UPKAAR
WEBSITE BY SHRI GURU RAVIDAS WELFARE SOCIETY

                                       Shri Guru Ravidas Welfare Society

HOME PAGE

ਸੋਹੰ

ਸੋਹੰ

ਸੋੁੰ ਦੇ ਨਿਰਬਾਣ ਮਾਰਗ 'ਤੇ ਚਲਕੇ, ਮਨੁੱਖ ਇਸੇ ਸੰਸਾਰ ਵਿਚ, ਇਸੇ ਧਰਤੀ 'ਤੇ, ਇਸੇ ਜੀਵਨ ਵਿਚ ਬੇਗ਼ਮਪੁਰੇ ਦਾ ਬਾਸੀ ਹੋ ਸਕਦਾ ਹੈ-ਗੁਰੂ ਰਵਿਦਾਸ ਜੀ - ਐਸ ਐਲ ਵਿਰਦੀ ਐਡਵੋਕੇਟ

ਬੇਗ਼ਮਪੁਰਾ (ਬੇ+ਗ਼ਮ+ਪੁਰਾ) ਇੱਕ ਗਿਆਨ ਅਵਸਥਾ ਅਤੇ ਸਮਾਜ ਵਿਵਸਥਾ ਹੈ ਜਿਸ ਵਿੱਚ ਗ਼ਮ (ਚਿੰਤਾ) ਦਾ ਅਭਾਵ ਹੈ। ਮਨੁੱਖ ਨੂੰ ਗਿਆਨ ਪ੍ਰਾਪਤ ਕਰਨ ਲਈ ਕਿਸੇ ਗੈਬੀ ਸ਼ਕਤੀ, ਜਾਦੂ ਟੂਣਾ, ਪਾਠ ਪੂਜਾ, ਪ੍ਰਾਰਥਨਾ ਜਾਂ ਭਗਤੀ ਦੀ ਜਰੂਰਤ ਨਹੀਂ, ਬਲਕਿ ਮਨੁੱਖੀ ਕਿਰਿਆ ਜਾਂ ਸੂਝ ਬੂਝ ਦੀ ਜਰੂਰਤ ਹੈ। ਜਦ ਤੱਕ ਮਨੁੱਖ ਨੂੰ ਅੰਦਰੂਨੀ ਆਪਣੇ ਮਨ ਦੀ ਅਵਸਥਾ (ਗਮ) ਅਤੇ ਬਾਹਰੀ (ਪੁਰਾ) ਸਮਾਜ ਵਿਵਸਥਾ ਦਾ ਪੂਰਨ ਪਤਾ ਨਹੀਂ ਚਲ ਜਾਂਦਾ ਤਦ ਤਕ ਉਹ ਬੇਗ਼ਮ (ਗਿਆਨ) ਪ੍ਰਾਪਤ ਨਹੀ ਕਰ ਸਕਦਾ ਹੈ।
ਪੁਰਾ ਤੋਂ ਭਾਵ ਪਿੰਡ, ਨਗਰ, ਸ਼ਹਿਰ, ਦੇਸ਼, ਦੁਨੀਆ ਜਾਂ ਸਮਾਜ ਤੋਂ ਹੈ। ਸੰਤ ਗੁਰੂ ਰਵਿਦਾਸ ਜੀ ਦਾ,'ਬੇਗ਼ਮਪੁਰਾ ਸ਼ਹਿਰ ਕੇ ਨਾਉਂ, ਦੁੱਖ ਅੰਦੋਹ ਨਹੀ ਕਿਸ ਥਾਉਂ।' ਬੇਗ਼ਮਪੁਰਾ ਦੀ ਬਾਹਰੀ ਵਿਵਸਥਾ ਹੈ। ਬੇਗ਼ਮਪੁਰਾ ਦੀ ਵਿਵਸਥਾ ਨਾਬਰਾਬਰਤਾ ਉਤੇ ਖੜੀ ਗੈਰਮਾਨਵੀ ਵਰਣ ਵਿਵਸਥਾ ਦੀ ਬਨਿਸਬਤ ਅਜ਼ਾਦੀ, ਸਮਾਨਤਾ, ਭਾਈਚਾਰਾ ਅਤੇ ਨਿਆਂ ਅਧਾਰਤ ਕਲਿਆਣਕਾਰੀ ਲੋਕ ਰਾਜੀ (ਵੈਲਫੇਅਰ ਸਟੇਟ) ਵਿਵਸਥਾ ਹੈ। ਇਸ ਸਮਾਜ ਵਿਵਸਥਾ ਵਿਚ ਸਭ ਮਨੁੱਖਾਂ ਲਈ ਇੱਕ ਸਮਾਨ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਹਿਤ ਤੇ ਜੌਬ ਦੀ ਸਮਾਜਿਕ ਸੁਰੱਖਿਆ ਹੈ। ਇਸ ਵਿਚ ਕਿਸੇ ਨੂੰ ਵੀ ਕੋਈ ਚਿੰਤਾ, ਦੁੱਖ ਤੇ ਸਮੱਸਿਆ ਨਹੀਂ ਹੋਵੇਗੀ। ਹਰ ਮਨੁੱਖ ਮਾਨਸਿਕ ਤੌਰ 'ਤੇ ਅਜ਼ਾਦ ਹੋਵੇਗਾ। ਕੋਈ ਟੈਕਸ-ਦੰਡ, ਡਰ-ਘਬਰਾਹਟ, ਲੜਾਈ-ਝਗੜਾ, ਕਲੇਸ਼ ਨਹੀਂ ਹੋਵੇਗਾ। ਕੋਈ ਮਾਲਕ-ਗੁਲਾਮ, ਊਚ-ਨੀਚ, ਜਾਤ-ਪਾਤ, ਅਮੀਰ-ਗਰੀਬ, ਜਿਮੀਂਦਾਰ-ਮਜ਼ਦੂਰ, ਤਕੜਾ ਮਾੜਾ ਨਹੀ ਹੋਵੇਗਾ। ਕੋਈ ਕਿਸੇ ਦੀ ਨਿਜ਼ੀ ਜਾਇਦਾਦ ਨਹੀਂ, ਸਭ ਦਾ ਰੁਤਬਾ ਸਮਾਨ ਹੋਵੇਗਾ। ਸਭ ਜਿੱਥੇ ਵੀ ਚਾਹੁਣ, ਘੁੰਮਣ ਫ਼ਿਰਨ ਲਈ ਅਜ਼ਾਦ ਹੋਣਗੇ। ਰਾਜਾ-ਪਰਜਾ, ਸਭ ਆਪਣੇ ਕਰਤੱਵ-ਅਧਿਕਾਰ ਜਾਣਦੇ ਹੋਣਗੇ ਅਤੇ ਸਭ ਪਾਸੇ ਸਮਇਕ ਸਮਾਨਤਾ ਹੋਵੇਗੀ। ਭਾਵ ਬੇਗ਼ਮਪੁਰਾ ਦੀ ਸਿਰਜਨਾ ਹੋਵੇਗੀ। ਬੇਗ਼ਮਪੁਰਾ ਦੀ ਸਿਰਜਨਾ ਕਿਵੇਂ ਹੋਵੇਗੀ? ਇਸ ਪ੍ਰਤੀ ਗੁਰੂ ਜੀ ਕਹਿੰਦੇ ਹਨ-
ਇਹ ਯੱਗ ਦੁੱਖ ਕੀ ਖੇਤਰੀ, ਇਹ ਜਾਨਤ ਸਭ ਕੋਇ।
ਗਿਆਨੀ ਕਾਟੇਹਿ ਗਿਆਨ ਸੇ, ਮੂਰਖ ਕਾਟੇਹਿ ਰੋਇ।
ਜਨਮ ਤੋਂ ਲੈ ਕੇ ਮਰਨ ਤੱਕ ਸਮੁੱਚਾ ਸੰਸਾਰ ਦੁੱਖਾਂ ਨਾਲ ਪਰੁੱਨਿਆ ਪਿਆ ਹੈ। ਜਿੱਧਰ ਵੀ ਨਜ਼ਰ ਮਾਰੋ ਦੁੱਖ ਹੀ ਦੁੱਖ ਦਿਖਾਈ ਦਿੰਦਾ ਹੈ। ਕਿਸੇ ਨੂੰ ਆਪਣੇ ਸ਼ਰੀਰ ਦਾ ਦੁੱਖ ਹੈ, ਕਿਸੇ ਨੂੰ ਔਲਾਦ ਦਾ ਦੁੱਖ ਹੈ, ਕਿਸੇ ਨੂੰ ਪਤਨੀ ਦਾ, ਕਿਸੇ ਨੂੰ ਪਿਓ ਦਾ, ਕਿਸੇ ਨੂੰ ਭਰਾ ਦਾ, ਕਿਸੇ ਨੂੰ ਸਕੇ ਦਾ, ਕਿਸੇ ਨੂੰ ਸਬੰਧੀ ਦਾ, ਕਿਸੇ ਨੂੰ ਸੰਪਤੀ ਦਾ, ਕਿਸੇ ਨੂੰ ਸਨਮਾਨ ਦਾ, ਕਿਸੇ ਨੂੰ ਉੱਚ ਪਦਵੀ ਦਾ, ਸ਼ੋਸ਼ਿਕ ਨੂੰ ਮੁਨਾਫੇ ਦਾ, ਸ਼ੋਸ਼ਿਤ ਨੂੰ ਸ਼ੋਸ਼ਣ ਦੇ ਦੁੱਖ ਹੈ। ਕਿਸੇ ਨੂੰ ਪਿਆਰੇ ਮਿੱਤਰ ਦਾ ਨਾ ਮਿਲਣਾ ਦੁੱਖ ਹੈ। ਕਿਸੇ ਨੂੰ ਦੁੱਖਿਆਰੇ ਅਮਿੱਤਰ ਦਾ ਆ ਮਿਲਣਾ ਦੁੱਖ ਹੈ। ਹਰ ਪਾਸੇ ਦੁੱਖ ਹੀ ਦੁੱਖ ਹੈ। ਇਸ ਦੁਨੀਆਂ ਵਿੱਚ ਕੋਈ ਵੀ ਮਨੁੱਖ ਦੁੱਖ ਦੀ ਲਪੇਟ ਤੋਂ ਬਚ ਨਹੀਂ ਸਕਿਆ। ਗੁਰੂ ਜੀ ਕਹਿੰਦੇ ਇਹ ਹਰ ਕੋਈ ਜਾਣਦਾ ਹੈ ਕਿ ਸਮੁੱਚਾ ਸੰਸਾਰ ਦੁੱਖੀ ਹੈ। ਦੁੱਖੀ ਕਿਉਂ ਹੈ? ਇਹ ਸਭ ਨਹੀਂ ਜਾਣਦੇ। ਦੁੱਖਾਂ ਦਾ ਕੋਈ ਕਾਰਣ ਹੈ। ਗੁਰੂ ਜੀ ਕਹਿੰਦੇ, ਸਾਰੇ ਦੁੱਖਾਂ ਦਾ ਮੋਢੀ ਮਨੁੱਖ ਆਪ ਹੈ। ਸੋ ਵਿਚੋ 75 ਪ੍ਰਤੀਸ਼ਤ ਦੁੱਖ ਮਨੁੱਖ ਖੁੱਦ ਆਪਣੇ ਹੀ ਦੁਰਾਚਾਰ ਕਾਰਨ ਅਤੇ ਬਾਕੀ 25 ਪ੍ਰੀਸ਼ਤ ਦੁੱਖ ਅਸਮਾਨਤਾ (ਗਰੀਬੀ-ਅਮੀਰੀ) ਭਾਵ ਇਕ ਮਨੱਖ ਦੂਜੇ ਮਨੁੱਖ ਦਾ ਸ਼ੋਸ਼ਣ ਕਰਕੇ ਪੈਦਾ ਕਰਦਾ ਹੈ? ਮਨੁੱਖ ਦੁੱਖ ਕਿਵੇਂ ਪੈਦਾ ਕਰਦਾ ਹੈ? ਸੰਤ ਗੁਰੂ ਰਵਿਦਾਸ ਜੀ ਕਹਿੰਦੇ ਹਨ-
ਮਾਧੋ! ਅਬਿਦਿਆ ਹਿਤ ਕੀਨ, ਬਿਬੇਕ ਦੀਪ ਮਲੀਨ
ਮਨੁੱਖ ਦੁੱਖ ਦੋ ਤਰਾਂ ਪੈਦਾ ਕਰਦਾ ਹੈ। ਪਹਿਲਾ ਦੁੱਖਾਂ ਦਾ ਕਾਰਨ ਅਵਿਦਿਆ (ਅਗਿਆਨਤਾ) ਹੈ। ਅਗਿਆਨਤਾ ਕਾਰਨ ਮਨੁੱਖ ਆਪਣੇ ਮਨ ਦਾ ਗੁਲਾਮ (ਬਿਬੇਕ ਦੀਪ ਮਲੀਨ) ਹੋ ਜਾਂਦਾ ਹੈ। ਗੁਲਾਮੀ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਅੰਦਰੂਨੀ ਅਤੇ ਦੂਜੀ ਬਾਹਰੀ ਗੁਲਾਮੀ ਹੈ। 
ਅੰਦਰੂਨੀ ਗੁਲਾਮੀ ਦਾ ਕਾਰਣ ਮਨ, ਇੱਛਾ ਅਤੇ ਕਰਮ ਹੈ। ਇਹਨਾਂ ਵਿਕਾਰਾਂ ਕਾਰਣ ਹੀ ਮਨੁੱਖ ਸੁਆਦਾਂ ਵਿੱਚ ਬੁਰੀ ਤਰ੍ਹਾਂ ਮਸਤ ਹੋ ਜਾਂਦਾ ਹੈ। ਇਹ ਮਨ ਹੀ ਹੈ ਜੋ ਸਭ ਕਿਰਆਵਾ ਤੇ ਕਲਪ-ਵਿਕਲਪ ਦਾ ਕੇਂਦਰ ਬਿੰਦੂ ਹੈ। ਮਨ ਹੀ ਸਭ ਕਲਪ ਵਿਕਲਪ ਦਾ ਮੋਢੀ ਹੈ। ਗੁਰੂ ਜੀ ਕਹਿੰਦੇ ਹਨ-
ਅੰਤਰ ਮਨ ਜਾਂਚੈ ਨਹੀਂ, ਨਰ ਬਾਹਰ ਕਰੈ ਉਜਾਸ।
ਤੇ ਨਰ ਜਮਪੁਰ ਜਾਹਿਗੇ, ਸਤਿ ਭਾਖੇ ਰਵਿਦਾਸ।
ਗੁਰੂ ਜੀ ਕਹਿੰਦੇ, ਮਨ ਦੇ ਗੁਲਾਮ ਮਨੁੱਖ ਦੀ ਇੱਛਾ ਭਟਕਦੀ ਹੈ। ਭਟਕਿਆ ਮਨੁੱਖ ਚਾਹੁੰਦਾ ਹੈ ਕਿ ਸਾਰੇ ਸੰਸਾਰ ਦੇ ਸੁੱਖ ਉਸ ਨੂੰ ਹੀ ਮਿਲਣ। ਸਾਰੀ ਧੰਨ ਦੌਲਤ ਉਸ ਪਾਸ ਆ ਜਾਵੇ। ਸਾਰੇ ਸਨਮਾਨ ਉਸ ਨੂੰ ਮਿਲਣ। ਸਾਰੇ ਸੁਆਦੀ ਖਾਣੇ ਉਹ ਹੀ ਖਾਵੇ। ਉਹ ਅੱਛੀ ਤੋਂ ਅੱਛੀ ਪੁਸ਼ਾਕ ਪਹਿਨੇ। ਸਾਰੀਆਂ ਸੁਗੰਧਾਂ ਦਾ ਅਨੰਦ ਉਹ ਹੀ ਮਾਣੇ। ਉਹ ਉੱਚੇ ਤੋਂ ਉੱਚੇ ਰੁਤਵੇ ਮਾਣੇ। ਹਰ ਪਾਸੇ, ਹਰ ਥਾਂ ਉਸ ਦਾ ਹੀ ਬੋਲ ਬਾਲਾ ਹੋਵੇ।  
ਭਟਕੇ ਮਨੁੱਖ ਦੀ ਜਦ ਦਸਾਂ ਨੌਹਾਂ ਦੀ ਕੀਤੀ ਕਿਰਤ ਨਾਲ ਇੱਛਾ ਪੂਰੀ ਨਹੀਂ ਹੁੰਦੀ ਤਾਂ ਉਹ ਆਪਣੀ ਇੱਛਾ ਦੀ ਪੂਰਤੀ ਲਈ ਦੂਸਰੇ ਮਨੁੱਖ ਦਾ ਹੱਕ ਮਾਰਦਾ ਹੈ। ਉਹ ਲਾਲਸਾ ਦੀ ਪੂਰਤੀ ਲਈ ਧੰਨ ਦੌਲਤ ਇਕੱਠੀ ਕਰਨ ਲਈ ਝੂਠ ਬੋਲਦਾ ਹੈ, ਚੋਰੀ ਕਰਦਾ ਹੈ, ਨਸ਼ੇ ਕਰਦਾ ਹੈ। ਨਸ਼ਿਆਂ 'ਚ ਧੁੱਤ ਉਹ ਪਰਾਈ ਔਰਤ ਵੱਲ ਝਾਕਦਾ ਹੈ। ਨਸ਼ੇ ਅਤੇ ਕਾਮ 'ਚ ਅੰਨਾ ਮਨੁੱਖ ਹਿੰਸਾ ਕਰਦਾ ਹੈ। ਇੱਛਾ ਪੂਰਤੀ ਲਈ ਉਹ ਕਈ ਵਾਰ ਦੂਜੇ ਮਨੁੱਖ ਨੂੰ ਮਾਰ ਦਿੰਦਾ ਹੈ। 
ਮਨੁੱਖ ਦੂਜੇ ਨੂੰ ਮਾਰ ਕੇ ਇੱਕ ਤਾਂ ਉਹ ਆਪ ਜੇਲ• ਜਾਂਦਾ ਹੈ। ਪਿੱਛੋਂ ਉਸ ਦੇ ਬਿਰਧ ਮਾਂ ਬਾਪ, ਔਰਤ ਅਤੇ ਬੱਚੇ ਬੇਸਹਾਰਾ ਹੋ ਜਾਂਦੇ ਹਨ। ਮਾਂ ਬਾਪ ਬੁਢਾਪੇ ਕਾਰਨ ਰੁਲਦੇ ਹਨ। ਔਰਤ ਪੇਟ ਪੂਜਾ ਲਈ ਕੰਮ ਕਰਨ ਜਾਂਦੀ ਹੈ ਤਾਂ ਉਸ ਪ੍ਰਤੀ ਲੋਕਾਂ ਦੇ ਮਨਾਂ ਵਿਚ ਕਈ ਪ੍ਰਕਾਰ ਦੇ ਸ਼ੰਕੇ ਪੈਦਾ ਹੁੰਦੇ ਹਨ। ਬਾਪ ਦੇ ਛਾਏ ਤੋਂ ਬਾਂਝੋ ਯਤੀਮ ਬੱਚੇ ਰੁਲ ਜਾਂਦੇ ਹਨ। ਔਰਤ ਦੇ ਮਾਂ ਬਾਪ ਨੂੰ ਚਿੰਤਾ ਰਹਿੰਦੀ ਹੈ ਕਿ ਸਾਡੀ ਧੀ ਇਕੱਲੀ ਹੈ। ਮਾਮਿਆਂ ਨੂੰ ਫਿਕਰ ਰਹਿੰਦਾ ਹੈ ਕਿ ਸਾਡੇ ਭਾਣਜੇ ਕਿੱਥੋਂ ਰੋਟੀ ਖਾਂਦੇ ਹੋਣਗੇ। ਆਪ ਵੀ ਉਹ ਜੇਲ• ਵਿੱਚ ਆਪਣੇ ਮਾਂ ਬਾਪ, ਔਰਤ ਤੇ ਬੱਚਿਆਂ ਲਈ ਤੜਪਦਾ ਹੈ। ਇਹ ਦੁੱਖ ਇਸ ਤਰ੍ਹਾਂ ਅੱਗੇ ਤੋਂ ਅੱਗੇ ਰਿਸ਼ਤੇਦਾਰੀ ਤੇ ਕੁਨਬੇ ਮੁਤਾਬਕ ਵਧਦਾ ਜਾਂਦਾ ਹੈ। ਇਸ ਤਰਾਂ ਇੱਕ ਮਨੁੱਖ ਆਪਣੇ ਮਨ, ਇੱਛਾ ਤੇ ਲਾਲਸਾ ਦਾ ਸ਼ਿਕਾਰ ਹੋ ਕੇ ਮਨੁੱਖ ਆਪ ਵੀ ਦੁਖੀ ਹੁੰਦਾ ਹੈ ਤੇ ਅੱਗੋਂ ਆਪਣੇ ਪਰਿਵਾਰ ਤੇ ਸੈਕੜੇ ਹਜ਼ਾਰਾਂ ਸਕੇ-ਸਬੰਧੀਆਂ ਨੂੰ ਵੀ ਦੁੱਖੀ ਕਰਦਾ ਹੈ। 
ਇੰਨਾ ਹੀ ਨਹੀ ਦੂਜੇ ਪਾਸੇ ਦੁਰਾਚਾਰੀ ਮਨਮੁੱਖ ਮਨੁੱਖ, ਜਿਸ ਮਨੁੱਖ ਨੂੰ ਮਾਰ ਦਿੰਦਾ ਹੈ, ਉਸ ਦੀ ਪਤਨੀ ਵਿਧਵਾ ਹੋ ਜਾਂਦੀ ਹੈ। ਉਸ ਦੇ ਬੱਚੇ ਬੇਸਹਾਰਾ ਹੋ ਜਾਂਦੇ ਹਨ। ਉਸ ਦੇ ਬਿਰਧ ਮਾਂ ਬਾਪ ਦਾ ਕੋਈ ਸਹਾਰਾ ਨਹੀਂ ਰਹਿੰਦਾ। ਉਹ ਬੁਢਾਪੇ ਵਿੱਚ ਵਿਲਕਦੇ ਫਿਰਦੇ ਹਨ। ਉਸ ਦੀ ਵਿਧਵਾ ਪਤਨੀ ਪ੍ਰਤੀ ਹਰ ਕੋਈ ਜੋ ਮੂੰਹ ਆਇਆ ਬੋਲਦਾ ਹੈ। ਉਸ ਨੂੰ ਹਰ ਵਕਤ ਸ਼ੱਕ ਦੀ ਨਜ਼ਰ 'ਚ ਵੇਖਿਆ ਜਾਂਦਾ ਹੈ। ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਨਹੀਂ ਹੁੰਦਾ। ਉਹ ਢੇਰਾਂ-ਰੂੜ•ੀਆਂ ਉਤੇ ਰੁਲਦੇ ਹਨ। ਉਸ ਦੇ ਸੌਹਰਿਆਂ ਨੂੰ ਆਪਣੀ ਧੀ ਅਤੇ ਦੋਹਤਿਆਂ ਦਾ ਦਰਦ ਹਰ ਵਕਤ ਸਤਾਉਂਦਾ ਰਹਿੰਦਾ ਹੈ। ਸਾਰੀ ਰਿਸ਼ਤੇਦਾਰੀ ਚਿੰਤਤ ਰਹਿੰਦੀ ਹੈ। ਇਸ ਤਰ੍ਹਾਂ ਮਨ ਇੱਛਾ ਤੇ ਲਾਲਸਾ ਦਾ ਸ਼ਿਕਾਰ ਦੁਰਾਚਾਰੀ ਮਨੁੱਖ ਆਪ ਵੀ ਦੁੱਖੀ ਹੁੰਦਾ ਹੈ ਤੇ ਅੱਗੋਂ ਆਪਣੇ ਪਰਿਵਾਰ, ਸੈਕੜੇ ਹਜ਼ਾਰਾਂ ਸਕੇ-ਸਬੰਧੀਆਂ ਨੂੰ ਵੀ ਦੁੱਖੀ ਕਰਦਾ ਹੈ। 
ਜਦ ਮਨਮੁੱਖ ਮਨੁੱਖ ਨੂੰ ਨੀਂਦ ਨਹੀ ਆਉਂਦੀ ਤਾਂ ਉਹ ਨਸ਼ਿਆਂ ਦਾ ਸੇਵਨ ਕਰਦਾ ਹੈ। ਨਸ਼ੇ ਕਰਨ ਨਾਲ ਇਕ ਤਾਂ ਉਹ ਧੰਨ ਸੰਪੱਤੀ ਦਾ ਨਾਸ਼ ਕਰਦਾ ਹੈ। ਦੂਜਾ ਉਹ ਘਰ ਅਤੇ ਬਾਹਰ ਝਗੜਾ ਕਰਦਾ ਹੈ। ਉਹ ਰੋਗੀ ਅਤੇ ਨਸ਼ਿਆਂ ਦਾ ਗੁਲਾਮ ਹੋ ਜਾਂਦਾ ਹੈ। ਲੋਕ ਉਸਦੀ ਬਦਨਾਮੀ ਕਰਦੇ ਹਨ, ਉਹ ਬੇਸ਼ਰਮ ਢੀਠ ਹੋ ਜਾਂਦਾ ਹੈ। ਨਸ਼ਈ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਅਤੇ ਜ਼ਲਦੀ ਹੀ ਉਹ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਪਿੱਛੋਂ ਉਸ ਦੇ ਬਿਰਧ ਮਾਂ ਬਾਪ, ਔਰਤ ਅਤੇ ਬੱਚੇ ਬੇਸਹਾਰਾ ਹੋ ਜਾਂਦੇ ਹਨ। ਮਾਂ ਬਾਪ ਬੁਢਾਪੇ ਕਾਰਨ ਰੁਲਦੇ ਹਨ ਅਤੇ ਅਜਿਹਾ ਮਨੁੱਖ ਵੀ ਉਪਰੋਕਤ ਵਾਂਗ ਖੁੱਦ ਹੀ ਦੁੱਖ ਹੀ ਦੁੱਖ ਪੈਦਾ ਕਰਦਾ ਹੈ ਤੇ ਅੱਗੋਂ ਆਪਣੇ ਪਰਿਵਾਰ, ਸੈਕੜੇ ਹਜ਼ਾਰਾਂ ਸਕੇ-ਸਬੰਧੀਆਂ ਨੂੰ ਵੀ ਦੁੱਖੀ ਕਰਦਾ ਹੈ। ਇਸ ਲਈ ਇਹਨਾਂ ਸਭ ਦੁੱਖਾਂ ਦਾ ਕਾਰਨ ਇੱਛਾ ਹੈ। 
ਇੱਛਾ ਕੀ ਹੈ? ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ ਚਾਹ ਹੀ ਇੱਛਾ ਹੈ। ਇੱਛਾ ਮਨੁੱਖ ਨੂੰ ਜੀਵਨ ਵਿੱਚ ਭੜਕਾਉਂਦੀ ਹੈ। ਜੋ ਹੁਣ ਇੱਥੇ ਹੁੰਦੀ ਹੈ ਅਤੇ ਹੁਣੇ ਹੀ ਉੱਥੇ ਹੁੰਦੀ ਹੈ। ਹਰ ਮਨੁੱਖ ਦੀ ਇੱਛਾ ਭੋਗ ਵਿਲਾਸ ਦੇ ਪਿੱਛੇ ਦੌੜਦੀ ਹੈ। ਮਨੁੱਖ ਦੀ ਇਹ ਇੱਛਾ ਹੈ ਕਿ ਉਸ ਪਾਸ ਅਧਿਕ ਤੋਂ ਅਧਿਕ ਧੰਨ ਹੋਵੇ, ਵਧੀਆ ਤੋਂ ਵਧੀਆ ਘਰ ਹੋਵੇ, ਉੱਚੇ ਤੋਂ ਉੱਚਾ ਔਹਦਾ ਹੋਵੇ, ਵੱਡੇ ਤੋਂ ਵੱਡਾ ਸਨਮਾਨ ਹੋਵੇ, ਜਿਆਦਾ ਤੋਂ ਜਿਆਦਾ ਭੌਤਿਕ ਪਦਾਰਥ ਹੋਣ, ਹਰ ਪ੍ਰਕਾਰ ਦੀਆਂ ਸਹੂਲਤਾਂ ਹੋਣ। ਮੈਂ ਆਹ ਹੋਵਾਂ, ਮੇਰੇ ਪੁੱਤ, ਧੀਆਂ, ਪਤਨੀ, ਸਬੰਧੀ ਔਹ ਹੋਣ, ਆਹ ਹੋਣ ਆਦਿ। ਬੇ-ਅਥਾਹ ਇੱਛਾ ਲਾਲਸਾ ਬਣ ਜਾਂਦੀ ਹੈ।
ਲਾਲਚ ਮਨੁੱਖ ਨੂੰ ਖਾ ਜਾਂਦਾ ਹੈ। ਇੱਛਾ ਦਾ ਗੁਲਾਮ ਮਨੁੱਖ, ਇੱਛਾਵਾਂ ਦੀ ਧਾਰਾ ਵਿੱਚ ਉਵੇਂ ਹੀ ਫਸ ਕੇ ਮਰ ਜਾਂਦਾ ਹੈ ਜਿਵੇਂ ਮਕੜੀ ਆਪਣੇ ਹੀ ਬਣਾਏ ਜਾਲੇ ਵਿੱਚ ਫਸ ਕੇ ਮਰ ਜਾਂਦੀ ਹੈ। 
ਮਨ ਵਿੱਚ ਕੋਈ ਚੰਗੀ ਲੱਗਣ ਵਾਲੀ ਸੰਵੇਦਨਾ ਜਾਗੀ ਤਾਂ ਭੋਗਣ ਦੀ ਇੱਛਾ ਜਾਗ ਪੈਂਦੀ ਹੈ। ਇਹ ਭੋਗ-ਵਿਲਾਸ ਕੀ ਹੈ? ਭੋਗ ਇੱਕ ਸ਼ਰੀਰਕ ਲੋੜ ਹੈ। ਭੋਗ ਜਦ ਅਸੀਂ ਇੱਕ ਸੀਮਾਂ ਵਿੱਚ ਕਰਦੇ ਹਾਂ ਤਾਂ ਇਹ ਸੁੱਖ ਦਿੰਦਾ ਹੈ, ਜਦ ਅਸੀਂ ਅਸੀਮਤ ਭੋਗ ਕਰਦੇ ਹਾਂ ਤਾਂ ਦੁੱਖ ਦਿੰਦਾ ਹੈ। ਗੁਰੂ ਰਵਿਦਾਸ ਜੀ ਕਹਿੰਦੇ-
ਮ੍ਰਿਗ, ਮੀਨ, ਭ੍ਰਿੰਡ, ਪਤੰਗ, ਕੁੰਚਰ ਏਕ ਦੋਖ ਬਿਨਾਸ।
ਪੰਚ ਦੋਖ ਅਸਾਧ ਜਾਮਹਿ, ਤਾਂ ਕੀ ਕੇਤਕ ਕੀ ਆਸ।।
ਹਿਰਨ ਨਾਦ ਸੁਣਨ ਦਾ ਆਸ਼ਕ ਹੈ। ਉਹ ਕੰਨਾਂ ਦੇ ਵਿਸ਼ੇ ਕਾਰਨ ਸ਼ਿਕਾਰੀ ਦੁਆਰਾ ਵਜਾਇਆ ਜੰਤਰ ਸੁਣਨ ਜਾਂਦਾ ਹੈ ਤੇ ਸ਼ਿਕਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਮੱਛੀ ਜੀਭ ਦੇ ਰਸ ਦੀ ਮਾਰੀ, ਮਾਛੀ ਦੀ ਕੁੰਡੀ ਵਿੱਚ ਫਸ ਜਾਂਦੀ ਹੈ। ਭੌਰਾ ਫੁਲ ਦੀ ਸੁਗੰਧੀ ਦੇ ਕਾਰਨ ਫੁੱਲ ਉੱਤੇ ਬੈਠਾ ਰਹਿੰਦਾ ਹੈ ਅਤੇ ਜਦ ਰਾਤ ਨੂੰ ਫੁੱਲ ਬੰਦ ਹੋ ਜਾਂਦਾ ਹੈ ਤਾਂ ਭੌਰਾ ਵਿੱਚ ਕੈਦ ਹੋ ਕੇ ਮਾਰਿਆ ਜਾਂਦਾ ਹੈ। ਪਤੰਗੇ ਨੂੰ ਦੀਵੇ ਦੀ ਲਾਟ ਸੋਹਣੀ ਲਗਦੀ ਹੈ। ਸੁਹਣੇ ਤੋਂ ਸੋਹਣਾ ਦੇਖਣ ਲਈ ਅੱਖਾਂ ਦੇ ਐਬ ਕਾਰਨ ਉਹ ਦੀਵੇ ਦੁਆਲੇ ਸੜ ਕੇ ਸੁਆਹ ਹੋ ਜਾਂਦਾ ਹੈ। ਹਾਥੀ ਕਾਮ ਕਾਰਨ ਕਮਲਾ ਹੋ ਕੇ ਮਹਾਵਤਾਂ ਦੁਆਰਾ ਬਣਾਈ ਝੂਠੀ ਹਥਣੀ ਪਿੱਛੇ ਜਾਂਦਾ ਟੋਏ ਵਿੱਚ ਡਿੱਗ ਪੈਦਾ ਹੈ। ਮਹਾਵਤ ਉਹਨੂੰ ਕਾਬੂ ਕਰ ਲੈਂਦੇ ਹਨ। ਇਹਨਾਂ ਪੰਜਾਂ ਨੂੰ ਤਾਂ ਇੱਕ ਇੱਕ ਐਬ ਨੇਂ ਹੀ ਖਤਮ ਕਰ ਦਿੱਤਾ ਹੈ। ਪ੍ਰੰਤੂ ਮਨੁੱਖ ਨੂੰ ਤਾਂ ਇਹ ਪੰਜੇ ਐਬ ਲੱਗੇ ਹੋਏ ਹਨ। 
ਵਿਸ਼ੈ-ਵਿਕਾਰ, ਭੋਗ-ਵਿਲਾਸੀ ਮੂਰਖ ਮਨੁੱਖ ਨੂੰ ਬਰਬਾਦ ਕਰ ਦਿੰਦੇ ਹਨ। ਮੂਰਖ ਮਨੁੱਖ ਵੇਕਾਰਾਂ ਦੀ ਪੂਰਤੀ ਲਈ ਵੱਧ ਤੋਂ ਵੱਧ ਧਨ ਇਕੱਠਾ ਕਰਨ ਲਗਦਾ ਹੈ। ਜਿਸ ਨਾਲ ਮਨੁੱਖ ਵਿੱਚ ਮਲਕੀਅਤ ਦੀ ਭਾਵਨਾ ਪੈਦਾ ਹੁੰਦੀ ਹੈ। ਮਲਕੀਅਤ ਦੀ ਭਾਵਨਾ ਨਿਜੀ ਜਾਇਦਾਦ ਨੂੰ ਜਨਮ ਦਿੰਦੀ ਹੈ। ਇਹ ਨਿੱਜੀ ਜਾਇਦਾਦ ਦੇ ਰੂਪ ਵਿੱਚ ਧੱਨ ਇਕੱਠਾ ਕਰਨ ਦੀ ਇੱਛਾ-ਲਾਲਸਾ ਹੀ ਸਭ ਪ੍ਰਕਾਰ ਦੇ ਦੁੱਖਾਂ ਦਾ ਮੂਲ ਕਾਰਨ ਹੈ। ਇਹ ਵਿਅਕਤੀਗਤ ਹੀ ਨਹੀਂ ਬਲਕਿ ਸਮਾਜ ਨੂੰ ਵੀ ਦੁੱਖੀ ਕਰਦੀ ਹੇ। ਇਸ ਨਾਲ ਸਮਾਜ ਵਿੱਚ ਝਗੜਾ ਪੈਦਾ ਹੁੰਦਾ ਹੈ। ਇਹ ਇੱਕ ਵਰਗ ਲਈ ਸੁੱਖ ਅਤੇ ਦੂਜੇ ਲਈ ਦੁੱਖ ਪੈਦਾ ਕਰਦੀ ਹੈ। ਇਕ ਵਰਗ ਲਈ ਤਾਕਤ ਅਤੇ ਦੂਜੇ ਲਈ ਮੁਸੀਬਤਾਂ ਪੈਦਾ ਕਰਦੀ ਹੈ। ਮੁਸੀਬਤਾਂ ਦੁੱਖ ਹਨ। 
ਇਸ ਲਈ ਵਿਸ਼ੇ ਵਿਕਾਰਾ ਦਾ ਆਦਿ ਮਨੁੱਖ ਦੁਰਾਚਾਰੀ ਹੁੰਦਾ ਹੈ। ਇੱਕ ਦੁਰਾਚਾਰੀ ਮਨੁੱਖ ਆਪਣੇ ਮਨ, ਇੱਛਾ, ਭੋਗ, ਵਿਸ਼ੇ, ਵਿਕਾਰਾਂ ਦੀ ਪੂਰਤੀ ਲਈ, ਦੂਸਰੇ ਮਨੁੱਖ ਦਾ ਸ਼ੋਸ਼ਣ ਕਰਕੇ ਇਹ ਸਭ ਦੁੱਖ ਹੀ ਦੁੱਖ ਪੈਦਾ ਕਰਦਾ ਹੈ। ਅਜਿਹਾ ਕਰਕੇ ਦੁਰਾਚਾਰੀ ਮਨੁੱਖ ਸਿਰਫ ਆਪ ਹੀ ਦੁੱਖੀ ਨਹੀਂ ਹੁੰਦਾ ਬਲਕਿ ਸੈਂਕੜੇ ਸਕੇ ਸਬੰਧੀਆਂ, ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਅਤੇ ਸਮਾਜ ਨੂੰ ਵੀ ਦੁੱਖੀ ਕਰਦਾ ਹੈ। ਦੁਰਾਚਾਰ ਦਾ ਅੰਤ ਸਦਾਚਾਰ ਹੈ। ਗੁਰੂ ਰਵਿਦਾਸ ਜੀ ਕਹਿੰਦੇ,
ਸਤਿ ਸੰਤੋਖ ਔਰ ਸਦਾਚਾਰ, ਮਾਨਵ ਜੀਵਨ ਕੇ ਅਧਾਰ,
ਰਵਿਦਾਸ ਬੇਗ਼ਮਪੁਰ ਵਸੈ, ਜਿਨ ਤਿਆਗੇ ਪੰਜ ਵਿਕਾਰ£ 'ਸੋਹੁੰ' 
ਸਦਾਚਾਰ ਦਾ ਅਰਥ ਹੈ ਜੀਵਨ ਦੇ ਸਭ ਖੇਤਰਾਂ ਵਿੱਚ ਇੱਕ ਮਨੁੱਖ ਦਾ ਦੂਜੇ ਮਨੁੱਖ ਪ੍ਰਤੀ ਚੰਗਾ ਵਿਵਹਾਰ। ਇਹ ਚੰਗਾ ਵਿਵਹਾਰ ਹੀ ਸਾਨੂੰ ਆਪਸ 'ਚ ਜੋੜਦਾ ਹੈ, ਇਹ ਜੋੜ-ਸਭ-ਸੰਗਤ ਹੀ ਸਦਾਚਾਰ ਹੈ। ਸਦਾਚਾਰ ਸੁੱਖ ਹੈ। ਸੁੱਖ, ਦੁੱਖਾਂ ਤੋਂ ਛੁਟਕਾਰਾ ਹੈ। ਦੁੱਖਾਂ ਤੋਂ ਛੁਟਕਾਰਾ ਹੀ ਨਿਰਬਾਣ ਹੈ। ਨਿਰਬਾਣ ਬੇਗ਼ਮਪੁਰਾ ਹੀ 'ਗ਼ਮ ਰਹਿਤ' ਗਿਆਨ ਅਵਸਥਾ ਹੈ।
ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰਾ ਦੀ ਸਿਰਜਨਾ ਦੇ ਦੋ ਮਾਰਗ ਹਨ। ਪਹਿਲਾਂ ਗਿਆਨ ਅਵਸਥਾ ਦੀ ਪ੍ਰਾਪਤੀ ਹੈ ਅਤੇ ਦੂਜਾ ਸਮਾਜ ਵਿਵਸਥਾ ਪ੍ਰੀਵਰਤਨ ਹੈ। ਪਹਿਲਾਂ ਨਿੱਜੀ ਮਾਰਗ ਹੈ ਅਤੇ ਦੂਜਾ ਸਮੂਹਿਕ ਮਾਰਗ ਹੈ। ਗਿਆਨ ਅਵਸਥਾ ਦੇ ਮਾਰਗ ਪ੍ਰਤੀ ਗੁਰੂ ਜੀ ਫ਼ਰਮਾਉਦੇ ਹਨ-
ਮਨ ਤੇ ਰਾਜ ਕਰ ਵਸ ਆਪਣੇ, ਸੁੱਖ ਘਰ ਹੈ ਦੋਈ ਠਾਵ।
ਰਵਿਦਾਸ ਇੱਕ ਸੁੱਖ ਨਿਰਵਾਣ ਵਿੱਚ, ਦੂਜਾ ਹੈ ਸਵਰਾਜ
ਗੁਰੂ ਜੀ ਕਹਿੰਦੇ, ਦੁਰਾਚਾਰੀ ਅਵਸਥਾ ਅਤੇ ਅਸਮਾਨਤਾ ਅਧਾਰਤ ਸਮਾਜ-ਵਿਵਸਥਾ ਨੂੰ ਸੋਹੁੰ ਦੇ ਸਿਧਾਂਤ; ਗਿਆਨ, ਪ੍ਰੱਗਿਆ, ਕਰੁਣਾ, ਸ਼ੀਲ, ਸਮਾਧੀ ਦੇ ਮਾਰਗ 'ਤੇ ਚਲਦੇ, ਨਿਰਵਾਣ ਪ੍ਰਾਪਤ ਕਰਕੇ, ਬੇਗ਼ਮਪੁਰਾ ਦਾ ਵਾਸੀ ਹੋ ਸਕਦਾ ਹੈ। ਜਿੱਥੇ ਮਨੁੱਖ ਆਪ ਵੀ ਸੁੱਖੀ ਜੀਵਨ ਜਿਉਂ ਸਕਦਾ ਹੈ ਅਤੇ ਦੂਜਿਆ ਨੂੰ ਵੀ ਸੁੱਖੀ ਬਣਾ ਸਕਦਾ ਹੈ। 
ਅੰਤ! ਗੁਰੂ ਰਵਿਦਾਸ ਜੀ ਦਾ 'ਸੋਹੁੰ' ਨਿਰਬਾਣ ਮਾਰਗ, ਇਸੇ ਸੰਸਾਰ ਵਿੱਚ, ਇਸੇ ਧਰਤੀ 'ਤੇ, ਇਸੇ ਜੀਵਨ ਵਿਚ ਬੇਗ਼ਮਪੁਰਾ ਦੀ ਸਿਰਜਨਾ ਦਾ ਮਾਰਗ ਹੈ।      
ਸੰਸਾਰ ਵਿਚ ਚਾਰ ਤਰ੍ਹਾਂ ਦੇ ਪ੍ਰਾਣੀ (ਪੁਰਸ਼) ਪੈਦਾ ਹੁੰਦੇ ਹਨ। ਇਕ ਉਹ ਪੁਰਸ਼ ਪੈਦਾ ਹੁੰਦੇ ਹਨ ਜੋ ਜਨਮ ਲੈਂਦੇ ਹਨ, ਖਾਂਦੇ ਪੀਂਦੇ ਹਨ, ਰਾਤ ਨੂੰ ਸੌਂ ਜਾਂਦੇ ਹਨ, ਸਵੇਰੇ ਉੱਠਦੇ ਹਨ ਫਿਰ ਇਸੇ ਪ੍ਰਕਿਰਿਆ ਵਿਚ ਲੱਗ ਜਾਂਦੇ ਹਨ ਅਤੇ ਇਸੇ ਤਰ੍ਹਾਂ ਜੀਵਨ ਗੁਜਾਰ ਕੇ ਮਰ ਜਾਂਦੇ ਹਨ। ਨਾ ਉਹ ਆਪਣਾ ਕੁੱਝ ਸਵਾਰਦੇ ਹਨ ਤੇ ਨਾ ਸਮਾਜ ਦਾ ਕੁੱਝ ਸਵਾਰਦੇ ਹਨ। ਉਹ ਜਾਨਵਰਾਂ ਦੀ ਤਰ੍ਹਾਂ ਜਨਮ ਲੈਂਦੇ ਹਨ ਤੇ ਜਾਨਵਰਾਂ ਦੀ ਤਰ੍ਹਾਂ ਮਰ ਜਾਂਦੇ ਹਨ। ਇਤਿਹਾਸ ਵਿਚ ਉਨ੍ਹਾਂ ਦਾ ਕਿਧਰੇ ਨਾਮੋ ਨਿਸ਼ਾਨ ਨਹੀਂ ਰਹਿੰਦਾ।
ਦੂਜੀ ਤਰ੍ਹਾਂ ਦੇ ਉਹ ਪੁਰਸ਼ ਪੈਦਾ ਹੁੰਦੇ ਹਨ ਜੋ ਸਾਰੀ ਉਮਰ ਬੇਇਮਾਨੀ ਨਾਲ ਦੌਲਤ ਇਕੱਠੀ ਕਰਨ ਵਿਚ ਲੱਗੇ ਰਹਿੰਦੇ ਹਨ। ਹੋਰ ਧਨ, ਹੋਰ ਧਨ ਦੀ ਆੜ ਵਿਚ ਧਨ ਇਕੱਠਾ ਕਰਦੇ-ਕਰਦੇ ਮਰ ਜਾਂਦੇ ਹਨ। ਧਨ ਦੌਲਤ ਦੀ ਵੰਡ ਲਈ ਪਿੱਛੋਂ ਉਨ੍ਹਾਂ ਦੀ ਸੰਤਾਨ ਆਪਸ ਵਿਚ ਲੜਦੀ ਝਗੜਦੀ ਹੈ। ਪਰਿਵਾਰਕ ਪਿਆਰ, ਨਫਰਤ ਤੇ ਦੁਸ਼ਮਣੀ ਵਿਚ ਬਦਲ ਜਾਂਦਾ ਹੈ। ਕਲੇਸ਼ ਵਿੱਚ ਧਨ ਦੌਲਤ ਇੱਥੇ ਖਤਮ ਹੋ ਜਾਂਦਾ ਹੈ। ਲੜਦੇ-ਲੜਦੇ ਉਹ ਵੀ ਮਰ ਜਾਂਦੇ ਹਨ। ਅਜਿਹੀ ਕਿਸਮ ਦੇ ਪੁਰਸ਼ਾਂ ਦਾ ਵੀ ਇਤਿਹਾਸ ਵਿਚ ਨਾਮ ਨਹੀਂ ਰਹਿੰਦਾ।
ਤੀਜੀ ਕਿਸਮ ਦੇ ਉਹ ਪੁਰਸ਼ ਹਨ ਜੋ ਜਨਮ ਲੈਂਦੇ ਹਨ ਪਰ ਸਮਾਜ ਦੀਆਂ ਸਮੱਸਿਆਵਾਂ ਨੂੰ ਵੇਖ ਕੇ ਸਹਿਮ ਜਾਂਦੇ ਹਨ। ਸਮੱਸਿਆਵਾਂ ਨਾਲ ਜੂਝਦੇ ਨਹੀਂ, ਸਗੋਂ ਸਮਾਜ ਨੂੰ ਛੱਡਕੇ ਪਹਾੜਾਂ, ਜੰਗਲਾਂ ਵੱਲ ਚਲੇ ਜਾਂਦੇ ਹਨ। ਉੱਥੇ ਸਮੱਸਿਆਵਾਂ ਦਾ ਹੱਲ ਲੱਭਦੇ-ਲੱਭਦੇ ਖਤਮ ਹੋ ਜਾਂਦੇ ਹਨ। ਸਮਾਜ ਵਿਚ ਇਹੋ ਜਿਹੇ ਪੁਰਸ਼ਾਂ ਦਾ ਵੀ ਕਿਧਰੇ ਨਾਮੋ ਨਿਸ਼ਾਨ ਨਹੀਂ ਰਹਿੰਦਾ।
ਚੌਥੀ ਤਰ੍ਹਾਂ ਦੇ ਉਹ ਪੁਰਸ਼ ਹਨ ਜੋ ਸਮਾਜ ਵਿਚ ਜਿੱਥੇ ਉਹ ਜਨਮ ਲੈਂਦੇ ਹਨ ਉੱਥੇ ਦੀਆਂ ਪ੍ਰਸਥਿੱਤੀਆਂ ਨੂੰ ਸਮਝਕੇ, ਮੌਜੂਦਾ ਸਮੱਸਿਆਵਾਂ ਨੂੰ ਉਭਾਰਦੇ ਹੀ ਨਹੀਂ, ਬਲਕਿ ਉਨ੍ਹਾਂ ਨੂੰ ਨਜਿੱਠਦੇ ਵੀ ਹਨ ਅਤੇ ਅੱਗੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਰਸਤਾ ਵੀ ਵਿਖਾਉਂਦੇ ਹਨ। ਅਜਿਹੇ ਪੁਰਸ਼, ਪੁਰਸ਼ ਨਹੀ, ਮਹਾਂਪੁਰਸ਼ ਹੁੰਦੇ ਹਨ। ਮਹਾਂਪੁਰਸ਼ਾਂ ਦਾ ਜੀਵਨ ਬ੍ਰਿਤਾਂਤ ਇਤਿਹਾਸ ਬਣਦਾ ਹੈ। ਇਤਿਹਾਸ ਕੌਮਾਂ ਦਾ ਮਾਰਗ ਦਰਸ਼ਨ ਹੁੰਦਾ ਹੈ। ਇਤਿਹਾਸ ਤੋਂ ਪ੍ਰੇਰਨਾ ਲੈ ਕੇ ਕੌਮਾਂ ਅਜ਼ਾਦੀ ਪ੍ਰਾਪਤ ਕਰਦੀਆਂ ਹਨ।
ਗੁਰੂ ਰਵਿਦਾਸ ਜੀ ਕਹਿੰਦੇ, 'ਮਨੁੱਖਾ ਜੀਵਨ ਦੁਰਲੱਭ' ਹੈ। 'ਮਨੁੱਖਾ ਜੀਵਨ ਨੂੰ ਅੰਜਾਈ ਨਹੀਂ ਗੁਆਉਣਾ ਚਾਹੀਦਾ। ਹਰ ਮਨੁੱਖ ਨੂੰ ਆਪਣੇ ਜੀਵਨ ਨੂੰ ਉਪਯੋਗੀ ਪਾਸੇ ਭਾਵ ਬੇਗ਼ਮਪੁਰਾ ਦੀ ਸਿਰਜਨਾ ਲਈ ਲਾਉਣਾ ਚਾਹੀਦਾ ਹੈ। 

ਐਸ ਐਲ ਵਿਰਦੀ ਐਡਵੋਕੇਟ,
ਸਿਵਲ ਕੋਰਟਸ ਫਗਵਾੜਾ, ਪੰਜਾਬ।
ਫੋਨ: 01824 265887, 98145 17499

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਤੇ ਅਦਾਰਾ www.upkaar.com ਵਲੋਂ ਵਿਰਦੀ ਜੀ ਦਾ ਧੰਨਵਾਦ ਹੈU