ਗੁਰੂ ਰਵਿਦਾਸ ਮਿਸ਼ਨ ਟਰਸਟ ਨੇ 7ਵੀਂ ਪੁਸਤਕ ਪ੍ਰਤੀਯੋਗਤਾ ਸਬੰਧੀ ਨੰਗਲ ਵਿੱਚ ਮੀਟਿੰਗ ਕੀਤੀ।

20 ਜੁਲਾਈ, 2014 (ਕੁਲਦੀਪ ਚੰਦ ) ਗੁਰੂ ਰਵਿਦਾਸ ਮਿਸ਼ਨ ਟਰਸਟ ਪੰਜਾਬ ਵਲੋਂ 07 ਸਤੰਬਰ ਨੂੰ ਪੰਜਾਬ ਵਿੱਚ ਕਰਵਾਈ ਜਾ ਰਹੀ 7ਵੀਂ ਪੁਸਤਕ ਪ੍ਰਤੀਯੋਗਤਾ ਜੋਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਬਾਰੇ ਹੈ ਸਬੰਧੀ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਦੇ ਸਹਿਯੋਗ ਨਾਲ ਅੱਜ ਨੰਗਲ ਵਿੱਚ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਗੁਰੂ ਰਵਿਦਾਸ ਮਿਸ਼ਨ ਟਰਸਟ ਦੇ ਆਗੂ ਡਾਕਟਰ ਰਾਹੁਲ ਜੱਸੀ, ਵਕੀਲ ਸੰਜੀਵ ਭੌਰਾ, ਰਾਜਨ ਆਦਿ ਵਿਸ਼ੇਸ਼ ਰੂਪ ਵਿੱਚ ਪਹੁੰਚੇ। ਇਸ ਮੌਕੇ ਡਾਕਟਰ ਰਾਹੁਲ ਜੱਸੀ ਨੇ ਗੁਰੂ ਰਵਿਦਾਸ ਮਿਸ਼ਨ ਟਰਸਟ ਬਾਰੇ ਦੱਸਿਆ ਕਿ ਇਸ ਟਰਸਟ ਦੁਆਰ ਫਗਵਾੜਾ ਵਿੱਚ ਇੱਕ ਹਸਪਤਾਲ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਹਰ ਤਰਾਂ ਦੀਆਂ ਬਿਮਾਰੀਆਂ ਦਾ ਇਲਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 7 ਸਾਲਾਂ ਤੋਂ ਇਸ ਟਰਸਟ ਵਲੋਂ ਹਰ ਸਾਲ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਆਗੂਆਂ ਸਬੰਧੀ ਪੁਸਤਕ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ ਜਿਸ ਵਿੱਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਦਿਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਪੁਸਤਕ ਪ੍ਰਤੀਯੋਗਤਾ ਦਾ ਵਿਸ਼ਾ ਮਹਾਨ ਭਾਰਤੀ ਡਾਕਟਰ ਅੰਬੇਡਕਰ ਹੈ ਅਤੇ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਦੋ ਗਰੁੱਪ ਬਣਾਏ ਗਏ ਹਨ। ਇੱਕ ਗਰੁੱਪ ਵਿੱਚ 6ਵੀਂ ਤੋਂ 12ਵੀਂ ਤੱਕ ਦੇ ਬੱਚੇ ਭਾਗ ਲੈਣਗੇ ਅਤੇ ਦੂਜੇ ਗਰੁੱਪ ਵਿੱਚ 12ਵੀਂ ਤੋਂ ਬਾਦ ਅਤੇ ਐਮ ਏ ਤੱਕ ਦੀਆਂ ਕਲਾਸਾਂ ਦੇ ਬੱਚੇ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ 07 ਸਤੰਬਰ ਨੂੰ ਕਰਵਾਈ ਜਾ ਰਹੀ ਇਸ ਪ੍ਰਤੀਯੋਗਤਾ ਵਿੱਚ ਕੁੱਲ 100 ਪ੍ਰਸ਼ਨ ਹੋਣਗੇ ਅਤੇ ਇਸਦਾ ਨਤੀਜਾ 19 ਅਕਤੂਬਰ, 2014 ਨੂੰ ਨਿਕਲੇਗਾ। ਇਸ ਪ੍ਰਤੀਯੋਗਤਾ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਵਿੱਚੋਂ ਪਹਿਲੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 10-10 ਹਜ਼ਾਰ ਦੇ ਇਨਾਮ, ਦੂਜੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 5-5 ਹਜ਼ਾਰ ਦੇ ਇਨਾਮ ਅਤੇ ਤੀਜੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 3-3 ਹਜ਼ਾਰ ਦੇ ਇਨਾਮ ਅਤੇ ਮੈਰਿਟ ਵਿੱਚ ਆਣ ਵਾਲੇ 64 ਵਿਦਿਆਰਥੀਆਂ ਨੂੰ 1-1 ਹਜਾਰ ਦੇ ਇਨਾਮ ਦਿਤੇ ਜਾਣਗੇ। ਇਸ ਮੌਕੇ ਵਕੀਲ ਸੰਜੀਵ ਭੌਰਾ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਮੁੱਖ ਮੰਤਬ ਬੱਚਿਆਂ ਨੂੰ ਭਾਰਤ ਅਤੇ ਭਾਰਤੀ ਸੰਵਿਧਾਨ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਦੇ ਚੇਅਰਮੈਨ ਦੋਲਤ ਰਾਮ, ਪ੍ਰਧਾਨ ਸਰਦਾਰੀ ਲਾਲ, ਬਕਾਨੂੰ ਰਾਮ, ਅਸ਼ੋਕ ਕੁਮਾਰ, ਕੁਲਦੀਪ ਚੰਦ, ਦਰਸ਼ਨ ਸਿੰਘ ਲੁੱਡਣ, ਅਮ੍ਰਿਤਪਾਲ ਸਿੰਘ, ਕੇਵਲ ਸਿੰਘ, ਸਰਦਾਰੀ ਲਾਲ ਜੇ ਈ,  ਸੁਰਿੰਦਰ ਕੁਮਾਰ, ਸੁਲਿੰਦਰ ਸਿੰਘ ਸੰਤੋਖਗੜ੍ਹ, ਤਰਸੇਮ ਸਹੋਤਾ ਨਵਾਂ ਨੰਗਲ ਆਦਿ ਹਾਜ਼ਰ ਸਨ।                                                                .
 

ਕੁਲਦੀਪ  ਚੰਦ, ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ,ਜਿਲ੍ਹਾ ਰੂਪਨਗਰ ਪੰਜਾਬ
9417563054