ਇਹ ਹਨ ਸਾਡੇ ਦੇਸ਼ ਦੇ ਸਮਾਜ ਸੇਵਕ

ਐਮ ਪੀਜ਼, ਸਾਬਕਾ ਐਮ ਪੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੀਆਂ ਹਨ ਅਮੀਰਾਂ ਵਾਲੀਆਂ ਸਹੂਲਤਾਂ।

13 ਸਤੰਬਰ, 2014 (ਕੁਲਦੀਪ ਚੰਦ ) ਭਾਰਤ ਦੇਸ਼ ਇਕ ਵਿਸ਼ਾਲ ਆਬਾਦੀ ਵਾਲਾ ਦੇਸ਼ ਹੈ। ਸਾਡੇ ਦੇਸ਼ ਦੀ ਆਬਾਦੀ ਦਾ ਜ਼ਿਆਦਾ ਤਬਕਾ ਗਰੀਬੀ ਅਤੇ ਬੇਰੁਜ਼ਗਾਰੀ ਨਾਲ ਜਕੜਿਆ ਹੋਇਆ ਹੈ। ਦੇਸ਼ ਦੀ ਕਾਫੀ ਅਬਾਦੀ ਅੱਜ ਵੀ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਦੇਸ਼ ਦੇ ਕਰੋੜ੍ਹਾਂ ਲੋਕ ਗਰੀਬੀ ਕਾਰਨ ਜੀਵਨ ਦੀਆਂ ਮੁਢਲੀਆਂ ਸਹੂਲਤਾ ਰੋਟੀ, ਕੱਪੜਾ, ਮਕਾਨ ਤੋਂ ਬਾਂਝੇ ਹਨ। ਦੇਸ਼ ਦੇ ਕਰੋੜ੍ਹਾਂ ਲੋਕ ਬਿਨਾਂ ਦਵਾਈ ਤੋਂ ਤੜਫ-ਤੜਫ ਕੇ ਮਰ ਜਾਂਦੇ ਹਨ। ਦੇਸ਼ ਦੀ ਬਹੁਤੀ ਜਨਤਾ ਹਰ ਵਾਰ ਰਾਜਨੀਤੀਵਾਨਾਂ ਦੇ ਲਾਰਿਆਂ ਵਿੱਚ ਆਕੇ ਅਪਣੀ ਵੋਟ ਦਾ ਇਸਤੇਮਾਲ ਕਰਦੀ ਹੈ ਅਤੇ ਹਰ ਵਾਰ ਸੋਚਦੀ ਹੈ ਕਿ ਸਰਕਾਰ ਵਿੱਚ ਬੈਠੇ ਨੇਤਾ ਉਨ੍ਹਾਂ ਦੀ ਕਿਸਮਤ ਬਦਲਣ ਲਈ ਕੰਮ ਕਰਨਗੇ ਅਤੇ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਗੇ। ਦੇਸ਼ ਦੀ ਬਹੁਤੀ ਜਨਤਾ ਅੱਜ ਵੀ ਇਹ ਸੋਚਦੀ ਹੈ ਕਿ ਚੋਣ ਲੜਣ ਅਤੇ ਜਿਤਣ ਵਾਲੇ ਨੇਤਾਵਾਂ ਨੂੰ ਸਮਾਜ ਸੇਵਾ ਅਤੇ ਲੋਕ ਸੇਵਾ ਦਾ ਦਿਲੀ ਸ਼ੋਂਕ ਹੈ ਅਤੇ ਇਹ ਸਾਰੇ ਬਿਨ੍ਹਾਂ ਕਿਸੇ ਲਾਲਚ ਦੇ ਕੰਮ ਕਰਦੇ ਹਨ ਪਰ ਇਹ ਸਿਰਫ ਇੱਕ ਵਹਿਮ ਹੈ ਜਦਕਿ ਹਕੀਕਤ ਵਿੱਚ ਇਨ੍ਹਾਂ ਮੈਂਬਰਾਂ ਨੂੰ ਲੱਖਾਂ ਰੁਪਏ ਸਰਕਾਰ ਦੇ ਖਜ਼ਾਨੇ ਵਿੱਚੋਂ ਕਨੂੰਨਨ ਮਿਲਦੇ ਹਨ। ਆਮ ਲੋਕਾਂ ਦੇ ਹੱਕਾਂ ਦੀ ਲੜਾਈ ਅਤੇ ਸਹੂਲਤਾਂ ਦੇਣ ਲਈ ਇੱਕ ਦੂਜੇ ਨਾਲ ਲੜਣ ਵਾਲੇ ਸਾਂਸਦਾਂ ਦੇ ਜਦੋਂ ਅਪਣੇ ਨਿੱਜੀ ਲਾਭ ਦੀ ਗੱਲ ਚੱਲਦੀ ਹੈ ਤਾਂ ਸਾਰੇ ਸਾਂਸਦ ਜਨਤਾ ਨੂੰ ਭੁਲਕੇ ਪੂਰੀ ਸਹਿਮਤੀ ਨਾਲ ਇਹ ਬਿੱਲ ਪਾਸ ਕਰ ਦਿੰਦੇ ਹਨ। ਭਾਰਤੀ ਸੰਵਿਧਾਨ ਦੇ ਆਰਟੀਕਲ 106 ਅਨੁਸਾਰ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਤਨਖਾਹ ਅਤੇ ਹੋਰ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਲਈ  ਸੈਲਰੀ, ਅਲਾਂਉਸਜ਼ ਐਂਡ ਪੈਨਸ਼ਨ ਆਫ ਮੈਂਬਰਜ਼ ਆਫ ਪਾਰਲੀਆਮੈਂਟ ਐਕਟ, 1954 ਬਣਾਇਆ ਗਿਆ ਹੈ। ਇਸ ਐਕਟ ਅਨੁਸਾਰ ਹੀ ਦੋਨਾਂ ਸਦਨਾ ਦੀ ਇੱਕ ਸਾਂਝੀ ਕਮੇਟੀ ਬਣਾਈ ਜਾਂਦੀ ਹੈ ਜੋਕਿ ਸਰਕਾਰ ਨਾਲ ਮਿਲਕੇ ਸੰਸਦ ਮੈਂਬਰਾਂ ਨੂੰ ਮਿਲਣ ਵਾਲੀਆਂ ਤਨਖਾਹਾਂ, ਭੱਤਿਆਂ ਅਤੇ ਹੋਰ ਸਹੂਲਤਾਂ ਬਾਰੇ ਫੈਸਲਾ ਕਰਦੀ ਹੈ। ਇਹ ਕਮੇਟੀ ਸਮੇਂ ਸਮੇਂ ਤੇ ਜਰੂਰਤ ਅਨੁਸਾਰ ਇਨ੍ਹਾਂ ਸਹੂਲਤਾਂ ਵਿੱਚ ਸੋਧ ਵੀ ਕਰਦੀ ਹੈ। ਲੋਕ ਸਭਾ ਅਤੇ ਰਾਜ ਸਭਾ ਐਮ ਪੀਜ਼ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਜਿੰਮੇਵਾਰ ਅਧਿਕਾਰੀ ਪੀ ਸਰੀਧਾਰਨ ਸਕੱਤਰ ਜਨਰਲ ਲੋਕ ਸਭਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੈਲਰੀ, ਅਲਾਂਉਸਜ਼ ਐਂਡ ਪੈਨਸ਼ਨ ਆਫ ਮੈਂਬਰਜ਼ ਆਫ ਪਾਰਲੀਆਮੈਂਟ ਐਕਟ, 1954 ਅਨੁਸਾਰ ਦੇਸ ਦੇ ਐਮ ਪੀਜ਼ ਅਤੇ ਸਾਬਕਾ ਐਮ ਪੀਜ਼ ਨੂੰ ਵਿੱਤੀ ਸਹੁਲਤਾਂ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਹੁਣ ਹਰ ਇੱਕ ਅੇਮ ਪੀ ਨੂੰ ਮਿਲਣ ਵਾਲੀ ਤਨਖਾਹ 50 ਹਜਾਰ ਰੁਪਏ ਪ੍ਰਤੀ ਮਹੀਨਾ ਕਰ ਦਿਤੀ ਗਈ ਹੈ, ਰੋਜਾਨਾ ਭੱਤਾ ਦੋ ਹਜਾਰ ਕਰ ਦਿਤਾ ਗਿਆ ਹੈ, ਹਰ ਇੱਕ ਐਮ ਪੀ ਨੂੰ ਹਲਕਾ ਭੱਤਾ 45 ਹਜਾਰ ਰੁਪਏ ਦਿਤਾ ਜਾਂਦਾ ਹੈ, 45 ਹਜਾਰ ਰੁਪਏ ਦਫਤਰੀ ਭੱਤਾ ਦਿਤਾ ਜਾਂਦਾ ਹੈ ਜਿਸ ਵਿਚੋਂ 15 ਹਜਾਰ ਰੁਪਏ ਸਟੇਸ਼ਨਰੀ, ਪੋਸਟੇਜ ਆਦਿ ਲਈ ਹਨ ਅਤੇ 30 ਹਜਾਰ ਰੁਪਏ ਉਸ ਵਿਅਕਤੀ ਨੂੰ ਦਿਤੇ ਜਾਣੇ ਹਨ ਜੋਕਿ ਦਫਤਰ ਵਿੱਚ ਕੰਮ ਕਰੇਗਾ। ਹਰ ਇੱਕ ਐਮ ਪੀ ਨੂੰ ਸੈਸ਼ਨ ਅਟੈਂਡ ਕਰਨ ਅਤੇ ਹੋਰ ਕਿਸੇ ਸਰਕਾਰੀ ਕੰਮ ਦੇ ਆਣ ਜਾਣ ਲਈ ਰੇਲਵੇ ਰਾਹੀਂ ਫਸਟ ਕਲਾਸ ਦਾ ਪਾਸ ਜਾਰੀ ਕੀਤਾ ਜਾਂਦਾ ਹੈ। ਜੇਕਰ ਐਮ ਪੀ ਜਹਾਜ ਰਾਹੀਂ ਸਫਰ ਕਰਦਾ ਹੈ ਤਾਂ ਸਵਾ ਗੁਣਾ ਕਿਰਇਆ ਦਿਤਾ ਜਾਂਦਾ ਹੇ। ਜੇਕਰ ਐਮ ਪੀ ਸੜ੍ਹਕ ਰਾਹੀਂ ਸਫਰ ਕਰਦਾ ਹੈ ਤਾ 16 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਦਿਤਾ ਜਾਂਦਾ ਹੈ। ਹਰ ਇੱਕ ਐਮ ਪੀ ਨੂੰ ਸਾਲ ਵਿੱਚ 34 ਵਾਰ ਹਵਾਈ ਜਹਾਜ ਰਾਹੀਂ ਸਫਰ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉਹ ਇਸ ਸਹੂਲਤ ਵੇਲੇ  ਅਪਣੇ ਪਤੀ/ਪਤਨੀ ਜਾਂ ਕਿਸੇ ਹੋਰ ਨੂੰ ਵੀ ਨਾਲ ਲਿਜਾ ਸਕਦਾ ਹੈ। ਜੇਕਰ ਕਿਸੇ ਸਾਲ ਕੋਈ ਐਮ ਪੀ ਇਹ ਯਾਤਰਾ ਪੂਰੀ ਨਹੀਂ ਵਰਤਦਾ ਤਾਂ ਬਕਾਇਆ ਸਫਰ ਸਹੂਲਤ ਅਗਲੇ ਸਾਲ ਵਿੱਚ ਜੁੜ੍ਹ ਜਾਵੇਗੀ। ਹਰ ਇੱਕ ਐਮ ਪੀ ਨੂੰ ਅਪਣੇ ਪਤੀ/ਪਤਨੀ ਨਾਲ ਦੇਸ਼ ਵਿੱਚ ਰੇਲਵੇ ਰਾਹੀਂ ਮੁਫਤ ਸਫਰ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਐਮ ਪੀ ਦੀ ਪਤਨੀ ਜਾਂ ਪਤੀ ਨੂੰ ਵੀ ਸੈਸ਼ਨ ਦੌਰਾਨ ਆਣ ਜਾਣ ਲਈ ਇੱਕ ਸਾਲ ਵਿੱਚ 8 ਵਾਰ ਤੱਕ ਦੀ ਹਵਾਈ ਜਹਾਜ਼ ਰਾਹੀਂ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਐਮ ਪੀ ਦੀ ਪਤਨੀ ਜਾਂ ਪਤੀ ਨੂੰ ਰੇਲਵੇ ਰਾਹੀਂ ਵੀ ਏਸੀ ਡਿੱਬੇ ਵਿੱਚ ਸਫਰ ਕਰਨ ਦੀ ਸਹੂਲਤ ਮਿਲਦੀ ਹੈ। ਜਿਸ ਐਮ ਪੀ ਦੀ ਪਤਨੀ ਜਾਂ ਪਤੀ ਨਹੀਂ ਹੈ ਉਹ ਇਹ ਸਫਰ ਸਹੂਲਤ ਅਪਣੇ ਕਿਸੇ ਵੀ ਹੋਰ ਸਾਥੀ ਨੂੰ ਦੇ ਸਕਦਾ ਹੈ। ਸ਼ਰੀਰਕ ਤੌਰ ਤੇ ਅਪੰਗ ਐਮ ਪੀ ਅਪਣੇ ਨਾਲ ਇੱਕ ਹੋਰ ਵਿਅਕਤੀ ਨੂੰ ਹਵਾਈ ਜਹਾਜ਼, ਰੇਲਵੇ ਅਤੇ ਸੜਕ ਦੁਆਰਾ ਮੁਫਤ ਸਫਰ ਦੀ ਸਹੂਲਤ ਸਰਕਾਰ ਦੇ ਖਰਚੇ ਤੇ ਦੇ ਸਕਦਾ ਹੈ। ਹਰ ਇੱਕ ਐਮ ਪੀ ਨੂੰ ਸਰਕਾਰ ਦੁਆਰਾ ਲਾਇਸੰਸ ਫੀਸ ਮੁੱਕਤ ਹੋਸਟਲ ਜਾਂ ਫਲੈਟ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਜੇਕਰ ਉਹ ਬੰਗਲਾ ਲੈਣ ਦੇ ਯੋਗ ਹੈ ਤਾਂ ਸਧਾਰਨ ਲਾਇਸੰਸ ਫੀਸ ਤੇ ਇਹ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਹਰ ਇੱਕ ਐਮ ਪੀ ਨੂੰ ਫਰਨੀਚਰ ਲਈ 75 ਹਜਾਰ ਰੁਪਏ ਦੀ ਸਹੂਲਤ ਦਿਤੀ ਜਾਂਦੀ ਹੈ, ਹਰ ਤਿੰਨ ਮਹੀਨੇ ਬਾਦ ਸੋਫਾ ਕਵਰ ਅਤੇ ਪਰਦੇ ਧੋਣ ਦੀ ਸਹੂਲਤ ਪ੍ਰਦਾਨ ਕੀਦੀ ਜਾਂਦੀ ਹੈ। ਜਿਸ ਐਮ ਪੀ ਨੂੰ ਬੰਗਲਾ ਦਿਤਾ ਜਾਂਦਾ ਹੈ ਉਸਨੂੰ ਹਰ ਸਾਲ 4000 ਕਿਲੋ ਲੀਟਰ ਪਾਣੀ ਦੀ ਸਪਲਾਈ ਅਤੇ 50000 ਬਿਜਲੀ ਯੂਨਿਟ ਮੁਫਤ ਦੀ ਸਹੂਲਤ ਦਿਤੀ ਜਾਂਦੀ ਹੈ। ਜੇਕਰ ਕਿਸੇ ਸਾਲ ਬਿਜ਼ਲੀ ਦੀ ਖਬਤ ਘਟ ਹੁੰਦੀ ਹੈ ਤਾਂ ਬਕਾਇਆ ਲਾਭ ਅਗਲੇ ਸਾਲ ਵਿੱਚ ਜੁੜ੍ਹ ਜਾਂਦਾ ਹੈ ਅਤੇ ਜੇਕਰ ਜਿਆਦਾ ਬਿਜਲੀ ਵਰਤੀ ਜਾਵੇ ਤਾਂ ਵੀ ਅਗਲੇ ਸਾਲ ਵਿੱਚ ਐਡਜਸਟ ਕੀਤੀ ਜਾਂਦੀ ਹੈ। ਹਰ ਇੱਕ ਐਮ ਪੀ ਨੂੰ ਤਿੰਨ ਟੈਲੀਫੋਨ ਕੂਨੈਕਸ਼ਨ, ਇੱਕ ਮੋਬਾਇਲ ਕੂਨੈਕਸਨ, ਬਰਾਂਡਬੈਂਡ ਇੰਟਰਨੈਂਟ ਦੀ ਸਹੂਲਤ ਦਿਤੀ ਜਾਂਦੀ ਹੈ ਜਿਸ ਵਿੱਚ ਲੈਂਡਲਾਇਨ ਤੋਂ 50 ਹਜਾਰ ਲੋਕਲ ਕਾਲਾਂ ਅਤੇ ਮੋਬਾਇਲ ਤੋਂ 150000 ਕਾਲਾਂ ਮੁਫਤ ਕਰਨ ਦੀ ਸਹੂਲਤ ਦਿਤੀ ਗਈ ਹੈ ਅਤੇ 3 ਜੀ ਦੀ ਸਹੂਲਤ ਨਾਲ 1500 ਰੁਪਏ ਬਰਾਂਡਬੈਂਡ ਲਈ ਦਿਤੇ ਜਾਂਦੇ ਹਨ। ਹਰ ਐਮ ਪੀ ਨੂੰ ਕੇਂਦਰ ਸਰਕਾਰ ਦੇ ਕਲਾਸ ਇੱਕ ਦੇ ਅਧਿਕਾਰੀ ਵਾਂਗ ਹੀ ਸਿਹਤ ਅਤੇ ਮੈਡੀਕਲ ਸਹੂਲਤਾਂ ਦਿਤੀਆਂ ਜਾਂਦੀਆਂ ਹਨ। ਹਰ ਇੱਕ ਐਮ ਪੀ ਨੂੰ ਮਿਲਣ ਵਾਲੀਆਂ ਵਿੱਤੀ ਸਹੂਲਤਾਂ ਤੇ ਕਿਸੇ ਤਰਾਂ ਦਾ ਆਮਦਨ ਟੈਕਸ ਨਹੀਂ ਲਗਦਾ ਹੈ। ਹਰ ਇੱਕ ਐਮ ਪੀ ਨੂੰ ਵਾਹਨ ਅਤੇ ਕੰਪਿਉਟਰ ਖ੍ਰੀਦਣ ਲਈ ਅਸਾਨ ਕਿਸ਼ਤਾਂ ਤੇ ਮੋੜਣ ਵਾਲੇ ਕਰਜੇ ਦੀ ਸਹੂਲਤ ਸਰਕਾਰ ਵਲੋਂ ਪ੍ਰਦਾਨ ਕੀਤੀ ਜਾਂਦੀ ਹੈ। ਸਾਡੇ ਗਰੀਬ ਦੇਸ਼ ਦੇ ਸਾਬਕਾ ਐਮ ਪੀ ਵੀ ਸਹੂਲਤਾਂ ਦਾ ਆਨੰਦ ਮਾਨਣ ਵਿੱਚ ਪਿੱਛੇ ਨਹੀਂ ਹਨ। ਸਾਬਕਾ ਐਮ ਪੀਜ ਨੂੰ ਪੈਨਸ਼ਨ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਹਰ ਸਾਬਕਾ ਐਮ ਪੀ ਨੂੰ 18 ਮਈ, 2009 ਤੋਂ 20000/- ਰੁਪਏ ਮਹੀਨਾਵਾਰ ਪੈਨਸ਼ਨ ਮਿਲਦੀ ਹੈ। ਜੋ ਨੇਤਾ ਇੱਕ ਵਾਰ ਤੋਂ ਵੱਧ ਐਮ ਪੀ ਬਣਦਾ ਹੈ ਉਸਨੂੰ ਹਰ ਸਾਲ ਦੇ ਹਿਸਾਬ ਨਾਲ 1500/- ਰੁਪਏਪ੍ਰਤੀ ਮਹੀਨਾ ਵੱਧ ਪੈਨਸ਼ਨ ਦਿਤੀ ਜਾਂਦੀ ਹੈ। ਹਰ ਸਾਬਕਾ ਐਮ ਪੀ ਨੂੰ ਰੇਲਵੇ ਸਫਰ, ਹਵਾਈ ਜਹਾਜ ਰਾਹੀਂ ਸਫਰ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਮੁਮੂਲੀ ਖਰਚ ਤੇ ਸਿਹਤ ਅਤੇ ਮੈਡੀਕਲ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ। ਸੰਸਾਰ ਦੇ ਸਭਤੋਂ ਵੱਡੇ ਲੋਕਤੰਤਰ ਵਿੱਚ ਹਰ ਇੱਕ ਐਮ ਪੀਜ ਅਤੇ ਸਾਬਕਾ ਐਮ ਪੀਜ਼ ਦੇ ਪਰਿਵਾਰਾਂ ਨੂੰ ਵੀ ਸਰਕਾਰ ਵਲੋਂ ਕਈ ਤਰਾਂ ਦੀਆਂ ਸਹੂਲਤਾਂ ਦਿਤੀਆਂ ਜਾਂਦੀਆਂ ਹਨ। ਕਿਸੇ ਐਮ ਪੀ ਦੀ ਮੋਤ ਹੋਣ ਤੇ 2 ਏ ਏ ਆਫ ਐਮ ਐਸ ਏ ਐਕਟ ਅਨੁਸਾਰ ਐਮ ਪੀ ਦੀ ਪੈਨਸ਼ਨ ਤੋਂ ਅੱਧੀ ਪੈਨਸ਼ਨ ਪਰਿਵਾਰ ਨੂੰ ਦਿਤੀ ਜਾਂਦੀ ਹੈ ਅਤੇ 8 ਏ ਏ ਆਫ ਐਮ ਐਸ ਏ ਐਕਟ ਅਨੁਸਾਰ  ਮੁਫਤ ਸਫਰ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਜੇਕਰ ਕਿਸੇ ਕਾਰਨ ਲੋਕ ਸਭਾ ਪੂਰਾ ਸਮਾਂ ਨਹੀਂ ਚੱਲਦੀ ਹੈ ਅਤੇ ਪੰਜ ਸਾਲ ਤੋਂ ਪਹਿਲਾਂ ਹੀ ਭੰਗ ਹੋ ਜਾਂਦੀ ਹੈ ਤਾਂ ਵੀ ਐਮ ਪੀਜ਼ ਨਵੀਂ ਲੋਕ ਸਭਾ ਬਣਨ ਤੱਕ ਟੈਲੀਫੋਨ ਅਤੇ ਬਿਜ਼ਲੀ ਦੀ ਸਹੂਲਤ ਦਾ ਅਨੰਦ ਮਾਣ ਸਕਦੇ ਹਨ। ਇਸ ਤਰਾਂ ਸਾਡੇ ਦੇਸ ਦੇ ਐਮ ਪੀਜ਼ ਨੂੰ ਮਿਲਦੀਆਂ ਸਹੂਲਤਾਂ ਵੇਖਕੇ ਲੱਗਦਾ ਹੈ ਕਿ ਅਸੀਂ ਕਿਸੇ ਬਹੁਤ ਹੀ ਵਿਕਸਿਤ ਦੇਸ਼ ਵਿੱਚ ਰਹਿ ਰਹੇ ਹਾਂ ਪਰ ਹਕੀਕਤ ਤੋਂ ਤੁਸੀਂ ਆਪ ਭਲੀਭਾਂਤ ਵਾਕਿਫ ਹੋ ਕਿ ਸਾਡੇ ਦੇਸ਼ ਦੀ ਆਮ ਜਨਤਾ ਫੁਟਪਾਥਾਂ, ਰੇਲਵੇਪਲੇਟਫਾਰਮਾਂ, ਗੰਦੀਆਂ ਮਲੀਨ ਬਸਤੀਆਂ ਵਿੱਚ ਕਿਸ ਹਾਲਾਤ ਵਿੱਚ ਰਹਿੰਦੀ ਹੈ। ਗਰੀਬ ਅਤੇ ਲੋੜਵੰਦ, ਨਿਆਸਰੇ ਵਿਅਕਤੀ ਨਿਗੁਣੀ ਸਰਕਾਰੀ ਆਰਥਿਕ ਸਹਾਇਤਾ ਨੂੰ ਲੈਣ ਲਈ ਵੀ ਧੱਕੇ ਖਾਂਦੇ ਹਨ ਅਤੇ ਕਈ ਆਸ ਵਿੱਚ ਹੀ ਦੁਨੀਆਂ ਛੱਡ ਜਾਂਦੇ ਹਨ। ਜੇਕਰ ਸਾਡੇ ਸੰਸਦ ਮੈਂਬਰ ਆਮ ਆਦਮੀ ਵਾਲੀ ਜ਼ਿੰਦਗੀ ਜਿਉਣ ਤਾਂ ਹੀ ਉਨਾਂ ਨੂੰ ਆਮ ਆਦਮੀ ਦੀਆਂ ਸਮੱਸਿਆਵਾ ਦਾ ਪਤਾ ਚੱਲ ਸਕਦਾ ਹੈ ਕਿ ਗਰੀਬ ਵਿਅਕਤੀ ਕਿਵੇਂ ਜਿੰਦਗੀ ਦਾ ਗੁਜਾਰਾ ਕਰਦਾ ਹੈ। 

ਕੁਲਦੀਪ  ਚੰਦ 
9417563054