01 ਮਈ ਦਾ ਦਿਹਾੜਾ ਮਜਦੂਰ ਦਿਵਸ ਬਣਿਆ ਮਜਦੂਰਾਂ ਲਈ

 ਮਜ਼ਬੂਰ ਅਤੇ ਆਗੂਆਂ ਲਈ ਮਸ਼ਹੂਰ ਦਿਵਸ।

01 ਮਈ, 2014 (ਕੁਲਦੀਪ ਚੰਦ) ਅੱਜ 01 ਮਈ ਨੂੰ ਪੂਰੇ ਸੰਸਾਰ ਵਿੱਚ ਅੰਤਰਰਾਸ਼ਟਰੀ ਮਜਦੂਰ ਦਿਵਸ ਮਨਾਇਆ ਗਿਆ ਹੈ ਅਤੇ ਇਸ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਵੱਖ-ਵੱਖ ਪ੍ਰੋਗਰਾਮ ਕੀਤੇ ਗਏ। ਇਸ ਸਬੰਧੀ ਆਯੋਜਿਤ ਪ੍ਰੋਗਰਾਮਾਂ ਵਿੱਚ ਆਗੂਆਂ ਨੇ ਸਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸਰਧਾਂਜਲੀ ਦਿਤੀ। ਅੱਜ ਦੇ ਦਿਨ ਦਾ ਮਜ਼ਦੂਰਾਂ ਤੇ ਕਾਮਿਆਂ ਲਈ ਵਿਸ਼ੇਸ ਮਹੱਤਵ ਹੈ ਪਰ ਮਜ਼ਦੂਰਾਂ ਦੀ ਦਿਨ ਪ੍ਰਤੀ ਦਿਨ ਵਿਗੜਦੀ ਸਥਿਤੀ ਵਿਸੇਸ ਤੋਰ ਤੇ ਗੈਰ ਸੰਗਠਿਤ ਖੇਤਰ ਖੇਤੀਬਾੜੀ,ਇਮਾਰਤਾਂ ਅਤੇ ਸੜਕਾਂ ਆਦਿ ਦੇ ਨਿਰਮਾਣ ਵਿੱਚ ਲੱਗੇ, ਭੱਠਿਆਂ ਤੇ ਕੰਮ ਕਰਨ ਵਾਲੇ, ਹੋਟਲਾਂ-ਢਾਬਿਆਂ ਆਦਿ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਖਸਤਾ ਹਾਲਤ ਵੇਖਕੇ ਪਤਾ ਚੱਲਦਾ ਹੈ ਕਿ ਦੇਸ ਦੇ ਬਹੁਤੇ ਮਜ਼ਦੂਰਾਂ ਨੂੰ ਅਜੇ ਤੱਕ ਵੀ ਇਸ ਦਿਨ ਦੀ ਮਹੰਤਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ 01 ਮਈ ਦਾ ਦਿਹਾੜਾ ਸਰਕਾਰੀ ਖੇਤਰ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਛੁੱਟੀ ਮਿਲਣ ਕਾਰਨ ਮਜਦੂਰਾਂ ਨਾਲੋਂ ਵੱਧ ਫਾਇਦੇਮੰਦ ਸਾਬਤ ਹੋ ਰਿਹਾ ਹੈ। ਇਸ ਦਿਹਾੜੇ ਤੇ ਰਾਜਨੀਤਿਕ ਪਾਰਟੀਆਂ ਵਲੋਂ ਵੱਡੇ ਵੱਡੇ ਸਮਾਗਮ ਕਰਕੇ ਮਜਦੂਰਾਂ ਦੀ ਦਸ਼ਾ ਸੁਧਾਰਨ ਅਤੇ ਨਵੀਂਆਂ ਯੋਜਨਾਵਾ ਬਣਾਉਣ ਦੇ ਦਆਵੇ ਕੀਤੇ ਜਾਂਦੇ ਹਨ। ਇਨ੍ਹਾ ਸਮਾਗਮਾਂ ਤੇ ਆਏ ਸਾਲ ਲੱਖਾਂ-ਕਰੋੜ੍ਹਾ ਰੁਪਏ ਖਰਚੇ ਜਾਂਦੇ ਹਨ ਪਰ ਕੁੱਝ ਦਿਨਾਂ ਬਾਦ ਹੀ ਸਭ ਕੁੱਝ ਭੁਲਾ ਦਿਤਾ ਜਾਂਦਾ ਹੈ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਆਗੂ ਮਜ਼ਦੂਰਾਂ ਦੇ ਸ਼ੋਸ਼ਣ ਦੀਆਂ ਯੋਜਨਾਵਾਂ ਵਿੱਚ ਭਾਗੀਦਾਰ ਬਣ ਜਾਂਦੇ ਹਨ।  ਇਸ ਤਰਾਂ ਇਹ 01 ਮਈ ਦਾ ਦਿਹਾੜਾ ਇਨ੍ਹਾ ਆਗੂਆਂ ਲਈ ਮਸ਼ਹੂਰ ਦਿਵਸ ਬਣ ਜਾਂਦਾ ਹੈ। ਦੇਸ ਦੇ ਕਰੋੜਾਂ ਮਜ਼ਦੂਰ ਜੋ ਸਰਮਾਏਦਾਰਾਂ, ਠੇਕੇਦਾਰਾਂ, ਫੈਕਟਰੀ ਮਾਲਕਾਂ, ਜਿਮਿਦਾਰਾਂ, ਭੱਠਾ ਮਾਲਕਾਂ ਦਾ ਜੁਰਮ ਸਹਿੰਦੇ ਹਨ ਅਤੇ ਇਸ ਜੁਰਮ ਅਤੇ ਸ਼ੋਸ਼ਣ ਨੂੰ ਅਪਣੀ ਕਿਸਮਤ ਦਾ ਫੈਸਲਾ ਮੰਨਦੇ ਹਨ ਲਈ ਇਹ 01 ਮਈ ਦਾ ਦਿਹਾੜਾ ਮਜ਼ਬੂਰ ਦਿਵਸ ਹੀ ਬਣਕੇ ਰਹਿੰਦਾ ਹੈ। ਇਸ ਦਿਨ ਸਬੰਧੀ ਸੂਬਾ ਅਤੇ ਕੇਂਦਰ ਸਰਕਾਰ ਵਲੋਂ ਖੁੱਲਕੇ ਇਸ਼ਤਿਹਾਰਬਾਜੀ ਕੀਤੀ ਜਾਂਦੀ ਹੈ ਅਤੇ ਮਜ਼ਦੂਰਾਂ ਨਾਲ ਡਾਢਾ ਪਿਆਰ ਵਿਖਾਇਆ ਜਾਂਦਾ ਹੈ ਪਰ ਵੱਧਦੀ ਮਹਿੰਗਾਈ, ਮਜਦੂਰਾਂ ਦੀ ਖਸਤਾ ਹਾਲਤ, ਦਿਨ ਪ੍ਰਤੀ ਦਿਨ ਵੱਧ ਰਹੇ ਸ਼ੋਸ਼ਣ ਦਾ ਇਨ੍ਹਾਂ ਸਰਕਾਰਾਂ ਨੂੰ ਸ਼ਾਇਦ ਯਾਦ ਨਹੀਂ ਆਂਦਾ ਹੈ। ਬੇਸੱਕ ਹਰ ਸਰਕਾਰ ਵਲੋਂ ਮਜਦੂਰਾਂ ਦੀ ਭਲਾਈ ਲਈ ਵੱਖ ਵੱਖ ਵਿਭਾਗ ਬਣਾਏ ਗਏ ਹਨ ਪਰ ਮਜਦੂਰਾਂ ਦੇ ਇਨਸਾਫ ਅਤੇ ਭਲਾਈ ਲਈ ਬਣਾਏ ਗਏ ਬੋਰਡ ਅਤੇ ਵਿਭਾਗ ਵੀ ਮਜ਼ਦੂਰਾਂ ਦੀ ਥਾਂ ਅਪਣੇ ਹੀ ਅਧਿਕਾਰੀਆਂ ਅਤੇ ਸਰਕਾਰੀ ਆਗੂਆਂ ਦਾ ਭਲਾ ਕਰਨ ਵਿੱਚ ਲਾਭ ਮਹਿਸੂਸ ਕਰਦੇ ਹਨ। ਇਸ ਤਰਾਂ ਸਰਕਾਰਾਂ, ਮਜ਼ਦੂਰ ਯੂਨੀਅਨਾਂ, ਸਰਕਾਰੀ ਅਧਿਕਾਰੀਆਂ, ਰਾਜਨੀਤਿਕ ਪਾਰਟੀਆ ਵਲੋਂ ਕਰਵਾਏ ਜਾਂਦੇ ਵੱਡੇ ਵੱਡੇ ਸਮਾਗਮ ਸਿਰਫ ਖਾਨਾਪੂਰਤੀ ਹੀ ਲੱਗਦੇ ਹਨ। ਪਿਛਲੇ ਸਮੇਂ ਦੋਰਾਨ ਵਾਪਰੀਆਂ ਅਣਸੁਖਾਵੀਂ ਘਟਨਾਵਾਂ ਨੇ ਸਾਬਤ ਕਰ ਦਿਤਾ ਹੈ ਕਿ ਸਰਕਾਰਾਂ ਮਜਦੂਰਾਂ ਦੀ ਸੁਰਖਿਆ ਲਈ ਕਿੰਨੀਆਂ ਕੁ ਗੰਭੀਰ ਹਨ। ਜੇਕਰ ਅਸੀਂ ਸੱਚਮੁਚ ਸਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ ਤਾਂ ਸਾਨੂੰ ਸਭਨੂੰ ਮਿਲਕੇ ਮਜ਼ਦੂਰਾਂ ਦੀ ਵਿਗੜਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੀ ਅਜ਼ਾਦੀ ਦੇ 6 ਦਹਾਕੇ ਬੀਤਣ ਬਾਦ ਉਹ ਵੀ ਅਪਣੇ ਆਪ ਨੂੰ ਦੇਸ ਦੇ ਵਧੀਆ ਨਾਗਰਿਕ ਮਹਿਸੂਸ ਕਰ ਸਕਣ ਨਹੀਂ ਤਾਂ ਇਹ ਦਿਨ ਵੀ ਸਿਰਫ ਖਾਨਾਪੂਰਤੀ ਹੀ ਰਹਿ ਜਾਵੇਗਾ।

  ਕੁਲਦੀਪ ਚੰਦ
9417563054