News                                                                                               Home
ਕਿੰਦਰ ਕੁਮਾਰ ਪਿੰਡ ਚੱਕ ਥੋਥੜਾਂ ਦੀ ਮਿਰਤਕ ਦੇਹ ਯੂ. ਏ. ਈ. ਤੋਂ ਪੰਜਾਬ ਭੇਜੀ।
  

18 ਅਕਤੂਬਰ 2017(ਅਜਮਾਨ) ਗੁਰਾਇਆਂ ਦੇ ਨਜ਼ਦੀਕ ਦੇ ਪਿੰਡ ਚੱਕ ਥੋਥੜਾਂ ਦੇ ਕਿੰਦਰ ਕੁਮਾਰ ਦੀ ਮਿਰਤਕ ਦੇਹ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਉਪਰਾਲਿਆਂ ਨਾਲ ਉਸ ਦੇ ਪਿੰਡ ਭੇਜੀ ਗਈ। ਕਿੰਦਰ ਕੁਮਾਰ ਦੀ ਦਿਲ ਦਾ ਦੌਰਾ ਪੈਣ ਕਰਕੇ ਅਜਮਅਨ ਸ਼ਹਿਰ ਦੇ ਖਲੀਫਾ ਹਸਪਤਾਲ ਵਿਖੇ ਮੌਤ ਹੋ ਗਈ ਸੀ। ਕਿਸੇ ਵਾਰਿਸ ਦਾ ਪਤਾ ਨਾ ਹੋਣ ਕਰਕੇ ਅਜਮਾਨ ਪੁਲਿਸ ਨੇ ਪਰਧਾਨ ਰੂਪ ਸਿੱਧੂ ਨੂੰ ਇਸ ਆਦਮੀ ਦੀ ਮੌਤ ਬਾਰੇ ਸੂਚਿਤ ਕੀਤਾ ਤਾਂ ਪਾਸਪੋਰਟ ਤੋਂ ਮਿਲੇ ਅਡਰੈਸ ਦੇ ਅਧਾਰ ਤੇ ਹੀ ਰੂਪ ਸਿੱਧੂ ਨੇ ਇਸਦੇ ਪਰਿਵਾਰ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਆਰੰਭੀਆਂ। ਪੱਤਰਕਾਰ ਇੰਦਰਜੀਤ ਚੰਧੜ ਦੀ ਮਦਦ ਨਾਲ ਸਰਗੁੰਦੀ ਦੇ ਸਾਬਕਾ ਸਰਪੰਚ ਰਾਮ ਸਰੂਪ ਜੀ ਦਾ ਨੰਬਰ ਮਿਲਿਆ ਅਤੇ ਰਾਮ ਸਰੂਪ ਜੀ ਨੇ ਮਿਰਤਕ ਦੇ ਭਰਾ ਨਾਲ ਰੂਪ ਸਿੱਧੂ ਦੀ ਗੱਲ ਬਾਤ ਕਰਵਾਈ।  ਇਸ ਗੱਲਬਾਤ ਤੋਂ ਹੀ ਪਤਾ ਚੱਲਿਆ ਕਿ ਕਿੰਦਰ ਦਾ ਇਕ ਭਰਾ ਪਰਕਾਸ਼ ਰਾਮ ਵੀ ਅਜਮਾਨ ਸ਼ਹਿਰ ਵਿਚ ਹੀ ਹੈ। ਫਿਰ ਰੂਪ ਸਿੱਧੂ ਨੇ ਪਰਕਾਸ਼ ਨਾਲ ਸੰਪਰਕ ਕੀਤਾ ਪਰ ਉਹ ਪੜਿਆ ਲਿਖਿਆ ਨਾ ਹੋਣ ਕਰਕੇ ਮਿਰਤਕ ਦੇਹ ਭੇਜਣ ਦੀ ਕਾਰਵਾਈ ਕਰਨ ਅਤੇ ਇਸਦਾ ਖਰਚਾ ਕਰਨ ਤੋਂ ਅਸਮਰੱਥ ਸੀ। ਕਿੰਦਰ ਕੁਮਾਰ ਦੋ ਢਾਈ ਸਾਲ ਤੋਂ ਆਪਣੇ ਮਾਲਿਕਾਂ ਤੋਂ ਭੱਜਿਆ ਹੋਇਆ ਸੀ ਅਤੇ ਉਹ ਕੰਪਣੀ ਵੀ ਬੰਦ ਹੋ ਚੁੱਕੀ ਸੀ।ਅਜਿਹੇ ਹਾਲਾਤਾਂ ਵਿਚ ਅਕਸਰ ਮਿਰਤਕ ਦੇਹਾਂ ਭੇਜਣਾ ਹੋਰ ਵੀ ਔਖਾ ਹੋ ਜਾਂਦਾ ਹੈ।ਸੁਸਾਇਟੀ ਮੈਂਬਰਾ ਦੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਆਖਰ 12 ਅਕਤੂਬਰ ਨੂੰ ਇਹ ਮਿਰਤਕ ਦੇਹ ਪੰਜਾਬ ਭੇਜ ਦਿੱਤੀ ਗਈ। ਇਸ ਦਿਨ ਮਿਰਤਕ ਦਾ ਭਰਾ ਪਰਕਾਸ਼, ਰੂਪ ਸਿੱਧੂ ਅਤੇ ਸੁਸਾਇਟੀ ਦੇ ਹੈਡਗ੍ਰੰਥੀ ਸ਼੍ਰੀ ਕਮਲਰਾਜ ਗੱਡੂ ਵੀ ਹਾਜ਼ਿਰ ਸਨ। ਮਿਰਤਕ ਦੇਹ ਨੂੰ ਇਸ਼ਨਾਨ ਕਰਵਾਉਣ ਤੋਂ ਬਾਦ ਮਰਿਆਦਾ ਅਨੁਸਾਰ ਅੰਤਿਮ ਅਰਦਾਸ ਕਰਕੇ ਤਾਬੂਤ ਵਿੱਚ ਰੱਖਿਆ ਗਿਆ। ਗ਼ਰੀਬ ਪਰਿਵਾਰ ਹੋਣ ਕਰਕੇ ਮਿਰਤਕ ਦਾ ਹਵਾਈ ਖਰਚਾ ਵੀ ਭਾਰਤੀ ਕੌਂਸਲਖਾਨੇ ਵਲੋਂ ਕੀਤਾ ਗਿਆ ਹੈ ਅਤੇ ਤਾਬੂਤ,ਇਮਬਾਲਮਿੰਗ ਅਤੇ ਐਂਬੂਲੈਂਸ ਦੇ ਖਰਚੇ ਅਜੇ ਸੁਸਾਇਟੀ ਵਲੋਂ ਕੀਤੇ ਗਏ ਹਨ ਪਰ ਭਾਰਤੀ ਕੌਂਸੁਲਖਾਨੇ ਵਲੋਂ ਇਨਾਂ ਸਾਰੇ ਹੀ ਖਰਚਿਆਂ ਦੀ ਭਰਪਾਈ ਦਾ ਵਾਅਦਾ ਵੀ ਕੀਤਾ ਗਿਆ ਹੈ। ਕਿੰਦਰ ਕੁਮਾਰ ਦਾ 12 ਅਕਤੂਬਰ ਨੂੰ ਹੀ ਪਿੰਡ ਚੱਕ ਥੋਥੜਾਂ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।ਇਸ ਦੁਖ ਦੀ ਘੜੀ ਵਿੱਚ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੁਖੀ ਪਰਿਵਾਰ ਨਾਲ ਅਫਸੋਸ ਅਤੇ ਹਮਦਰਦੀ ਪਰਗਟ ਕਰਦੀ ਹੈ।