਾਨਿਕ ਸੋਧ ਦੁਆਰਾ ਇੱਕ ਹੋਰ ਮੌਲਿਕ ਕਰਤੱਵ ਭਾਗ 9V-ਏ ਵਿੱਚ ਦਰਜ ਕੀਤਾ ਗਿਆ ਅਤੇ ਅੱਜ ਨਾਗਰਿਕਾਂ ਦੇ ਹੇਠਾਂ ਦਿੱਤੇ 11 ਮੁੱਢਲੇ ਕਰਤੱਵ ਸੰਵਿਧਾਨ ਦੀ ਧਾਰਾ 51-ਏ ਵਿੱਚ ਸ਼ਾਮਲ ਹਨ।


(1)
ਸੰਵਿਧਾਨ ਦੀ ਪਾਲਣਾ ਕਰਨ ਤੇ ਇਸ ਦੇ ਆਦਰਸ਼ਾਂ ਤੇ ਸੰਸਥਾਵਾਂ, ਰਾਸ਼ਟਰੀ ਝੰਡੇ ਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ: ਹਰੇਕ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਸੰਵਿਧਾਨ ਵਿੱਚ ਦਰਜ ਦੇਸ਼ ਦੇ ਸਰਵਉੱਚ ਕਾਨੂੰਨ ਦੀ ਪਾਲਣਾ ਕਰੇ, ਰਾਸ਼ਟਰੀ ਆਦਰਸ਼ਾਂ ਤੇ ਸੰਸਥਾਵਾਂ ਅਤੇ ਰਾਸ਼ਟਰੀ ਪ੍ਰਭੂਸੱਤਾ ਤੇ ਏਕਤਾ ਦੇ ਚਿੰਨ੍ਹਾਂ, ਰਾਸ਼ਟਰੀ ਝੰਡੇ ਤੇ ਰਾਸ਼ਟਰੀ ਗੀਤ ਦਾ ਸਨਮਾਨ ਕਰੇ।


(2)
ਪਵਿੱਤਰ ਆਦਰਸ਼ਾਂ ਜਿਨ੍ਹਾਂ ਨੇ ਸਾਡੀ ਸੁਤੰਤਰਤਾ ਦੇ ਸੰਘਰਸ਼ ਨੂੰ ਉਤਸ਼ਾਹਿਤ ਕੀਤਾ, ਨੂੰ ਯਾਦ ਰੱਖਣਾ ਤੇ ਉਨ੍ਹਾਂ ਤੇ ਚੱਲਣਾ: ਬਰਤਾਨਵੀ ਸਾਮਰਾਜਵਾਦ ਦੇ ਚੁੰਗਲ ਤੋਂ ਆਜ਼ਾਦ ਹੋਣ ਵਾਸਤੇ ਸਾਡੇ ਸੰਘਰਸ਼ ਵਿੱਚ ਸੁਤੰਤਰਤਾ, ਬਰਾਬਰੀ, ਏਕਤਾ, ਨਿਆਂ, ਭਾਈਚਾਰਕ ਸਾਂਝ, ਅਮਨ ਤੇ ਅਹਿੰਸਾ ਦੇ ਬੇਜੋੜ ਆਦਰਸ਼ਾਂ ਨੇ ਸਾਡੀ ਅਗਵਾਈ ਕੀਤੀ ਸੀ। ਇਸ ਲਈ ਸਾਰੇ ਭਾਰਤੀ ਨਾਗਰਿਕਾਂ ਦਾ ਇਹ ਸੰਵਿਧਾਨਿਕ ਕਰਤੱਵ ਹੈ ਕਿ ਉਹ ਸਾਡੀ ਸੁਤੰਤਰਤਾ ਦੀ ਲੜਾਈ ਦੀਆਂ ਅਜਿਹੀਆਂ ਹੋਰ ਕਦਰਾਂ-ਕੀਮਤਾਂ ਦਾ ਸਨਮਾਨ ਤੇ ਪਾਲਣਾ ਕਰਨ।


(3)
ਭਾਰਤ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣਾ ਤੇ ਰੱਖਿਆ ਕਰਨਾ: ਰਾਜ ਲੋਕਾਂ ਦੇ ਅਧਿਕਾਰਾਂ ਤੇ ਸੁਤੰਤਰਤਾਵਾਂ ਦੀ ਰੱਖਿਆ ਕਰਦਾ ਹੈ ਤੇ ਉਨ੍ਹਾਂ ਨੂੰ ਲਾਗੂ ਕਰਦਾ ਹੈ। ਇਸ ਲਈ ਨਤੀਜੇ ਦੇ ਤੌਰ ਤੇ ਲੋਕਾਂ ਦਾ ਇਹ ਸਰਵਉੱਚ ਕਰਤੱਵ ਬਣ ਜਾਂਦਾ ਹੈ ਕਿ ਉਹ ਦੇਸ਼ ਦੀ ਪ੍ਰਭੂਸੱਤਾ, ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ, ਇਸ ਦੀ ਰੱਖਿਆ ਕਰਨ ਤੇ ਇਨ੍ਹਾਂ ਤੇ ਪਹਿਰਾ ਦੇਣ।


(4)
ਲੋੜ ਪੈਣ ਤੇ ਦੇਸ਼ ਦੀ ਸੁਰੱਖਿਆ ਕਰਨਾ ਤੇ ਰਾਸ਼ਟਰੀ ਸੇਵਾ ਵਾਸਤੇ ਸਮਰਪਿਤ ਹੋਣਾ: ਜੇਕਰ ਭਾਰਤ ਖਤਮ ਹੋ ਜਾਂਦਾ ਹੈ ਤਾਂ ਕੌਣ ਜ਼ਿੰਦਾ ਰਹੇਗਾ ਅਤੇ ਜੇਕਰ ਭਾਰਤ ਕਾਇਮ ਹੈ ਤਾਂ ਮਰੇਗਾ ਕੌਣ? ਮਾਤ ਭੂਮੀ ਦੀ ਰਾਖੀ ਕਰਨਾ ਅਤੇ ਰਾਸ਼ਟਰੀ ਸੇਵਾ ਭਾਰਤ ਦੇ ਹਰੇਕ ਨਾਗਰਿਕ ਦਾ ਪਵਿੱਤਰ ਤੇ ਸੰਵਿਧਾਨਕ ਕਰਤੱਵ ਹੈ।


(5)
ਧਾਰਮਿਕ, ਭਾਸ਼ਾਈ ਤੇ ਖੇਤਰੀ ਜਾਂ ਜਾਤੀ ਭਿੰਨਤਾਵਾਂ ਤੋਂ ਉਪਰ ਉਠ ਕੇ ਭਾਰਤ ਦੇ ਲੋਕਾਂ ਵਿੱਚ ਫਿਰਕੂ ਇਕਸੁਰਤਾ ਤੇ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ, ਔਰਤਾਂ ਦੇ ਸਨਮਾਨ ਨੂੰ ਸੱਟ ਮਾਰਨ ਵਾਲੇ ਅਮਲ ਨੂੰ ਤਿਆਗਣਾ: ਭਾਰਤੀ ਸਮਾਜ ਧਰਮਾਂ, ਸੱਭਿਆਚਾਰਕ, ਭਾਸ਼ਾਈ ਤੇ ਖੇਤਰੀ ਭਿੰਨਤਾਵਾਂ ਦੀਆਂ ਵਿਸ਼ੇਸ਼ਤਾਵਾਂ ਵਾਲਾ ਸਮਾਜ ਹੈ ਤੇ ਇਸ ਵਿੱਚ ਅੰਦਰੂਨੀ, ਜਜ਼ਬਾਤੀ ਤੇ ਮਾਨਸਿਕ ਏਕਤਾ ਹੈ। ਸਮਾਜ ਦੀ ਮੁੱਖ ਲੋੜ ਭਿੰਨਤਾ ਵਿੱਚ ਰਹਿੰਦਿਆਂ ਏਕਤਾ ਨੂੰ ਬਣਾਈ ਰੱਖਣਾ ਤੇ ਮਜ਼ਬੂਤ ਕਰਨਾ ਹੈ। ਇਸ ਲਈ ਸੰਵਿਧਾਨ ਅਨੁਸਾਰ ਦੇਸ਼ ਦੇ ਸਾਰੇ ਲੋਕਾਂ ਦਾ ਇਹ ਮੁੱਢਲਾ ਕਰਤੱਵ ਹੈ ਕਿ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਤੇ ਮਜ਼ਬੂਤ ਬਣਾਉਣ। ਭਾਰਤੀ ਔਰਤਾਂ ਜੋ ਅਨੇਕਾਂ ਗੈਰ-ਸਿਹਤਮੰਦ ਤੇ ਸਮਾਜਿਕ ਬੁਰਾਈਆਂ ਕਾਰਨ ਬੀਤੇ ਵਿੱਚ ਪੀੜਤ ਰਹੀਆਂ ਹਨ, ਨੂੰ ਲੋੜੀਂਦਾ ਉਚਿਤ ਸਥਾਨ ਦੇਣ।


(6)
ਸਾਡੇ ਸਮੁਚਿਤ ਸੱਭਿਆਚਾਰ ਦੀ ਅਮੀਰ ਵਿਰਾਸਤ ਦਾ ਸਤਿਕਾਰ ਕਰਨਾ ਤੇ ਉਸ ਨੂੰ ਸੰਭਾਲਣਾ: ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਹੈ। ਹਾਲਾਂਕਿ ਯੂਰਪੀ ਸਾਮਰਾਜਵਾਦ ਦੇ ਯੁੱਗ ਦੌਰਾਨ ਲੋਕ ਪੱਛਮੀ ਸੱਭਿਆਚਾਰ ਦੀ ਪਦਾਰਥਵਾਦੀ ਚਕਾਚੌਂਧ ਵੱਲ ਖਿੱਚੇ ਗਏ ਸਨ। ਨਵੀਂ ਪੀੜ੍ਹੀ ਨੂੰ ਭਾਰਤ ਦੀ ਬੀਤੇ ਦੀ ਸ਼ਾਨ ਤੇ ਅਮੀਰ ਵਿਰਾਸਤ ਬਾਰੇ ਚੇਤੰਨ ਕਰਨ ਲਈ ਸੰਵਿਧਾਨਕਿ ਤੌਰ ਤੇ ਸਾਰੇ ਨਾਗਰਿਕਾਂ ਦਾ ਇਹ ਮੁੱਢਲਾ ਕਰਤੱਵ ਹੈ ਕਿ ਉਹ ਆਪਣੇ ਸਮੁਚਿਤ ਸੱਭਿਆਚਾਰ ਦਾ ਸਨਮਾਨ ਕਰਨ, ਉਸ ਦੀ ਸੰਭਾਲ ਤੇ ਰੱਖਿਆ ਕਰਨ।

(7)
ਜੰਗਲਾਂ, ਝੀਲਾਂ, ਦਰਿਆਵਾਂ ਅਤੇ ਜੰਗਲੀ ਜੀਵਨ ਸਮੇਤ ਕੁਦਰਤੀ ਵਾਤਾਵਰਣ ਦੀ ਸੰਭਾਲ ਤੇ ਸੁਧਾਰ ਅਤੇ ਪਸ਼ੂ ਪੰਛੀਆਂ ਪ੍ਰਤੀ ਦਇਆ ਰੱਖਣਾ: ਸਾਡੇ ਕੁਦਰਤੀ ਵਾਤਾਵਰਣ ਨੂੰ ਪ੍ਰਦੂਸ਼ਣ ਤੇ ਅਣਇੱਛਕ ਸ਼ੋਸ਼ਣ ਤੋਂ ਬਚਾਉਣ ਦੀ ਲੋੜ ਮਹਿਸੂਸ ਕਰਦਿਆਂ ਸੰਵਿਧਾਨ ਦੇ ਨਿਰਮਾਤਾਵਾਂ ਨੇ ਨਾਗਰਿਕਾਂ ਦਾ ਇਹ ਮੁੱਢਲਾ ਕਰਤੱਵ ਬਣਾ ਦਿੱਤਾ ਕਿ ਉਹ ਕੁਦਤਰੀ ਵਾਤਾਵਰਣ ਦੀ ਰੱਖਿਆ ਕਰਨ ਤੇ ਉਸ ਵਿੱਚ ਸੁਧਾਰ ਕਰਨ। ਕੁਦਰਤੀ ਵਾਤਾਵਰਣ ਤੇ ਸਮਾਜਿਕ ਵਾਤਾਵਰਣ ਦੀ ਇੱਕ ਦੂਸਰੇ ਤੇ ਨਿਰਭਰਤਾ ਇੱਕ ਅਟੱਲ ਸਚਾਈ ਹੈ। ਕੁਦਰਤੀ ਵਾਤਾਵਰਣ ਦੀ ਮਹੱਤਤਾ ਨੂੰ ਸਮਝਦਿਆਂ ਇੱਕ ਸਿਹਤਮੰਦ ਤੇ ਵਿਕਸਿਤ ਸਮਾਜਿਕ ਵਾਤਾਵਰਣ ਨੂੰ ਸਾਂਭਣਾ ਸਾਡੇ ਵਾਸਤੇ ਜ਼ਰੂਰੀ ਹੈ।


(8)
ਵਿਗਿਆਨਕ, ਮਨੁੱਖਵਾਦੀ ਸੋਚ ਤੇ ਸੁਧਾਰ ਦੀ ਭਾਵਨਾ ਨੂੰ ਵਿਕਸਿਤ ਕਰਨਾ: ਮੌਜੂਦਾ ਬੁਰਾਈਆਂ ਤੇ ਪੁਰਾਣੇ ਰੀਤੀ-ਰਿਵਾਜਾਂ ਨੂੰ ਖਤਮ ਕਰਨ ਵਾਸਤੇ ਇਹ ਜ਼ਰੂਰੀ ਹੈ ਕਿ ਲੋਕ ਇੱਕ ਵਿਗਿਆਨਕ ਮਾਨਸਿਕਤਾ ਵਿਕਸਿਤ ਕਰਨ। ਉਨ੍ਹਾਂ ਨੂੰ ਹਰ ਹਾਲਤ ਵਿੱਚ ਇੱਕ ਤਰਕਪੂਰਣ ਰਵੱਈਆ ਤੇ ਸਿੱਖਣ ਦੀ ਤਾਂਘ ਵਿਕਸਿਤ ਕਰਨੀ ਚਾਹੀਦੀ ਹੈ ਤੇ ਆਪਣੇ ਗੁਣਾਂ ਤੇ ਸਾਧਨਾਂ ਨੂੰ ਸਮਾਜ ਦੇ ਸੁਧਾਰ ਤੇ ਵਿਕਾਸ ਵਾਸਤੇ ਵਰਤਣਾ ਚਾਹੀਦਾ ਹੈ। ਮਨੁੱਖੀ ਕਦਰਾਂ-ਕੀਮਤਾਂ ਨੂੰ ਸਮਝਣਾ, ਉਨ੍ਹਾਂ ਦਾ ਸਨਮਾਨ ਕਰਨਾ ਤੇ ਉਨ੍ਹਾਂ ਨੂੰ ਅਪਣਾਉਣਾ ਮਨੁੱਖ ਦਾ ਇੱਕ ਸਰਵਉੱਚ ਫਰਜ਼ ਹੈ

ਇਸ ਸਬੰਧੀ ਹੋਰ ਲੇਖਾਂ ਦੇ ਲਿੰਕ
ਭੂਮਿਕਾ
ਮੌਲਿਕ ਅਧਿਕਾਰ
ਸੁਤੰਤਰਤਾ ਅਧਿਕਾਰ
ਸੁਤੰਤਰਤਾ ਅਧਿਕਾਰ 2
ਸੁਤੰਤਰਤਾ ਅਧਿਕਾਰ 3
ਸ਼ੋਸ਼ਣ ਵਿਰੁਧ ਅਧਿਕਾਰ
ਵਿਦਿਅਕ ਅਧਿਕਾਰ
ਮੌਲਿਕ ਕਰਤੱਵ
ਮੌਲਿਕ ਕਰਤੱਵ-2
ਮਨੁੱਖੀ ਅਧਿਕਾਰ ਅਯੋ
ਮਨੁੱਖੀ ਅਧਿਕਾਰ ਅਯੋ-2
ਪੰਚਾਇਤੀ ਰਾਜ-1
ਪੰਚਾਇਤੀ ਰਾਜ- 2
ਸ਼ਾਮਲਾਤ ਦੇਹ ਸੰਭਾਲ
ਇੰਦਰਾ ਅਵਾਸ ਯੋਜਨਾ
ਸਕੀਮਾਂ ਦਾ ਵੇਰਵਾ
ਸਿੱਖਿਆ ਅਧਿਕਾਰ
 
 
 
 
 
 
 
 
 
 

ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਨ ਲਈ ਪਤਾ  E-mail  : editor@upkaar.com  mobile 00971506330466