Shri Guru Ravidas Welfare Society 
News                                                                                               Home
  ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਈਆਂ 2 ਹੋਰ ਲੜਕੀਆਂ ਨੂੰ ਪੰਜਾਬ ਭੇਜਿਆ ਗਿਆ ।    
 

01 ਜੂੰਨ, 2017, (ਅਜਮਾਨ, ਯੂ.ਏ.ਈ) ਘਰੇਲੂ ਨੌਕਰਾਣੀਆਂ ਦੇ ਕੰਮ ਲਈ ਪੰਜਾਬ ਤੋਂ ਯੂ ਏ ਈ ਆਈਆਂ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਦੋ ਪੰਜਾਬਣਾ ਨੂੰ ਏਜੰਟਾਂ ਦੇ ਚੁੰਗਲ ਚੋਂ ਛੁਡਾ ਕੇ ਪੰਜਾਬ ਵਾਪਿਸ ਭੇਜਿਆ ਗਿਆ । ਸ਼ਾਹਕੋਟ ਦੇ ਨਜ਼ਦੀਕ ਦੀ ਰਣਜੀਤ ਅਤੇ ਗੁਰਦਾਸਪੁਰ ਦੀ ਇਕਵਿੰਦਰ ਨੂੰ ਬੀਤੀ ਰਾਤ ਪੰਜਾਬ ਭੇਜਿਆ ਗਿਆ। ਰਣਜੀਤ ਏਜੰਟਾਂ ਦੇ ਝਾਸੇ ਵਿਚ ਆਕੇ 4 ਮਈ ਨੂੰ ਵਿਜ਼ਟ ਵੀਜੇ ਤੇ ਯੂ.ਏ.ਈ ਦੇ ਅਜਮਾਨ ਸ਼ਹਿਰ ਪੁੱਜੀ ਸੀ। ਜਦ ਤੱਕ ਏਜੰਟ ਇਨ੍ਹਾਂ ਵਾਸਤੇ ਕੰਮ ਨਹੀ ਲੱਭ ਲੈਂਦੇ ਤਦ ਤੱਕ ਉਹ ਇਸ ਤਰਾਂ ਲਿਆਂਦੀਆਂ ਲੜਕੀਆਂ ਨੂੰ ਆਪਣੇ ਕਬਜ਼ੇ ਵਿਚ ਹੀ ਰੱਖਦੇ ਹਨ। ਰਣਜੀਤ ਨੂੰ ਇੱਕ ਦੋ ਜਗਾ ਕੁਝ ਕੁਝ ਦਿਨ ਲਈ ਕੰਮ ਤੇ ਭੇਜਿਆ ਗਿਆ ਪਰ ਉਸਨੂੰ ਕਿਤੇ ਵੀ ਪੱਕਾ ਕੰਮ ਨਾ ਮਿਲਿਆ। ਏਜੰਟਾਂ ਵਲੋਂ ਜਿੱਥੇ ਇਨਾਂ ਨੂੰ ਰੱਖਿਆ ਗਿਆ ਸੀ ਓਥੇ ਖਾਣ ਪੀਣ ਅਤੇ  ਰਹਿਣ ਦੀ ਵੀ ਤੰਗੀ ਸੀ। ਇਨ੍ਹਾਂ ਨੂੰ ਆਪਣੇ ਕੋਲ ਫੋਨ ਰੱਖਣ ਦੀ ਵੀ ਮਨਾਹੀ ਸੀ ਅਤੇ ਘਰ ਦਿਆਂ ਨਾਲ ਗੱਲ ਵੀ ਕਦੇ ਕਦੇ ਏਜੰਟ ਦੇ ਰਹਿਮੋ ਕਰਮ ਤੇ ਹੀ ਹੁੰਦੀ ਸੀ। ਰਣਜੀਤ ਦੇ ਦੱਸਣ ਅਨੁਸਾਰ ਮੁੱਖ ਏਜੰਟ ਕੋਈ ਇਬਰਾਹੀਮ ਨਾਮ ਦਾ ਭਾਰਤੀ ਵਿਅਕਤੀ ਹੈ ਜੋ ਲੜਕੀਆਂ ਨਾਲ ਬਦਸਲੂਕੀ ਅਤੇ ਮਾਰ-ਕੁਟਾਈ ਵੀ ਕਰਦਾ ਹੈ। ਇਸ ਏਜੰਟ ਨੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਆਪਣੇ ਦਫਤਰ ਬਣਾ ਰੱਖੇ ਹਨ ਅਤੇ ਅੱਗੇ ਕਈ ਮੁੰਡੇ ਕੁੜੀਆਂ ਗਾਹਕ ਫਸਾਉਣ ਲਈ ਕਮਿਸ਼ਨ ਤੇ ਰੱਖੇ ਹੋਏ ਹਨ। 20 ਦਿਨ ਕੰਮ ਨਾ ਮਿਲਣ ਅਤੇ ਏਜੰਟ ਦੇ ਤਸੀਹਿਆਂ ਤੋਂ ਤੰਗ ਆਈ ਰਣਜੀਤ ਇਸ ਚੁੰਗਲ ਚੋਂ ਨਿਕਲਣ ਬਾਰੇ ਸੋਚ ਹੀ ਰਹੀ ਸੀ ਕਿ 24 ਮਈ ਨੂੰ ਗੁਰਦਾਸ ਪੁਰ ਦੀ ਇਕਵਿੰਦਰ ਵੀ ਇਨਾਂ ਏਜੰਟਾਂ ਦੇ ਗਰੁੱਪ ਕੋਲ ਹੀ ਆ ਫਸੀ। ਗੁਰਦਾਸਪੁਰ ਦੀ ਇਕਵਿੰਦਰ ਦੇ ਪਿਤਾ ਦੀ ਪਿਛਲੇ ਮਹੀਨੇ ਹੀ ਮੌਤ ਹੋਣ ਕਾਰਣ ਉਹ ਰੁਜ਼ਗਾਰ ਦੀ ਤਲਾਸ਼ ਵਿਚ ਇਨ੍ਹਾਂ ਏਜੰਟਾਂ ਦੇ ਲਾਰਿਆਂ ਤੇ ਯਕੀਨ ਕਰਕੇ ਏਥੇ ਆ ਗਈ ਸੀ ਪਰ ਆਉਂਦਿਆਂ ਸਾਰ ਹੀ ਨਾਲ ਦੀਆਂ ਹੋਰ ਕੁੜੀਆਂ ਦੇ ਹਾਲਾਤ ਦੇਖਣ ਤੋਂ ਬਾਦ ਬਿਚਾਰੀ ਘਬਰਾ ਗਈ ਅਤੇ ਇਸ ਚੁੰਗਲ ਚੋਂ ਨਿਕਲਣ ਬਾਰੇ ਸੋਚਣ ਲੱਗੀ। ਜਿਵੇਂ ਕਿਵੇਂ ਇਨ੍ਹਾਂ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਅਤੇ ਇੰਡੀਅਨ ਐਸੋਸੀਏਸ਼ਨ ਦੇ ਡਿਸਟ੍ਰੈਸ ਕੇਸ ਕਮੇਟੀ ਦੇ ਕਨਵੀਨੀਅਰ ਸ਼੍ਰੀ ਰੂਪ ਸਿੱਧੂ ਦਾ ਮੋਬਾਈਲ ਫੋਨ ਨੰਬਰ ਮਿਲ ਗਿਆ। ਇਨ੍ਹਾਂ ਨੇ 26 ਮਈ ਏਜੰਟਾਂ ਤੋਂ ਪਰਦੇ ਨਾਲ ਰੂਪ ਸਿੱਧੂ ਨਾਲ ਸੰਪਰਕ ਕਰਕੇ ਮਦਦ ਦੀ ਗੁਹਾਰ ਲਗਾਈ। ਲੜਕੀਆਂ ਦੀ ਵਿਥੀਆ ਸੁਣਦੇ ਹੀ ਰੂਪ ਸਿੱਧੂ ਨੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ। 27 ਮਈ ਤਕਰੀਬਨ 10 ਕੁ ਵਜੇ ਹੀ ਰੂਪ ਸਿੱਧੂ ਇਨਾਂ ਲੜਕੀਆਂ ਨੂੰ ਭਾਲਣ ਵਿੱਚ ਸਫਲ ਹੋ ਗਏ । ਇਸੇ ਦਿਨ ਹੀ ਰੂਪ ਸਿੱਧੂ ਅਤੇ ਐਸੋਸੀਏਸ਼ਨ ਦੇ ਪਰਧਾਨ ਸ਼੍ਰੀ ਅਹਿਮਦ ਖਾਨ ਖੁਦ ਜਾਕੇ ਲੜਕੀਆਂ ਨੂੰ ਏਸੋਸੀਏਸ਼ਨ ਵਿਚ ਲੈ ਆਏ। ਲੜਕੀਆਂ ਦੀ ਹਾਲਤ ਬਹੁਤ ਤਰਸਯੋਗ ਸੀ। ਆਮ ਤੌਰ ਤੇ ਅਜਿਹੀਆਂ ਲੜਕੀਆਂ ਨੂੰ ਭਾਰਤੀ ਦੂਤਾਵਾਦ ਦੇ ਦੁਬਈ ਸ਼ੈਲਟਰ ਵਿਖੇ ਭੇਜਿਆ ਜਾਂਦਾ ਹੈ ਅਤੇ ਬਾਕੀ ਕਾਰਵਾਈ ਕੀਤੀ ਜਾਂਦੀ ਹੈ। ਪਰ ਇਨਾਂ ਦੋਹਾਂ ਲੜਕੀਆਂ ਨੂੰ ਪੰਜਾਬੀ ਹੋਣ ਦੇ ਨਾਤੇ ਰੂਪ ਸਿੱਧੂ ਆਪਣੇ ਘਰ ਹੀ ਲੈ ਗਏ। ਇਸ ਕੇਸ ਨੂੰ ਹੱਲ ਕਰਨ ਲਈ ਕਮਲਰਾਜ ਗੱਡੂ, ਸੁਖਜਿੰਦਰ ਸਿੰਘ ਅਤੇ ਰਘੂ ਦਾ ਬਹੁਤ ਹੀ ਯੋਗਦਾਨ ਰਿਹਾ । ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਮਦਦ ਨਾਲ ਰਣਜੀਤ ਦੀ ਵਾਪਸੀ ਦੀ ਟਿਕਟ ਉਸਦੇ ਏਜੰਟ ਤੋਂ ਕਿਸੇ ਨਾ ਕਿਸੇ ਤਰਾਂ ਪ੍ਰਾਪਤ ਕੀਤੀ ਗਈ। ਇਕਵਿੰਦਰ ਦੀ ਟਿਕਟ ਏਜੰਟ ਤੋਂ ਨਾ ਮਿਲਣ ਕਰਕੇ ਇਸਦੀ ਮਦਦ ਲਈ ਇੰਡੀਅਨ ਕੌਂਸੁਲੇਟ ਦੁਬਈ ਨੂੰ ਲਿਖਿਆ ਗਿਆ ਅਤੇ ਕੌਂਸੁਲੇਟ ਵਲੋਂ ਇਕਵਿੰਦਰ ਦੀ ਟਿਕਟ ਦਾ ਇੰਤਜ਼ਾਮ ਕੀਤਾ ਗਿਆ।  ਲੜਕੀਆਂ ਦੇ ਪਾਸਪੋਰਟ ਏਜੰਟਾਂ ਤੋਂ ਪ੍ਰਾਪਤ ਕਰਨੇ ਵੀ ਇੱਕ ਵੱਡਾ ਮਸਲਾ ਹੁੰਦਾ ਹੈ ਜੋ ਨਿਪਟਾ ਲਿਆ ਗਿਆ। ਲੜਕੀਆਂ ਨੂੰ ਪੰਜ ਦਿਨ ਆਪਣੇ ਪਰਿਵਾਰ ਵਿੱਚ ਰੱਖਣ ਤੋਂ ਬਾਦ, ਬੀਤੀ ਰਾਤ ਦੋਹਾਂ ਲੜਕੀਆਂ ਨੂੰ ਪੰਜਾਬ ਭੇਜ ਦਿੱਤਾ ਗਿਆ। ਇਕਵਿੰਦਰ ਏਅਰ ਇੰਡੀਆਂ ਐਕਸਪ੍ਰੈਸ ਦੀ ਫਲਾਈਟ ਰਾਹੀ 31 ਮਈ 23:30 ਤੇ ਪੰਜਾਬ ਲਈ ਰਵਾਨਾ ਹੋਈ ਅਤੇ ਰਣਜੀਤ ਦੀ ਸਪਾਈਸ ਜੈਟ ਜਹਾਜ ਦੀ ਫਲਾਈਟ 1 ਜੂੰਨ ਸੁਭਾ 5 ਵਜੇ ਉਡਾਨ ਭਰ ਗਈ। ਇਸ ਤਰਾਂ ਦੋਵੇਂ ਲੜਕੀਆਂ ਸੁਰੱਖਿਅਤ ਪੰਜਾਬ ਵਾਪਿਸ ਪਹੁੰਚ ਗਈਆਂ ਹਨ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਾਡੀਆਂ ਪੰਜਾਬੀ ਲੜਕੀਆਂ ਏਥੋਂ ਦੇ ਮਾਹੌਲ ਵਿੱਣ ਘਰਾਂ ਦੀਆਂ ਨੌਕਰਾਣੀਆਂ ਦਾ ਕੰਮ ਨਹੀ ਕਰ ਸਕਦੀਆਂ। ਵਿਜ਼ਟ ਵੀਜੇ ਤੇ ਕੰਮ ਕਰਨ ਲਈ ਪੰਜਾਬੀ ਲੜਕੀਆਂ ਨੂੰ ਏਥੇ ਭੇਜਕੇ ਮੁਸ਼ਕਿਲਾਂ ਵਿਚ ਨਾ ਫਸਾਉ। ਅਗਰ ਕਿਸੇ ਨੇ ਆਉਣਾ ਵੀ ਹੈ ਤਾਂ ਉਹ ਸਹੀ ਤਰੀਕੇ ਨਾਲ ਕੰਮ ਕਰਨ ਦਾ ਵੀਜ਼ਾ ਲੈਕੇ,ਪੱਕਾ ਐਗਰੀਮੈਂਟ ਕਰਕੇ ਅਤੇ ਐਗਰੀਮੈਂਟ ਭਾਰਤੀ ਐਮਬੈਸੀ ਤੋਂ ਤਸਦੀਕ ਕਰਵਕੇ ਹੀ ਆਉ। ਗ਼ੈਰਕਾਨੂੰਨੀ ਤਰੀਕੇ ਨਾਲ ਆਕੇ ਏਥੇ ਏਜੰਟਾਂ ਦੇ ਚੁੰਗਲ ਵਿੱਚ ਫਸਣ ਤੋਂ ਬਚੋ।  ਅਗਰ ਕਿਸੇ ਨੂੰ ਕੋਈ ਏਜੰਟ ਕੰਮ ਦਾ ਝਾਸਾ ਦਿੰਦਾ ਹੈ ਤਾਂ ਉਸਦੀ ਭਾਰਤੀ ਦੂਤਾਵਾਸ ਜਾਂ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਤੋਂ ਪੁੱਛ ਪੜਤਾਲ ਕਰ ਲਵੋ। ਅਸੀ ਆਪਣੀ ਸਮਰੱਥਾ ਅਨੁਸਾਰ ਲੋੜੀਂਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ।