ਰਾਮਦੇਵ ਵਲੋਂ ਦਿਤੇ ਗਏ ਦਲਿਤਾਂ ਸਬੰਧੀ ਬਿਆਨ ਨੇ ਭੜਥੂ ਪਾਇਆ, ਦਲਿਤਾਂ ਵਿੱਚ ਭਾਰੀ ਰੋਸ।

ਭਾਜਪਾ ਸਮਰਥਕ ਅਤੇ ਅਕਸਰ ਚਰਚਾ ਵਿੱਚ ਰਹਿਣ ਦੇ ਚਾਹਵਾਨ ਬਾਬਾ ਰਾਮਦੇਵ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਲੈਕੇ ਦਲਿਤਾਂ ਪ੍ਰਤੀ ਕੀਤੀ ਗੱਲਤ ਬਿਆਨਵਾਜ਼ੀ ਕਾਰਨ ਦਲਿਤਾਂ ਵਿੱਚ ਇੱਕ ਵਾਰ ਫਿਰ ਗੁੱਸੇ ਦੀ ਲਹਿਰ ਪੈਦਾ ਹੋ ਗਈ ਹੈ। ਵਰਣਨਯੋਗ ਹੈ ਕਿ ਬਾਬਾ ਰਾਮਦੇਵ ਨੇ ਪਿਛਲੇ ਦਿਨੀਂ ਖੁੱਲੇਆਮ ਕਿਹਾ ਸੀ ਕਿ ਕਾਂਗਰਸੀ ਆਗੂ ਦਲਿਤਾਂ ਦੇ ਘਰ ਹਨੀਮੂਨ ਮਨਾਉਣ ਜਾਂਦਾ ਹੈ। ਇਸ ਬਿਆਨ ਤੋਂ ਬਾਦ ਬੇਸ਼ੱਕ ਲਖਨਊ ਪੁਲਿਸ ਨੇ ਆਈ ਪੀ ਸੀ ਦੀ ਧਾਰਾ 171 ਅਧੀਨ ਪਰਚਾ ਦਰਜ਼ ਕਰ ਲਿਆ ਹੈ ਪਰ ਗੈਰ ਭਾਜਪਾ ਦਲਿਤ ਆਗੂਆਂ ਜਿਨ੍ਹਾਂ ਵਿੱਚ ਬੀ ਐਸ ਪੀ ਮੁਖੀ ਮਾਇਆਵਤੀ ਪ੍ਰਮੁੱਖ ਹੈ ਨੇ ਮੰਗ ਕੀਤੀ ਹੈ ਕਿ ਇਸ ਰਾਮਦੇਵ ਖਿਲਾਫ ਅਨੁਸੂਚਿਤ ਜਾਤੀ/ਜਨਜਾਤੀ ਅਤਿਆਚਾਰ ਰੋਕੂ ਐਕਟ ਅਧੀਨ ਪਰਚਾ ਦਰਜ ਕੀਤਾ ਜਾਵੇ ਅਤੇ ਇਸਨੂੰ ਗ੍ਰਿਫਤਾਰ ਕੀਤਾ ਜਾਵੇ। ਉਤਰ ਪ੍ਰਦੇਸ਼ ਵਿੱਚ ਹੋਈ ਬਿਆਨਵਾਜ਼ੀ ਦੀ ਅੱਗ ਹੋਲੀ ਹੋਲੀ ਬਾਕੀ ਸੂਬਿਆਂ ਵਿੱਚ ਵੀ ਪਹੁੰਚ ਗਈ ਹੈ। ਪੰਜਾਬ ਜਿੱਥੇ ਕਿ ਤੀਜ਼ਾ ਹਿੱਸਾ ਦਲਿਤ ਅਬਾਦੀ ਹੈ ਵਿੱਚ ਇੱਕ ਵਾਰ ਫਿਰ ਦਲਿਤਾਂ ਵਿੱਚ ਗੁੱਸੇ ਦੀ ਲਹਿਰ ਭਰ ਗਈ ਹੈ। ਪੰਜਾਬ ਦੇ ਕਈ ਥਾਵਾਂ ਤੇ ਦਲਿਤਾਂ ਵਲੋਂ ਇਸ ਮਾਮਲੇ ਨੂੰ ਲੈਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵਰਣਨਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਵੀ ਇੰਕ ਟੀ ਵੀ ਚੈਨਲ ਵਲੋਂ ਦਲਿਤ ਰਹਿਵਰ ਸ਼੍ਰੀ ਗੁਰੂ ਰਵਿਦਾਸ ਜੀ ਬਾਰੇ ਕੁੱਝ ਗੱਲਤ ਸ਼ਬਦਾਬਲੀ ਵਰਤੀ ਗਈ ਸੀ ਜਿਸਤੋਂ ਬਾਦ ਦਲਿਤਾਂ ਨੇ ਪੂਰੇ ਦੇਸ਼ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਸਨ। ਇਸਤੋਂ ਬਾਦ ਅਖੀਰ ਚੈਨਲ ਮਾਲਕ ਨੇ ਸ਼੍ਰੇਆਮ ਮੁਆਫੀ ਮੰਗੀ ਸੀ। ਰਾਮਦੇਵ ਦਾ ਇਹ ਬਿਆਨ ਜੋਕਿ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਲਈ ਦਿਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਲਈ ਵੱਡਾ ਨੁਕਸਾਨ ਦੇਹ ਸਾਬਿਤ ਹੋ ਸਕਦਾ ਹੈ। ਪੰਜਾਬ ਜਿੱਥੇ 30 ਅਪ੍ਰੈਲ ਨੂੰ ਵੋਟਾਂ ਹੋਣ ਜਾ ਰਹੀਆਂ ਹਨ ਵਿੱਚ ਦਲਿਤਾਂ ਦਾ ਪ੍ਰਦਰਸ਼ਨ ਅਤੇ ਅਕਾਲੀ ਭਾਜਪਾ ਆਗੂਆਂ ਦੀ ਚੁੱਪੀ ਇਨ੍ਹਾ ਆਗੂਆਂ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਜੇਕਰ ਸਰਕਾਰ ਨੇ ਬਾਬਾ ਰਾਮਦੇਵ ਅਤੇ ਇਸ ਮਾਮਲੇ ਨਾਲ ਸਬੰਧਿਤ ਹੋਰ ਦੋਸ਼ੀਆਂ ਖਿਲਾਫ ਬਣਦੀ ਕਨੂੰਨੀ ਕਾਰਵਾਈ ਨਾਂ ਕੀਤੀ ਤਾਂ ਇਸਦਾ ਹੋ ਰਹੀਆਂ ਲੋਕ ਸਭਾ ਚੋਣਾਂ ਤੇ ਵੱਡਾ ਪ੍ਰਭਾਵ ਪੈ ਸਕਦਾ ਹੈ। 


ਕੁਲਦੀਪ ਚੰਦ 
9417563054