20ਵੀ ਸਦੀ ਦੇ ਮਹਾਮਾਨਵ ਡਾ. ਅੰਬੇਡਕਰ ਨੇ ਯੁੱਗ ਪਲਟ ਦਿੱਤੇ

ਖੋਜਕੀਪੁਰ, ਨੰਗਲ ਸਲਾਲਾ ( 18 ਅਪ੍ਰੈਲ ) ਅੱਜ ਇਥੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਇਲਾਕੇ ਦੇ ਮਿਸ਼ਨਰੀ ਸਾਥੀਆਂ ਵਲੋਂ 20ਵੀ ਸਦੀ ਦੇ ਮਹਾਮਾਨਵ ਡਾ. ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਉਤਸਵ ਬੜੀ ਧੂੰਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਾ. ਐੱਸ.ਐੱਲ ਵਿਰਦੀ ਐਡਵੋਕੇਟ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਅਸੀ ਵੱਡੇ ਵੱਡੇ ਮੇਲੇ ਲਾਉਂਦੇ ਹਾਂ, ਸੰਮੇਲਨ ਕਰਦੇ ਹਾਂ, ਪਿਛਲੇ 2-3 ਦਹਾਕਿਆਂ ਤੋਂ ਆਪਣੇ ਮਹਾਂਪੁਰਸ਼ਾਂ ਦੇ ਧਰਮ ਸਥਾਨ ਉਸਾਰਦੇ ਹਾਂ, ਪ੍ਰੰਤੂ ਹਜ਼ਾਰਾਂ ਸਾਲ ਪਹਿਲਾਂ ਅਜਿਹਾ ਕਿਉਂ ਨਹੀਂ ਹੋਇਆ? ਅੱਜ ਅਜਿਹਾ ਕਿਵੇਂ ਹੋ ਰਿਹਾ ਹੈ? ਕਿਸ ਸਦਕਾ ਹੋ ਰਿਹਾ ਹੈ? ਇਸ ਦਾ ਇਕ ਟੁਕ ਜਵਾਬ ਇਹ ਹੈ- ਡਾਕਟਰ ਬਾਬਾ ਸਾਹਿਬ ਅੰਬੇਡਕਰ ਦੇ ਸੰਘਰਸ਼ ਸਦਕਾ। ਡਾ. ਅੰਬੇਡਕਰ ਦੇ ਸੰਘਰਸ਼ ਸਦਕਾ ਸਮਾਜ 'ਚੋਂ ਨਿਖੇੜੇ ਲੋਕਾਂ ਦੀ ਰਾਜਨੀਤੀ, ਸਮਾਜ, ਆਰਥਿਕਤਾ ਤੇ ਧਰਮ ਵਿਚ ਸਮੂਲੀਅਤ ਹੋਈ। ਸਿੱਟੇ ਵਜੋਂ ਬਾਬਾ ਸਾਹਿਬ ਅੰਬੇਡਕਰ ਤੋਂ ਪਹਿਲਾਂ ਜਿਨ੍ਹਾਂ ਦੇ ਪਿਉ, ਦਾਦੇ, ਪੜਦਾਦੇ, ਨਕੜਦਾਦੇ ਭੇਡਾਂ ਬੱਕਰੀਆਂ ਸਮਝੇ ਜਾਂਦੇ ਸਨ ਅੱਜ ਉਹ ਸ਼ੇਰ ਬਣੇ ਹੋਏ ਹਨ। ਜੋ ਪਹਿਲਾਂ ਪਿੰਡਾਂ ਸ਼ਹਿਰਾਂ ਵਿਚੋਂ ਬਾਹਰ ਕੱਢੇ ਹੋਏ ਸਨ ਅੱਜ ਸ਼ਹਿਰਾਂ ਦਾ ਸ਼ਿੰਗਾਰ ਹਨ। ਜੋ ਆਮ ਰਾਹਾਂ ਤੇ ਚੱਲ ਨਹੀਂ ਸਕਦੇ ਸਨ ਉਹ ਅੱਜ ਸੜਕਾਂ ਤੇ ਕਾਰਾਂ ਵਿਚ ਘੁੰਮਦੇ ਫਿਰਦੇ ਹਨ। ਜੋ ਪਹਿਲਾਂ ਸਕੂਲਾਂ ਵਿਚ ਨਹੀਂ ਵੜ ਸਕਦੇ ਸਨ, ਉੁਹ ਅੱਜ ਮਾਸਟਰ ਬਣ ਕੇ ਪੜ੍ਹਾਉਂਦੇ ਹਨ। ਜਿਨ੍ਹਾਂ ਪਹਿਲਾਂ ਕਦੀ ਦਫਤਰਾਂ ਦਾ ਮੂੰਹ ਤੱਕ ਨਹੀਂ ਵੇਖਿਆ ਸੀ ਉਹ ਅੱਜ ਦਫਤਰਾਂ ਵਿਚ ਬਾਬੂ ਜੀ ਬਣ ਕੇ ਬੈਠੇ ਹਨ। ਜੋ ਪਹਿਲਾਂ ਪੁਲਿਸ, ਮਿਲਟਰੀ ਵਿਚ ਭਰਤੀ ਨਹੀਂ ਹੋ ਸਕਦੇ ਸਨ ਉਹ ਅੱਜ ਠਾਣੇਦਾਰ, ਐਸ.ਐਸ.ਪੀ., ਡੀ.ਆਈ.ਜੀ., ਡੀ.ਜੀ.ਪੀ. ਅਤੇ ਮੇਜਰ ਜਨਰਲ ਹਨ। ਜੋ ਪਹਿਲਾਂ ਚਪੜਾਸੀ² ਨਹੀਂ ਲੱਗ ਸਕਦੇ ਸਨ ਉਹ ਅੱਜ ਸੁਪਰਡੈਂਟ, ਐਸ.ਡੀ.ਐਮ., ਡੀ.ਸੀ., ਕੁਲੈਕਟਰ, ਕਮਿਸ਼ਨਰ, ਸੈਕਟਰੀ ਅਤੇ ਚੀਫ ਸੈਕਟਰੀ ਹਨ। ਜੋ ਪਹਿਲਾਂ ਪੰਚਾਇਤ ਵਿਚ ਸਿੱਧੇ ਪੇਸ਼ ਨਹੀਂ ਹੋ ਸਕਦੇ ਸਨ ਉੁਹ ਅੱਜ ਸਰਪੰਚ, ਐਮ.ਐਲ.ਏ., ਐਮ.ਪੀ., ਮਨਿਸਟਰ, ਚੀਫ ਮਨਿਸਟਰ, ਗਵਰਨਰ ਹਨ। ਜੋ ਪਹਿਲਾਂ ਰਾਸ਼ਟਰ ਦੀ ਮੁੱਖ ਧਾਰਾ ਵਿਚ ਪ੍ਰਵੇਸ਼ ਨਹੀਂ ਕਰ ਸਕਦੇ ਸਨ, ਉਹ ਅੱਜ ਰਾਸ਼ਟਰਪਤੀ ਹਨ। ਔਰਤ ਜਿਸ ਨੂੰ ਗੁੱਤ ਪਿੱਛੇ ਮੱਤ ਕਿਹਾ ਜਾਦਾ ਸੀ ਉਹ ਅੱਜ ਸਕੂਲਾਂ ਕਾਲਜਾਂ, ਯੂਨੀਵਰਸਟੀਆਂ ਵਿਚ ਮਤ ਦੇ ਰਹੀ ਹੈ। ਜਿਸ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਉਹ ਅੱਜ ਲੋਕ ਸਭਾ ਦੇ ਸਿਰ ਦਾ ਤਾਜ ਬਣੀ ਹੋਈ ਹੈ। 
ਜਿਨ੍ਹਾਂ ਦੇ ਨਾਮ ਪਰ ਪਹਿਲਾਂ ਇੱਕ ਇੰਚ ਜ਼ਮੀਨ ਨਹੀਂ ਹੋ ਸਕਦੀ ਸੀ ਉਹ ਅੱਜ ਫਾਰਮਾਂ ਦੇ ਮਾਲਕ ਹਨ। ਜਿਹੜੇ ਪਹਿਲਾਂ  ਪਿੰਡਾਂ ਤੋਂ ਬਾਹਰ ਝੁੱਗੀਆਂ ਵਿਚ ਦਿਨ ਟਪਾਉਂਦੇ ਸਨ, ਉੁਹ ਅੱਜ ਮਾਡਲ ਟਾਊਨਾਂ ਕਲੋਨੀਆਂ, ਪਾਰਕਾਂ ਦੀਆਂ ਆਲੀਸ਼ਾਨ ਕੋਠੀਆਂ ਤੇ ਬੰਗਲਿਆਂ ਵਿਚ ਰਹਿੰਦੇ ਹਨ। ਜਿਨ੍ਹਾਂ ਦੇ ਖਾਣ ਲਈ ਪਹਿਲਾਂ ਜੂਠ ਹੀ ਨਿਸ਼ਚਿਤ ਸੀ, ਉਹ ਅੱਜ ਦੂਜਿਆਂ ਲਈ ਲੰਗਰ ਲਗਾਉਂਦੇ ਹਨ। ਜੋ ਪਹਿਲਾਂ ਬਜ਼ਾਰਾਂ ਵਿਚ ਨਹੀਂ ਵੜ ਸਕਦੇ ਹਨ, ਉਹ ਅੱਜ ਮਾਰਕੀਟਾਂ ਦੇ ਮਾਲਕ ਹਨ। ਜਿਨ੍ਹਾਂ ਨੂੰ ਪਹਿਲਾਂ ਤਨ ਢੱਕਣ ਲਈ ਸਿਰਫ ਮੁਰਦਿਆਂ ਦੇ ਉਤਾਰੇ ਕੱਪੜੇ ਪਾਉਣ ਦੀ ਇਜ਼ਾਜ਼ਤ ਸੀ, ਉੁਹ ਅੱਜ ਪੂਰੇ ਦੇਸ਼ ਨੂੰ ਕੱਪੜਾ ਦਿੰਦੇ ਹਨ। ਜੋ ਪਹਿਲਾਂ ਮੰਦਰਾਂ, ਗੁਰਦਵਾਰਿਆਂ, ਚਰਚਾਂ, ਡੇਰਿਆਂ ਵਿਚ ਪੈਰ ਨਹੀਂ ਪਾ ਸਕਦੇ ਸਨ, ਉਹ ਅੱਜ ਉਨ੍ਹਾਂ ਦੇ ਪ੍ਰਬੰਧਕ ਅਤੇ ਪ੍ਰਚਾਰਕ ਹਨ।  ਅੱਜ ਸਾਡਾ ਸਮਾਜ ਸਭ ਤੋਂ ਵੱਧ ਦੁਖੀ ਹੈ। ਦੁੱਖ ਦਾ ਕਾਰਨ ਅਗਿਆਨਤਾ ਹੈ। ਅਗਿਆਨਤਾ ਗਿਆਨ ਨਾਲ ਹੀ ਦੂਰ ਹੋ ਸਕਦੀ ਹੈ। ਗਿਆਨ ਸੱਤਸੰਗ ਅਤੇ ਸਾਹਿਤ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਸੰਤ ਸੰਮੇਲਨ ਕਰਨੇ ਚਾਹੀਦੇ ਹਨ ਅਤੇ ਸਾਹਿਤ ਪੜ੍ਹਨਾ ਚਾਹੀਦਾ ਹੈ।
ਸੰਮੇਲਨ ਨੂੰ ਕਾਮਯਾਬ ਕਰਨ ਲਈ ਸਰਬਸ੍ਰੀ ਸੋਹਣ ਲਾਲ ਜੱਸੀ ਮਿਉਸਪਲ ਕਮਿਸ਼ਨਰ ਆਦਮਪੁਰ, ਕਰੋਸ਼ ਕੁਮਾਰ ਬੱਗਾ ਮਿਉਸੀਪਲ ਕਮਿਸ਼ਨਰ ਭੋਗਪੁਰ, ਤੁਲਸੀ ਰਾਮ ਸਰਪੰਚ, ਅਵਤਾਰ ਸਿੰਘ ਭਾਟੀਆਂ ਮੈਂਬਰ ਜਿਲ੍ਹਾਂ ਪ੍ਰੀਸ਼ਦ, ਰਕੇਸ਼ ਰਾਣੀ ਸਾਬਕਾ ਸਰਪੰਚ, ਜਸਵੀਰ ਕੌਰ ਸਾਬਕਾ ਸਰਪੰਚ, ਸੁਰਜੀਤ ਰਾਮ ਪੰਚ, ਰਸ਼ਪਾਲ ਕੌਰ ਪੰਚ, ਕੁਲਵਿੰਦਰ ਕੌਰ ਪੰਚ ਆਦਿ ਨੇ ਵਿਸ਼ੇਸ਼ ਸਹਿਯੋਗ ਕੀਤਾ। ਪੰਮਾ ਸੁਨੜ ਵਾਲਾ ਐੰਡ ਪਾਰਟੀ ਨੇ ਬਾਬਾ ਸਾਹਿਬ ਦੇ ਗੀਤਾਂ ਨਾਲ ਸੰਬੋਧਨ ਕੀਤਾ।ਮਾਸਟਰ ਰਾਮ ਲੁਭਾਇਆ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। -- ਐਸ ਐਲ ਵਿਰਦੀ-ਐਡਵੋਕੇਟ