ਗਰੀਬ ਦੇਸ ਵਾਸੀਆਂ ਦੀਆਂ ਅਮੀਰ ਰਾਜਨੀਤਿਕ ਪਾਰਟੀਆਂ।
ਰਾਜਨੀਤਿਕ ਪਾਰਟੀਆਂ ਨੂੰ ਮਿਲਦਾ ਹੈ ਕਰੋੜਾਂ ਰੁਪਏ ਦਾ ਲੋਕਾਂ ਕੋਲੋ ਚੰਦਾ, ਕਈ ਰਾਸ਼ਟਰੀ ਪਾਰਟੀਆਂ ਦਾ ਚੰਦਾ 10 ਸਾਲਾਂ ਵਿੱਚ ਪੰਜ ਗੁਣਾ ਵਧਿਆ।

03 ਮਾਰਚ, 2015 (ਕੁਲਦੀਪ ਚੰਦ) ਦੇਸ਼ ਦੇ ਬਹੁਤੇ ਲੋਕ ਬੇਸ਼ੱਕ ਗਰੀਬੀ ਦੀ ਚੱਕੀ ਵਿੱਚ ਪਿਸ ਰਹੇ ਹਨ ਪਰੰਤੂ ਦੇਸ਼ ਵਿੱਚ ਚੰਲ ਰਹੀਆਂ ਬਹੁਤੀਆਂ ਰਾਜਲੀਤਿਕ ਪਾਰਟੀਆਂ ਨੂੰ ਪੈਸੇ ਦੀ ਕੋਈ ਘਾਟ ਨਹੀਂ ਹੈ ਅਤੇ ਇਨ੍ਹਾਂ ਪਾਰਟੀਆਂ ਨੂੰ ਚੰਦੇ ਦੇ ਰੂਪ ਵਿੱਚ ਹੀ ਲੋਕ ਕਰੋੜਾ ਰੁਪਏ ਦਿੰਦੇ ਹਨ। ਸਾਡੇ ਦੇਸ਼ ਵਿੱਚ ਬਹੁਤੇ ਰਾਜਨੀਤਿਕ ਦਲਾਂ ਨੂੰ ਚੋਣਾਂ ਲਈ ਮਿਲਣ ਵਾਲੇ ਚੰਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸ਼ੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਸ਼ਟਰੀ ਰਾਜਨੀਤਿਕ ਦਲਾਂ ਜਿਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ, ਕਾਂਗਰਸ ਪਾਰਟੀ, ਬਹੁਜਨ ਸਮਾਜ ਪਾਰਟੀ, ਸੀ ਪੀ ਆਈ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਸੀ ਪੀ ਆਈ ਐਮ ਸ਼ਾਮਿਲ  ਹਨ ਨੂੰ 223.8 ਕਰੋੜ ਰੁਪਏ ਚੰਦੇ ਵਜੋਂ ਪ੍ਰਾਪਤ ਹੋਏ। ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਰਾਸਟਰੀ ਰਾਜਨੀਤਿਕ ਦਲਾਂ ਨੂੰ 854.89 ਕਰੋੜ ਰੁਪਏ ਪ੍ਰਾਪਤ ਹੋਏ ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ 1158.59 ਕਰੋੜ ਰੁਪਏ ਰਾਜਨੀਤਿਕ ਦਲਾਂ ਨੂੰ ਪ੍ਰਾਪਤ ਹੋਏ ਜੋ ਕਿ ਸਾਲ 2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਾਪਤ ਹੋਣ ਵਾਲੇ ਚੰਦੇ ਨਾਲੋਂ ਲਗਭੱਗ 5 ਗੁਣਾ ਵੱਧ ਹੈ। ਸਾਲ 2014 ਦੀਆਂ ਲੋਕ ਸਭਾ ਦੌਰਾਨ ਭਾਜਪਾ ਨੂੰ ਸਭ ਤੋਂ ਵੱਧ 588.45 ਕਰੋੜ ਰੁਪਏ ਚੰਦੇ ਦੇ ਪ੍ਰਾਪਤ ਹੋਏ ਜਦਕਿ ਕਾਂਗਰਸ ਨੂੰ 350.39 ਕਰੋੜ ਰੁਪਏ, ਐਨ ਸੀ ਪੀ ਨੂੰ 77.85 ਕਰੋੜ ਰੁਪਏ, ਬੀ ਐਸ ਪੀ ਨੂੰ 77.26 ਕਰੋੜ ਰੁਪਏ, ਸੀ ਪੀ ਐਮ ਨੂੰ 55.12 ਕਰੋੜ ਰੁਪਏ ਅਤੇ ਸੀ ਪੀ ਆਈ ਨੂੰ 9.52 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇੱਥੇ ਇਹ ਵਰਣਨਯੋਗ ਹੈ ਕਿ ਇਹ ਪ੍ਰਾਪਤ ਚੰਦੇ ਦੀ ਰਕਮ ਵੀ ਉਹ ਹੈ ਜੋ ਕਿ ਰਾਜਨੀਤਿਕ ਦਲਾਂ ਨੇ ਘੋਸ਼ਿਤ ਕੀਤੀ ਹੋਈ ਹੈ ਜਦਕਿ ਅਸਲ ਵਿੱਚ ਇਹ ਚੰਦੇ ਦੀ ਰਕਮ ਕਈ ਗੁਣਾਂ ਵੱਧ ਹੋ ਸਕਦੀ ਹੈ। ਇਸ ਰਿਪੋਰਟ ਅਨੁਸਾਰ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ 227.32 ਕਰੋੜ ਰੁਪਏ ਨਕਦ ਅਤੇ 360.81 ਕਰੋੜ ਰੁਪਏ ਚੈਕਾਂ ਰਾਹੀਂ ਪ੍ਰਾਪਤ ਕੀਤੇ। ਕਾਂਗਰਸ ਨੇ 109.07 ਕਰੋੜ ਰੁਪਏ ਨਕਦ ਅਤੇ 241.05 ਕਰੋੜ ਰੁਪਏ ਚੈਕਾਂ ਰਾਹੀਂ, ਬੀ ਐਸ ਪੀ ਨੇ ਨਕਦ ਕੋਈ ਨਹੀਂ ਪਰ 77.26 ਕਰੋੜ ਰੁਪਏ ਚੈਕਾਂ ਰਾਹੀਂ, ਐਨ ਸੀ ਪੀ ਨੇ 32.874 ਕਰੋੜ ਰੁਪਏ ਨਕਦ ਅਤੇ 44.98 ਕਰੋੜ ਰੁਪਏ ਚੈਕਾਂ ਰਾਹੀਂ, ਸੀ ਪੀ ਆਈ ਨੇ 2.38 ਕਰੋੜ ਰੁਪਏ ਨਕਦ ਅਤੇ 7.14 ਕਰੋੜ ਰੁਪਏ ਚੈਕਾਂ ਰਾਹੀਂ, ਸੀ ਪੀ ਐਮ ਨੇ 37.11 ਕਰੋੜ ਰੁਪਏ ਨਕਦ ਅਤੇ 17.99 ਕਰੋੜ ਰੁਪਏ ਚੈਕਾਂ ਰਾਹੀਂ ਪ੍ਰਾਪਤ ਕੀਤੇ ਹਨ। ਇੱਥੇ ਵਰਣਨਯੋਗ ਹੈ ਕਿ ਇਨ੍ਹਾ ਰਾਸ਼ਟਰੀ ਰਾਜਨੀਤਿਕ ਪਾਰਟੀਆ ਨੂੰ ਲੋਕ ਸਭਾ ਚੌਣਾਂ-2014 ਵਿੱਚ ਮਿਲਣ ਵਾਲੇ 6,944,988,861/- ਰੁਪਏ ਚੰਦੇ ਵਿੱਚੋਂ ਸਭਤੋਂ ਵੱਧ ਚੰਦਾ ਮਹਾਂਰਾਸ਼ਟਰ ਰਾਜ ਤੋਂ 2,013,397,664/- ਰੁਪਏ ਮਿਲਿਆ ਹੈ ਜਦਕਿ ਮਿਜ਼ਸਰਮ ਤੋਂ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਚੰਦਾ ਨਹੀਂ ਮਿਲਿਆ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਸਭ ਤੋਂ ਵੱਧ ਖਰਚ ਮੱਧ ਪ੍ਰਦੇਸ਼ ਵਿੱਚ ਕੀਤਾ ਹੈ ਜਦਕਿ ਕਾਂਗਰਸ ਨੇ ਮਹਾਰਾਸ਼ਟਰ ਵਿੱਚ ਕੀਤਾ ਹੈ। ਜੇਕਰ ਸਾਲ 2014 ਦੀਆਂ ਲੋਕ ਸਭਾ ਚੋਣਾਂ ਤੇ ਰਾਸ਼ਟਰੀ ਦਲਾਂ ਵੱਲੋਂ ਕੀਤੇ ਗਏ ਖਰਚਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਭਾਜਪਾ ਨੇ 712.48 ਕਰੋੜ ਰੁਪਏ ਚੋਣਾਂ ਤੇ ਖਰਚ ਕੀਤੇ ਅਤੇ ਕਾਂਗਰਸ ਨੇ 486.21 ਕਰੋੜ ਰੁਪਏ, ਐਨ ਸੀ ਪੀ ਨੇ 64.48 ਕਰੋੜ ਰੁਪਏ, ਬੀ ਐਸ ਪੀ ਨੇ 30.06 ਕਰੋੜ ਰੁਪਏ, ਸੀ ਪੀ ਐਮ ਨੇ 8.8 ਕਰੋੜ ਰੁਪਏ ਅਤੇ ਸੀ ਪੀ ਐਮ ਨੇ 6.72 ਕਰੋੜ ਰੁਪਏ ਖਰਚ ਕੀਤੇ ਹਨ। ਚੋਣਾਂ ਦੌਰਾਨ ਸਭ ਤੋਂ ਵੱਧ ਰਾਜਨੀਤਿਕ ਦਲਾਂ ਦੀ ਮਸ਼ਹੂਰੀ ਤੇ ਖਰਚ ਕੀਤਾ ਜਾਂਦਾ ਹੈ ਅਤੇ ਉਸਤੋਂ ਬਾਅਦ ਆਵਜਾਈ ਦੇ ਸਾਧਨਾਂ ਤੇ ਖਰਚ ਕੀਤਾ ਜਾਂਦਾ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਮੀਡੀਆ ਵਿਗਿਆਪਨਾਂ ਤੇ 342.36 ਕਰੋੜ ਰੁਪਏ ਖਰਚ ਕੀਤੇ ਹਨ ਜਦਕਿ ਕਾਂਗਰਸ ਨੇ 289.22 ਕਰੋੜ ਰੁਪਏ ਖਰਚ ਕੀਤੇ ਹਨ। ਮੀਡੀਆ ਵਿੱਚ ਵਿਗਿਆਪਨਾਂ ਰਾਹੀਂ ਰਾਜਨੀਤਿਕ ਦਲ ਆਪਣੇ ਗੁਣ ਗਾਂਦੇ ਨਹੀਂ ਥੱਕਦੇ ਅਤੇ ਟੀ ਵੀ ਚੈਨਲਾਂ ਦੁਆਰਾ ਵੀ ਰਜਨੀਤਿਕ ਦਲਾਂ ਦੇ ਪੱਖ ਵਿੱਚ ਹਵਾ ਬਣਾ ਦਿੱਤੀ ਜਾਂਦੀ ਹੈ ਜਿਸਦਾ ਫਾਇਦਾ ਰਾਜਨੀਤਿਕ ਦਲਾਂ ਨੂੰ ਚੋਣਾਂ ਦੌਰਾਨ ਹੁੰਦਾ ਹੈ। ਟੀ ਵੀ ਚੈਨਲਾਂ ਦੁਆਰਾ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਅਲੱਗ ਅਲੱਗ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ। ਚੋਣ ਸਰਗਰਮੀਆਂ ਲਈ ਰਾਜਨੀਤਿਕ ਦਲਾਂ ਨੂੰ ਮਿਲਣ ਵਾਲੇ ਚੰਦੇ ਦੀ ਰਕਮ ਹਰੇਕ ਚੋਣਾਂ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇੱਥੇ ਸ਼ੇਸ ਤੋਰ ਤੇ ਦੱਸਣਯੋਗ ਹੈ ਕਿ ਚੌਣ ਆਯੋਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਹਰੇਕ ਰਾਜਨੀਤਿਕ ਪਾਰਟੀ ਨੂੰ ਚੌਣ ਮੁਕੰਮਲ ਹੋਣ ਤੋਂ 90 ਦਿਨਾਂ ਦੇ ਅੰਦਰ ਅਪਣੇ ਖਰਚੇ ਦਾ ਹਿਸਾਰ ਦੇਣਾ ਚਾਹੀਦਾ ਹੈ ਪਰੰਤੂ ਬਹੁਤੇ ਰਾਜਨੀਤਿਕ ਦੱਲ ਇਸ ਪ੍ਰਤੀ ਵੀ ਲਾਪਰਵਾਹੀ ਵਿਖਾਂਦੇ ਹਨ। ਜੇਕਰ ਲੋਕ ਸਭਾ ਚੌਣਾਂ 2014 ਦੀ ਗੱਲ ਕਰੀਏ ਤਾਂ 16 ਮਈ ਨੂੰ ਚੌਣ ਨਤੀਜੇ ਆਣ ਨਾਲ ਹੀ ਚੌਣ ਮੁਕੰਮ ਹੋ ਗਈ ਸੀ ਅਤੇ ਹਰੇਕ ਰਾਜਨੀਤਿਕ ਪਾਰਟੀ ਨੂੰ 13 ਅਗੱਸਤ, 2014 ਤੱਕ ਅਪਣੇ ਖਰਚੇ ਦਾ ਹਿਸਾਬ ਦੇਣਾ ਜਰੂਰੀ ਸੀ ਪਰੰਤੁ ਚੋਣ ਆਯੋਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਹੁਜਨ ਸਮਾਜ ਪਾਰਟੀ ਨੇ 08 ਅਗਸਤ 2014 ਨੂੰ, ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ 22 ਅਗਸਤ 2014 ਨੂੰ, ਸੀ ਪੀ ਆਈ ਐਮ ਨੇ 25 ਅਗਸਤ 2014 ਨੂੰ, ਸੀ ਪੀ ਆਈ ਨੇ 27 ਅਕਤੂਬਰ 2014 ਨੂੰ, ਕਾਂਗਰਸ ਪਾਰਟੀ ਨੇ 22 ਦਸੰਬਰ 2014 ਨੂੰ, ਭਾਰਤੀ ਜਨਤਾ ਪਾਰਟੀ ਨੇ 12 ਜਨਵਰੀ 2015 ਨੂੰ, ਚੌਣ ਖਰਚੇ ਦਾ ਹਿਸਾਬ ਜਮ੍ਹਾ ਕਰਵਾਇਆ ਹੈ। ਇਸਤੋਂ ਪਤਾ ਚੱਲਦਾ ਹੈ ਕਿ ਕਈ ਪ੍ਰਮੁੱਖ ਰਾਜਨੀਤਿਕ ਪਾਰਟੀਆ ਚੌਣ ਆਯੋਗ ਦੇ ਹੁਕਮਾਂ ਨੂੰ ਵੀ ਨਹੀਂ ਮੰਨਦੀਆਂ ਹਨ। ਰਾਸ਼ਟਰੀ ਦਲਾਂ ਨੂੰ ਚੰਦਾ ਦੇਣ ਵਾਲੇ ਉਦਯੋਗਿਕ ਘਰਾਣੇ ਚੰਦੇ ਬਦਲੇ ਸਰਕਾਰ ਕੋਲੋਂ ਆਪਣੇ ਫਾਇਦੇ ਲਈ ਕਾਨੂੰਨਾਂ ਵਿੱਚ ਫੇਰਬਦਲ ਕਰਵਾਉਂਦੇ ਹਨ ਅਤੇ ਅਨੁਚਿਤ ਲਾਭ ਪ੍ਰਾਪਤ ਕਰਦੇ ਹਨ। ਅੱਜ ਇਹ ਜਗਜਾਹਿਰ ਹੈ ਕਿ ਸਰਕਾਰ ਦੁਆਰਾ ਉਦਯੋਗਿਕ ਘਰਾਣਿਆਂ ਨੂੰ ਆਰਥਿਕ ਮੰਦੇ ਤੋਂ ਬਚਾਉਣ ਲਈ ਲੱਖਾਂ ਕਰੋੜ ਰੁਪਏ ਦੀਆਂ ਟੈਕਸਾਂ ਵਿੱਚ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਕਾਰਨ ਸਰਕਾਰ ਦਾ ਵਿੱਤੀ ਘਾਟਾ ਵੱਧਦਾ ਜਾ ਰਿਹਾ ਹੈ ਪਰ ਉਦਯੋਗਿਕ ਘਰਾਣੇ ਵਿੱਤੀ ਘਾਟੇ ਲਈ ਆਮ ਜਨਤਾ ਨੂੰ ਦਿੱਤੀਆ ਜਾ ਰਹੀਆਂ ਸਬਸਿਡੀਆਂ ਨੂੰ ਦੋਸ਼ ਦਿੰਦੇ ਹਨ ਅਤੇ ਇਹ ਸਰਕਾਰ ਉਤੇ ਇਹ ਸਬਸਿਡੀਆਂ ਬੰਦ ਕਰਨ ਲਈ ਜ਼ੋਰ ਪਾ ਰਹੇ ਹਨ। ਸਾਡੇ ਦੇਸ਼ ਦੇ ਨੇਤਾਵਾਂ ਅਤੇ ਉਦਯੋਗਿਕ ਘਰਾਣਿਆਂ ਦੀ ਦੋਸਤੀ ਜਗਜਾਹਿਰ ਹੈ। ਰਾਜਨੀਤਿਕ ਦਲਾਂ ਨੂੰ ਭਾਰੀ ਚੰਦਾ ਦੇ ਕੇ ਕਈ ਅਪਰਾਧੀ ਕਿਸਮ ਦੇ ਵਿਅਕਤੀ ਵੀ ਰਾਜਨੀਤੀ ਵਿੱਚ ਆ ਰਹੇ ਹਨ ਜਿਹਨਾਂ ਉਪਰ ਕਈ ਗੰਭੀਰ ਕਿਸਮ ਦੇ ਦੋਸ਼ ਹਨ ਅਤੇ ਅਦਾਲਤਾਂ ਵਿੱਚ ਮੁਕੱਦਮੇ ਚੱਲ ਰਹੇ ਹਨ।

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ  
ਜਿਲਾ ਰੂਪਨਗਰ ਪੰਜਾਬ
9417563054