ਸ਼ਾਮਜਿੰਦਰ ਸਿੰਘ ਦੀ ਮਿਰਤਕ ਦੇਹ ਪੰਜਾਬ ਵਾਪਿਸ ਭੇਜੀ

13-05-2014 (ਦੁਬਈ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਉਪਰਾਲੇ ਨਾਲ ਅੱਜ ਸ਼ਾਮਜਿੰਦਰ ਸਿੰਘ ਦੀ ਮਿਰਤਕ ਦੇਹ ਪੰਜਾਬ ਵਾਪਿਸ ਭੇਜ ਦਿੱਤੀ ਗਈ।  ਸ਼ਾਮਜਿੰਦਰ ਸਿੰਘ ਨੇ 16 ਅਪ੍ਰੈਲ ਨੂੰ ਸ਼ਾਰਜਾ ਵਿਖੇ ਇਕ ਇਮਾਰਤ ਤੋਂ ਛਾਲ ਮਾਰਕੇ ਖੁਦਕੁਸ਼ੀ ਕਰ ਲਈ ਸੀ। ਉਸਦਾ ਚਾਚਾ ਸਰਬਣ ਸਿੰਘ ਆਬੂ ਧਾਬੀ ਵਿਖੇ ਕੰਮ ਕਰਦਾ ਹੈ।  ਉਸਦੇ ਚਾਚੇ ਵਲੋਂ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨਾਲ ਮਦਦ ਲਈ ਸੰਪਰਕ ਕਰਨ ਤੇ ਸੁਸਾਇਟੀ ਨੇ ਮਿਰਤਕ ਦੇਹ ਵਾਪਿਸ ਭੇਜਣ ਲਈ ਲੋੜੀਦੀਆਂ ਕਾਰਵਾਈਆਂ ਪੂਰੀਆਂ ਕਰਨ ਦੇ ਸਾਰੇ ਉਪਰਾਲੇ ਕਰਨ ਦਾ ਕੰਮ ਆਪਣੇ ਜੁੰਮੇ ਲਿਆ।  ਸੁਸਾਇਟੀ ਵਲੋਂ ਸ਼੍ਰੀ ਰੂਪ ਸਿੱਧੂ, ਧਰਮ ਪਾਲ ਝਿੰਮ ਅਤੇ ਕਮਲ ਰਾਜ ਸਿੰਘ ਨੇ ਲੋੜੀਦੀਆਂ ਕਾਰਵਾਈਆਂ ਨੇਪਰੇ ਚਾੜਨ ਲਈ ਸਾਰੇ ਯਤਨ ਕੀਤੇ ਅਤੇ ਅੱਜ ਵੀ ਮਿਰਤਕ ਦੇਹ ਤਾਬੂਤ ਵਿੱਚ ਬੰਦ ਕਰਨ ਸਮੇਂ ਖੁਦ ਦੁਬਈ ਪਹੁੰਚ ਕੇ ਸਾਰੇ ਕੰਮ ਆਪਣੀ ਦੇਖ ਰੇਖ ਵਿੱਚ ਮੁਕੰਮਿਲ ਕਰਵਾਏ।ਮਿਰਤਕ ਦੇਹ ਦੇ ਨਾਲ ਸ਼ਾਮਜਿੰਦਰ ਸਿੰਘ ਦੇ ਚਾਚਾ ਸਰਬਣ ਸਿੰਘ ਪੰਜਾਬ ਜਾ ਰਹੇ ਹਨ।  ਸ਼੍ਰੀ ਸਿੱਧੂ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਨੌਜਵਾਨਾ ਵਲੋਂ ਆਤਮ ਹੱਤਿਆ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਇਸ ਲਈ ਯੂ ਏ ਈ ਵਿਖੇ ਸੇਵਾਂ ਕਰ ਰਹੀਆਂ ਸਾਰੀਆਂ ਪੰਜਾਬੀ ਸੰਸਥਾਵਾਂ ਨੂੰ ਨੌਜਵਾਨਾ  ਵਿੱਚ ਆਤਮਹੱਤਿਆ ਦੇ ਖਿਲਾਫ ਜਾਗਰੂਕਤਾ ਲਿਆਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਸਬੰਧ ਵਿੱਚ ਖਾਸ ਤੌਰ ਤੇ ਸੇਮੀਨਾਰ ਅਤੇ ਜਾਗਰੂਕਤਾ ਮੀਟਿੰਗਾਂ ਕਰਨ ਦੀ ਸਖਤ ਜ਼ਰੂਰਤ ਹੈ। ਸ਼੍ਰੀ ਗੁਰੂ ਰਵਿਦਾਸ ਵੇਲਫੇਅਰ ਸੁਸਾਇਟੀ ਇਸ ਦੁਖ ਦੀ ਘੜੀ ਵਿੱਚ ਸ਼ਾਮਜਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਖੜੀ ਹੈ ਅਤੇ ਉਸਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੀ ਹੈ।