ਬਹੁਤੀਆਂ ਰਾਜਨੀਤਿਕ ਪਾਰਟੀਆਂ ਨਹੀਂ ਮੰਨਦੀਆਂ ਚੌਣ ਆਯੋਗ ਦੇ ਹੁਕਮਾਂ ਨੂੰ।

 

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 2013 ਵਿੱਚ ਹੋਈਆਂ ਚੌਣਾਂ ਸਬੰਧੀ ਕਈ ਰਾਜਨੀਤਿਕ ਪਾਰਟੀਆਂ ਨੇ ਨਹੀਂ ਕਰਵਾਇਆ ਖਰਚੇ ਦਾ ਹਿਸਾਬ।

17 ਜਨਵਰੀ, 2015 (ਕੁਲਦੀਪ ਚੰਦ) ਦੇਸ਼ ਵਿੱਚ ਚੱਲ ਰਹੀਆਂ ਸਮੂਹ ਰਾਜਨੀਤਿਕ ਪਾਰਟੀਆ ਅਪਣੇ ਆਪ ਨੂੰ ਦੁੱਧ ਦਾ ਧੋਤਾ ਦੱਸਦੀਆਂ ਹਨ ਅਤੇ ਅਕਸਰ ਹੀ ਇੱਕ ਦੂਜੇ ਤੇ ਧੋਖਾ ਧੜੀ, ਭ੍ਰਿਸ਼ਟਾਚਾਰ, ਦੇਸ਼ ਨੂੰ ਲੁੱਟਣ ਆਦਿ ਦੇ ਇਲਜ਼ਾਮ ਲਗਾਂਦੀਆਂ ਹਨ। ਬਹੁਤੀਆਂ ਪਾਰਟੀਆਂ ਜਦੋਂ ਆਪ ਸੱਤਾ ਵਿੱਚ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਆਮ ਲੋਕਾਂ ਦੀਆਂ ਸਮਸਿਆਵਾਂ ਨਜ਼ਰ ਨਹੀਂ ਆਂਦੀਆਂ ਪਰ ਜਿਉਂ ਹੀ ਉਹ ਸੱਤਾ ਤੋਂ ਬਾਹਰ ਹੁੰਦੀਆਂ ਹਨ ਤਾਂ ਆਮ ਲੋਕਾਂ ਦੀ ਯਾਦ ਆ ਜਾਂਦੀ ਹੈ। ਹਰ ਰਾਜਨੀਤਿਕ ਪਾਰਟੀ ਦੇ ਆਗੂ ਅਪਣੀ ਅਪਣੀ ਰਾਜਨੀਤਿਕ ਪਾਰਟੀ ਨੂੰ ਸਾਫ, ਭ੍ਰਿਸ਼ਟਾਚਾਰ ਮੁਕਤ, ਪਾਰਦ੍ਰਸ਼ੀ ਦੱਸਦੇ ਹਨ ਪਰ ਹਕੀਕਤ ਅੱਜ ਸਭ ਨੂੰ ਹੀ ਪਤਾ ਚੱਲ ਚੁੱਕੀ ਹੈ। ਇਹ ਰਾਜਨੀਤਿਕ ਪਾਰਟੀਆਂ ਅਪਣੇ ਆਪ ਨੂੰ ਕਨੂੰਨ ਤੋਂ ਵੀ ਉਪੱਰ ਸਮਝਦੀਆਂ ਹਨ। ਬਹੁਤੀਆਂ ਰਾਜਨੀਤਿਕ ਪਾਰਟੀਆ ਚੌਣ ਆਯੋਗ ਦੇ ਸੱਖਤ ਹੁਕਮਾਂ ਦੀ ਵੀ ਪਰਵਾਹ ਨਹੀਂ ਕਰਦੀਆਂ ਹਨ। ਅਜਿਹਾ ਹੀ ਕੁੱਝ ਪਤਾ ਚੱਲਦਾ ਹੈ ਸਾਲ 2013 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੋਈਆਂ ਚੌਣਾਂ ਤੋਂ ਜਿਸ ਸਬੰਧੀ ਕਈ ਰਾਜਨੀਤਿਕ ਪਾਰਟੀਆਂ ਨੇ ਖਰਚੇ ਦਾ ਹਿਸਾਬ ਜਮ੍ਹਾ ਨਹੀਂ ਕਰਵਾਇਆ ਹੈ। ਚੌਣ ਮੁਕੰਮਲ ਹੋਣ ਤੋਂ 75 ਦਿਨਾਂ ਦੇ ਵਿੱਚ ਇਨ੍ਹਾਂ ਚੌਣਾਂ ਵਿੱਚ ਭਾਗ ਲੈਣ ਵਾਲੀਆਂ ਰਾਜਨੀਤਿਕ ਪਾਰਟੀਆਂ ਨੇ ਚੌਣ ਖਰਚੇ ਦਾ ਹਿਸਾਬ ਚੋਣ ਆਯੋਗ ਕੋਲ ਜਮ੍ਹਾਂ ਕਰਵਾਉਣਾਂ ਹੁੰਦਾ ਹੈ ਪਰ ਦਿੱਲੀ ਵਿੱਚ 4 ਦਸੰਬਰ, 2013 ਨੂੰ ਮੁਕੰਮਲ ਹੋਈਆਂ ਚੌਣਾਂ ਸਬੰਧੀ ਕਈ ਰਾਜਨੀਤਿਕ ਪਾਰਟੀਆਂ ਨੇ ਚੌਣ ਖਰਚੇ ਦਾ ਹਿਸਾਬ ਜਮ੍ਹਾਂ ਨਹੀਂ ਕਰਵਾਇਆ ਹੈ। ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸ਼ੀਏਸ਼ਨ ਫਾਰ ਡੈਮੋਕ੍ਰੇਟਿਕ ਰਿਫੋਰਮ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੌਣ ਖਰਚੇ ਦਾ ਹਿਸਾਬ ਨਾਂ ਜਮ੍ਹਾਂ ਕਰਵਾਉਣ ਵਿੱਚ ਇਸ ਵੇਲੇ ਦੇਸ਼ ਵਿੱਚ ਸੱਤਾ ਸੰਭਾਲ ਚੁੱਕੀ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਹੈ। ਪ੍ਰਾਪਤ ਜਾਣਕਾਰੀ ਇਨ੍ਹਾਂ ਚੌਣਾਂ ਵਿੱਚ ਵੱਖ ਵੱਖ 18 ਰਾਜਨੀਤਿਕ ਪਾਰਟੀਆਂ ਨੇ ਭਾਗ ਲਿਆ ਸੀ ਜਿਸ ਵਿੱਚ ਦੇਸ ਦੀਆਂ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਵੀ ਸ਼ਾਮਿਲ ਸਨ। ਇਨ੍ਹਾਂ ਚੌਣਾਂ ਤੋਂ ਬਾਦ ਸਿਰਫ 50 ਫਿਸਦੀ ਭਾਵ 9 ਰਾਜਨੀਤਿਕ ਪਾਰਟੀਆਂ ਨੇ ਹੀ ਚੋਣ ਖਰਚੇ ਸਬੰਧੀ ਹਿਸਾਬ ਚੌਣ ਆਯੋਗ ਕੋਲ ਜਮ੍ਹਾ ਕਰਵਾਇਆ ਹੈ। ਰਾਸ਼ਟਰੀ ਪਾਰਟੀਆਂ ਵਿਚੋਂ ਭਾਰਤੀ ਜਨਤਾ ਪਾਰਟੀ ਨੂੰ ਛੱਡਕੇ ਬਾਕੀ ਸਭ ਪਾਰਟੀਆਂ ਕਾਂਗਰਸ, ਸੀ ਪੀ ਆਈ, ਸੀ ਪੀ ਆਈ ਐਮ, ਬੀ ਐਸ ਪੀ, ਐਨ ਸੀ ਪੀ ਨੇ ਅਪਣਾ ਹਿਸਾਬ ਜਮ੍ਹਾ ਕਰਵਾ ਦਿਤਾ ਹੈ। ਇਨ੍ਹਾਂ ਤੋਂ ਇਲਾਵਾ ਲੋਕ ਜਨਸ਼ਕਤੀ ਪਾਰਟੀ, ਰਾਸ਼ਟਰੀ ਜਨਤਾ ਦੱਲ, ਸ਼੍ਰੋਮਣੀ ਅਕਾਲੀ ਦੱਲ, ਐਸ ਐਚ ਐਸ ਜੋਕਿ ਖੇਤਰੀ ਪਾਰਟੀਆਂ ਹਨ ਨੇ ਵੀ ਅਪਣਾ ਹਿਸਾਬ ਚੌਣ ਆਯੋਗ ਕੋਲ ਜਮ੍ਹਾਂ ਕਰਵਾ ਦਿਤਾ ਹੈ। ਆਮ ਆਦਮੀ ਪਾਰਟੀ ਜੋਕਿ ਇਨ੍ਹਾਂ ਚੌਣਾਂ ਵਿੱਚ ਪਹਿਲੀ ਵਾਰ ਭਾਗ ਲੈ ਰਹੀ ਸੀ ਅਤੇ ਕਨੂੰਨ ਅਨੁਸਾਰ ਗੈਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਨੂੰ ਇਸਤਰਾਂ ਦਾ ਕੋਈ ਹਿਸਾਰ ਜਮ੍ਹਾਂ ਨਹੀਂ ਕਰਵਾਉਣਾ ਪੈਂਦਾ ਹੈ ਪਰੰਤੂ ਇਸ ਪਾਰਟੀ ਨੇ ਵੀ ਅਪਣਾ ਹਿਸਾਬ ਜਮ੍ਹਾ ਕਰਵਾ ਦਿਤਾ ਹੈ ਜਦਕਿ ਭਾਰਤੀ ਜਨਤਾ ਪਾਰਟੀ ਸਮੇਤ ਆਲ ਇੰਡੀਆ ਫਾਰਵਰਡ ਬਲਾਕ, ਡੀ ਐਮ ਡੀ ਕੇ, ਆਈ ਐਨ ਐਲ ਡੀ, ਆਈ ਯੂ ਐਮ ਐਲ, ਜੇ ਡੀ ਯੂ, ਜੇ ਕੇ ਐਨ ਪੀ ਪੀ, ਐਸ ਪੀ ਆਦਿ ਨੇ ਚੋਣ ਆਯੋਗ ਨੂੰ ਹਿਸਾਬ ਜਮ੍ਹਾਂ ਨਹੀਂ ਕਰਵਾਇਆ ਹੈ। ਇਨ੍ਹਾਂ ਰਾਜਨੀਤਿਕ ਪਾਰਟੀਆਂ ਵਲੋਂ ਵਰਤੀ ਜਾ ਰਹੀ ਲਾਪਰਵਾਹੀ ਦਾ ਅਸਰ ਕੀ ਹੋਵੇਗਾ ਇਹ ਤਾਂ 07 ਫਰਵਰੀ ਨੂੰ ਹੋਣ ਵਾਲੀਆਂ ਚੌਣਾਂ ਤੋਂ ਬਾਦ ਹੀ ਪਤਾ ਚੱਲੇਗਾ ਪਰ ਇਨ੍ਹਾਂ ਰਾਜਨੀਤਿਕ ਪਾਰਟੀਆਂ ਦੀ ਇਹ ਲਾਪਰਵਾਹੀ ਹਰ ਬੁਧੀਜੀਵੀ ਵਿਅਕਤੀ ਲਈ ਚਿੰਤਾ ਦਾ ਕਾਰਨ ਬਣ ਰਹੀ ਹੈ।