ਆਖਿਰ ਮੁੱਕਣ ਜਾ ਰਿਹਾ ਹੈ 16ਵੀਂ ਲੋਕ ਸਭਾ ਲਈ ਚੋਣਾਂ ਦਾ ਸਫਰ।

ਦੇਸ਼ ਨੂੰ ਕਦੋਂ ਨਸੀਬ ਹੋਣਗੇ ਸਾਫ ਅਕਸ਼ ਵਾਲੇ ਰਾਜਨੇਤਾ।

13 ਮਈ, 2014 (ਕੁਲਦੀਪ ਚੰਦ) ਸਾਡਾ ਦੇਸ਼ ਇੱਕ ਵੱਡਾ ਲੋਕਤੰਤਰ ਹੈ। ਦੇਸ਼ ਦੇ ਸੰਵਿਧਾਨ ਅਨੁਸਾਰ ਅਕਸਰ ਪੰਜ ਸਾਲ ਬਾਦ ਚੋਣਾਂ ਹੁੰਦੀਆਂ ਹਨ ਅਤੇ ਲੋਕ ਨਵੀਂ ਸਰਕਾਰ ਦੀ ਚੋਣ ਕਰਦੇ ਹਨ। 16ਵੀਂ ਲੋਕ ਸਭਾ ਲਈ ਚੋਣਾਂ ਦਾ 5 ਮਾਰਚ, 2014 ਤੋਂ ਸ਼ੁਰੂ ਹੋਇਆ ਸਫਰ 16 ਮਈ ਨੂੰ ਚੋਣ ਨਤੀਜਿਆਂ ਦੇ ਘੋਸ਼ਿਤ ਹੋਣ ਨਾਲ ਖਤਮ ਹੋਣ ਜਾ ਰਿਹਾ ਹੈ। 16ਵੀਂ ਲੋਕ ਸਭਾ ਅਧੀਨ 543 ਲੋਕ ਸਭਾ ਸੀਟਾਂ ਲਈ 7 ਅਪ੍ਰੈਲ ਤੋਂ ਲੈ ਕੇ 12 ਮਈ ਤੱਕ 9 ਗੇੜਾਂ ਵਿੱਚ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਵੋਟਾਂ ਪਈਆਂ ਹਨ। ਜਿਵੇਂ-ਜਿਵੇਂ ਚੋਣ ਨਤੀਜਿਆਂ ਦਾ ਦਿਨ ਨੇੜੇ ਆ ਰਿਹਾ ਹੈ ਉਵੇਂ-ਉਵੇਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਅਤੇ ਰਾਜਨੀਤਕ ਦਲਾਂ ਦੀ ਦਿਲ ਦੀ ਧੜਕਨ ਤੇਜ਼ ਹੁੰਦੀ ਜਾ ਰਹੀ ਹੈ। ਭਾਰਤੀ ਚੋਣ ਆਯੋਗ ਅਨੁਸਾਰ ਇਸ ਵਾਰ ਵੋਟਰਾਂ ਦੀ ਗਿਣਤੀ 814.5 ਮਿਲੀਅਨ ਸੀ ਜੋ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਵੋਟਰਾਂ ਤੋਂ ਵੱਧ ਹੈ। ਇਹਨਾਂ ਵਿੱਚ 100 ਮਿਲੀਅਨ ਨਵੇਂ ਵੋਟਰ ਵੀ ਸ਼ਾਮਿਲ ਹਨ। ਇਹ ਚੋਣਾਂ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਖਰਚੀਲੀਆਂ ਅਤੇ ਲੰਬੀਆਂ ਸਨ। ਇਹਨਾਂ ਚੋਣਾਂ ਤੇ ਸਰਕਾਰੀ ਤੋਰ ਤੇ ਲੱਗਭੱਗ ਲੱਗਭੱਗ 35 ਬਿਲੀਅਨ ਦਾ ਖਰਚ ਆਇਆ ਹੈ। ਇਸਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਦਲਾਂ ਨੇ 30500 ਕਰੋੜ ਦੇ ਲਗਭੱਗ ਚੋਣਾਂ ਤੇ ਖਰਚ ਕੀਤਾ ਹੈ। ਇਹ ਖਰਚ ਪਿਛਲੀਆਂ ਲੋਕਸਭਾ ਚੋਣਾਂ ਤੋਂ ਲੱਗਭੱਗ 3 ਗੁਣਾਂ ਵੱਧ ਹੈ। ਇਹ ਖਰਚ ਦੁਨੀਆਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦੀਆਂ 2012 ਵਿੱਚ ਹੋਈਆਂ ਚੋਣਾਂ ਤੋਂ ਬਾਅਦ ਦੂਜੇ ਨੰਬਰ ਤੇ ਸਭਤੋਂ ਵੱਧ ਹੈ। ਇਹ ਚੋਣਾਂ 543 ਸੀਟਾਂ ਲਈ ਲੜੀਆਂ ਗਈਆਂ ਜਿਹਨਾਂ ਵਿੱਚ ਸਭ ਤੋਂ ਵੱਧ ਉਤਰ ਪ੍ਰਦੇਸ਼ ਦੀਆਂ 80 ਸੀਟਾਂ, ਮਹਾਰਾਸ਼ਟਰ ਦੀਆਂ 48, ਆਂਧਰਾ ਪ੍ਰਦੇਸ਼ ਦੀਆਂ 42, ਬਿਹਾਰ ਦੀਆਂ 40, ਤਾਮਿਲਨਾਡੂ ਦੀਆਂ 39 ਸੀਟਾਂ ਅਤੇ ਸਭਤੋਂ ਘੱਟ 01-01 ਸੀਟ ਵਾਲੇ ਸਿਕਿਮ, ਨਾਗਾਲੈਂਡ, ਮਿਜ਼ੋਰਮ  ਆਦਿ ਸੂਬੇ ਸ਼ਾਮਲ ਹਨ। ਐਨ ਡੀ ਏ (ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ) ਨੇ ਕੁੱਲ 542 ਸੀਟਾਂ ਤੇ ਚੋਣਾਂ ਲੜੀਆਂ ਜਿਸ ਵਿੱਚ ਮੁੱਖ ਤੋਰ ਤੇ ਭਾਰਤੀ ਜਨਤਾ ਪਾਰਟੀ ਨੇ 427, ਤੇਲਗੂ ਦੇਸ਼ਮ ਪਾਰਟੀ ਨੇ 30, ਸ਼ਿਵ ਸੈਨਾ ਨੇ 20, ਡੀ ਐਮ ਡੀ ਕੇ ਨੇ 14, ਸ਼੍ਰੋਮਣੀ ਅਕਾਲੀ ਦਲ ਨੇ 10 ਅਤੇ ਪੀ ਐਮ ਕੇ ਨੇ 8 ਸੀਟਾਂ ਤੇ ਚੋਣਾਂ ਲੜੀਆਂ ਹਨ। ਯੂ ਪੀ ਏ (ਯੁਨਾਈਟਿਡ ਪ੍ਰੋਗਰੈਸਿਵ ਅਲਾਇੰਸ) ਨੇ ਕੁੱਲ 538 ਸੀਟਾਂ ਤੇ ਚੋਣਾਂ ਲੜੀਆਂ ਜਿਸ ਵਿੱਚ ਮੁੱਖ ਤੋਰ ਤੇ ਕਾਂਗਰਸ ਨੇ 462, ਰਾਸ਼ਟਰੀ ਜਨਤਾ ਦਲ ਨੇ 28, ਨੈਸ਼ਨਲ ਕਾਂਗਰਸ ਪਾਰਟੀ ਨੇ 23, ਰਾਸ਼ਟਰੀ ਲੋਕ ਦਲ ਨੇ 8 ਸੀਟਾਂ ਤੇ ਚੋਣਾਂ ਲੜੀਆਂ ਹਨ। ਇਸਤੋਂ ਇਲਾਵਾ ਕੁੱਝ ਸਮਾਂ ਪਹਿਲਾਂ ਬਣੀ ਆਮ ਆਦਮੀ ਪਾਰਟੀ, ਤੀਜਾ ਮੋਰਚਾ, ਬਹੁਜਨ ਸਮਾਜ ਪਾਰਟੀ, ਆਦਿ ਨੇ ਵੀ ਵੱਖ ਵੱਖ ਸੂਬਿਆਂ ਵਿੱਚ ਚੋਣ ਲੜੀ ਹੈ। ਇਹਨਾਂ ਚੋਣਾਂ ਵਿੱਚ 9,30,000 ਵੋਟਿੰਗ ਕੇਂਦਰ ਬਣਾਏ ਗਏ ਅਤੇ 14,00,000 ਵੋਟਿੰਗ ਮਸ਼ੀਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਕੇਂਦਰ ਵਿੱਚ ਕਿਸ ਰਾਜਨੀਤਿਕ ਦਲ ਦੀ ਸਰਕਾਰ ਬਣੇਗੀ ਇਹ ਤਾਂ 16 ਮਈ ਨੂੰ ਚੋਣ ਨਤੀਜਿਆਂ ਤੋਂ ਬਾਦ ਹੀ ਪਤਾ ਲੱਗੇਗਾ ਪਰ ਚੋਣਾਂ ਲੜ ਰਹੇ ਉਮੀਦਵਾਰਾਂ ਵਲੋਂ ਚੋਣ ਆਯੋਗ ਨੂੰ ਦਿਤੇ ਗਏ ਐਫੀਡੈਵਿਟਾਂ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਵਿੱਚ ਸਾਫ ਅਕਸ਼ ਵਾਲੇ ਉਮੀਦਵਾਰਾਂ ਦੀ ਘਾਟ ਹੈ ਅਤੇ ਹਰ ਪਾਰਟੀ ਵਲੋਂ ਅਪਰਾਧੀ ਕਿਸਮ ਦੇ ਅਤੇ ਅਮੀਰ ਉਮੀਦਵਾਰਾਂ ਨੂੰ ਟਿਕਟ ਦੇਣ ਵਿੱਚ ਪਹਿਲ ਕੀਤੀ ਜਾਂਦੀ ਹੈ। ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸਿਏਸ਼ਨ ਫਾਰ ਡੈਮੋਕਰੇਟਿਕ ਰਾਇਟਸ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 7 ਅਪ੍ਰੈਲ ਨੂੰ ਪਹਿਲੇ ਦੌਰ ਦੀਆਂ 6 ਲੋਕ ਸਭਾ ਸੀਟਾਂ ਲਈ ਹੋਈ ਚੋਣ ਦੌਰਾਨ 64 ਉਮੀਦਵਾਰਾਂ ਨੇ ਚੋਣਾਂ ਲੜੀਆਂ ਜਿਸ ਵਿੱਚੋਂ 06 ਉਮੀਦਵਾਰ ਅਪਰਾਧੀ ਹਨ, 16 ਉਮੀਦਵਾਰ ਕਰੋੜਪਤੀ ਹਨ ਅਤੇ ਸਾਰੇ ਉਮੀਦਵਾਰਾਂ ਦੀ ਕੁੱਲ ਔਸਤ ਸੰਪਤੀ 5.75 ਕਰੋੜ ਰੁਪਏ ਹੈ। 9 ਅਪ੍ਰੈਲ ਨੂੰ ਦੂਜੇ ਦੌਰ ਦੀਆਂ 7 ਲੋਕ ਸਭਾ ਸੀਟਾਂ ਲਈ ਹੋਈਆਂ ਚੋਣਾਂ ਦੌਰਾਨ 37 ਉਮੀਦਵਾਰਾਂ ਨੇ ਚੋਣਾਂ ਲੜੀਆਂ ਜਿਸ ਵਿੱਚੋਂ 01 ਉਮੀਦਵਾਰ ਅਪਰਾਧੀ ਹੈ, 23 ਉਮੀਦਵਾਰ ਕਰੋੜਪਤੀ ਹਨ ਅਤੇ ਸਾਰੇ ਉਮੀਦਵਾਰਾਂ ਦੀ ਕੁੱਲ ਔਸਤ ਸੰਪਤੀ 9.12 ਕਰੋੜ ਰੁਪਏ ਹੈ। 10 ਅਪ੍ਰੈਲ ਨੂੰ 91 ਲੋਕ ਸਭਾ ਸੀਟਾਂ ਲਈ ਹੋਈਆਂ ਤੀਜੇ ਦੌਰ ਦੀਆਂ  ਚੋਣਾਂ ਦੌਰਾਨ 1419 ਉਮੀਦਵਾਰਾਂ ਨੇ ਚੋਣਾਂ ਲੜੀਆਂ  ਜਿਹਨਾਂ ਵਿੱਚੋਂ 1395 ਉਮੀਦਵਾਰਾਂ ਦਾ ਵੇਰਵਾ ਘੋਖਿਆ ਗਿਆ ਜਿਹਨਾਂ ਵਿੱਚੋਂ 263 ਉਮੀਦਵਾਰ ਅਪਰਾਧੀ ਹਨ, 397 ਉਮੀਦਵਾਰ ਕਰੋੜਪਤੀ ਹਨ ਅਤੇ ਸਾਰੇ ਉਮੀਦਵਾਰਾਂ ਦੀ ਕੁੱਲ ਔਸਤ ਸੰਪਤੀ 3.04 ਕਰੋੜ ਰੁਪਏ ਹੈ। 12 ਅਪ੍ਰੈਲ ਨੂੰ 7 ਲੋਕਸਭਾ ਸੀਟਾਂ ਲਈ ਚੌਥੇ ਦੌਰ ਦੀਆਂ ਚੋਣਾਂ ਦੌਰਾਨ 74 ਉਮੀਦਵਾਰਾਂ ਨੇ ਚੋਣਾਂ ਲੜੀਆਂ ਜਿਸ ਵਿੱਚੋਂ 09 ਉਮੀਦਵਾਰ ਅਪਰਾਧੀ ਹਨ, 20 ਉਮੀਦਵਾਰ ਕਰੋੜਪਤੀ ਹਨ ਅਤੇ ਸਾਰੇ ਉਮੀਦਵਾਰਾਂ ਦੀ ਕੁੱਲ ਔਸਤ ਸੰਪਤੀ 2.12 ਕਰੋੜ ਰੁਪਏ ਹੈ। 17 ਅਪ੍ਰੈਲ ਨੂੰ 121 ਲੋਕਸਭਾ ਸੀਟਾਂ ਲਈ ਹੋਈਆਂ ਪੰਜਵੇਂ ਦੌਰ ਦੀਆਂ ਚੋਣਾਂ ਦੌਰਾਨ 1761 ਉਮੀਦਵਾਰਾਂ ਨੇ ਚੋਣਾਂ ਲੜੀਆਂ ਜਿਹਨਾਂ ਵਿੱਚੋਂ 1739 ਉਮੀਦਵਾਰਾਂ ਦਾ ਵੇਰਵਾ ਘੋਖਿਆ ਗਿਆ ਜਿਹਨਾਂ ਵਿੱਚੋਂ 279 ਉਮੀਦਵਾਰ ਅਪਰਾਧੀ ਹਨ, 464 ਉਮੀਦਵਾਰ ਕਰੋੜਪਤੀ ਹਨ ਅਤੇ ਸਾਰੇ ਉਮੀਦਵਾਰਾਂ ਦੀ ਕੁੱਲ ਔਸਤ ਸੰਪਤੀ 8.14 ਕਰੋੜ ਰੁਪਏ ਹੈ। 24 ਅਪ੍ਰੈਲ ਨੂੰ 117 ਲੋਕਸਭਾ ਸੀਟਾਂ ਲਈ ਛੇਵੇਂ ਦੌਰ ਦੀਆਂ ਚੋਣਾਂ ਦੌਰਾਨ 2077 ਉਮੀਦਵਾਰਾਂ ਨੇ ਚੋਣਾਂ ਲੜੀਆਂ  ਜਿਹਨਾਂ ਵਿੱਚੋਂ 2071 ਉਮੀਦਵਾਰਾਂ ਦਾ ਵੇਰਵਾ ਘੋਖਿਆ ਗਿਆ ਜਿਹਨਾਂ ਵਿੱਚੋਂ 322 ਉਮੀਦਵਾਰ ਅਪਰਾਧੀ ਹਨ, 504 ਉਮੀਦਵਾਰ ਕਰੋੜਪਤੀ ਹਨ ਅਤੇ ਸਾਰੇ ਉਮੀਦਵਾਰਾਂ ਦੀ ਕੁੱਲ ਔਸਤ ਸੰਪਤੀ 2.76 ਕਰੋੜ ਰੁਪਏ ਹੈ। 30 ਅਪ੍ਰੈਲ ਨੂੰ 89 ਲੋਕਸਭਾ ਸੀਟਾਂ ਲਈ ਹੋਈਆਂ ਸੱਤਵੇਂ ਦੌਰ ਦੀਆਂ ਚੋਣਾਂ ਦੌਰਾਨ 1295 ਉਮੀਦਵਾਰਾਂ ਨੇ ਚੋਣਾਂ ਲੜੀਆਂ  ਜਿਹਨਾਂ ਵਿੱਚੋਂ 1292 ਉਮੀਦਵਾਰਾਂ ਦਾ ਵੇਰਵਾ ਘੋਖਿਆ ਗਿਆ ਜਿਹਨਾਂ ਵਿੱਚੋਂ 222 ਉਮੀਦਵਾਰ ਅਪਰਾਧੀ ਹਨ, 341 ਉਮੀਦਵਾਰ ਕਰੋੜਪਤੀ ਹਨ ਅਤੇ ਸਾਰੇ ਉਮੀਦਵਾਰਾਂ ਦੀ ਕੁੱਲ ਔਸਤ ਸੰਪਤੀ 3.77 ਕਰੋੜ ਰੁਪਏ ਹੈ। 7 ਮਈ ਨੂੰ 64 ਲੋਕਸਭਾ ਸੀਟਾਂ ਲਈ ਅੱਠਵੇਂ ਦੌਰ ਦੀਆਂ ਹੋਈਆਂ ਚੋਣਾਂ ਦੌਰਾਨ 897 ਉਮੀਦਵਾਰਾਂ ਨੇ ਚੋਣਾਂ ਲੜੀਆਂ ਜਿਹਨਾਂ ਵਿੱਚੋਂ 890 ਉਮੀਦਵਾਰਾਂ ਦਾ ਵੇਰਵਾ ਘੋਖਿਆ ਗਿਆ ਜਿਹਨਾਂ ਵਿੱਚੋਂ 177 ਉਮੀਦਵਾਰ ਅਪਰਾਧੀ ਹਨ, 272 ਉਮੀਦਵਾਰ ਕਰੋੜਪਤੀ ਹਨ ਅਤੇ ਸਾਰੇ ਉਮੀਦਵਾਰਾਂ ਦੀ ਕੁੱਲ ਔਸਤ ਸੰਪਤੀ 5.90 ਕਰੋੜ ਰੁਪਏ ਹੈ। 12 ਮਈ ਨੂੰ 41 ਲੋਕ ਸਭਾ ਸੀਟਾਂ ਲਈ ਹੋਈਆਂ ਨੌਵੇਂ ਦੌਰ ਦੀਆਂ ਚੋਣਾਂ ਦੌਰਾਨ 606 ਉਮੀਦਵਾਰਾਂ ਨੇ ਚੋਣਾਂ ਲੜੀਆਂ ਜਿਹਨਾਂ ਵਿੱਚੋਂ 601 ਉਮੀਦਵਾਰਾਂ ਦਾ ਵੇਰਵਾ ਘੋਖਿਆ ਗਿਆ ਜਿਹਨਾਂ ਵਿੱਚੋਂ 119 ਉਮੀਦਵਾਰ ਅਪਰਾਧੀ ਹਨ, 171 ਉਮੀਦਵਾਰ ਕਰੋੜਪਤੀ ਹਨ ਅਤੇ ਸਾਰੇ ਉਮੀਦਵਾਰਾਂ ਦੀ ਕੁੱਲ ਔਸਤ ਸੰਪਤੀ 8.50 ਕਰੋੜ ਰੁਪਏ ਹੈ। ਜੇਕਰ ਦੇਸ਼ ਦੇ ਕੁੱਲ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਸਾਰੇ ਦੇਸ਼ ਵਿੱਚ ਕੁੱਲ 8230 ਉਮੀਦਵਾਰਾਂ ਨੇ ਚੋਣਾਂ ਲੜੀਆਂ ਜਿਹਨਾਂ ਵਿੱਚੋਂ 8163 ਉਮੀਦਵਾਰਾਂ ਦਾ ਵੇਰਵਾ ਘੋਖਿਆ ਗਿਆ ਜਿਹਨਾਂ ਵਿੱਚੋਂ 1398 ਅਪਰਾਧੀ ਹਨ, 2208 ਕਰੋੜਪਤੀ ਹਨ ਅਤੇ ਸਾਰੇ ਉਮੀਦਵਾਰਾਂ ਦੀ ਕੁੱਲ ਔਸਤ ਸੰਪਤੀ 3.16 ਕਰੋੜ ਹੈ। ਦਿਲਚਸਪ ਗੱਲ ਇਹ  ਹੈ ਕਿ ਜਿੱਥੇ 2009 ਦੀਆਂ ਲੋਕ ਸਭਾ ਚੋਣਾਂ ਵਿੱਚ 1158 ਭਾਵ 15 ਫੀਸਦੀ ਅਪਰਾਧੀ ਉਮੀਦਵਾਰ ਸਨ ਅਤੇ 608 ਤੇ ਗੰਭੀਰ ਕਿਸਮ ਦੇ ਅਪਰਾਧਿਕ ਮਾਮਲੇ ਦਰਜ ਸਨ  ਉੱਥੇ ਹੁਣ 2014 ਦੀਆਂ ਲੋਕ ਸਭਾ ਚੋਣਾਂ ਵਿੱਚ 1398 ਭਾਵ 17 ਫੀਸਦੀ ਅਪਰਾਧੀ ਉਮੀਦਵਾਰ ਹਨ ਅਤੇ ਇਹਨਾਂ ਵਿੱਚੋਂ 889 ਤੇ ਗੰਭੀਰ ਕਿਸਮ ਦੇ ਅਪਰਾਧਿਕ ਮਾਮਲੇ ਦਰਜ ਹਨ। ਮਤਲਬ ਸਾਫ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ ਅਪਰਾਧੀ ਉਮੀਦਵਾਰਾਂ ਵਿੱਚ 2 ਫੀਸਦੀ ਦਾ ਵਾਧਾ ਹੋਇਆ ਹੈ। ਇਸਤੋਂ ਪਤਾ ਲੱਗਦਾ ਹੈ ਕਿ ਚੋਣ ਆਯੋਗ ਵੀ ਅਪਰਾਧੀ ਉਮੀਦਵਾਰਾਂ ਨੂੰ ਚੋਣਾਂ ਲੜਨ ਤੋਂ ਰੋਕ ਨਹੀਂ ਸਕਿਆ ਹੈ। 2009 ਦੀਆਂ ਲੋਕ ਸਭਾ ਚੋਣਾਂ ਲੜਨ ਵਾਲੇ ਕਈ ਉਮੀਦਵਾਰ 2014 ਦੀਆਂ ਲੋਕ ਸਭਾ ਚੋਣਾਂ ਵੀ ਲੜ ਰਹੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦੁਬਾਰਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਸੰਪਤੀ ਪਿਛਲੇ 5 ਸਾਲਾਂ ਦੌਰਾਨ ਕਈ ਗੁਣਾਂ ਵੱਧ ਗਈ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਰਾਜਨੀਤੀ ਲਾਹੇਵੰਦ ਵਪਾਰ ਬਣ ਗਈ ਹੈ। ਦੁਬਾਰਾ ਚੋਣਾਂ ਲੜਨ ਵਾਲੇ ਹਰ ਉਮੀਦਵਾਰਾਂ ਦੀ 2009 ਵਿੱਚ ਅੋਸਤ ਸੰਪਤੀ 5.82 ਕਰੋੜ ਰੁਪਏ ਸੀ ਜਦਕਿ 2014 ਵਿੱਚ ਵੱਧ ਕੇ 14.29 ਕਰੋੜ ਰੁਪਏ ਹੋ ਗਈ ਹੈ। ਚੋਣ ਲੜ ਰਹੇ 28 ਫੀਸਦੀ ਉਮੀਦਵਾਰਾਂ ਕੋਲ ਪੈਨ ਕਾਰਡ ਨਹੀਂ ਹੈ। ਕਾਂਗਰਸ ਪਾਰਟੀ ਦੇ ਚੋਣ ਲੜ ਰਹੇ ਕੁੱਲ ਉਮੀਦਵਾਰਾਂ ਵਿੱਚੋਂ 79 ਫੀਸਦੀ ਕਰੋੜਪਤੀ ਹਨ। ਜਦਕਿ ਭਾਜਪਾ ਦੇ 73 ਫੀਸਦੀ, ਡੀ ਐਮ ਕੇ ਦੇ 94 ਫੀਸਦੀ, ਟੀ ਡੀ ਪੀ ਦੇ 93 ਫੀਸਦੀ, ਆਰ ਐਲ ਡੀ ਦੇ 90 ਫੀਸਦੀ, ਆਰ ਜੇ ਡੀ ਦੇ 86 ਫੀਸਦੀ, ਸਮਾਜਵਾਦੀ ਪਾਰਟੀ ਦੇ 56 ਫੀਸਦੀ, ਬਹੁਜਨ ਸਮਾਜ ਪਾਰਟੀ ਦੇ 32 ਫੀਸਦੀ, ਆਮ ਆਦਮੀ ਪਾਰਟੀ ਦੇ 45 ਫੀਸਦੀ ਉਮੀਦਵਾਰ ਕਰੋੜਪਤੀ ਹਨ। ਹੈਰਾਨੀ ਦੀ ਗੱਲ ਹੈ ਕਿ 16ਵੀਂ ਲੋਕਸਭਾ ਲਈ ਚੋਣ ਲੜਣ ਵਾਲੇ ਉਮੀਦਵਾਰਾਂ ਵਿਚੋਂ 2 ਫਿਸਦੀ ਅਨਪੜ੍ਹ ਹਨ, 46 ਫਿਸਦੀ 12ਵੀਂ ਤੱਕ ਪੜ੍ਹੇ ਹਨ, 49 ਫਿਸਦੀ ਗ੍ਰੈਜੂਏਟ ਹਨ। ਅਜ਼ਾਦੀ ਦੇ 66 ਸਾਲਾਂ ਬਾਦ ਅਤੇ 15 ਸਰਕਾਰਾਂ ਬਾਦ ਵੀ ਦੇਸ਼ ਦੀ ਰਾਜਨੀਤੀ ਵਿੱਚ ਇਸਤਰਾਂ ਦੇ ਰਾਜਨੇਤਾਵਾਂ ਦਾ ਆਣਾ ਖਤਰਨਾਕ ਰੁਝਾਨ ਹੈ। ਦੁਨੀਆਂ ਦੇ ਸਭਤੋਂ ਵੱਡੇ ਲੋਕਤੰਤਰ ਨੂੰ ਕਦੋਂ ਸਾਫ ਅਕਸ਼ ਵਾਲੇ ਰਾਜਨੇਤਾ ਨਸੀਬ ਹੋਣਗੇ ਇਹ ਹਰ ਦੇਸ਼ਵਾਸੀ ਲਈ ਇੱਕ ਵੱਡਾ ਪ੍ਰਸ਼ਨ ਬਣਿਆ ਹੋਇਆ ਹੈ।.