ਸਿਹਤ ਵਿਭਾਗ ਨੇ ਅਜੋਲੀ ਮੋੜ ਸਿਵਾਲਿਕ ਅਵੈਨਿਊ

ਸਲੱਮ ਵਿੱਚ ਸਿਹਤ ਜਾਗਰੂਕਤਾ ਕੈਂਪ ਲਗਾਇਆ।

 

11 ਦਸੰਬਰ, 2014 (ਕੁਲਦੀਪ ਚੰਦ) ਸਿਹਤ ਵਿਭਾਗ ਵਲੋਂ ਸਿਵਲ ਸਰਜ਼ਨ ਰੂਪਨਗਰ ਅਤੇ ਐਸ ਐਮ ਓ ਕੀਰਤਪੁਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਿਵਾਲਿਕ ਅਵੈਨਿਊ ਨਾਲ ਲੱਗਦੇ ਭੱਠਿਆਂ ਵਿੱਚ ਸਿਹਤ ਯੋਜਨਾਵਾਂ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਹਤ ਵਿਭਾਗ ਦੇ ਮਿੰਨੀ ਐਚ ਸੀ ਕਥੇੜ੍ਹਾ ਦੇ ਮੈਡੀਕਲ ਅਫਸਰ ਡਾਕਟਰ ਵਿਧਾਨ ਚੰਦਰ, ਐਲ ਐਚ ਵੀ ਅਨੀਤਾ ਦੇਵੀ, ਏ ਐਨ ਐਮ ਕਮਲਾ ਦੇਵੀ, ਸੁਨੀਤਾ ਦੇਵੀ, ਚੇਤਨਾ, ਮੇਲ ਹੈਲਥ ਵਰਕਰ ਭੁਪਿੰਦਰ ਸਿੰਘ, ਆਂਗਣਵਾੜੀ ਵਰਕਰ ਨਿਰਮਲਾ ਦੇਵੀ, ਅਰਪਨ ਆਰ ਸੀ ਐਚ ਪ੍ਰੋਜੈਕਟ ਦੇ ਪ੍ਰੋਜੈਕਟ ਮੈਨੇਜਰ ਸੁਨੀਤਾ ਦੇਵੀ, ਸੋਸ਼ਲ ਵਰਕਰ ਅਨਾਮਿਕਾ, ਪਰਮਿੰਦਰ ਸਿੰਘ ਆਦਿ ਨੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਵਿਸ਼ੇਸ਼ ਤੋਰ ਤੇ ਗਰਭਵਤੀ ਮਹਿਲਾਵਾਂ ਲਈ ਚੱਲ ਰਹੀਆਂ ਸਰਕਾਰੀ ਸਿਹਤ ਕੇਂਦਰਾਂ ਵਿੱਚ ਯੋਜਨਾਵਾਂ ਬਾਰੇ ਦੱਸਿਆ। ਇਨ੍ਹਾਂ ਨੇ ਇਸ ਮੌਕੇ ਤੇ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਜੱਚ-ਬੱਚਾ ਸੁਰਖਿਆ ਸਕੀਮ, ਜਨਨੀ ਸੁਰਖਿਆ ਸਕੀਮ, ਬਾਲੜੀ ਰੱਖਿਆ ਯੋਜਨਾ, ਟੀਕਾਕਰਣ, ਸੰਸਥਾਗਤ ਜਣੇਪੇ ਆਦਿ ਬਾਰੇ ਵਿਸਥਾਰ ਵਿੱਚ ਦੱਸਿਆ। ਇਨ੍ਹਾਂ ਦੱਸਿਆ ਕਿ ਮਾਂ ਅਤੇ ਬੱਚੇ ਦੀ ਤੰਦਰੁਸਤੀ ਲਈ ਹਰ ਗਰਭਵਤੀ ਮਾਂ ਦੀ ਸਮੇਂ ਸਿਰ ਸਿਹਤ ਵਿਭਾਗ ਕੋਲ ਰਜਿਸਟ੍ਰੇਸਨ ਕਰਵਾਉਣੀ ਚਾਹੀਦੀ ਹੈ, ਹਰ ਗਰਭਵਤੀ ਮਾਂ ਦਾ ਤਿੰਨ ਵਾਰ ਐਂਟੀ ਨੇਟਲ ਚੈਕਅਪ ਹੋਣਾ ਚਾਹੀਦਾ ਹੈ ਅਤੇ ਜਣੇਪਾ ਹਮੇਸਾ ਕਿਸੇ ਸਿਹਤ ਕੇਂਦਰ ਵਿੱਚ ਹੀ ਕਰਵਾਉਣਾ ਚਾਹੀਦਾ ਹੈ। ਇਨ੍ਹਾਂ ਦੱਸਿਆ ਕਿ ਹਰ ਗਰਭਵਤੀ ਮਾਂ ਨੂੰ ਖੂਨ ਦੀ ਕਮੀ ਤੋਂ ਬਚਾਉਣ ਲਈ ਆਇਰਨ ਦੀਆਂ ਗੋਲੀਆਂ ਮੁਫਤ ਦਿਤੀਆਂ ਜਾਂਦੀਆਂ ਹਨ ਜੋਕਿ ਹਰ ਗਰਭਵਤੀ ਮਾਂ ਨੂੰ ਖਾਣੀਆਂ ਚਾਹੀਦੀਆਂ ਹਨ। ਇਨ੍ਹਾਂ ਕਿਹਾ ਕਿ ਗਰਭਵਤੀ ਮਹਿਲਾ ਨੂੰ ਜਣੇਪੇ ਲਈ ਕਿਸੇ ਸਿਹਤ ਕੇਂਦਰ ਵਿੱਚ ਹੀ ਲੈਕੇ ਜਾਣਾ ਚਾਹੀਦਾ ਹੈ ਕਿਉਂਕਿ ਘਰਾਂ ਵਿੱਚ ਜਣੇਪਾ ਕਰਵਾਉਣਾ ਅਕਸਰ ਖਤਰਨਾਕ ਰਹਿੰਦਾ ਹੈ ਅਤੇ ਕਈ ਵਾਰ ਮਾਂ ਅਤੇ ਬੱਚੇ ਦੀ ਜਾਨ ਵੀ ਚਲੀ ਜਾਂਦੀ ਹੈ। ਇਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਹਰ ਸਿਹਤ ਕੇਂਦਰ ਵਿੱਚ ਮੁਫਤ ਜਣੇਪਾ ਯੋਜਨਾ ਚਲਾਈ ਜਾ ਰਹੀ ਹੈ ਜਿਸ ਅਧੀਨ ਜਣੇਪੇ ਸਬੰਧੀ ਕਿਸੇ ਤਰਾਂ ਦਾ ਵੀ ਕੋਈ ਖਰਚਾ ਨਹੀਂ ਹੁੰਦਾ ਹੈ।