27 ਸਤੰਬਰ ਨੂੰ ਵਿਸ਼ਵ ਸੈਲਾਨੀ ਦਿਵਸ ਸਬੰਧੀ ਵਿਸ਼ੇਸ਼
 

ਮੋਜੂਦਾ ਦੋੜਭੱਜ ਦੀ ਜਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਪ੍ਰੇਸ਼ਾਨੀ ਵਿੱਚ ਘਿਰਿਆ ਹੋਇਆ ਹੈ ਅਤੇ ਮਾਨਸਿਕ ਤੋਰ ਤੇ ਪ੍ਰੇਸ਼ਾਨ ਹੈ ਜਿਸ ਕਾਰਨ ਸੈਰ ਸਪਾਟੇ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਸੈਰ ਸਪਾਟੇ ਦਾ ਮਨੁਖੀ ਜੀਵਨ ਵਿਸ਼ੇਸ਼ ਮਹੱਤਵ ਹੈ, ਅਤੇ ਸੈਰ ਸਪਾਟੇ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਹੀ  ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਸਾਲ 1980 ਵਿੱਚ ਪੂਰੇ ਵਿਸ਼ਵ ਵਿੱਚ ਸੈਰ ਸਪਾਟੇ ਨੂੰ ਵਧਾਉਣ ਲਈ ਵਿਸ਼ਵ ਸੈਲਾਨੀ ਦਿਵਸ ਆਯੋਜਿਤ ਕਰਨ ਦੀ ਸ਼ੁਰੂਆਤ 27 ਸਤੰਬਰ ਨੂੰ ਹੀ ਕੀਤੀ ਸੀ ਅਤੇ ਉਦੋਂ ਤੋਂ ਲੈਕੇ ਅੱਜ ਤੱਕ ਹਰ ਸਾਲ ਵਿਸ਼ਵ ਦੇ ਸਾਰੇ ਦੇਸ਼ 27 ਸਤੰਬਰ ਨੂੰ ਵਿਸ਼ਵ ਸੈਲਾਨੀ ਦਿਵਸ ਵਜੋਂ ਮਨਾਉਂਦੇ ਚਲੇ ਆ ਰਹੇ ਹਨ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਸੈਰ ਸਪਾਟੇ ਦੇ ਨਾਲ ਉਸਦੇ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਪ੍ਰਤੀ ਵਿਸ਼ਵ ਸਮੁਦਾਇ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸੈਰ ਸਪਾਟੇ ਤੋਂ ਆਪਣੇ ਦੇਸ਼ ਦੀ ਆਮਦਨ ਨੂੰ ਵਧਾਉਣਾ ਹੈ। ਸੈਰ ਸਪਾਟੇ ਦੀ ਕਿਸੇ ਵੀ ਦੇਸ਼ ਦੇ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਜਿੱਥੇ ਹਰ ਦੇਸ਼ ਦੀ ਪਹਿਲੀ ਜ਼ਰੂਰਤ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ ਉਥੇ ਅੱਜ ਸੈਰ ਸਪਾਟੇ ਦੇ ਕਾਰਨ ਕਈ ਦੇਸ਼ਾਂ ਦੀ ਅਰਥਵਿਵਸਥਾ ਸੈਰ ਸਪਾਟਾ ਉਦਯੋਗ ਦੇ ਆਲੇ-ਦੁਆਲੇ ਘੁੰਮਦੀ ਹੈ। ਯੂਰਪੀ ਦੇਸ਼, ਤੱਟੀ ਅਫਰੀਕੀ ਦੇਸ਼, ਪੂਰਵੀ ਏਸ਼ੀਆਈ ਦੇਸ਼, ਕਨੇਡਾ, ਆਸਟ੍ਰੇਲੀਆ ਆਦਿ ਅਜਿਹੇ ਦੇਸ਼ ਹਨ ਜਿੱਥੇ ਸੈਰ ਸਪਾਟੇ ਦੇ ਉਦਯੋਗ ਤੋਂ ਪ੍ਰਾਪਤ ਆਮਦਨ ਉਥੋਂ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਦੀ ਹੈ। ਇਸ ਦਿਨ ਦੀ ਖਾਸੀਅਤ ਇਹ ਹੈ ਕਿ  ਇਸ ਦਿਵਸ ਦੇ ਮਹੱਤਵ ਨੂੰ ਸਮਝਾਉਣ ਦੇ ਲਈ ਵਿਭਿੰਨ ਪ੍ਰਕਾਰ ਦੀ ਥੀਮ ਰੱਖੀ ਜਾਂਦੀ ਹੈ ਜਿਸਦੇ ਲਈ ਹਰ ਸਮੁਦਾਏ ਜਾਂ ਫਿਰ ਦੇਸ਼ ਸੈਰ ਸਪਾਟੇ ਨਾਲ ਜੁੜਨ ਲੱਗਦਾ ਹੈ। ਸੰਨ 1980 ਵਿੱਚ ਪਹਿਲੇ ਵਿਸ਼ਵ ਸੈਲਾਨੀ ਦਿਵਸ ਤੇ ਸੰਸਕ੍ਰਿਤਿਕ ਧਰੋਹਰ ਦੀ ਸੁਰਖਿੱਆ ਸੈਰ ਸਪਾਟੇ ਦੇ ਯੋਗਦਾਨ ਨੂੰ ਥੀਮ ਬਣਾਇਆ ਗਿਆ ਜਿਸ ਨਾਲ ਕਿ ਸੰਸਕ੍ਰਿਤਕ ਧਰੋਹਰ ਦੇ ਮਹੱਤਵ ਨੂੰ ਸਮਝਿਆ ਜਾ ਸਕਿਆ। 1981 ਵਿੱਚ ਸੈਰ ਸਪਾਟਾ ਅਤੇ ਜੀਵਨ ਦੇ ਗੁਣ ਨੂੰ ਥੀਮ ਬਣਾਇਆ ਗਿਆ ਸੀ। ਸੰਨ 1982 ਵਿੱਚ ਸੈਰ ਸਪਾਟੇ ਦੇ ਵਿਕਾਸ ਦੇ ਲਈ ਮਹਿਮਾਨ ਅਤੇ ਮੇਜ਼ਬਾਨ ਦੋਨਾਂ ਦੀ ਭੂਮਿਕਾ ਤਹਿ ਕਰਦੇ ਹੋਏ ਥੀਮ ਯਾਤਰਾ ਲਈ ਚੰਗੇ ਮਹਿਮਾਨ ਅਤੇ ਮੇਜ਼ਬਾਨ ਰਖਿੱਆ ਗਿਆ। ਇਹੀ ਨਹੀਂ ਸਮੇਂ ਦੇ ਨਾਲ-ਨਾਲ ਵੀ ਸੈਲਾਨੀ ਦਿਵਸ ਦੇ ਥੀਮ ਵਿੱਚ ਬਦਲਾਅ ਕੀਤਾ ਗਿਆ ਜਿਵੇਂ 1988 ਦਾ ਥੀਮ ਸੀ ਸੈਰ ਸਪਾਟਾ ਸਭ ਲਈ ਸਿੱਖਿਆ, 1994 ਦਾ ਥੀਮ ਸੀ ਗੁਣਾਤਮਕ ਸਟਾਫ-ਗੁਣਾਤਮਕ ਸੈਰ ਸਪਾਟਾ, 2004 ਵਿੱਚ ਖੇਡਾਂ ਨੂੰ ਸੈਰ ਸਪਾਟੇ ਨਾਲ ਜੋੜਦੇ ਹੋਏ ਖੇਡਾਂ ਅਤੇ ਸੈਰ ਸਪਾਟਾ ਨੂੰ ਥੀਮ ਬਣਾਇਆ ਗਿਆ, 2010 ਵਿੱਚ ਸੈਰ ਸਪਾਟਾ ਅਤੇ ਜੈਵਿਕ ਵਿਭਿੰਨਤਾ ਨੂੰ ਥੀਮ ਬਣਾਇਆ ਗਿਆ ਸੀ। 2011 ਵਿੱਚ ਸੈਰ ਸਪਾਟਾ ਅਤੇ ਸਭਿਆਚਾਰ ਨੂੰ ਜੋੜਣਾ ਥੀਮ ਰੱਖਿਆ ਗਿਆ। ਪਿਛਲੇ ਸਾਲ 2013 ਲਈ ਥੀਮ ਸੈਰ ਸਪਾਟਾ ਅਤੇ ਪਾਣੀ ਅਪਣੇ ਸਾਂਝੇ ਭਵਿੱਖ ਨੂੰ ਸੁਰਖਿੱਅਤ ਰੱਖਣਾ ਸੀ। ਇਸ ਸਾਲ 2014 ਲਈ ਥੀਮ ਸੈਰ ਸਪਾਟਾ ਅਤੇ ਕਮਿਊਨਿਟੀ ਵਿਕਾਸ ਰੱਖਿਆ ਗਿਆ। ਭਾਰਤ ਵਰਗੇ ਦੇਸ਼ ਲਈ ਸੈਰ ਸਪਾਟੇ ਦਾ ਖਾਸ ਮਹੱਤਵ ਹੁੰਦਾ ਹੈ। ਭਾਰਤ ਵਿੱਚ ਅਣਗਿਣਤ ਸੈਰ ਸਪਾਟੇ ਵਾਲੀਆਂ ਥਾਵਾਂ ਹਨ ਪਰ ਸਰਕਾਰ ਦੀ ਅਣਗਹਿਲੀ ਕਾਰਨ ਉਹ ਥਾਵਾਂ ਪੂਰੀ ਤਰਾਂ ਵਿਕਸਿਤ ਨਹੀਂ ਹੋ ਸਕੀਆਂ ਹਨ ਅਤੇ ਪੂਰੀ ਤਰਾਂ ਨਾਲ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਨਹੀਂ ਬਣੀਆਂ ਹਨ। ਭਾਰਤ ਦੀ ਪੁਰਾਤਨ ਵਿਰਾਸਤ ਜਾਂ ਸੱਭਿਆਚਾਰ ਸਿਰਫ ਦਾਰਸ਼ਨਿਕ ਸਥਾਨ ਦੇ ਲਈ ਨਹੀਂ ਹੁੰਦੀ ਹੈ ਇਸਨੂੰ ਆਮਦਨ ਦਾ ਸੋਮਾ ਵੀ ਮੰਨਿਆ ਜਾਂਦਾ ਹੈ ਅਤੇ ਨਾਲ ਹੀ ਸੈਰ ਸਪਾਟੇ ਖੇਤਰਾਂ ਦੇ ਵਿਕਾਸ ਨਾਲ ਕਈ ਲੋਕਾਂ ਦੀ ਰੋਜ਼ੀ-ਰੋਟੀ ਵੀ ਜੁੜ੍ਹੀ ਹੁੰਦੀ ਹੈ। ਅੱਜ ਭਾਰਤ ਵਰਗੇ ਦੇਸ਼ਾਂ ਨੂੰ ਦੇਖਕੇ ਹੀ ਵਿਸ਼ਵ ਦੇ ਲੱਗਭੱਗ ਸਾਰੇ ਦੇਸ਼ਾਂ ਵਿੱਚ ਪੁਰਾਣੀਆਂ ਅਤੇ ਇਤਿਹਾਸਕ ਇਮਾਰਤਾਂ ਦੀ ਸੰਭਾਲ ਕੀਤੀ ਜਾਣ ਲੱਗੀ ਹੈ। ਇੱਕ ਸਮਾਂ ਅਜਿਹਾ ਆਇਆ ਕਿ ਭਾਰਤ ਦੇ ਸੈਰ ਸਪਾਟਾ ਸਥਾਨ ਖਤਰੇ ਵਿੱਚ ਨਜ਼ਰ ਆਉਣ ਲੱਗੇ ਅਤੇ ਲੱਗਣ ਲੱਗਾ ਕਿ ਹੁਣ ਭਾਰਤ ਸੈਰ ਸਪਾਟੇ ਦੇ ਨਾਮ ਤੇ ਸੈਲਾਨੀਆਂ ਦੀ ਪਹਿਲੀ ਪਸੰਦ ਨਹੀਂ ਰਹੇਗਾ। ਦੁਨੀਆਂ ਵਿੱਚ ਆਈ ਆਰਥਿਕ ਮੰਦੀ ਅਤੇ ਦੇਸ਼ ਵਿੱਚ ਅੱਤਵਾਦ ਦੇ ਚੱਲਦੇ ਅਜਿਹਾ ਲੱਗਣ ਲੱਗਾ ਕਿ ਸੈਲਾਨੀ ਹੁਣ ਭਾਰਤ ਦਾ ਰੁੱਖ ਨਹੀਂ ਕਰਨਗੇ ਪਰ ਅਜਿਹਾ ਨਹੀਂ ਹੋਇਆ। ਭਾਰਤ ਦੀ ਸੰਸਕ੍ਰਿਤਿਕ ਅਤੇ ਕੁਦਰਤੀ ਸੁੰਦਰਤਾ ਇੰਨੀ ਜ਼ਿਆਦਾ ਹੈ ਕਿ ਸੈਲਾਨੀ ਜ਼ਿਆਦਾ ਸਮੇਂ ਤੱਕ ਇੱਥੋਂ ਦੇ ਸੁੰਦਰ ਨਜ਼ਾਰੇ ਦੇਖਣ ਤੋਂ ਦੂਰ ਨਹੀਂ ਰਹਿ ਸਕੇ। ਭਾਰਤੀਆ ਸੈਲਾਨੀ ਵਿਭਾਗ ਨੇ ਸਤੰਬਰ 2002 ਵਿੱਚ 'ਅਤੁੱਲ ਭਾਰਤ' ਨਾਮ ਨਾਲ  ਇੱਕ ਨਵਾਂ ਅਭਿਆਨ ਸ਼ੁਰੂ ਕੀਤਾ ਸੀ। ਇਸ ਅਭਿਆਨ ਦਾ ਉਦੇਸ਼ ਭਾਰਤੀ ਸੈਰ ਸਪਾਟੇ ਨੂੰ ਵਿਸ਼ਵ ਮੰਚ ਤੱਕ ਪਹੁੰਚਾਣਾ ਸੀ ਜੋ ਕਾਫੀ ਹੱਦ ਤੱਕ ਸਫਲ ਹੋਇਆ। ਪਿਛਲੇ ਸਮੇਂ ਦੌਰਾਨ ਸਰਕਾਰ ਨੇ ਸੈਰ ਸਪਾਟਾ ਵਾਲੀਆਂ ਥਾਵਾਂ ਨੂੰ ਵਿਕਸਿਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਹਨ ਅਤੇ ਫੰਡ ਰਾਖਵੇਂ ਰੱਖੇ ਹਨ। ਭਾਰਤ ਸਰਕਾਰ ਨੇ 12ਵੀਂ ਪੰਜ ਸਾਲਾਂ ਯੋਜਨਾ ਵਿੱਚ ਸੈਰ ਸਪਾਟੇ ਦੇ ਵਿਕਾਸ ਅਤੇ ਵਾਧੇ ਦੇ ਲਈ 22800/- ਕਰੋੜ ਰੁਪਏ ਰੱਖੇ ਗਏ ਹਨ ਜਦਕਿ 11ਵੀਂ ਪੰਜ ਸਾਲਾਂ ਯੋਜਨਾ ਵਿੱਚ ਸੈਰ ਸਪਾਟੇ ਦੇ ਵਿਕਾਸ ਲਈ ਰੱਖੇ ਗਏ 5156/- ਕਰੋੜ ਰੁਪਏ ਦੇ ਮੁਕਾਬਲੇ ਚਾਰ ਗੁਣਾ ਤੋਂ ਵੱਧ ਹੈ। ਭਾਰਤ ਸਰਕਾਰ 2016 ਤੱਕ ਸੈਰ ਸਪਾਟਾ ਖੇਤਰ ਵਿੱਚ 12 ਫਿਸਦੀ ਵਾਧੇ ਦਾ ਟੀਚਾ ਰੱਖਿਆ ਹੈ। ਜੇਕਰ ਇਹ ਟੀਚਾ ਪੂਰਾ ਹੋ ਜਾਂਦਾ ਹੈ ਤਾਂ 2.5 ਕਰੋੜ ਹੋਰ ਰੋਜਗਾਰ ਦੇ ਮੋਕੇ ਪੈਦਾ ਹੋ ਜਾਣਗੇ। ਇਸ ਕਾਰਨ ਗ੍ਰਾਮੀਣ ਸੈਰ ਸਪਾਟਾ,  ਹੁਨਰ ਅਤੇ ਰੋਜ਼ਗਾਰ, ਕੋਸ਼ਲ ਵਿਕਾਸ ਆਦਿ ਤੇ ਖਰਚ ਵਧੇਗਾ ਅਤੇ ਵੱਡੀ ਸੰਖਿਆ ਵਿੱਚ ਰੁਜ਼ਗਾਰ ਦੇ ਅਵਸਰ ਪੈਦਾ ਹੋਣਗੇ। ਇਸਦੇ ਇਲਾਵਾ ਸੈਰ ਸਪਾਟੇ ਦੇ ਲਈ ਮਹੱਤਵਪੂਰਨ ਢਾਂਚਾਗਤ ਖੇਤਰ ਦੇ ਸੁਧਾਰ ਤੇ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦੇਣ ਅਤੇ ਵਿਭਿੰਨ ਰਾਜਾਂ ਦੁਆਰਾ ਸੈਰ ਸਪਾਟੇ ਦੇ ਸਥਾਨਾਂ ਨੂੰ ਲੋਕਪ੍ਰਿਯ ਬਣਾਉਣ ਦੀ ਪਹਿਲ ਨਾਲ ਇਸ ਖੇਤਰ ਨੂੰ ਜ਼ਬਰਦਸਤ ਉਤਸ਼ਾਹ ਮਿਲੇਗਾ। ਭਾਰਤ ਦੇ ਕੁਝ ਖਾਸ ਸੈਰ ਸਪਾਟੇ ਵਾਲੇ ਰਾਜ ਜੰਮੂ ਕਸ਼ਮੀਰ, ਰਾਜਸਥਾਨ, ਗੋਆ, ਕੇਰਲ, ਹਿਮਾਚਲ ਪ੍ਰਦੇਸ਼, ਪੰਜਾਬ ਆਦਿ ਹਨ ਪਰ ਇਹਨਾਂ ਸਾਰਿਆਂ ਦੇ ਨਾਲ-ਨਾਲ ਛੱਤੀਸਗੜ੍ਹ, ਝਾਰਖੰਡ, ਉਤਰਾਖੰਡ, ਆਂਧਰਾ ਪ੍ਰਦੇਸ਼, ਉੜੀਸਾ ਆਦਿ ਵੀ ਮਸ਼ਹੂਰ ਸੈਰ ਸਪਾਟਾ ਰਾਜ ਦੇ ਰੂਪ ਵਿੱਚ ਵਿਕਸਿਤ ਹੋ ਰਹੇ ਹਨ। ਅੱਜ ਭਾਰਤ ਵਿੱਚ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਵਿਭਿੰਨ ਸ਼ਹਿਰਾਂ ਵਿੱਚ ਅਲੱਗ-ਅਲੱਗ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਰਾਜਸਥਾਨ ਸੈਰ ਸਪਾਟਾ ਵਿਕਾਸ ਨਿਗਮ ਨੇ ਰੇਲਗੱਡੀ ਦੀ ਸ਼ਾਹੀ ਸਵਾਰੀ ਕਰਾਉਣ ਦੇ ਮਾਧਿਅਮ ਨਾਲ ਲੋਕਾਂ ਨੂੰ ਸੈਰ ਸਪਾਟੇ ਦਾ ਮਜ਼ਾ ਉਠਾਉਣ ਦਾ ਮੌਕਾ ਦਿੱਤਾ ਜਿਸਨੂੰ 'ਪੈਲੇਸ ਆਨ ਵਹੀਲ' ਦਾ ਨਾਮ ਦਿੱਤਾ ਗਿਆ।  ਰਾਜਸਥਾਨ ਸੈਰ ਸਪਾਟਾ ਵਿਕਾਸ ਨਿਗਮ ਦੀ ਇਹ ਪਹਿਲ ਦੁਨੀਆਂ ਦੇ ਸੈਰ ਸਪਾਟੇ ਮਾਨਚਿੱਤਰ ਤੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲਾ ਮੰਨਿਆ ਗਿਆ ਹੈ। ਸੈਰ ਸਪਾਟੇ ਦੇ ਖੇਤਰ ਵਿੱਚ ਵਿਕਾਸ ਇਸਤੋਂ ਪਹਿਲਾਂ ਰਾਜ ਸਰਕਾਰਾਂ ਦੇ ਅਧੀਨ ਹੋਇਆ ਕਰਦਾ ਸੀ। ਰਾਜਾਂ ਵਿੱਚ ਤਾਲਮੇਲ ਦੇ ਪੱਧਰ ਤੇ ਵੀ ਬਹੁਤ ਘੱਟ ਕੋਸ਼ਿਸ਼ਾਂ ਹੁੰਦੀਆਂ ਸਨ। ਦੇਸ਼ ਦੇ ਦਰਵਾਜ਼ੇ ਵਿਦੇਸ਼ੀ ਸੈਲਾਨੀਆਂ ਦੇ ਲਈ ਖੋਲਣ ਦਾ ਕੰਮ ਜੇਕਰ ਸਹੀ ਅਤੇ ਸਟੀਕ ਵੰਡ ਨੇ ਕੀਤਾ ਤਾਂ ਹਵਾਈ ਅੱਡਿਆਂ ਨਾਲ ਸੈਰ ਸਪਾਟੇ ਦੇ ਸਥਾਨਾਂ ਦੇ ਸਿੱਧੇ ਜੋੜ ਨੇ ਸੈਰ ਸਪਾਟਾ ਖੇਤਰਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅੱਜ ਸੈਲਾਨੀ ਸੈਰ ਸਪਾਟੇ ਦੇ ਲਿਹਾਜ਼ ਨਾਲ ਦੂਰ ਦੂਰਾਡੇ ਵਾਲੇ ਸਥਾਨਾਂ ਦੀ ਸੈਰ ਵੀ ਆਸਾਨੀ ਨਾਲ ਕਰ ਸਕਦੇ ਹਨ। ਨਿੱਜੀ ਖੇਤਰਾਂ ਦੀਆਂ ਜਹਾਜ਼ ਕੰਪਨੀਆਂ ਨੂੰ ਦੇਸ਼ ਵਿੱਚ ਉਡਾਨ ਭਰਨ ਦੀ ਇਜ਼ਾਜਤ ਦੇਣ ਨੇ ਵੀ ਇਸ ਮੰਤਵ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਅੱਜ ਦੁਨੀਆਂ ਵਿੱਚ ਸੈਰ ਸਪਾਟਾ ਇੱਕ ਵੱਡਾ ਅਤੇ ਲਾਭਕਾਰੀ ਉਦਯੋਗ ਬਣ ਚੁੱਕਾ ਹੈ। ਸਾਡੇ ਦੇਸ਼ ਵਿੱਚ ਕਈ ਵਾਰ ਵਿਦੇਸ਼ੀ ਸੈਲਾਨੀ ਪ੍ਰੇਸ਼ਾਨ ਹੁੰਦੇ ਹਨ, ਸੈਰ ਸਪਾਟੇ ਵਾਲੀਆਂ ਥਾਵਾਂ ਤੇ ਵਿਦੇਸ਼ੀ ਸੈਲਾਨੀਆਂ ਦੀ ਅਕਸਰ ਹੁੰਦੀ ਆਰਥਿਕ ਲੁੱਟ ਚਰਚਾ ਦਾ ਵਿਸ਼ਾ ਰਹਿੰਦੀ ਹੈ। ਕਈ ਥਾਵਾਂ ਤੇ ਗੰਦਗੀ ਦੀ ਭਰਮਾਰ ਅਤੇ ਪ੍ਰਬੰਧਾ ਵਿੱਚ ਘਾਟਾਂ ਅਕਸਰ ਨਜ਼ਰ ਆਂਦੀਆਂ ਹਨ। ਸਾਡੀਆਂ ਸਰਕਾਰਾਂ ਨੂੰ ਇਸ ਉਦਯੋਗ ਨੂੰ ਪ੍ਰਫੂਲੱਤ ਕਰਨ ਲਈ ਠੋਸ ਯੋਜਨਾਵਾਂ ਲਾਗੂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਅਸੀਂ ਹੋਰ ਵੀ ਵੱਡੀ ਗਿਣਤੀ ਵਿੱਚ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰ ਸਕੀਏ। 

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054