13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਵਿੱਚ ਹੋਏ ਗੋਲੀਕਾਂਡ ਜਿਸ ਵਿੱਚ ਸੈਕੜੇ ਨਿਰਦੋਸ਼ ਲੋਕ ਮਾਰੇ ਗਏ ਅਤੇ ਜਖਮੀ ਹੋਏ ਨੂੰ ਯਾਦ ਕਰਕੇ ਹਰ ਭਾਰਤ ਵਾਸੀ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਪਰ ਇਸਤੋਂ ਵੀ ਵੱਡੇ ਦੁੱਖ ਅਤੇ ਰੋਸ ਦੀ ਗੱਲ ਹੈ ਕਿ ਜਲਿਆਂਵਾਲਾ ਬਾਗ ਵਿੱਚ 95 ਸਾਲ ਪਹਿਲਾਂ ਮਾਰੇ ਗਏ ਲੋਕਾਂ ਨੂੰ ਸਹੀ ਪਹਿਚਾਣ ਅਤੇ ਸਨਮਾਨ ਅਜ਼ਾਦੀ ਦੇ 66 ਸਾਲਾਂ ਬਾਦ ਵੀ ਹਾਸਲ ਨਹੀਂ ਹੋਇਆ ਹੈ। ਜੇਕਰ ਇਸ ਗੋਲੀਕਾਂਡ ਦਾ ਇਤਿਹਾਸ ਵੇਖੀਏ ਤਾਂ 10 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਮੂਹਰੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀ ਆਪਣੇ 2 ਮਸ਼ਹੂਰ ਲੀਡਰਾਂ ਸਤਿਆਪਾਲ ਅਤੇ ਸੈਫੂਦੀਨ ਕਿਚਲੂ ਦੀ ਰਿਹਾਈ ਦੀ ਮੰਗ ਕਰ ਰਹੇ ਸਨ ਜਿਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਕਿਸੇ ਗੁਪਤ ਜਗ੍ਹਾ ਤੇ ਲੈ ਗਈ ਸੀ। ਅੰਗਰੇਜ਼ੀ ਫੌਜ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਸੀ। ਇਸ ਤੋਂ ਬਾਅਦ ਅੰਗਰੇਜ਼ਾ ਖਿਲਾਫ ਰੋਸ ਵੱਧ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਦਫ਼ਤਰਾਂ ਅਤੇ ਰੇਲਵੇ ਸਟੇਸ਼ਨਾਂ ਤੇ ਹਮਲਾ ਕਰਕੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਅਗਜਨੀ ਕਰਨ ਲੱਗ ਪਏ। ਇਸ ਦੌਰਾਨ 5 ਯੂਰਪੀ ਸਮੇਤ ਸਰਕਾਰੀ ਅਤੇ ਆਮ ਨਾਗਰਿਕ ਮਾਰੇ ਗਏ। ਇਸ ਦਿਨ ਫੌਜ਼ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਕਈ ਝੜਪਾਂ ਹੋਈਆਂ ਜਿਸ ਵਿੱਚ 8 ਤੋਂ 20 ਪ੍ਰਦਰਸ਼ਨਕਾਰੀ ਮਾਰੇ ਗਏ। ਇਸਤੋਂ ਬਾਅਦ 11 ਅਪ੍ਰੈਲ ਨੂੰ ਮਿਸ ਮਾਰਸੇਲਾ ਸ਼ੇਰਵੁੱਡ ਜੋ ਕਿ ਇੱਕ ਅੰਗਰੇਜ਼ ਮਿਸ਼ਨਰੀ ਸੀ ਨੇ ਸਕੂਲ ਬੰਦ ਕਰ ਦਿੱਤਾ ਅਤੇ ਲੱਗਭੱਗ 600 ਭਾਰਤੀ ਵਿਦਿਆਰਥੀਆਂ ਨੂੰ ਵਾਪਿਸ ਘਰ ਭੇਜ ਦਿੱਤਾ ਸੀ। ਭਾਰਤੀ ਲੋਕਾਂ ਨੇ ਕੂਚਾ ਕੂਰੀਚਨ ਤੰਗ ਗਲੀ ਵਿੱਚ ਉਸਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਗਿਆ ਅਤੇ ਕੁੱਟਿਆ ਜਿਸਨੂੰ ਕੁੱਝ ਵਿਦਿਆਰਥੀਆਂ ਦੇ ਮਾਪਿਆਂ ਨੇ ਭੀੜ ਹੱਥੋਂ ਬਚਾਇਆ ਸੀ। ਇਸਤੋਂ ਬਾਅਦ ਜਨਰਲ ਡਾਇਰ ਨੇ ਉਸੇ ਗਲੀ ਵਿੱਚ ਭਾਰਤੀਆਂ ਨੂੰ ਗੋਡਿਆਂ ਅਤੇ ਹੱਥਾਂ ਭਾਰ ਰੇਂਗ ਕੇ ਚੱਲਣ ਲਈ ਮਜ਼ਬੂਰ ਕੀਤਾ ਸੀ। ਇਸਤੋਂ ਅਗਲੇ ਦੋ ਦਿਨਾਂ ਤੱਕ ਪੰਜਾਬ ਵਿੱਚ ਹਿੰਸਾ ਦੀਆਂ ਵਾਰਦਾਤਾਂ ਹੁੰਦੀਆਂ ਰਹੀਆਂ। ਪੰਜਾਬ ਵਿੱਚ ਰੇਲ ਦੀਆਂ ਪਟੜੀਆਂ ਨੂੰ ਉਖਾੜ ਦਿੱਤਾ ਗਿਆ, ਟੈਲੀਫੋਨ ਸੇਵਾ ਠੱਪ ਕਰ ਦਿੱਤੀ ਗਈ ਅਤੇ ਸਰਕਾਰੀ ਭਵਨਾਂ ਨੂੰ ਅੱਗਾਂ ਲਗਾਈਆਂ ਗਈਆਂ ਅਤੇ ਤਿੰਨ ਯੂਰਪੀ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਇਸਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ। ਇਸ ਲਾਅ ਅਨੁਸਾਰ ਕਿਤੇ ਵੀ ਚਾਰ ਤੋਂ ਵੱਧ ਹਿੰਦੁਸਤਾਨੀ ਲੋਕ ਇੱਕੋ ਜਗ੍ਹਾ ਇਕੱਠੇ ਨਹੀਂ ਹੋ ਸਕਦੇ ਸਨ। ਇਸਤੋਂ ਬਾਅਦ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਹਰਮਿੰਦਰ ਸਾਹਿਬ ਨੇੜੇ ਜ਼ਲਿਆਵਾਲਾ ਬਾਗ ਵਿੱਚ ਲੋਕਾਂ ਦਾ ਭਾਰੀ ਇਕੱਠ ਸ਼ਾਂਤੀਪੂਰਵਕ ਸਭਾ ਕਰ ਰਿਹਾ ਸੀ। ਇਹ ਜਲਸਾ ਸ਼ਾਮ ਦੇ ਚਾਰ ਵੱਜ ਕੇ 30 ਮਿੰਟ ਤੇ ਸ਼ੁਰੂ ਹੋਇਆ ਸੀ। ਇਸ ਵਿੱਚ ਪਿੰਡਾਂ ਦੇ ਹਿੰਦੂ ਅਤੇ ਸਿੱਖ ਅਤੇ ਮੁਸਲਮਾਨ ਸ਼ਾਮਿਲ ਸਨ। ਸ਼ਾਮ ਦੇ 5 ਵੱਜ ਕੇ 30 ਮਿੰਟ ਤੇ ਜਨਰਲ ਰੇਗੀਨਾਲਡ ਡਾਇਰ ਦੀ ਕਮਾਂਡ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਦਾ ਦਸਤਾ ਜਿਸ ਵਿੱਚ 65 ਫੌਜੀ ਗੋਰਖਾ ਅਤੇ 25 ਫੌਜੀ ਬਲੋਚ ਸਨ ਨੇ ਆ ਕੇ ਸ਼ਾਤੀਪੂਰਵਕ ਚੱਲ ਰਹੇ ਜਲਸੇ ਨੂੰ ਘੇਰਾ ਪਾ ਲਿਆ। ਇਹ ਫੌਜੀ 303 ਲੀ ਇਨਫੀਲਡ ਬੋਲਟ ਐਕਸ਼ਨ ਰਾਈਫਲਾਂ ਨਾਲ ਲੈਸ ਸਨ। ਜਨਰਲ ਡਾਇਰ ਆਪਣੇ ਨਾਲ ਦੋ ਗੱਡੀਆਂ ਵਿੱਚ ਮਸ਼ੀਨਗੰਨਾਂ ਵੀ ਲੈ ਕੇ ਆਇਆ ਸੀ। ਜਨਰਲ ਡਾਇਰ ਨੇ ਬਾਹਰ ਜਾਣ ਦੇ ਰਸਤੇ ਨੂੰ ਬੰਦ ਕਰ ਦਿੱਤਾ ਅਤੇ ਉਥੇ ਮਸ਼ੀਨਗੰਨਾਂ ਬੀੜ ਦਿੱਤੀਆਂ। ਜਨਰਲ ਡਾਇਰ ਨੇ ਬਿਨਾਂ ਕੋਈ ਚੇਤਾਵਨੀ ਦਿੱਤੇ ਹੀ ਜਲਸੇ ਉਤੇ ਫਾਈਰਿੰਗ ਦਾ ਹੁਕਮ ਦੇ ਦਿੱਤਾ। ਫੌਜ ਨੇ 10 ਮਿੰਟ ਤੱਕ ਗੋਲਾਬਾਰੀ ਕੀਤੀ ਜਿਸ ਨਾਲ ਸੈਂਕੜੇ ਨਿਹੱਥੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਖਮੀ ਹੋ ਗਏ। ਕੁਝ ਲੋਕਾਂ ਨੇ ਖੂਹ ਵਿੱਚ ਛਾਲਾ ਮਾਰ ਦਿੱਤੀਆਂ ਪਰ ਆਪਣੀ ਜਾਨ ਨਾ ਬਚਾ ਸਕੇ। ਕੁਝ ਲੋਕਾਂ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਗੋਲੀਆਂ ਦੀ ਮਾਰ ਤੋਂ ਬੱਚ ਨਾ ਸਕੇ। ਇਹ ਗੋਲੀਬਾਰੀ ਉਦੋਂ ਹੀ ਖਤਮ ਹੋਈ ਜਦੋਂ ਫੌਜੀਆਂ ਦੀਆਂ ਗੋਲੀਆਂ ਖਤਮ ਹੋ ਗਈਆਂ। ਜਨਰਲ ਡਾਇਰ ਅਨੁਸਾਰ 1650 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਖੂਹ ਵਿੱਚੋਂ 120 ਲਾਸ਼ਾਂ ਕੱਢੀਆਂ ਗਈਆਂ ਸੀ। ਇਸਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ। ਉਸ ਵੇਲੇ ਦਰਬਾਰ ਸਾਹਿਬ ਤੇ  ਮਹੰਤਾਂ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਦਰਬਾਰ ਸਾਹਿਬ ਦੇ ਮੁਖੀ ਅਰੂੜਾ ਸਿੰਘ ਨੇ 1919 ਵਿੱਚ ਜਨਰਲ ਡਾਇਰ ਨੂੰ ਸਿਰੋਪਾ ਦੇਕੇ ਸਨਮਾਨਿਤ ਕੀਤਾ ਸੀ। ਅੰਗਰੇਜ਼ ਸਰਕਾਰ ਅਨੁਸਾਰ 379 ਲੋਕ ਮਾਰੇ ਗਏ ਸਨ ਪਰ ਇੰਡੀਅਨ ਨੈਸ਼ਨਲ ਕਾਂਗਰਸ ਅਨੁਸਾਰ 1000 ਤੋਂ ਵੱਧ ਲੋਕ ਮਾਰੇ ਗਏ ਸਨ। ਪੰਜਾਬ ਦੇ ਲੋਕਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਸੀ ਅਤੇ ਹਜ਼ਾਰਾਂ ਪੰਜਾਬੀਆਂ ਨੇ ਅੰਗਰੇਜ਼ਾਂ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਪਰ ਅੰਗਰੇਜ਼ਾਂ ਨੇ ਇਸਦੇ ਬਦਲੇ ਵਿੱਚ ਜਲਿਆਵਾਲਾ ਬਾਗ ਵਿੱਚ ਨਿਹੱਥੇ ਪੰਜਾਬੀ ਪੇਂਡੂਆਂ ਦੇ ਖੂਨ ਦੀ ਹੌਲੀ ਖੇਡੀ। ਪਰ ਉਹ ਤਾਂ ਅੰਗਰੇਜ਼ ਸੀ ਅਤੇ ਬੇਗਾਨੇ ਦੇਸ਼ ਦੇ ਵਾਸੀ ਸਨ ਪਰ ਸੋਚਣ ਵਾਲੀ ਗੱਲ ਹੈ ਕਿ ਸਾਡੇ ਆਪਣੇ ਦੇਸ਼ ਦੇ ਹਾਕਮਾਂ ਨੇ ਜਲਿਆਬਾਗ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਲੋਕਾਂ ਨੂੰ ਅੱਜ ਤੱਕ ਸ਼ਹੀਦਾਂ ਦਾ ਦਰਜਾ ਤੱਕ ਨਹੀਂ ਦਿੱਤਾ ਹੈ। ਜਲਿਆਵਾਲਾ ਬਾਗ ਦੇ ਖੂਨੀ ਕਾਂਡ ਦਾ ਬਦਲਾ ਇੱਕ ਅਣਖੀਲੇ ਪੰਜਾਬੀ ਸੂਰਮੇ ਸ਼ਹੀਦ ਊਧਮ ਸਿੰਘ ਜੋਕਿ ਖੁਦ ਇਸ ਗੋਲੀਕਾਂਡ ਮੌਕੇ ਬਾਗ ਵਿੱਚ ਸੀ ਅਤੇ ਜਖ਼ਮੀ ਹੋਇਆ ਸੀ ਨੇ ਲਿਆ ਸੀ। ਮਾਈਕਲ ਓਡਵਾਇਰ ਜੋ ਕਿ ਜਲਿਆਵਾਲਾ ਬਾਗ ਦੇ ਖੂਨੀ ਕਾਂਡ ਸਮੇਂ ਪੰਜਾਬ ਦਾ ਗਵਰਨਰ ਸੀ ਅਤੇ ਜਨਰਲ ਡਾਇਰ ਨੂੰ ਕਤਲੇਆਮ ਕਰਨ ਦੀ ਇਜ਼ਾਜ਼ਤ ਦਿੱਤੀ ਸੀ ਨੂੰ ਊਧਮ ਸਿੰਘ ਨੇ 13 ਮਾਰਚ 1940 ਨੂੰ ਇੱਕ ਸਭਾ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਅਤੇ 31 ਜੁਲਾਈ 1940 ਨੂੰ ਅੰਗਰੇਜ਼ ਸਰਕਾਰ ਨੇ ਊਧਮ ਸਿੰਘ ਨੂੰ ਫਾਂਸੀ ਦੇ ਤਖਤੇ ਦੇ ਲਟਕਾ ਕੇ ਸ਼ਹੀਦ ਕਰ ਦਿੱਤਾ। ਉਸ ਸਮੇਂ ਭਾਰਤ ਦੇ ਮਹਾਨ ਲੀਡਰਾਂ ਵਿੱਚੋਂ ਸਿਰਫ ਸੁਭਾਸ਼ ਚੰਦਰ ਬੋਸ ਨੇ ਊਧਮ ਸਿੰਘ ਦੀ ਤਾਰੀਫ ਕੀਤੀ ਸੀ ਅਤੇ ਉਸਨੂੰ ਮਹਾਨ ਸ਼ਹੀਦ ਕਰਾਰ ਦਿੱਤਾ ਸੀ ਜਦਕਿ ਕਈ ਲੀਡਰਾਂ ਨੇ ਉਲਟ ਸ਼ਹੀਦ ਊਧਮ ਸਿੰਘ ਨੂੰ ਹੀ ਮਾੜਾ ਕਿਹਾ ਸੀ। 1920 ਵਿੱਚ ਇੰਡੀਅਨ ਨੈਸ਼ਨਲ ਕਾਂਗਸਰ ਪਾਰਟੀ ਵਲੋਂ ਮਤਾ ਪਾਕੇ ਇੱਕ ਟਰੱਸਟ ਬਣਾਇਆ ਗਿਆ ਅਤੇ 1923 ਵਿੱਚ ਇਸ ਟਰੱਸਟ ਨੇ ਇਹ ਜਮੀਨ ਖਰੀਦੀ। ਇਸ ਸਥਾਨ ਦਾ ਡਿਜਾਇਨ  ਅਮਰੀਕਾ ਦੇ ਪ੍ਰਸਿੱਧ ਆਰਕੀਟੈਕਟ ਬੈਂਜਾਮੀਨ ਪੋਲਕ ਨੇ ਤਿਆਰ ਕੀਤਾ ਅਤੇ 13 ਅਪ੍ਰੈਲ 1961 ਨੂੰ ਭਾਰਤ ਦੇ ਰਾਸ਼ਟਰਪਤੀ ਡਾਕਟਰ ਰਾਜਿੰਦਰਾ ਪ੍ਰਸਾਦ ਨੇ ਇਸਦਾ ਉਦਘਾਟਨ ਕੀਤਾ। ਕਿੰਨੇ ਦੁੱਖ ਦੀ ਗੱਲ ਹੈ ਕਿ 13 ਅਪ੍ਰੈਲ 1919 ਨੂੰ ਜ਼ਲਿਆਵਾਲਾ ਬਾਗ ਵਿੱਚ ਸ਼ਹੀਦ ਹੋਣ ਵਾਲੇ ਲੋਕ ਅਜੇ ਤੱਕ ਪ੍ਰਸ਼ਾਸ਼ਨ ਲਈ ਇੱਕ ਬੁਝਾਰਤ ਬਣੇ ਹੋਏ ਹਨ। ਉਹਨਾਂ ਨੂੰ ਸਨਮਾਨ ਦੇਣਾ ਤਾਂ ਦੂਰ ਉਪਰੋਕਤ ਸਮਾਰਕ ਦੀ ਕਿਸੇ ਦੀਵਾਰ ਤੇ ਉਹਨਾਂ ਦੇ ਨਾਮ ਤੱਕ ਨਹੀਂ ਲਿਖੇ ਗਏ ਹਨ। ਲੋਕ ਆਪਣੀ ਸ਼ਰਧਾਂਜ਼ਲੀ ਤਾਂ ਭੇਟ ਕਰਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਉਹ ਆਪਣੀ ਸ਼ਰਧਾਂਜ਼ਲੀ ਕਿਸਨੂੰ ਦੇਣ Îਕਿਉਂਕਿ ਆਪਣੀ ਜਾਨ ਦੇਣ ਵਾਲੇ ਲੋਕਾਂ ਦਾ ਕਿਤੇ ਵੀ ਨਾਮ ਨਹੀਂ ਉਕੇਰਿਆ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜ਼ਲਿਆਂਵਾਲਾ ਬਾਗ ਕਾਂਡ ਵਿੱਚ ਸ਼ਹੀਦ ਹੋਣ ਵਾਲੇ ਦੇਸ਼ ਭਗਤਾਂ ਨੂੰ ਅਗਿਆਤ ਨਾ ਰਹਿਣ ਦੇਵੇ ਸਗੋਂ ਉਹਨਾਂ ਦੇ ਨਾਮ ਅਤੇ ਤਸਵੀਰਾਂ ਸਨਮਾਨ ਸਹਿਤ ਬਾਗ ਵਿੱਚ ਲਗਾਈਆਂ ਜਾਣ ਤਾਂ ਜੋ ਆਮ ਜਨਤਾ ਨੂੰ ਪਤਾ ਲੱਗ ਸਕੇ ਕਿ ਕਿਹਨਾਂ ਲੋਕਾਂ ਨੇ ਦੇਸ਼ ਦੀ ਖਾਤਰ ਆਪਣੀ ਜਾਨ ਗਵਾਈ ਸੀ। ਸਰਕਾਰ ਨੂੰ ਬਿਨਾਂ ਕਿਸੇ ਦੇਰੀ ਕੀਤੇ ਜ਼ਲਿਆਂਵਾਲਾ ਬਾਗ ਕਾਂਡ ਵਿੱਚ ਮਰਨ ਵਾਲੇ ਲੋਕਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਬਣਦਾ ਸਨਮਾਨ ਦੇਣਾ ਚਾਹੀਦਾ ਹੈ ਅਤੇ ਮੁਕੰਮਲ ਜਾਣਕਾਰੀ ਲੋਕਾਂ ਤੱਕ ਪਹੁੰਚਾਣ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਨਹੀਂ ਤਾਂ ਸਾਡੀ ਆਣ ਵਾਲੀ ਪੀੜੀ ਦੇਸ਼ ਦੇ ਇਸ ਗੌਰਵਮਈ ਇਤਿਹਾਸ ਤੋਂ ਬਾਂਝੀ ਰਹਿ ਜਾਵੇਗੀ। 
ਕੁਲਦੀਪ ਚੰਦ
9417563054