ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦੇ ਜਨਮ ਦਿਵਸ ਤੇ ਵੀ ਬਾਬਾ ਸਾਹਿਬ ਦੇ ਨਾਮ ਤੇ ਬਣੇ ਪਾਰਕਾਂ ਦੀ ਕਿਸੇ ਨੇ ਸਾਰ ਨਾਂ ਲਈ।

ਪਾਰਕਾਂ ਦੀ ਖਸਤਾ ਹਾਲਤ ਕਾਰਨ ਦਲਿਤਾਂ ਵਿੱਚ ਭਾਰੀ ਰੋਸ। 

14-04-2014 (ਕੁਲਦੀਪ ਚੰਦ ਨੰਗਲ) ਨਗਰ ਕੌਸਲ ਨੰਗਲ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦੀ ਯਾਦ ਵਿੱਚ ਨੰਗਲ ਅਤੇ ਨਵਾਂ ਨੰਗਲ ਵਿੱਚ ਪਾਰਕ ਬਣਾਏ ਗਏ ਹਨ ਪਰ ਇਨ੍ਹਾਂ ਪਾਰਕਾਂ ਦੀ ਸਾਂਭ ਸੰਭਾਲ ਵੱਲ ਕਦੇ ਨਗਰ ਕੋਂਸਲ ਨੇ ਧਿਆਨ ਨਹੀਂ ਦਿਤਾ ਹੈ। ਡਾਕਟਰ ਬੀ ਆਰ ਅੰਬੇਡਕਰ ਪਾਰਕ 2 ਸੈਕਟਰ ਨਵਾਂ ਨੰਗਲ ਅਤੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੁਰਾਣਾ ਗੁਰੂਦੁਆਰਾ ਅੱਗੇ ਡਾਕਟਰ ਅੰਬੇਡਕਰ ਪਾਰਕ ਬਣਾਇਆ ਗਿਆ ਹੈ। ਨੰਗਲ ਵਿੱਚ ਡਾਕਟਰ ਅੰਬੇਡਕਰ ਪਾਰਕ ਦਾ ਉਦਘਾਟਨ 24/11/1988 ਨੂੰ ਨੋਟੀਫਾਇਡ ਏਰੀਆ ਕਮੇਟੀ ਨੰਗਲ ਦੇ ਪ੍ਰਧਾਨ ਸਰਦਾਰ ਮਾਨ ਸਿੰਘ ਨੇ ਕੀਤਾ ਸੀ। ਡਾਕਟਰ ਬੀ ਆਰ ਅੰਬੇਡਕਰ ਪਾਰਕ 2 ਸੈਕਟਰ ਨਵਾਂ ਨੰਗਲ ਦਾ ਉਦਘਾਟਨ 14 ਅਪ੍ਰੈਲ 2005 ਨੂੰ ਹਲਕਾ ਵਿਧਾਇਕ ਕਾਂਗਰਸੀ ਆਗੂ ਰਾਣਾ ਕੇ ਪੀ ਸਿੰਘ ਨੇ ਕੀਤਾ ਸੀ। ਪ੍ਰਸ਼ਾਸਨ ਵਲੋਂ ਇਸ ਪਾਰਕ ਵਿੱਚ ਡਾਕਟਰ ਬੀ ਆਰ ਅੰਬੇਡਕਰ ਦਾ ਇੱਕ ਬੁੱਤ ਵੀ ਲਗਾਇਆ ਗਿਆ ਸੀ। ਹਰ ਸਾਲ 14 ਅਪ੍ਰੈਲ ਅਤੇ 6 ਦਸੰਬਰ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਸਬੰਧੀ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਡਾਕਟਰ ਅੰਬੇਡਕਰ ਦੇ ਨਾਮ ਤੇ ਬਣਾਏ ਗਏ ਪਾਰਕਾਂ ਦੀ ਹਾਲਤ ਖਸਤਾ ਹੈ ਜਿਸਨੂੰ ਲੈਕੇ ਇਲਾਕੇ ਦੇ ਡਾਕਟਰ ਅੰਬੇਡਕਰ ਦੇ ਪੈਰੋਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਪਾਰਕਾਂ ਵਿੱਚ ਲਗਾਏ ਗਏ ਝੂਲੇ ਟੁੱਟੇ ਹੋਏ ਹਨ ਅਤੇ ਰੋਸਨੀ ਲਈ ਲੱਗੀਆਂ ਕਈ ਲਾਇਟਾਂ ਵੀ ਖਰਾਬ ਹਨ। ਇਨ੍ਹਾਂ ਪਾਰਕਾਂ ਦੀ ਸਫਾਈ ਨਾਂ ਹੋਣ ਕਾਰਨ ਝਾੜੀਆਂ ਨੇ ਕਬਜਾ ਕੀਤਾ ਹੋਇਆ ਹੈ।  ਡਾਕਟਰ ਬੀ ਆਰ ਅੰਬੇਡਕਰ ਪਾਰਕ 2 ਸੈਕਟਰ ਨਵਾਂ ਨੰਗਲ ਵਿੱਚ ਲਗਾਏ ਗਏ ਡਾਕਟਰ ਅੰਬੇਡਕਰ ਦੇ ਬੁੱਤ ਵੱਲ ਵੀ ਸ਼ਾਇਦ ਕਿਸੇ ਨੇ ਧਿਆਨ ਨਹੀਂ ਦਿਤਾ ਜਿਸ ਕਾਰਨ ਇਸ ਬੁੱਤ ਦੀਆਂ ਉਂਗਲੀਆਂ ਵੀ ਟੁੱਟ ਚੁਕੀਆਂ ਹਨ। ਪਾਰਕ ਨੂੰ ਅਵਾਰਾ ਜਾਨਵਰਾਂ ਅਤੇ ਗੈਰ ਸਮਾਜੀ ਅਨਸਰਾਂ ਨੇ ਅਪਣਾ ਅੱਡਾ ਬਣਾਇਆ ਹੋਇਆ ਹੈ ਅਤੇ ਪ੍ਰਬੰਧਕਾਂ ਵਲੋਂ ਇਸ ਲਈ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਹਨ। ਇਸ ਸਬੰਧੀ ਦਲਿਤ ਸਮਾਜ ਦੇ ਆਗੂਆਂ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਚੇਅਰਮੈਨ ਸਰਦਾਰੀ ਲਾਲ, ਬਕਾਨੂੰ ਰਾਮ, ਰਾਮ ਸਰੂਪ, ਦਰਸ਼ਨ ਸਿੰਘ, ਸੁਰੇਸ਼ ਕੁਮਾਰ, ਆਤਮਾ ਰਾਮ, ਕੇਵਲ ਕੁਮਾਰ, ਤਰਸੇਮ ਸਹੋਤਾ, ਗੋਪਾਲ ਕ੍ਰਿਸ਼ਨ ਚੋਹਾਨ, ਮਦਨ ਲਾਲ, ਦਲਿਤ ਫਾਂਊਡੇਸ਼ਨ ਫੈਲੋ ਕੁਲਦੀਪ ਚੰਦ ਅਦਿ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਵਲੋਂ ਡਾਕਟਰ ਅੰਬੇਡਕਰ ਵਲੋਂ ਸਮਾਜ ਦੇ ਲਤਾੜ੍ਹੇ ਵਰਗਾਂ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਨੂੰ ਦੇਖਦੇ ਹੋਏ ਵੱਡੇ-ਵੱਡੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਅਤੇ ਪਾਰਕਾਂ ਦਾ ਅਪਮਾਨ ਦਲਿਤਾਂ ਦੀਆਂ ਭਾਵਨਾਵਾਂ ਨਾਲ਼ ਖਿਲਵਾੜ੍ਹ ਹੈ। ਇਹਨਾਂ ਆਗੂਆ ਨੇ ਕਿਹਾਕਿ ਬੇਸ਼ਕ ਦੇਸ਼ ਅਜਾਦ ਹੋਇਆਂ ਅੱਜ 66 ਸਾਲ ਤੋਂ ਵੱਧ ਬੀਤ ਗਏ ਹਨ ਪਰ ਹੁਣ ਵੀ ਕਾਫੀ ਲੋਕਾਂ ਦੀ ਮਾਨਸਿਕਤਾ ਵਿੱਚ ਕੋਈ ਬਦਲਾਵ ਨਹੀਂ ਆਇਆ ਹੈ ਅਤੇ ਅੱਜ ਵੀ ਇਹ ਲੋਕ ਅਤੇ ਅਧਿਕਾਰੀ ਅਪਣੀ ਸੌੜ੍ਹੀ ਸੋਚ ਦਾ ਪ੍ਰਗਟਾਵਾ ਕਰਦੇ ਹਨ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਹੈ ਕਿ ਅਜਿਹੇ ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਖਿਲਾਫ ਦਲਿਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੰਹੁਚਾਣ ਕਾਰਨ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਦਲਿਤ ਵਰਗ ਦੇ ਰਹਿਵਰਾਂ ਦਾ ਮਾਨ-ਸਨਮਾਨ ਕੀਤਾ ਜਾਵੇ ਨਹੀਂ ਤਾਂ ਦਲਿਤ ਵਰਗ ਵਲੋਂ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਨਗਰ ਕੋਂਸਲ ਦੇ ਉਪੱ ਪ੍ਰਧਾਨ ਅਤੇ ਕਾਂਗਰਸੀ ਆਗੂ ਸੁਰਿੰਦਰ ਪੰਮਾ ਨੇ ਕਿਹਾ ਕਿ ਇਨ੍ਹਾਂ ਪਾਰਕਾਂ ਦੀ ਖਸਤਾ ਹਾਲਤ ਨੂੰ ਲੈਕੇ ਇਲਾਕੇ ਦੇ ਦਲਿਤ ਸੰਗਠਨਾਂ ਵਲੋਂ ਰੋਸ ਪ੍ਰਦਰਸਨ ਵੀ ਕੀਤਾ ਗਿਆ ਸੀ ਅਤੇ ਕਾਂਗਰਸ ਪਾਰਟੀ ਦੇ ਕੋਂਸਲਰਾਂ ਵਲੋਂ ਵੀ ਇਸ ਸਬੰਧੀ ਨਗਰ ਕੋਂਸਲ ਪ੍ਰਧਾਨ ਨੂੰ ਕਈ ਵਾਰ ਕਿਹਾ ਜਾ ਚੁੱਕਾ ਹੈ ਪਰ ਮੋਜੂਦਾ ਨਗਰ ਕੋਂਸਲ ਵਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਇਨ੍ਹਾਂ ਪਾਰਕਾਂ ਦੀ ਹਾਲਤ ਦਿਨ ਪ੍ਰਤੀ ਦਿਨ ਖਸਤਾ ਹੋ ਰਹੀ ਹੈ। ਇਨ੍ਹਾਂ ਆਗੂਆਂ ਮੰਗ ਕੀਤੀ ਕਿ ਦਲਿਤ ਰਹਿਵਰਾਂ ਨਾਲ ਜੁੜ੍ਹੇ ਸਮੂਹ ਸਥਾਨਾਂ ਦੀ ਤੁਰੰਤ ਹਾਲਤ ਸੁਧਾਰੀ ਜਾਵੇ ਤਾਂ ਜੋ ਇਨ੍ਹਾਂ ਰਹਿਵਰਾਂ ਨੂੰ ਬਣਦਾ ਮਾਣ ਸਤਿਕਾਰ ਮਿਲ ਸਕੇ।