14 ਨਵੰਬਰ ਬਾਲ ਦਿਵਸ ਸਬੰਧੀ ਵਿਸ਼ੇਸ਼।


ਕਿਸਦਾ ਬਾਲ ਦਿਵਸ, ਕਿਹੜਾ ਬਾਲ ਦਿਵਸ, ਬਾਲ ਦਿਵਸ ਤੇ ਵੀ ਗਰੀਬ ਬਾਲਾਂ ਦਾ ਕੋਈ ਹਾਲ ਪੁੱਛਣ ਵਾਲ਼ਾ ਨਹੀਂ।


13 ਨਵੰਬਰ, 2014
ਕੁਲਦੀਪ ਚੰਦ) ਬੱਚੇ ਹਰ ਸਮਾਜ ਦਾ ਭਵਿੱਖ ਹਨ ਅਤੇ ਜੇਕਰ ਅਸੀਂ ਅਪਣਾ ਭਵਿੱਖ ਸੁਨਿਹਰੀ ਬਣਾਉਣਾਂ ਚਾਹੁੰਦੇ ਹਾਂ ਤਾਂ ਦੇਸ਼ ਅਤੇ ਸਮਾਜ ਦੇ ਬੱਚਿਆਂ ਨੂੰ ਵਧੀਆ ਖੁਸ਼ਹਾਲ ਬਚਪਨ ਦੇਣਾ ਪਵੇਗਾ। ਵਿਸ਼ਵ ਪੱਧਰ ਤੇ ਬੱਚਿਆਂ ਦੀ ਮਹੱਤਤਾ ਨੂੰ ਵੇਖਦੇ ਹੋਏ ਵਿਸ਼ਵ ਦੇ ਵੱਖ ਵੱਖ ਭਾਗਾਂ ਅਤੇ ਦੇਸਾਂ ਵਿੱਚ ਵੱਖ ਵੱਖ ਮਿਤੀਆਂ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ 14 ਨਵੰਬਰ ਦਾ ਦਿਨ ਜੋਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੈ ਬਾਲ ਦਿਵਸ ਦੇ ਤੋਰ ਤੇ ਮਨਾਇਆ ਜਾਂਦਾ ਹੈ। ਬੇਸ਼ਕ ਪੂਰੇ ਭਾਰਤ ਵਿੱਚ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ ਅਤੇ ਵੱਖ ਵੱਖ ਥਾਵਾਂ ਤੇ ਬੱਚਿਆਂ ਦੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਕੀਮਾਂ ਬਣਾਈਆਂ ਜਾਂਦੀਆਂ ਹਨ, ਸੈਮੀਨਾਰ ਕੀਤੇ ਜਾਂਦੇ ਹਨ। ਸਾਡੇ ਦੇਸ਼ ਵਿੱਚ ਆਮ ਬੱਚਿਆਂ ਦੀ ਖਸਤਾ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਫਿਲਮੀ ਹੀਰੋ ਅਮੀਰ ਖਾਨ ਨੇ ਵੀ ਅਪਣੇ ਇੱਕ ਪ੍ਰੋਗਰਾਮ ਸਤਿਆਮੇਵ ਜਯਤੇ ਵਿੱਚ ਦੇਸ ਅੰਦਰ ਬੱਚਿਆਂ ਦੀ ਖਸਤਾ ਹਾਲਤ ਬਿਆਨ ਕੀਤੀ ਹੈ। ਸਰਕਾਰ ਵਲੋਂ ਬੱਚਿਆਂ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਭਾਰਤ ਸਰਕਾਰ ਵਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੀ ਮੱਦਦ ਨਾਲ ਹਰ ਸਾਲ ਕਰੌੜਾਂ ਰੁਪਏ ਬੱਚਿਆਂ ਦੇ ਨਾਮ ਤੇ ਖਰਚੇ ਜਾਂਦੇ ਹਨ ਪਰ ਬੱਚਿਆਂ ਦੀ ਹਾਲਤ ਵੇਖਕੇ ਪਤਾ ਲੱਗਦਾ ਹੈ ਕਿ ਇਨ੍ਹਾਂ ਫੰਡਾਂ ਨਾਲ ਕਿਸਦਾ ਵਿਕਾਸ ਹੋ ਰਿਹਾ ਹੈ। ਸਰਕਾਰ ਵਲੋਂ ਸਿੱਖਿਆ ਦਾ ਅਧਿਕਾਰ ਲਾਗੂ ਕੀਤਾ ਗਿਆ ਹੈ ਪਰ ਅੱਜ ਵੀ ਗਰੀਬ ਘਰਾਂ ਦੇ ਬੱਚੇ ਸਕੂਲ ਜਾਣ ਦੀ ਬਜਾਏ ਕੰਮ ਕਰਨਾ, ਕੂੜੇ ਵਿੱਚੋਂ ਕਬਾੜ ਇਕੱਠਾ ਕਰਨਾ, ਭਿੱਖਿਆ ਮੰਗਣਾ,  ਚੰਗਾ ਸਮਝਦੇ ਹਨ। ਸਰਕਾਰ ਵਲੋਂ ਬਾਲ ਮਜ਼ਦੂਰਾਂ ਤੋਂ ਕਿਸੇ ਵੀ ਤਰਾਂ ਦੀ ਮਜ਼ਦੂਰੀ ਲੈਣਾ ਗੈਰ ਕਨੂੰਨੀ ਕਰਾਰ ਦਿਤਾ ਗਿਆ ਹੈ ਅਤੇ ਬਾਲ ਮਜ਼ਦੂਰੀ ਕਰਵਾਉਣ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਲੋਕਾਂ ਖਿਲਾਫ ਸਜਾ ਅਤੇ ਜ਼ੁਰਮਾਨਾ ਰੱਖਿਆ ਗਿਆ ਹੈ। ਇਸ ਤਰਾਂ ਬਾਲ ਮਜ਼ਦੂਰੀ ਕਰਵਾਉਣਾ ਕਨੂੰਨਨ ਜ਼ੁਰਮ ਮੰਨਿਆ ਗਿਆ ਹੈ। ਪੰਜਾਬ ਰਾਜ ਜੋ ਕਿ ਵਿਕਸਿਤ ਸੂੱਬਾ ਮੰਨਿਆ ਜਾਂਦਾ ਹੈ ਅਤੇ ਅਪਣੇ ਰਾਜ ਵਿੱਚ ਰਹਿ ਰਹੇ ਲੋਕਾਂ ਦੇ ਵਿਕਾਸ ਲਈ ਸਮੇ-ਸਮੇ ਦੀਆਂ ਸਰਕਾਰਾਂ ਵਲੋਂ ਸਕੀਮਾ ਬਣਾਈਆਂ ਜਾਂਦੀਆ ਹਨ ਅਤੇ ਇਹਨਾਂ ਵਿਕਾਸ ਦੀਆਂ ਸਕੀਮਾ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਸਰਕਾਰ ਵਲੋਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਮੇ-ਸਮੇ ਤੇ ਬਾਲ ਮਜ਼ਦੂਰਾਂ ਬਾਰੇ ਵੀ ਅੰਕੜੇ ਇੱਕਠੇ ਕੀਤੇ ਜਾਂਦੇ ਹਨ ਅਤੇ ਬਾਲ ਮਜਦੂਰੀ ਰੋਕਣ ਲਈ ਨੀਤੀਆਂ ਵੀ ਬਣਾਈਆਂ ਜਾਂਦੀਆਂ ਹਨ। ਪਰ ਸ਼ਾਇਦ ਅਧਿਕਾਰੀਆਂ ਨੂੰ ਸਰਕਾਰ ਦੇ ਹੁਕਮਾਂ ਦੀ ਕੋਈ ਪਰਵਾਹ ਨਹੀ ਹੈ ਕਿਉਂਕਿ ਹਰ ਛੋਟੇ ਵੱਡੇ ਸ਼ਹਿਰ, ਕਸਬੇ ਵਿੱਚ  ਬਾਲ ਮਜ਼ਦੂਰਾਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਹੋਟਲਾਂ , ਢਾਬਿਆਂ, ਭੱਠਿਆਂ, ਸੜ੍ਹਕ ਅਤੇ ਬਿਲਡਿੰਗ ਨਿਰਮਾਣ, ਠੇਕੇਦਾਰਾਂ ਵਲੋਂ ਕਰਵਾਏ ਜਾ ਰਹੇ ਕੰਮ ਵਿੱਚ ਲੱਗੇ ਮਜ਼ਦੂਰਾਂ ਵਿੱਚ ਜ਼ਿਆਦਾ ਗਿਣਤੀ ਬਾਲ ਮਜ਼ਦੂਰਾਂ ਦੀ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇਹਨਾਂ ਬਾਲ ਮਜ਼ਦੂਰਾਂ ਤੋਂ ਜ਼ੋਖਿਮ ਭਰੇ ਕੰਮ ਕਰਵਾਏ ਜਾ ਰਹੇ ਹਨ ਅਤੇ ਮਜ਼ਦੂਰੀ ਨਾਂ-ਮਾਤਰ ਦਿਤੀ ਜਾਂਦੀ ਹੈ। ਇਹਨਾਂ ਮਜਦੂਰਾਂ ਨੂੰ ਜੋਖਿਮ ਭਰੇ ਕੰਮ ਕਰਨ ਕਾਰਨ ਕਈ ਤਰਾਂ ਦੀਆਂ ਬਿਮਾਰੀਆਂ ਵੀ ਲੱਗ ਚੁਕੀਆਂ ਹਨ ਪਰ ਮਾਲਕਾਂ ਵਲੋਂ ਇਹਨਾਂ ਤੋਂ ਸਿਰਫ ਕੰਮ ਲੈਣ ਤੱਕ ਹੀ ਮਤਲਬ ਰੱਖਿਆ ਜਾਦਾ ਹੈ। ਕਨੂੰਨ ਅਪਰਾਧ ਹੋਣ ਅਤੇ ਸਰਕਾਰੀ ਹਦਾਇਤਾਂ ਦੇ ਬਾਬਜੂਦ ਕਈ ਸਰਕਾਰੀ ਅਧਿਕਾਰੀਆਂ ਵਲੋਂ ਵੀ ਅਪਣੇ ਘਰਾਂ ਵਿੱਚ ਛੋਟੇ-ਛੋਟੇ ਬੱਚਿਆਂ ਤੋਂ ਹੀ ਘਰਾਂ ਦੇ ਕੰਮ ਕਰਵਾਏ ਜਾਂਦੇ ਹਨ। ਇਹਨਾਂ ਬਾਲ ਮਜਦੂਰਾਂ ਨੂੰ ਅਜੇ ਤੱਕ ਬਾਲ ਦਿਵਸ  ਦੇ ਦਿਹਾੜ੍ਹੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਨਾਂ ਹੀ ਕਿਸੇ ਸਰਕਾਰੀ ਅਧਿਕਾਰੀ ਨੇ ਇਹਨਾਂ ਵੱਲ ਦੇਖਿਆ ਹੈ। ਸਰਕਾਰ ਵਲੋਂ ਸਕੂਲੀ ਬੱਚਿਆਂ ਅਤੇ ਲੜਕੀਆ ਲਈ ਹਰ ਤਰਾਂ ਦੀਆਂ ਸਿਹਤ ਸੇਵਾਵਾਂ ਮੁੱਫਤ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰੰਤੂ ਹਕੀਕਤ ਇਹ ਹੈ ਕਿ ਬਹੁਤੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਪ੍ਰਬੰਧਕਾਂ ਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਸਰਕਾਰ ਵਲੋਂ ਬੱਚਿਆਂ ਦੇ ਅਧਿਕਾਰਾਂ ਲਈ ਬਾਲ ਆਯੋਗ ਬਣਾਇਆ ਗਿਆ ਹੈ ਪਰੰਤੂ ਇਹ ਆਯੋਗ ਵੀ ਅਕਸਰ ਬੱਚਿਆਂ ਦੀਆਂ ਸਮੱਸਿਆਵਾਂ ਪ੍ਰਤੀ ਚੁੱਪੀ ਧਾਰਕੇ ਰੱਖਦਾ ਹੈ ਅਤੇ ਇਹ ਆਯੋਗ ਬੱਚਿਆਂ ਦੀ ਭਲਾਈ ਦੀ ਥਾਂ ਸਿਰਫ ਅਪਣੇ ਮੈਂਬਰਾਂ ਦੀ ਭਲਾਈ ਤੱਕ ਹੀ ਸੀਮਿਤ ਹੋਕੇ ਰਹਿ ਗਿਆ ਹੈ। ਸਰਕਾਰ ਵਲੋਂ ਬੱਚਿਆਂ ਦੀ ਸੁਰੱਖਿਆ ਅਤੇ ਮੱਦਦ ਲਈ ਚਾਇਲਡ ਹੈਲਪਲਾਇਨ 1098 ਸ਼ੁਰੁ ਕੀਤੀ ਗਈ ਹੈ ਜਿਸ ਅਧੀਨ ਵੱਖ ਵੱਖ ਰਾਜਾਂ ਦੇ ਵੱਖ ਵੱਖ ਜਿਲਿਆਂ ਵਿੱਚ ਦੱਫਤਰ ਖੋਲੇ ਗਏ ਹਨ ਅਤੇ ਇਨ੍ਹਾਂ ਦੇ ਰੱਖ ਰਖਾਵ ਲਈ ਹਰ ਮਹੀਨੇ ਲੱਖਾ ਰੁਪਏ ਖਰਚੇ ਜਾਂਦੇ ਹਨ। ਇਸ ਨੰਬਰ ਤੇ ਬੱਚਿਆਂ ਨਾਲ ਵਾਪਰਨ ਵਾਲੀਆਂ ਅਪਰਾਧਿਕ ਘਟਨਾਵਾ ਸਬੰਧੀ ਬੇਸ਼ੱਕ ਰੋਜਾਨਾਂ ਹਜਾਰਾਂ ਸ਼ਿਕਾÎਇਤਾਂ ਦਰਜ਼ ਹੁੰਦੀਆਂ ਹਲ ਪ੍ਰੰਤੁ ਅਕਸਰ ਹੀ ਇਨ੍ਹਾਂ ਸ਼ਿਕਾਇਤਾਂ ਤੇ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਹੈ। ਬੱਚਿਆ ਦੀਆਂ ਸ਼ਿਕਾਇਤਾਂ ਲਈ ਕਾਰਵਾਈ ਕਰਨ ਨੂੰ ਕੋਈ ਵੀ ਅਧਿਕਾਰੀ ਪਹਿਲ ਨਹੀਂ ਕਰਦਾ ਹੈ ਅਤੇ ਬਹੁਤੀਆਂ ਸ਼ਿਕਾਇਤਾਂ ਦਾ ਅਕਸਰ ਹੀ ਰਾਜਨੀਤੀਕਰਣ ਕੀਤਾ ਜਾਂਦਾ ਹੈ ਜਿਸ ਕਾਰਨ ਬੱਚਿਆਂ ਦੀਆਂ ਸਮਸਿਆਵਾਂ ਅਤੇ ਸ਼ਿਕਾਇਤਾਂ ਦਾ ਕੋਈ ਠੋਸ ਹੱਲ ਨਹੀਂ ਹੁੰਦਾ ਹੈ ਅਤੇ ਬੱਚਿਆਂ ਦੀਆਂ ਸਮਸਿਆਵਾਂ ਅਤੇ ਸ਼ਿਕਾਇਤਾ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਸਰਕਾਰ ਵਲੋਂ ਬਾਲ ਦਿਵਸ ਸਬੰਧੀ ਹਰ ਸਾਲ ਲੱਖਾਂ ਰੁਪਏ ਖਰਚਕੇ ਕਰਵਾਏ ਜਾਣ ਵਾਲੇ ਸਮਾਗਮ ਵੀ ਇਨ੍ਹਾਂ ਗਰੀਬ ਬੱਚਿਆਂ ਤੋਂ ਦੂਰ ਹੀ ਰਹਿੰਦੇ ਹਨ ਅਤੇ ਅਜਿਹੇ ਸਮਾਗਮਾਂ ਦਾ ਇਨ੍ਹਾ ਨੂੰ ਕੋਈ ਵੀ ਲਾਭ ਨਹੀਂ ਹੁੰਦਾ ਹੈ। ਜੇਕਰ ਸਰਕਾਰ ਦੇਸ਼ ਦਾ ਭਵਿੱਖ ਮੰਨੇ ਜਾਣ ਵਾਲੇ ਬੱਚਿਆਂ ਦਾ ਵਿਕਾਸ ਕਰਨਾ ਚਾਹੁੰਦੀ ਹੈ ਅਤੇ ਬੱਚਿਆਂ ਨੂੰ ਪੇਸ ਆਣ ਵਾਲੀਆਂ ਸਮੱਸਿਆਵਾਂ ਦਾ ਠੋਸ ਹੱਲ ਕਰਨਾ ਚਾਹੁੰਦੀ ਹੈ ਤਾਂ ਬੱਚਿਆਂ ਦੇ ਵਿਕਾਸ ਲਈ ਅਤੇ ਸਮਸਿਆਵਾਂ ਦੇ ਹੱਲ ਅਤੇ ਸੁਰਖਿੱਆ ਲਈ ਠੋਸ ਨੀਤੀਆਂ ਬਣਾਉਣੀਆਂ ਅਤੇ ਲਾਗੂ ਕਰਨੀਆਂ ਚਾਹੀਦੀਆਂ ਹਨ, ਇਨ੍ਹਾਂ ਨੀਤੀਆਂ ਵਿੱਚ ਦੇਰੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਸਰਕਾਰ ਨੇ ਸਮੇਂ ਸਿਰ ਬੱਚਿਆਂ ਵਿਸੇਸ ਤੋਰ ਤੇ ਆਮ ਬੱਚਿਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਨਹੀ, ਉਨ੍ਹਾਂ ਦੀ ਸੁਰੱਖਿਆ ਅਤੇ ਵਿਕਾਸ ਲਈ ਜਲਦੀ ਕੋਈ ਠੋਸ ਕਾਰਵਾਈ ਲਾਂ ਕੀਤੀ ਤਾਂ 14 ਨਵੰਬਰ ਨੂੰ ਮਨਾਇਆ ਜਾਦ ਵਾਲਾ ਬਾਲ ਦਿਵਸ ਹੋਰ ਸਮਾਗਮਾਂ ਦੀ ਤਰ੍ਹਾ ਹੀ ਇੱਕ ਖਾਨਾਪੂਰਤੀ ਬਣਕੇ ਰਹਿ ਜਾਵੇਗਾ ਤੇ ਦੇਸ਼ ਦਾ ਭਵਿੱਖ ਜੋਕਿ ਬੱਚਿਆ ਦੇ ਹੱਥਾਂ ਵਿੱਚ ਹੈ ਅੰਧਕਾਰਮਈ ਹੋਵੇਗਾ। ਦੇਸ਼ ਦੇ ਸਮੂਹ ਬੱਚਿਆਂ ਲਈ ਬਾਲ ਦਿਵਸ ਦਾ ਕਦੋਂ ਮਹੱਤਵ ਹੋਉਗਾ ਇਹ ਅਜੇ ਤੱਕ ਵੀ ਇੱਕ ਵੱਡੀ ਬੁਝਾਰਤ ਹੀ ਹੈ। ਬਾਲ ਦਿਵਸ ਦਾ ਦਿਹਾੜਾ ਮਨਾਉਣ ਦਾ ਅਸਲੀ ਮਕਸਦ ਉਦੋਂ ਹੀ ਪੂਰਾ ਹੋਵੇਗਾ ਜਦੋਂ ਬੱਚਿਆ ਦੇ ਹੱਕ ਪੂਰੀ ਤਰਾਂ ਸੁਰਖਿਅਤ ਹੋਣਗੇ, ਉਨ੍ਹਾ ਦੀ ਹੋ ਰਹੀ ਲੁਟ ਖਸੁੱਟ ਬੰਦ ਹੋਵੇਗੀ ਅਤੇ ਸਾਰੇ ਬੱਚੇ ਸਕੂਲਾਂ ਵਿੱਚ ਜਾਕੇ ਵਿਦਿਆ ਹਾਸਲ ਕਰਨਗੇ। 

 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054