ਦਲਿਤ ਆਗੂ ਹਰਭਜਨ ਲਾਖਾ ਉਰਫ ਹਰਭਜਨ ਸਿੰਘ ਖਾਲਸਾ  ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ।
ਜ਼ਮੀਨ ਨਾਲ ਜੁੜ੍ਹੇ ਆਗੂ ਸੀ ਹਰਭਜਨ ਲਾਖਾ।
 

11 ਜੂਨ, 2014 (ਕੁਲਦੀਪ ਚੰਦ) ਦਲਿਤ ਆਗੂ ਹਰਭਜਨ ਲਾਖਾ ਉਰਫ ਹਰਭਜਨ ਸਿੰਘ ਖਾਲਸਾ  ਦੀ ਅੱਜ ਤੜਕਸਾਰ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ। 25 ਅਗਸਤ 1941 ਨੂੰ ਪੰਜਾਬ ਦੇ ਨਵਾਂ ਸ਼ਹਿਰ ਜ਼ਿਹੇ ਦੇ ਪਿੰਡ ਕਰਨਾਣਾ ਵਿੱਚ ਇੱਕ ਗਰੀਬ ਪਰਿਵਾਰ ਜੋਕਿ ਇੱਟਾਂ ਦੇ ਭੱਠਿਆਂ ਤੇ ਕੰਮ ਕਰਦਾ ਸੀ ਵਿੱਚ ਜਨਮੇ ਹਰਭਜਨ ਲਾਖਾ ਨੇ ਸੱਖਤ ਮਿਹਨਤ ਮਜਦੂਰੀ ਕਰਕੇ ਅਪਣੀ ਪੜਾਈ ਕੀਤੀ ਅਤੇ ਇਲੈਕਟਰੀਕਲ ਇੰਜਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ। ਉਸਤੋਂ ਬਾਦ ਹਰਭਜਨ ਲਾਖਾ ਨੇ ਏਅਰ ਫੋਰਸ ਜੁਆਇੰਨ ਕਰ ਲਈ ਅਤੇ 15 ਸਾਲ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਨੌਕਰੀ ਕੀਤੀ। ਉਸਤੋਂ ਬਾਦ 1976 ਵਿੱਚ ਏਅਰ ਫੌਰਸ ਤੋਂ ਅਸਤੀਫਾ ਦੇਕੇ ਸਫਦਰਜੰਗ ਏਅਰਪੋਰਟ ਤੇ ਇਲੈਕਟਰੀਕਲ ਇੰਜਨੀਅਰ ਦੀ ਨੌਕਰੀ ਜੁਆਇਨ ਕਰ ਲਈ। ਇਸ ਦੌਰਾਨ ਹੀ ਸਵਰਗੀ ਹਰਭਜਨ ਲਾਖਾ ਦਾ ਮੇਲ ਬੀ ਐਸ ਪੀ ਦੇ ਫਾਂਉਡਰ ਆਗੂ ਸਵਰਗੀ ਬਾਬੂ ਕਾਂਸ਼ੀ ਰਾਮ ਨਾਲ ਹੋ ਗਿਆ ਅਤੇ ਅਪ੍ਰੈਲ 1978 ਵਿੱਚ ਅਪਣੀ ਨੌਕਰੀ ਤੋਂ ਅਸਤੀਫਾ ਦੇਕੇ ਸਵਰਗੀ ਹਰਭਜਨ ਲਾਖਾ ਬਾਬੂ ਕਾਂਸ਼ੀ ਰਾਮ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਸ਼ਾਮਿਲ ਹੋ ਗਏ। ਬੀ ਐਸ ਪੀ ਵਿੱਚ ਸਵਰਗੀ ਹਰਭਜਨ ਲਾਖਾ ਨੂੰ ਪੰਜਾਬ ਦਾ ਜਨਰਲ ਸਕੱਤਰ ਬਣਾਇਆ ਗਿਆ ਅਤੇ ਸਵਰਗੀ ਲਾਖਾ ਦੀ ਅਗਵਾਈ ਵਿੱਚ ਪਾਰਟੀ ਦਾ ਗਠਨ ਕੀਤਾ ਗਿਆ। ਸਵਰਗੀ ਹਰਭਜਨ ਲਾਖਾ 9ਵੀਂ ਲੋਕ ਸਭਾ ਦੀਆਂ 1989 ਵਿੱਚ ਹੋਈਆਂ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਮੈਂਬਰ ਬਣੇ ਅਤੇ 1996 ਵਿੱਚ 11ਵੀਂ ਲੋਕ ਸਭਾ ਲਈ ਮੁੜ ਲੋਕ ਸਭਾ ਮੈਂਬਰ ਚੁਣੇ ਗਏ। ਪਿਛਲੇ ਕੁੱਝ ਸਾਲਾਂ ਤੋਂ ਸਵਰਗੀ ਹਰਭਜਨ ਲਾਖਾ ਨੇ ਸਰਗਰਮ ਰਾਜਨੀਤੀ ਤੋਂ ਦੂਰੀ ਹੀ ਬਣਾਈ ਹੋਈ ਸੀ।  ਪਿਛਲੇ ਦਿਨੀਂ ਹਰਭਜਨ ਲਾਖਾ ਅਮ੍ਰਿਤ ਛਕ ਕੇ ਸਿੰਘ ਸਜ ਗਏ ਸਨ।  ਅੱਜ 11 ਜੂਨ 2014 ਨੂੰ ਸਵੇਰੇ ਲੱਗਭੱਗ 05 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਸਦੀਵੀ ਵਿਛੋੜਾ ਦੇ ਗਏ। ਦਲਿਤ ਆਗੂ ਹਰਭਜਨ ਲਾਖਾ ਦਾ ਨਾਮ ਸਾਫ ਅਕਸ਼ ਵਾਲੇ ਇਮਾਨਦਾਰ ਨੇਤਾ ਵਜੋਂ ਹਮੇਸ਼ਾ ਲੋਕਾਂ ਨੂੰ ਯਾਦ ਰਹੇਗਾ।   

ਕੁਲਦੀਪ ਚੰਦ
9417563054