ਨਜ਼ਮ :  ਸ਼੍ਰੀ ਕਮਲ ਪਾਲ

 

ਨਜ਼ਮ: ਵਿਰਾਸਤ


ਅਸੀਂ ਪਿੰਡਾ 'ਚ ਸਾਂ ,
ਉਨ੍ਹਾ ਨੇ ਇਸ ਹੱਦ ਤਕ 
ਸਾਨੂੰ ਜਲੀਲ ਕੀਤਾ _ 
ਅਸੀਂ ਸ਼ਹਿਰਾਂ ਵਲ ਪਰਤੇ |

ਅਸੀਂ ਸ਼ਹਿਰਾਂ 'ਚ ਸਾਂ ,
ਉਨ੍ਹਾ ਸਾਡੀ ਨਾਨੀ 
ਚੇਤੇ ਕਰਵਾ ਦਿੱਤੀ _
ਅਸੀਂ ਜੰਗਲਾਂ ਵਲ ਦੌੜੇ |

ਅਸੀਂ ਜੰਗਲਾਂ 'ਚ ਸਾਂ ,
ਉਨ੍ਹਾ ਸਾਡੀ ਮਿੱਟੀ 
ਬਹੁਤ ਪਲੀਤ ਕੀਤੀ _
ਅਸੀਂ ਬਾਗੀ ਹੋ ਗਏ |

ਅਸੀਂ ਬਾਗੀ ਲਗਦੇ ਸਾਂ ,
ਉਨ੍ਹਾ ਸਾਡੇ ਸੀਨੇ ਨਾਪੇ
'
ਤੇ ਫਿਰ ਗੋਲੀ ਦਾਗੀ _
ਅਸੀਂ ਰਕਤ ਹੋ ਗਏ |

ਅਸੀਂ ਰਕਤ ਹੋ ਗਏ ਸਾਂ ,
ਉਨ੍ਹਾ ਅਪਣੇ ਘਰਾਂ 'ਤੇ
ਸ਼ੱਕ ਦੀ ਨਿਗਾਹ ਫੇਰੀ -
ਅਸੀਂ ਨਾੜਾਂ 'ਚ ਵਗਣ ਲੱਗ

ਅਸੀਂ ਨਾੜਾਂ 'ਚ ਵਗਦੇ ਸਾਂ ,
ਉਨ੍ਹਾ ਬਹੁਤ ਯਤਨ ਕੀਤੇ 
ਜਰਾ ਸੋਚੋ ਆਪਣੀਆਂ ਨਾੜਾਂ -
ਕੌਣ ਕੱਟਦਾ ਹੈ |

ਹੁਣ ਕਰੋ ਸਾਡਾ ,
ਕੀ ਕਰਦੇ ਹੋ ?
ਅਸੀਂ ਤੁਹਾਡੀਆਂ ਰਗਾਂ ਵਿਚ ਦੌੜਦਾ ਲਹੂ ਹਾਂ ||

ਕਮਲ ਦੇਵ ਪਾਲ