ਵੋਟਾਂ ਤੋਂ ਇਲਾਵਾ ਦਲਿਤਾਂ ਦੀ ਕਿਸੇ ਧਰਮ ਜਾਂ ਰਾਜਨੀਤਕ ਦਲ ਨੂੰ ਲੋੜ ਨਹੀ ਹੈ

08-05-2014 (ਰੂਪ ਸਿੱਧੂ) ਜਦ ਵੀ ਦੇਸ਼ ਵਿੱਚ  ਵਿਧਾਨ ਸਭਾ ਜਾਂ ਲੋਕ ਸਭਾ ਜਾਂ ਕਿਸੇ ਵੀ ਹੋਰ ਤਰਾਂ ਦੀਆਂ ਵੋਟਾ ਹੁੰਦੀਆਂ ਹਨ  ਦਲਿਤਾਂ ਦੇ ਹਮਦਰਦ ਬਰਸਾਤੀ ਡੱਡੂਆਂ ਵਾਂਗ ਟੈਂ ਟੈਂ ਕਰਨਾ ਸ਼ੁਰੂ ਕਰ ਦਿੰਦੇ ਹਨ।  ਦਲਿਤਾਂ ਦੀਆਂ ਬਸਤੀਆਂ ਮੁਹੱਲਿਆਂ ਵਿੱਚ ਜਾਣਾ, ਉਨ੍ਹਾਂ ਨਾਲ ਖਾਣਾ ਖਾਣਾ, ਉਨਾਂ ਚੋਂ ਵੱਧ ਮੈਲੇ ਕੁਚੈਲੇ ਕਪੜਿਆਂ ਵਾਲਿਆਂ ਨਾਲ ਤਸਵੀਰਾਂ ਖਿਚਾਉਣਾ ਆਮ ਖਬਰਾਂ ਵਿੱਚ ਦੇਖਣ ਨੂੰ ਮਿਲਦਾ ਹੈ।  ਵੋਟਾਂ ਤੋਂ ਬਾਦ ਫਿਰ ਪੰਜ ਸਾਲ ਇਨ੍ਹਾਂ ਦਲਿਤਾਂ ਦੀ ਸਾਰ ਲੈਣ ਲਈ, ਇਨ੍ਹਾਂ ਨਾਲ ਖਾਣਾ ਖਾਣ ਜਾਂ ਤਸਵੀਰ ਖਿਚਾਣ ਲਈ ਤੇ ਕਿਸੇ ਨੇ ਕੀ ਜਾਣਾ ਹੁੰਦਾ ਹੈ ਇਨ੍ਹਾਂ ਬਿਚਾਰਿਆਂ ਨੂੰ ਦੋ ਵਕਤ ਦਾ ਖਾਂਣਾ ਮਿਲਦਾ ਵੀ ਹੈ ਕਿ ਨਹੀ ਇਸ ਦੀ ਵੀ ਕੋਈ ਸਾਰ ਨਹੀ ਲੈਂਦਾ।

ਵੋਟਾਂ ਸਮੇਂ ਹਰ ਧਰਮ ਦੇ ਠੇਕੇਦਾਰ ਦਲਿਤਾਂ ਨੂੰ ਆਪਣੇ ਧਰਮ ਨਾਲ ਜੋੜਨ ਵਿੱਚ ਯਤਨਸ਼ੀਲ ਰਹਿੰਦੇ ਹਨ।  ਹਿੰਦੂ, ਸਿੱਖ, ਇਸਾਈ, ਮੁਸਲਿਮ ਅਤੇ ਬੋਧੀ ਰਾਜਨੀਤਕ ਨੇਤਾ ਹਮੇਸ਼ਾਂ ਹੀ ਦਲਿਤਾਂ ਨੂੰ ਆਪਣਾ ਧਰਮ ਨਾਲ ਜੋੜਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੋਟਾਂ ਵਿੱਚ ਬਦਲਣ ਲਈ ਦਿਨ ਰਾਤ ਕੋਸ਼ਿਸ਼ਾਂ ਕਰਦੇ ਹਨ।  ਇਨ੍ਹਾਂ ਚੋਣਾ ਦੌਰਾਨ ਵੀ ਇਹ ਸੱਭ ਦੇਖਣ ਨੂੰ ਮਿਲਿਆ ਹੈ।  ਹਿੰਦੂ ਅਤੇ ਸਿਖ ਦੋਹਾਂ ਧਰਮਾਂ ਦੇ ਰਾਜ ਨੇਤਾਵਾਂ ਨੇ ਦਲਿਤ ਵਰਗ ਨੂੰ ਆਪਣੇ ਆਪਣੇ ਧਰਮ ਨਾਲ ਜੋੜਕੇ ਵੋਟਾਂ ਬਟੋਰਨ ਦੇ ਹੱਥਕੰਡੇ ਅਪਣਾਏ ਹਨ। ਕਈ ਸਿਖ ਨੇਤਾਵਾਂ ਨੇ ਦਲਿਤਾਂ ਨੂੰ ਸਿਖ ਧਰਮ ਦਾ ਅਹਿਮ ਅੰਗ ਮੰਨਦੇ ਹੋਏ ਇਹ ਵੀ ਕਹਿ ਦਿੱਤਾ ਕਿ ਉਹ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਵੀ ਸਿਖ ਹੀ ਸਮਝਦੇ ਹਨ। ਹਿੰਦੂ ਧਰਮ ਦੇ ਨੇਤਾ ਤੇ ਅਜ਼ਾਦੀ ਤੋਂ ਪਹਿਲਾਂ ਤੋਂ ਹੀ ਇਹ ਰਾਗ ਅਲਾਪ ਰਹੇ ਹਨ  ਅਤੇ ਇਨ੍ਹਾਂ ਦੀ ਇਸ ਮਾਨਸਿੱਕਤਾ ਕਰਕੇ ਹੀ ਦਲਿਤਾਂ ਨੂੰ ਕੌਮਿਯੂਨਲ ਐਵਾਰਡ ਤੋਂ ਵਾਝਿਆਂ ਰਹਿਣਾ ਪਿਆ ਸੀ।

ਪਿਛੇ ਦਿਨੀ ਹਿੰਦੂ ਧਰਮ ਦੇ ਕੱਟੜਪੰਥੀ  ਰਾਮਦੇਵ ਨੇ ਰਾਜਨੀਤਕ ਟਿਪਣੀ ਕਰਦਿਆਂ ਹੋਇਆਂ ਏਥੋਂ ਤੱਕ ਕਹਿ ਦਿੱਤਾ ਕਿ ਰਾਹੁਲ ਗਾਂਧੀ ਦਲਿਤਾਂ ਦੇ ਘਰ ਸਿਰਫ ਹਨੀਮੂਨ ਮਨਾਉਣ ਲਈ ਜਾਂਦਾ ਹੈ।  ਇਸ ਟਿਪਣੀ ਦਾ ਸਿੱਧਾ ਸਿੱਧਾ ਅਰਥ ਦਲਿਤ ਲੜਕੀਆਂ ਦੀ ਇੱਜ਼ਤ ਤੇ ਵਾਰ ਕਰਨਾ ਹੈ ਜੋ ਇਕ ਕਨੂੰਨੀ ਅਪਰਾਧ ਵੀ ਬਣਦਾ ਹੈ।  ਇਸ ਅਪਰਾਧ ਕਰਨ ਵਾਲੇ ਨੂੰ ਅਨੁਸੂਚਿਤ ਜਾਤੀ ਜਨ ਜਾਤੀਆਂ ਦੀ ਸੁਰੱਖਿਅਤਾ ਲਈ ਬਣਾਏ ਕਨੂੰਨ  ਦੇ ਅਧਾਰ ਤੇ ਗੈਰਜ਼ਮਾਨਤੀ ਧਾਰਾ ਅਧੀਨ ਹਿਰਾਸਤ ਵਿੱਚ ਲਿਆ ਜਾਣਾ ਚਾਹੀਦਾ ਸੀ ਪਰ ਉਹ ਹਿੰਦੂ ਅਤੇ ਅਕਾਲੀ ਰਾਜਨੀਤਕ ਨੇਤਾਵਾਂ ਦਾ ਚਹੇਤਾ ਹੋਣ ਕਰਕੇ ਉਹ ਅੱਜ ਵੀ ਅਜ਼ਾਦ ਘੁੰਮ ਰਿਹਾ ਹੈ।

ਅਗਰ ਸਿਖ ਲੀਡਰਸ਼ਿਪ ਦਲਿਤਾਂ ਨੂੰ ਸਿਖ ਧਰਮ ਦਾ ਅੰਗ ਮੰਨਦੀ ਹੈ ਤਾਂ ਫਿਰ ਦਲਿਤਾਂ ਵਲ ਨੂੰ ਉੱਠੀ ਰਾਮ ਦੇਵ ਦੀ ਇਸ ਉਂਗਲੀ ਤੇ ਸਿਖ ਲੀਡਰਾਂ ਨੂੰ ਇਤਰਾਜ਼ ਕਿਉਂ ਨਹੀ ਹੋਇਆ? ਕਿਉਂ ਕਿਸੇ ਵੀ ਅਕਾਲੀ ਲੀਡਰ ਨੇ ਹਾਅ ਦਾ ਨਾਅਰਾ ਨਹੀ ਮਾਰਿਆ? ਕਿਉਂ ਕਿਸੇ ਸਿਖ ਜਥੇਬੰਦੀ ਨੇ ਰਾਮਦੇਵ ਦੇ ਖਿਲਾਫ ਧਰਨੇ, ਮੁਜ਼ਾਹਰੇ ਜਾਂ ਹੜਤਾਲਾਂ ਨਹੀ ਕੀਤੀਆਂ?।  ਕਿਉ ਰਾਮਦੇਵ ਦੇ ਖਿਲਾਫ ਉਚਿਤ ਧਾਰਾਵਾਂ ਅਧੀਨ ਮੁਕੱਦਮੇ ਦਰਜ ਨਹੀ ਕਰਵਾਏ ਗਏ?।  ਇਹ ਹੀ ਹਾਲ ਹਿੰਦੂ ਰਾਜਨੀਤਕਾਂ ਦਾ ਹੈ।  ਦਲਿਤਾਂ ਨੂੰ ਹਿੰਦੂ ਧਰਮ ਦਾ ਹਿੱਸਾ ਕਹਿਣ ਵਾਲੇ ਹਿੰਦੂ ਲੀਡਰਾਂ ਜਾਂ ਲੋਕਾਂ ਨੂੰ ਵੀ ਰਾਮਦੇਵ ਦੀ ਇਸ ਟਿਪਣੀ ਤੇ ਇਤਰਾਜ਼ ਨਹੀ ਹੋਇਆ।

ਇਨ੍ਹਾਂ ਗੱਲਾਂ ਤੋਂ ਸਾਫ ਜ਼ਾਹਿਰ ਹੈ ਕਿ ਇਹ ਹਿੰਦੂ ਤੇ ਸਿਖ, ਦੋਵੇਂ ਰਾਜਨੀਤਕ ਲੀਡਰ ਸਿਰਫ ਵੋਟਾਂ ਦੀ ਖਾਤਿਰ ਕੁੱਝ ਦਿਨਾਂ ਲਈ ਹੀ ਦਲਿਤਾਂ ਨੂੰ ਆਪਣੇ ਧਰਮ ਦਾ ਹਿੱਸਾ ਆਖਦੇ ਹਨ।  ਆਪਣਾ ਉੱਲੂ ਸਿੱਧਾ ਹੋਣ ਤੋਂ ਬਾਦ ਫਿਰ ਦਲਿਤ ਦਲਿਤ ਹੀ ਹੁੰਦਾ ਹੈ ਉਸਦਾ ਕੋਈ ਧਰਮ ਨਹੀ ਹੁੰਦਾ, ਉਸਦਾ ਕੋਈ ਮਦਦਗਾਰ ਨਹੀ ਹੁੰਦਾ।  ਜਿੰਨੀਆਂ ਵੀ ਪਾਰਟੀਆਂ ਜਾਂ ਲੀਡਰ ਰਾਮਦੇਵ ਦੇ ਮਸਲੇ ਤੇ ਚੁੱਪੀ ਧਾਰੀ ਬੈਠੇ ਹਨ ਇਹ ਸੱਭ ਦਲਿਤ ਵਰਗ ਦੇ ਦੁਸ਼ਮਣ ਹਨ।  ਹੁਣ ਦਲਿਤ ਵਰਗ ਨੂੰ ਜਾਗਣ ਅਤੇ ਸਮਝਣ ਦੀ ਲੋੜ ਹੈ ਸਾਨੂੰ ਆਪਣੈ ਫੈਸਲੇ ਆਪ ਲੈਣੇ ਪੈਣੇ ਹਨ।  ਝੂਠਾ ਫੁਸਲਾਉਣ ਵਾਲੇ ਲੀਡਰਾਂ ਤੋਂ ਸਾਵਧਾਨ ਹੋਣਾ ਪਵੇਗਾ। ਅਜੇ ਵੀ ਦੇਖਦੇ ਹਾਂ ਕਿ ਰਾਮਦੇਵ ਦੇ ਮਾਮਲੇ ਵਿੱਚ ਕਿਹੜੀ ਪਾਰਟੀ ਜਾਂ ਕਿਹੜਾ ਧਰਮ ਦਲਿਤਾਂ ਦੇ ਨਾਲ ਖੜ੍ਹਦਾ ਹੈ।