ਨੰਗਲ ਇਲਾਕੇ 'ਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸ਼ੁਰੂ ਕੀਤੀ

28 ਅਗਸਤ, 2014 (ਕੁਲਦੀਪ ਚੰਦ ) ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦਾ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਓਰੀਐਂਟਲ ਬੈਂਕ ਆਫ ਕਾਮਰਸ ਵਿਖੇ ਐਸ.ਡੀ.ਐਮ. ਅਮਰਜੀਤ ਬੈਂਸ ਨੇ ਉਦਘਾਟਨ ਕੀਤਾ ਅਤੇ ਲਾਭਪਾਤਰੀ ਖਾਤਾ ਧਾਰਕਾਂ ਨੂੰ ਉਨ੍ਹਾਂ ਦੇ ਖਾਤੇ ਦੀਆਂ ਕਾਪੀਆਂ ਦੇ ਕੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਮਕਸਦ  ਵਧ ਤੋਂ ਵੱਧ ਲੋਕਾਂ ਨੂੰ ਬੈਂਕਾਂ ਨਾਲ ਜੋੜਨਾ ਅਤੇ ਉਨਾਂ ਨੂੰ ਭਰਪੂਰ ਬੈਂਕਿੰਗ ਸੁਵਿਧਾਵਾਂ ਮੁਹੱਈਆ ਕਰਾਉਣਾ ਹੈ ਅਤੇ ਇਸ ਯੋਜਨਾ ਤਹਿਤ ਬੈਂਕਾਂ ਵਿਚ ਖਾਤਾ ਖੁਲਵਾਉਣਾ ਬਹੁਤ ਆਸਾਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਖਾਤਾ ਖੋਲ੍ਹਣ ਸਮੇਂ ਜੇਕਰ ਸਬੰਧਤ ਵਿਅਕਤੀ ਪਾਸ ਅਧਾਰ ਕਾਰਡ ਹੈ ਤਾਂ ਕਿਸੇ ਹੋਰ ਦਸਤਾਵੇਜ਼ ਦੀ ਲੋੜ ਨਹੀਂ , ਅਤੇ ਜੇਕਰ ਸਬੰਧਤ ਵਿਅਕਤੀ ਦਾ ਪਤਾ ਬਦਲ ਗਿਆ ਹੈ ਤਾਂ ਉਹ ਆਪਣੇ ਮੌਜੂਦਾ ਪਤੇ ਨੂੰ ਖੁੱਦ ਪ੍ਰਮਾਣਤ ਕਰ ਸਕਦਾ ਹੈ। ਜੇਕਰ ਕਿਸੇ ਵਿਅਕਤੀ ਪਾਸ ਅਧਾਰ ਕਾਰਡ ਨਹੀਂ ਹੈ ਤਾਂ ਉਹ ਮਤਦਾਤਾ ਪਛਾਣ ਪੱਤਰ/ਰਾਕਾਰਡ/ਡਰਾਈਵਿੰਗ ਲਾਇਸੰਸ/ਅਧਿਕ੍ਰਿਤ ਜਨਪ੍ਰਾਅਧਿਕਾਰੀ ਜਾਂ ਲੋਕ ਸੇਵਕ ਅਤੇ ਜਾਂ ਸਰਪੰਚ ਰਾਹੀਂ ਜਾਰੀ ਪੱਤਰ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਨਵੇਂ ਬੈਂਕ ਖਾਤੇ ਖੋਲ੍ਹਣ ਸਮੇਂ ਪ੍ਰੀਵਾਰ ਦੀ ਮਹਿਲਾ ਮੁੱਖੀ ਦੇ ਨਾਮ ਤੇ ਬੈਂਕ ਖਾਤਾ ਖੋਲਣ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਕੀਮ ਤਹਿਤ ਸਾਰੇ ਖਾਤਾ ਧਾਰਕਾਂ ਨੂੰ ਰੁਪਇਆ ਡੈਬਟ ਕਾਰਡ ਅਤੇ ਮਹਿਲਾ ਖਾਤਾ ਧਾਰਕਾਂ ਦੇ ਖਾਤੇ ਤੇ 1 ਲੱਖ ਰੁਪਏ ਦੇ ਬੀਮੇ ਦੀ ਸਹੁਲਤ ਵੀ ਮਿਲੇਗੀ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਪਰਿਵਾਰ ਦਾ ਬੈਂਕ ਵਿੱਚ ਖਾਤਾ ਨਹੀਂ ਹੈ ਉਹ ਆਪਣਾ ਖਾਤਾ ਜਰੂਰ ਖੁਲਵਾਏ।ਇਸ ਸਕੀਮ ਤਹਿਤ ਖਾਤਾ ਖੁਲਵਾਉਣ ਵਾਲੇ ਵਿਅਕਤੀਆਂ ਨੂੰ ਪੈਸਿਆਂ ਦੀ ਸੁਰੱਖਿਆ ਦੇ ਨਾਲ ਵਿਆਜ, ਡੈਬਿਟ ਕਾਰਡ ਦੇ ਜਰਿਏ ਕਿਸੇ ਵੀ ਏ.ਟੀ.ਐਮ. ਤੋਂ ਪੈਸੇ ਕਢਾਉਣ ਦੀ ਸਹੂਲਤ, ਇੱਕ ਲੱਖ ਰੁਪਿਆ ਦੁਰਘਟਨਾ ਬੀਮਾ ਅਤੇ 0 ਬਕਾਏ ਦੀ ਸੁਵਿਧਾ ਪ੍ਰਾਪਤ ਹੋਵੇਗੀ। ਇਸ ਤੋਂ ਇਲਾਵਾ ਇਸ ਤਹਿਤ ਹੋਰ ਵੀ ਸੁਵਿਧਾਵਾਂ ਦਿਤੀਆਂ ਜਾਣਗੀਆਂ ਜਿਸ ਵਿਚ ਭਾਰਤ ਵਿਚ ਕਿਤੇ ਵੀ ਅਸਾਨੀ ਨਾਲ ਪੈਸੇ ਭੇਜਣੇ , ਲਾਭਪਾਤਰੀ ਹੋਣ ਦੀ ਸੂਰਤ ਵਿਚ ਸਰਕਾਰੀ ਯੋਜਨਾਵਾ ਦੀ ਰਾਸ਼ੀ ਖਾਤੇ ਵਿਚ ਸਿੱਧੀ ਟਰਾਂਸਫਰ ਕਰਨੀ ਅਤੇ ਛੇ ਮਹੀਨੇ ਦੇ ਖਾਤੇ ਦੇ ਸੰਤੋਸ਼ਜਨਕ ਚਲਦੇ ਰਹਿਣ ਦੀ ਸੂਰਤ ਵਿਚ ਓਵਰ ਡਰਾਫਟ ਦੀ ਸੁਵਿਧਾ ਵੀ ਦਿਤੀ ਜਾਵੇਗੀ। ਅਮਰਜੀਤ ਬੈਂਸ ਨੇ ਸਮਾਗਮ ਦੌਰਾਨ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਬੈਂਕਾਂ ਦੀਆਂ 158 ਬਰਾਂਚਾਂ ਕੰਮ ਕਰ ਰਹੀਆਂ ਹਨ। ਜਿੰਨਾਂ ਦੇ 107 ਏ.ਟੀ.ਐਮ. ਚਲ ਰਹੇ ਹਨ। 16 ਅਗਸਤ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਵਲੋਂ 175 ਪਿੰਡਾਂ ਵਿਚ 142 ਕੈਂਪ ਲਗਾਏ ਜਾ ਚੁਕੇ ਹਨ ਅਤੇ ਇਸ ਦੌਰਾਨ 8 ਹਜਾਰ ਖਾਤੇ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 591 ਪਿੰਡਾਂ ਵਿੱਚ 97827 ਪਰਿਵਾਰ ਹਨ ਜਿੰਨਾਂ ਵਿਚੋਂ 96022 ਪਰਿਵਾਰ  ਦੇ ਖਾਤੇ ਪਹਿਲਾਂ ਹੀ ਖੁਲ੍ਹ ਚੁਕੇ ਹਨ ਅਤੇ ਸ਼ਹਿਰੀ ਖੇਤਰਾਂ ਦੇ 80 ਵਾਰਡਾਂ ਵਿਚ 37808 ਪਰਿਵਾਰ ਹਨ ਉਨਾਂ ਵਿਚੋਂ 36832 ਪਰਿਵਾਰ ਇਸ ਯੋਜਨਾ ਤਹਿਤ ਕਵਰ ਕੀਤੇ ਜਾ ਚੁਕੇ ਹਨ। ਹੁਣ ਕੇਵਲ 1805 ਪੇਂਡੂ ਅਤੇ 976 ਸ਼ਹਿਰੀ ਪਰਿਵਾਰ ਇਸ ਯੋਜਨਾ ਤਹਿਤ ਕਵਰ ਹੋਣੇ ਰਹਿ ਗਏ ਹਨ।

ਕੁਲਦੀਪ ਚੰਦ
9417563054