ਪੰਜਾਬ ਵਿੱਚ ਵਧ ਰਿਹਾ ਹੈ ਡੇਂਗੂ ਦਾ ਪ੍ਰਕੋਪ।


ਨੰਗਲ ਵਿੱਚ ਵੀ ਲੋਕ ਆ ਰਹੇ ਹਨ ਡੇਗੂ ਦੀ ਲਪੇਟ ਵਿੱਚ।

28 ਅਕਤੂਬਰ, 2014 (ਕੁਲਦੀਪ ਚੰਦ) ਸਰਕਾਰ ਵਲੋਂ ਰੋਜ਼ਾਨਾ ਹੀ ਅਪਣੇ ਲੋਕਾਂ ਨੂੰ ਵਧੀਆ ਸਿਹਤ ਸਹੂਲ਼ਤਾਂ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਹ ਹੈ ਕਿ ਪੰਜਾਬ ਰਾਜ ਸਿਹਤ ਸਹੂਲਤਾ ਦੇਣ ਵਿੱਚ ਬਾਕੀ ਕਈ ਸੂਬਿਆਂ ਨਾਲੋਂ ਕਾਫੀ ਪਿੱਛੇ ਰਹਿ ਗਿਆ ਹੈ ਅਤੇ ਲੋਕ ਖਾਸ ਤੌਰ ਤੇ ਗਰੀਬ ਵਰਗ ਦੇ ਲੋਕ ਮੁਢਲੀਆਂ ਸਿਹਤ ਸਹੂਲਤਾਂ ਤੋਂ ਵੀ ਵਾਂਝੇ ਹਨ ਅਤੇ ਮਜ਼ਬੂਰਨ ਸਮਾਜਿਕ, ਆਰਥਿਕ ਅਤੇ ਮਾਨਸਿਕ ਤੌਰ ਤੇ ਪੀੜਿਤ ਹੋ ਰਹੇ ਹਨ। ਪੰਜਾਬ ਸਰਕਾਰ ਵਲੋਂ ਕਈ ਵਿਅਕਤੀਆਂ ਦੀ ਮੋਤ ਦਾ ਕਾਰਨ ਬਣ ਚੁੱਕੇ ਡੇਂਗੂ ਬੁਖਾਰ ਦੀ ਰੋਕਥਾਮ ਲਈ ਕਈ ਕਦਮ ਚੁੱਕੇ ਗਏ ਹਨ ਪਰ ਫਿਰ ਵੀ ਡੇਂਗੂ ਦੇ ਕੇਸਾ ਵਿੱਚ ਹਰ ਸਾਲ ਵਾਧਾ ਹੁੰਦਾ ਜਾ ਰਿਹਾ ਹੈ। ਡੇਂਗੂ ਬੁਖਾਰ ਡੇਂਗੂ ਮੱਛਰ ਦੇ ਕੱਟਣ ਤੋਂ ਹੁੰਦਾ ਹੈ। ਸਰਕਾਰੀ ਰਿਪੋਰਟ ਅਨੁਸਾਰ ਸਾਲ 2008 ਤੋਂ ਲੈ ਕੇ 2011 ਤੱਕ ਪੰਜਾਬ ਵਿੱਚ 12521 ਡੇਂਗੂ ਦੇ ਕੇਸ ਹੋਏ ਹਨ ਜਿਹਨਾਂ ਵਿੱਚੋਂ ਕਿ 70 ਡੇਂਗੂ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਡੇਂਗੂ ਦੇ ਸਭ ਤੋਂ ਜ਼ਿਆਦਾ 6407 ਕੇਸ ਲੁਧਿਆਣਾ ਜ਼ਿਲ੍ਹੇ ਵਿੱਚ ਹੋਏ ਹਨ ਅਤੇ ਡੇਂਗੂ ਕਾਰਨ ਸਭ ਤੋਂ ਵੱਧ 40 ਮੌਤਾਂ ਵੀ ਲੁਧਿਆਣਾ ਜ਼ਿਲ੍ਹੇ ਵਿੱਚ ਹੋਈਆਂ ਹਨ। ਬੇਸ਼ੱਕ ਡੇਗੂ ਰੋਗ ਫੈਲਣ ਦਾ ਮੁੱਖ ਕਾਰਨ ਡੇਗੂ ਮੱਛਰ ਹੈ ਅਤੇ ਗੰਦਗੀ ਹੈ ਪਰ ਲੋਕਾਂ ਨੂੰ ਸਹੀ ਜਾਣਕਾਰੀ ਨਾ ਹੋਣ ਕਾਰਨ ਇਹ ਰੋਗ ਵਧ ਰਿਹਾ ਹੈ। ਸਿਹਤ ਅਧਿਕਾਰੀਆਂ ਦੇ ਦਾਅਵਿਆਂ ਦੇ ਬਾਬਜੂਦ ਮਰੀਜ ਸਾਹਮਣੇ ਆ ਰਹੇ ਹਨ। ਹੁਣ ਨੰਗਲ ਇਲਾਕੇ ਵਿੱਚ ਪਤੀ ਪਤਨੀ ਦੋਨੋਂ  ਡੇਂਗੂ ਦਾ ਸ਼ਿਕਾਰ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨੰਗਲ ਇਲਾਕੇ ਵਿੱਚ ਸ਼ਰਮਾ ਸਟੋਰ ਦੀ ਦੋਭੇਟਾ ਕਲੋਨੀ ਵਿੱਚ ਰਹਿਣ ਵਾਲੇ ਐਸ ਕੇ ਮੱਲਣ ਦੇ ਪੁੱਤਰ ਰਾਜੀਵ ਕੁਮਾਰ ਅਤੇ ਰਾਜੀਵ ਕੁਮਾਰ ਦੀ ਪਤਨੀ ਅਨੂੰ ਡੇਂਗੂ ਦਾ ਸਿਕਾਰ ਹੋ ਗਏ ਹਨ। ਰਾਜੀਵ ਦੀ ਮਾਤਾ ਕਿਰਨ ਨੇ ਦੱਸਿਆ ਕਿ ਰਾਜੀਵ ਅਤੇ ਅਨੂੰ ਪਿਛਲੇ ਕੁੱਝ ਦਿਨਾਂ ਤੋਂ ਬੁਖਾਰ ਤੋਂ ਪੀੜਿਤ ਸਨ ਅਤੇ ਇੱਕ ਨਿੱਜੀ ਡਾਕਟਰ ਤੋਂ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੱਸਿਆ ਕਿ ਬੁਖਾਰ ਠੀਕ ਨਾਂ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਇਲਾਜ ਲਈ ਭੇਜਿਆ ਗਿਆ ਜਿੱਥੇ ਟੈਸਟ ਕਰਨ ਤੇ ਡੇਂਗੂ  ਦੇ ਹੋਣ ਦੀ ਪੁਸ਼ਟੀ ਹੋਈ ਹੈ।

ਕੁਲਦੀਪ  ਚੰਦ 
9417563054