ਯੂ ਏ ਈ ਵਿਖੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦਾ ਜਨਮ ਦਿਵਸ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ।

 15-04-2014 (ਰਾਸ ਅਲ ਖੇਮਾਂ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਵਲੋਂ ਬੀਤੇ ਕਲ ਰਾਸ ਅਲ ਖੇਮਾਂ ਸ਼ਹਿਰ ਵਿਖੇ ਭਾਰਤੀ ਸੰਵਿਧਾਨ ਦੇ ਵਿਧਾਤਾ ਅਤੇ ਪੱਛੜੇ ਵਰਗਾਂ ਦੇ ਮਸੀਹਾ ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਜੀ ਦਾ 123ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ।ਸੁਸਾਇਟੀ ਦੇ ਚੇਅਰਮੈਨ ਭਾਈ ਬਖਸ਼ੀ ਰਾਮ ਜੀ ਦੀ ਕੰਪਣੀ ਦੇ ਕੈਂਪ ਵਿਖੇ ਦਿਵਾਨ ਸਜਾਏ ਗਏ।ਕਈ  ਕਥਾਵਾਚਕਾਂ, ਕੀਰਤਨੀਆਂ ਅਤੇ ਮਿਸ਼ਨਰੀ ਗਾਇਕਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਸਿਖਿਆਵਾਂ ਬਾਰੇ ਚਾਨਣਾ ਪਾਇਆ। ਸ਼੍ਰੀ ਸੁਭਾਸ਼ ਕੁਮਾਰ, ਓਮ ਪ੍ਰਕਾਸ਼ ਅਤੇ ਉਨ੍ਹਾਂ ਦੇ ਸਾਥੀਆ ਵਲੋਂ ਬਾਬਾ ਸਾਹਿਬ ਅਤੇ ਸਤਿਗੁਰੂ ਰਵਿਦਾਸ ਜੀ ਦੀ ਜੀਵਨੀ ਅਤੇ ਸਿਖਿਆਵਾਂ ਦੇ ਬਾਰੇ ਕੀਰਤਨ ਕੀਤਾ ਗਿਆ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਹੈਡ ਗ੍ਰੰਥੀ ਭਾਈ ਕਮਲਰਾਜ ਸਿੰਘ ਨੇ ਸਤਿਗੁਰੂ ਰਵਿਦਾਸ ਜੀ ਦੇ ਸ਼ਬਦ ਅਤੇ ਬਾਬਾ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਕਈ ਜੋਸ਼ੀਲੇ ਗੀਤ ਗਾਕੇ ਸੰਗਤਾਂ ਨੂੰ ਮੰਤਰ-ਮੁਗਧ ਕੀਤਾ। ਸੁਸਾਇਟੀ ਦੇ ਪਰਚਾਰਕ ਸੱਤ ਪਾਲ ਮਹੇ ਨੇ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੀ ਵਿਦਿਅਕ ਯੌਗਤਾਵਾਂ ਅਤੇ ਉੱਚ ਅਹੁਦਿਆਂ ਬਾਰੇ ਗੱਲ ਕੀਤੀ। ਹਰਮੇਸ਼ ਕੁਮਾਰ ਨੇ ਵੀ ਮਿਸ਼ਨਰੀ ਗੀਤ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੁਸਾਅਟੀ ਦੇ ਪਰਧਾਨ ਰੂਪ ਸਿੱਧੂ ਨੇ ਸਾਰੀਆਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਾਫੀ ਵਿਸਥਾਰ ਵਿੱਚ ਬਾਬਾ ਸਾਹਿਬ ਦੀ ਸਮਾਜ ਨੂੰ ਦੇਣ ਬਾਰੇ ਜ਼ਿਕਰ ਕਰਦਿਆਂ ਪੂਨਾ ਪੈਕਟ ਵੇਲੇ ਦੇ ਹਾਲਾਤਾਂ ਅਤੇ ਮਾਸਟਰ ਤਾਰਾ ਸਿੰਘ ਨਾਲ ਮੁਲਾਕਾਤਾਂ ਅਤੇ ਉਨ੍ਹਾਂ ਦੇ ਸਿੱਟੇ ਬਾਰੇ ਵੀ ਗੱਲ ਕੀਤੀ। ਸ਼੍ਰੀ ਸਿੱਧੂ ਨੇ ਕਿਹਾ ਕਿ ਅਗਰ ਅੱਜ ਅਸੀ ਪੜ੍ਹ ਲਿਖਕੇ ਵਿਦੇਸ਼ਾਂ ਵਿੱਚ ਪਹੁੰਚ ਸਕੇ ਜਾਂ ਨੌਕਰਿਆਂ ਤੇ ਲੱਗੇ ਹਾਂ ਅਤੇ  ਏਥੋਂ ਤੱਕ ਕਿ ਜੋ ਇਸ ਤਰਾਂ ਦਾ ਸਮਾਗਮ ਵੀ ਕਰ ਰਹੇ ਹਾਂ ਤਾਂ ਇਹ ਸਿਰਫ ਬਾਬਾ ਸਾਹਿਬ ਜੀ ਵਲੋਂ ਦਿਲਵਾਏ ਹੱਕਾਂ ਕਰਕੇ ਹੀ ਮੁਮਕਿਨ ਹੋਇਆ ਹੈ।  ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਜੀ ਨੂੰ ਅਸਲੀ ਸ਼ਰਧਾਂਜਲੀ ਅਸੀ ਉਨ੍ਹਾਂ ਦੁਆਰਾ ਦੱਸੇ ਗਏ ਮੂਲ-ਮੰਤਰ " ਪੜ੍ਹੋ ਜੁੜ੍ਹੋ ਤੇ ਸੰਘਰਸ਼ ਕਰੇ " ਨੂੰ ਅਪਣਾ ਕੇ ਹੀ ਦੇ ਸਕਦੇ ਹਾਂ।ਗਰੀਬ ਵਰਗ ਦੀ ਬੇਹਤਰੀ ਦਾ ਇਸ ਮੂਲ ਮੰਤਰ ਤੋਂ ਇਲਾਵਾ ਕੋਈ ਹੋਰ ਉਪਾਅ ਹੀ ਨਹੀ ਹੈ। ਉਨ੍ਹਾਂ ਸਾਰੀਆਂ ਸੰਗਤਾਂ ਅਤੇ ਸ਼੍ਰੀ ਬਖਸ਼ੀ ਰਾਮ ਚੇਅਰਮੈਨ ਜੀ ਦਾ ਇਸ ਸਮਾਗਮ ਲਈ ਧੰਨਵਾਦ ਕੀਤਾ। ਰਾਸ ਅਲ ਖੇਮਾਂ, ਅਲ ਰਮਸ ਅਜਮਾਨ ਅਤੇ ਸ਼ਰਜਾ ਤੋਂ ਸੰਗਤਾਂ ਨੇ ਆਕੇ ਇਸ ਸਮਾਗਮ ਵਿੱਚ ਹਾਜ਼ਰੀਆਂ ਲਗਵਾਈਂ।ਚਾਹ, ਪਕੌੜੇ, ਜਲੇਬੀਆਂ, ਫਲ ਅਤੇ ਗੁਰੂ ਦੇ ਲੰਗਰ ਅਤੁਟ ਵਰਤਾਏ ਗਏ।