ਦੇਸ਼ ਵਿੱਚ ਕਨੂੰਨਨ ਮਨਾਹੀ ਹੋਣ ਦੇ ਬਾਬਜੂਦ ਵੀ ਕਾਇਮ ਹੈ ਬਾਲ ਵਿਆਹ ਪ੍ਰਥਾ।
05 ਅਗਸਤ, 2014 (ਕੁਲਦੀਪ ਚੰਦ) ਬਾਲ ਵਿਆਹ ਪ੍ਰਥਾ ਬਾਲ ਵਿਆਹ ਇੱਕ ਸਮਾਜਿਕ ਬੁਰਾਈ ਹੈ ਪਰ ਦੇਸ਼ ਵਿੱਚ ਅਜੇ ਵੀ ਬਾਲ ਵਿਆਹ ਨੂੰ ਰੋਕਿਆ ਨਹੀਂ ਜਾ ਸਕਿਆ ਹੈ। ਬੇਸ਼ੱਕ ਬਾਲ ਵਿਆਹ ਦੇ ਖਿਲਾਫ ਸਖਤ ਕਾਨੂੰਨ ਵੀ ਬਣਾਇਆ ਗਿਆ ਹੈ ਪਰ ਫਿਰ ਵੀ ਦੇਸ਼ ਵਿੱਚ ਬਾਲ ਵਿਆਹ ਹੋਣ ਦੀਆਂ ਖ਼ਬਰਾਂ ਆਮ ਮਿਲਦੀਆਂ ਰਹਿੰਦੀਆਂ ਹਨ। ਯੂਨੀਸੈਫ ਦੀ ਰਿਪੋਰਟ ਅਨੁਸਾਰ ਪੂਰੇ ਵਿਸ਼ਵ ਵਿੱਚ ਹੋਣ ਵਾਲੇ ਬਾਲ ਵਿਆਹਾਂ ਵਿਚੋਂ 40 ਫਿਸਦੀ ਸਿਰਫ ਭਾਰਤ ਵਿੱਚ ਹੀ ਹੁੰਦੇ ਹਨ। ਇਸ ਰਿਪੋਰਟ ਅਨੁਸਾਰ ਸਾਡੇ ਦੇਸ਼ ਵਿੱਚ 47 ਫਿਸਦੀ ਮਹਿਲਾਵਾਂ ਦਾ ਵਿਆਹ ਸਰਕਾਰ ਵਲੋਂ ਨਿਸ਼ਚਿਤ ਕੀਤੀ ਗਈ ਵਿਆਹ ਦੀ ਉਮਰ 18 ਸਾਲ ਤੋਂ ਪਹਿਲਾਂ ਹੀ ਹੋ ਜਾਂਦਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ ਵਿੱਚ 22 ਫਿਸਦੀ ਲੜਕੀਆਂ ਦਾ ਵਿਆਹ 16 ਤੋਂ 18 ਸਾਲ ਦੀ ਉਮਰ ਵਿੱਚ ਹੋ ਜਾਂਦਾ ਹੈ, 22 ਫਿਸਦੀ ਦਾ ਵਿਆਹ 13 ਤੋਂ 16 ਸਾਲ ਦੀ ਉਮਰ ਵਿੱਚ ਹੋ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ 2.6 ਫਿਸਦੀ ਲੜਕੀਆਂ ਦਾ ਵਿਆਹ 13 ਸਾਲ ਤੋਂ ਵੀ ਘਟ ਉਮਰ ਵਿੱਚ ਹੋਇਆ ਹੈ। ਬਾਲ ਵਿਆਹ ਵੱਡੀ ਮਾਤਰਾ ਵਿੱਚ ਹੋਣ ਕਾਰਨ ਛੋਟੀ ਉਮਰ ਵਿੱਚ ਗਰਭ ਠਹਿਰਨ ਕਾਰਨ ਕਈ ਮਹਿਲਾਵਾਂ ਨੂੰ ਜਾਨ ਤੋਂ ਵੀ ਹੱਥ ਧੋਣਾ ਪੈ ਰਿਹਾ ਹੈ। ਦੇਸ਼ ਦੇ ਸਾਰੇ ਸੂਬਿਆ ਸਮੇਤ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਵੀ ਬਾਲ ਵਿਆਹ ਹੋ ਰਹੇ ਹਨ ਅਤੇ ਲੜਕੀਆਂ 15 ਸਾਲ ਦੀ ਉਮਰ ਤੋਂ ਵੀ ਪਹਿਲਾਂ ਮਾਂ ਬਣ ਰਹੀਆਂ ਹਨ। ਜਦਕਿ ਕਾਨੂੰਨ ਅਨੁਸਾਰ ਲੜਕੀ ਦੀ ਵਿਆਹ ਸਮੇਂ 18 ਸਾਲ ਤੋਂ ਘੱਟ ਉਮਰ ਨਹੀਂ ਹੋਣੀ ਚਾਹੀਦੀ ਹੈ। ਸਿਹਤ ਮਾਹਿਰਾਂ ਅਨੁਸਾਰ ਲੜਕੀਆਂ ਦਾ ਸਰੀਰ 18 ਸਾਲ ਦੀ ਉਮਰ ਤੋਂ ਬਾਅਦ ਹੀ ਮਾਂ ਬਣਨ ਲਈ ਪਰਿਪੱਕ ਹੁੰਦਾ ਹੈ। ਜੇਕਰ ਲੜਕੀਆਂ ਬਾਲ ਅਵਸਥਾ ਵਿੱਚ ਹੀ ਮਾਂ ਬਣਦੀਆਂ ਹਨ ਤਾਂ ਹਮੇਸ਼ਾਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਰਹਿੰਦਾ ਹੈ। ਐਨ ਐਫ ਐਚ ਐਸ (ਨੈਸ਼ਨਲ ਫੈਮਿਲੀ ਹੈਲਥ ਸਰਵੇ) 2005-06 ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਇੰਸ (2006), ਮੁੰਬਈ ਦੀ ਰਿਪੋਰਟ ਅਨੁਸਾਰ ਦੇਸ਼ ਦੇ ਹਰ ਸੂਬੇ ਵਿੱਚ ਬਾਲ ਵਿਆਹ ਹੋ ਰਹੇ ਹਨ ਅਤੇ ਕੁੜੀਆਂ ਘੱਟ ਉਮਰ ਵਿੱਚ ਮਾਂ ਬਣ ਰਹੀਆਂ ਹਨ। ਦੇਸ਼ ਦੇ ਵੱਖ-ਵੱਖ ਸੂਬਿਆ ਦੀ ਰਿਪੋਰਟ ਅਨੁਸਾਰ ਆਂਧਰਾ ਪ੍ਰਦੇਸ਼ ਵਿੱਚ 12848 ਲੜਕੀਆਂ 15 ਸਾਲ ਦੀ ਉਮਰ ਤੋਂ ਘੱਟ ਦੀਆਂ ਮਾਂ ਬਣੀਆਂ ਹਨ। ਅਰੁਣਾਚਲ ਪ੍ਰਦੇਸ਼ ਵਿੱਚ 267, ਆਸਾਮ ਵਿੱਚ 7045, ਬਿਹਾਰ ਵਿੱਚ 31665, ਛਤੀਸਗੜ੍ਹ ਵਿੱਚ 4060, ਦਿੱਲੀ ਵਿੱਚ 2348, ਗੋਆ ਵਿੱਚ 127, ਗੁਜ਼ਰਾਤ ਵਿੱਚ 12300, ਹਰਿਆਣਾ ਵਿੱਚ 7605, ਹਿਮਾਚਲ ਪ੍ਰਦੇਸ਼ ਵਿੱਚ 1280, ਜੰਮੂ-ਕਸ਼ਮੀਰ ਵਿੱਚ 5159, ਝਾਰਖੰਡ ਵਿੱਚ 5713, ਕਰਨਾਟਕਾ ਵਿੱਚ 11822, ਕੇਰਲਾ ਵਿੱਚ 3504, ਮੱਧ ਪ੍ਰਦੇਸ਼ ਵਿੱਚ 16211, ਮਹਾਰਾਸ਼ਟਰ ਵਿੱਚ 15672, ਮਨੀਪੁਰ ਵਿੱਚ 349, ਮੇਘਾਲਿਆ ਵਿੱਚ 458, ਮਿਜ਼ੋਰਮ ਵਿੱਚ 115, ਨਾਗਾਲੈਂਡ ਵਿੱਚ 464, ਉੜੀਸਾ ਵਿੱਚ 8565, ਪੰਜਾਬ ਵਿੱਚ 8387, ਰਾਜਸਥਾਨ ਵਿੱਚ 21156, ਸਿੱਕਮ ਵਿੱਚ 129, ਤਾਮਿਲਨਾਡੂ ਵਿੱਚ 15896, ਤ੍ਰਿਪੁਰਾ ਵਿੱਚ 728, ਉੱਤਰ ਪ੍ਰਦੇਸ਼ ਵਿੱਚ 73408, ਉਤਰਾਖੰਡ ਵਿੱਚ 1987, ਪੱਛਮੀ ਬੰਗਾਲ ਵਿੱਚ 27082, ਅੰਡੇਮਾਨ ਅਤੇ ਨਿਕੋਬਾਰ ਵਿੱਚ 74, ਦਾਦਰ ਅਤੇ ਨਾਗਰ ਹਵੇਲੀ ਵਿੱਚ 19, ਦਮਨ ਅਤੇ ਦਿਉ ਵਿੱਚ 18, ਲਕਸ਼ਦੀਪ ਵਿੱਚ 04, ਪੁਡੂਚੇਰੀ ਵਿੱਚ 112 ਅਤੇ ਚੰਡੀਗੜ ਵਿੱਚ 213 ਕੁੜੀਆਂ 15 ਸਾਲ ਤੋਂ ਘੱਟ ਦੀ ਉਮਰ ਵਿੱਚ ਮਾਂ ਬਣੀਆਂ ਹਨ। ਸਾਰੇ ਦੇਸ਼ ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ 296790 ਲੜਕੀਆਂ 15 ਸਾਲ ਤੋਂ ਘੱਟ ਉਮਰ ਵਿੱਚ ਮਾਂ ਬਣੀਆਂ ਸਨ ਜੋ ਕਿ ਇੱਕ ਗੰਭੀਰ ਚਿੰਤਾਂ ਦਾ ਵਿਸ਼ਾ ਹੈ। ਇਸ ਰਿਪੋਰਟ ਅਨੁਸਾਰ ਦੇਸ਼ ਦੇ ਵਿਕਸਿਤ ਸੂਬੇ ਵਿੱਚ ਵੀ ਇਹ ਬੁਰਾਈ ਪੂਰੀ ਤਰਾਂ ਕਾਇਮ ਹੈ। ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਅਕਸਰ ਇਸ ਬੁਰਾਈ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਨ ਅਤੇ ਇਸ ਤਰਾਂ ਦੇ ਬਾਲ ਵਿਆਹ ਕਰਨ ਅਤੇ ਕਰਵਾਉਣ ਵਾਲੇ ਲੋਕਾਂ ਖਿਲਾਫ ਕਨੂੰਨੀ ਕਾਰਵਾਈ ਕਰਨ ਤੋਂ ਕੰਨੀ ਕਤਰਾਂਦੇ ਹਨ। ਸਰਕਾਰ ਨੂੰ ਇਸ ਸਮਸਿਆ ਨਾਲ ਨਜਿਠਣ ਲਈ ਸਮੂਹ ਸਮਾਜਿਕ, ਧਾਰਮਿਕ,ਰਾਜਨੀਤਿਕ ਸੰਸਥਾਵਾਂ ਨਾਲ ਮਿਲਕੇ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਤਰਾਂ ਦੇ ਵਿਆਹਾਂ ਲਈ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਦੋਸ਼ੀ ਵਿਅਕਤੀਆਂ ਖਿਲਾਫ ਸੱਖਤ ਕਾਰਵਾਈ ਕਰਨੀ ਚਾਹੀਦੀ ਹੈ।