07 ਅਪ੍ਰੈਲ ਵਿਸ਼ਵ ਸਿਹਤ ਦਿਵਸ ਸਬੰਧੀ ਵਿਸ਼ੇਸ਼।

7 ਅਪ੍ਰੈਲ, 2014 (ਕੁਲਦੀਪ ਚੰਦ) ਕਿਸੇ ਦੇਸ਼ ਦੇ ਵਿਕਾਸ ਲਈ ਉਸਦੇ ਨਾਗਰਿਕਾਂ ਦਾ ਸਿਹਤਮੰਦ ਹੋਣਾ ਅਤਿ ਜਰੂਰੀ ਹੈ। ਦੁਨੀਆਂ ਦੇ ਬਹੁਤੇ ਦੇਸ਼ਾਂ ਨੇ ਅਪਣੇ ਨਾਗਰਿਕਾਂ ਦੀ ਸਿਹਤ ਨੂੰ ਵਿਸ਼ੇਸ਼ ਮਹੱਤਵ ਦਿਤਾ ਹੈ ਅਤੇ ਅੱਜ ਉਹ ਦੇਸ਼ ਵਿਕਸਿਤ ਦੇਸ਼ ਕਹਿਲਾਂਦੇ ਹਨ। ਸਿਹਤ ਨੂੰ ਪ੍ਰਮੁਖਤਾ ਦਿੰਦੇ ਹੋਏ ਹੀ ਵਿਸ਼ਵ ਸਿਹਤ ਸੰਸਥਾ ਦਾ ਗਠਨ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਸਥਾ ਦੀ ਸਥਾਪਨਾ 1948 ਵਿੱਚ ਕੀਤੀ ਗਈ ਸੀ। ਦੁਨੀਆਂ ਦੇ ਲੋਕਾਂ ਨੂੰ ਸਿਹਤ ਸਬੰਧੀ ਵਿਸ਼ੇਸ਼ ਤੌਰ ਤੇ ਜਾਗਰੂਕ ਕਰਨ ਲਈ ਵਿਸ਼ਵ ਸਿਹਤ ਸੰਸਥਾ ਦੁਆਰਾ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਸੰਨ 1950 ਤੋਂ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ ਗਿਆ। ਵਿਸ਼ਵ ਸਿਹਤ ਸੰਸਥਾ ਦੁਆਰਾ ਇਸ ਦਿਨ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਸਥਾਨਕ ਪੱਧਰ ਤੇ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਹਰ ਸਾਲ 7 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਵਿਸ਼ਵ ਸਿਹਤ ਦਿਵਸ ਦਾ ਹਰ ਸਾਲ ਅਲੱਗ-ਅਲੱਗ ਵਿਸ਼ਾ ਹੁੰਦਾ ਹੈ। ਇਸ ਸਾਲ ਦਾ ਵਿਸ਼ਾ ਹੈ ਪਾਣੀ ਨਾਲ ਲੱਗਣ ਵਾਲੀਆਂ ਬਿਮਾਰੀਆਂ। ਮਾਹਿਰਾਂ ਅਨੁਸਾਰ ਮਨੁੱਖ ਨੂੰ ਲੱਗਣ ਵਾਲੀਆਂ ਲਗਭੱਗ 80 ਫੀਸਦੀ ਬਿਮਾਰੀਆਂ ਪੀਣ ਵਾਲੇ ਦੂਸ਼ਿਤ ਪਾਣੀ ਕਾਰਨ ਹੁੰਦੀਆਂ ਹਨ। ਮੱਛਰ, ਕੀਟ ਪਤੰਗੇ ਅਤੇ ਹੋਰ ਕਈ ਤਰ੍ਹਾਂ ਦੇ ਕੀੜੇ ਖਤਰਨਾਕ ਮਾਰੂ ਬਿਮਾਰੀਆਂ ਫੈਲਾਣ ਲਈ ਜਿੰਮੇਵਾਰ ਹੁੰਦੇ ਹਨ। ਲਗਭੱਗ ਦੁਨੀਆਂ ਦੀ ਅੱਧੀ ਆਬਾਦੀ ਨੂੰ ਮਲੇਰੀਆਂ, ਪੀਲਾ ਬੁਖਾਰ, ਡੇਂਗੂ, ਲੀਸਮੈਨੀਏਸਿਸ, ਲਾਈਮੀ ਡਿਜ਼ੀਜ਼, ਸਿਸਟੋਸੋਮੀਏਸਿਸ ਵਰਗੀਆਂ ਬੀਮਾਰੀਆਂ ਤੋਂ ਭਾਰੀ ਖਤਰਾ ਹੈ। ਇਹ ਬੀਮਾਰੀਆਂ ਮੱਛਰਾਂ, ਮੱਖੀਆਂ, ਪਾਣੀ ਦੇ ਕੀੜਿਆਂ ਅਤੇ ਹੋਰ ਕੀਟਾਣੂਆਂ ਰਾਹੀਂ ਫੈਲਦੀਆਂ ਹਨ। ਮੱਛਰਦਾਨੀ ਦਾ ਇਸਤੇਮਾਲ ਕਰਕੇ ਅਤੇ ਦਵਾਈਆਂ ਦਾ ਛਿੜਕਾਅ ਕਰਕੇ ਲੱਖਾਂ ਲੋਕਾਂ ਦੀਆਂ ਜਾਨਾਂ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਕਦੀਆਂ ਹਨ। ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਡਾਕਟਰ ਮਾਰਗਰੇਟ ਚਾਨ ਦਾ ਕਹਿਣਾ ਹੈ ਕਿ 21ਵੀਂ ਸਦੀ ਵਿੱਚ ਇੱਕ ਵੀ ਮੌਤ ਮੱਛਰ, ਮੱਖੀਆਂ, ਬਲੈਕਫਲਾਈ, ਟਿਕਸ ਆਦਿ ਦੇ ਕੱਟਣ ਤੋਂ ਨਹੀਂ ਹੋਣੀ ਚਾਹੀਦੀ ਹੈ। ਜ਼ਿਆਦਾਤਰ ਗਰੀਬ ਅਬਾਦੀ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਤੋਂ ਪੀੜਿਤ ਹੁੰਦੀ ਹੈ ਕਿਉਂਕਿ ਉਹਨਾਂ ਕੋਲ ਰਹਿਣ ਲਈ ਸਾਫ ਸੁਥਰੇ ਘਰ, ਪੀਣ ਵਾਲਾ ਸਾਫ ਪਾਣੀ ਅਤੇ ਪਖਾਨੇ ਦੀ ਸਹੂਲਤ ਨਹੀਂ ਹੁੰਦੀ ਹੈ। ਸਿਸਟੋਸੋਮੀਏਸਿਸ ਜੋ ਕਿ ਵਾਟਰ ਸਨੇਲ ਰਾਹੀਂ ਹੁੰਦੀ ਹੈ ਦੂਸ਼ਿਤ ਪਾਣੀ ਦੇ ਕਾਰਨ ਹੋਣ ਵਾਲੀ ਪ੍ਰਮੁੱਖ ਬਿਮਾਰੀ ਹੈ ਜਿਸ ਨਾਲ ਦੁਨੀਆਂ ਭਰ ਦੇ ਲੱਗਭੱਗ 280 ਮਿਲੀਅਨ ਲੋਕ ਪ੍ਰਭਾਵਿਤ ਹਨ। ਬੱਚੇ ਦੂਸ਼ਿਤ ਪਾਣੀ ਦੇ ਸੋਮਿਆ ਲਾਗੇ ਰਹਿੰਦੇ ਹਨ ਅਤੇ ਖੇਡਦੇ ਹਨ ਜਿਸ ਕਾਰਨ ਬੱਚੇ ਜਲਦੀ ਬਿਮਾਰ ਹੋ ਜਾਂਦੇ ਹਨ। ਪਿਛਲੇ ਕਈ ਸਾਲਾਂ ਤੋਂ ਦੂਸ਼ਿਤ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੁਨੀਆਂ ਦੇ ਨਵੇਂ ਹਿੱਸਿਆ ਵਿੱਚ ਫੈਲ ਰਹੀਆਂ ਹਨ। ਇਸਦਾ ਪ੍ਰਮੁੱਖ ਕਾਰਨ ਵਾਤਾਵਰਨ ਵਿੱਚ ਤਬਦੀਲੀ, ਅੰਤਰਰਾਸ਼ਟਰੀ ਵਪਾਰ ਅਤੇ ਆਣ-ਜਾਣ ਵਿੱਚ ਵਾਧਾ, ਖੇਤੀਬਾੜੀ ਵਿਭਿੰਨਤਾ ਆਦਿ ਹਨ। ਇਸ ਕਾਰਨ ਇਹਨਾਂ ਬਿਮਾਰੀਆਂ ਤੋਂ ਪ੍ਰਭਾਵਿਤ ਲੋਕਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ ਅਤੇ ਸੈਲਾਨੀ, ਵਪਾਰ ਲਈ ਆਣ-ਜਾਣ ਵਾਲੇ ਅਤੇ ਨਵੇਂ ਗਰੁੱਪ ਇਸਦਾ ਸ਼ਿਕਾਰ ਹੋ ਰਹੇ ਹਨ। ਉਦਾਹਰਣ ਲਈ ਡੇਂਗੂ ਮੱਛਰ ਰਾਹੀਂ ਹੋਣ ਵਾਲੇ ਡੇਂਗੂ ਬੁਖਾਰ ਦੀ 100 ਦੇਸ਼ਾਂ ਵਿੱਚ ਪਹਿਚਾਣ ਹੋ ਚੁੱਕੀ ਹੈ ਜਿਸ ਕਾਰਨ ਦੁਨੀਆਂ ਦੀ 40 ਫੀਸਦੀ ਅਬਾਦੀ ਖਤਰੇ ਵਿੱਚ ਜੀਅ ਰਹੀ ਹੈ। ਹਰ ਸਾਲ ਵਿਸ਼ਵ ਭਰ ਵਿੱਚ ਲੱਗਭੱਗ 660000 ਮੌਤਾਂ ਮੱਛਰ ਦੁਆਰਾ ਫੈਲਾਏ ਜਾ ਰਹੇ ਮਲੇਰੀਆਂ ਕਾਰਨ ਹੋ ਜਾਂਦੀਆਂ ਹਨ। ਇਸਤੋਂ ਇਲਾਵਾ ਡੇਂਗੂ ਬੁਖਾਰ, ਪੀਲੀਆਂ ਬੁਖਾਰ ਅਤੇ ਚਿਕਨਗੁਨੀਆਂ ਦੁਆਰਾ ਵੀ ਕਈ ਮੌਤਾਂ ਹੁੰਦੀਆਂ ਹਨ। ਜ਼ਿਆਦਾਤਰ ਬਿਮਾਰੀਆਂ ਪੀਣ ਵਾਲੇ ਦੂਸ਼ਿਤ ਪਾਣੀ ਨਾਲ ਫੈਲਦੀਆਂ ਹਨ। ਵਿਕਸਿਤ ਦੇਸ਼ਾਂ ਨੇ ਕਾਫੀ ਹੱਦ ਤੱਕ ਇਨ੍ਹਾਂ ਬਿਮਾਰੀਆਂ ਤੋਂ ਅਪਣੇ ਨਾਗਰਿਕਾਂ ਨੂੰ ਬਚਾਉਣ ਲਈ ਠੋਸ ਯੋਜਨਾਵਾਂ ਤਿਆਰ ਅਤੇ ਲਾਗੂ ਕੀਤੀਆਂ ਹਨ ਜਿਸ ਕਾਰਨ ਇਨ੍ਹਾਂ ਦੇਸ਼ਾਂ ਵਿੱਚ ਅਜਿਹੀਆਂ ਬਿਮਾਰੀਆਂ ਤੇ ਕਾਬੂ ਪਾਇਆ ਗਿਆ ਹੈ ਪਰੰਤੂ ਵਿਕਾਸਸ਼ੀਲ ਦੇਸ਼ ਅਜੇ ਵੀ ਇਨ੍ਹਾਂ ਬਿਮਾਰੀਆਂ ਨਾਲ ਲੜਣ ਵਿੱਚ ਅਸਫਲ ਸਾਬਤ ਹੋ ਰਹੇ ਹਨ। ਸਾਡਾ ਦੇਸ਼ ਭਾਰਤ ਜੋਕਿ ਵਿਕਸਿਤ ਦੇਸ਼ਾਂ ਦੀ ਲੜੀ ਵਿੱਚ ਸ਼ਾਮਲ ਹੋਣ ਲਈ ਜੂਝ ਰਿਹਾ ਹੈ ਵਿੱਚ ਆਏ ਸਾਲ ਲੱਖਾਂ ਲੋਕ ਸਾਫ ਪਾਣੀ ਦੀ ਘਾਟ ਨਾਲ ਮਰਦੇ ਅਤੇ ਬਿਮਾਰ ਹੁੰਦੇ ਹਨ। ਆਜ਼ਾਦੀ ਦੇ 6 ਦਹਾਕੇ ਤੋਂ ਵੱਧ ਸਮਾਂ ਬੀਤਣ ਦੇ ਬਾਅਦ ਵੀ ਸਾਰੇ ਦੇਸ਼ਵਾਸੀਆਂ ਨੂੰ ਪੀਣ ਵਾਲਾ ਸਾਫ ਪਾਣੀ ਨਾ ਮਿਲਣਾ ਸਰਕਾਰਾਂ ਦੀ ਨਲਾਇਕੀ ਨੂੰ ਦਰਸਾਉਂਦੀਆਂ ਹਨ। ਅੱਜ ਦੇਸ਼ ਵਿੱਚ ਬੋਤਲਬੰਦ ਪਾਣੀ ਵੇਚਣ ਵਾਲੀਆਂ ਕੰਪਨੀਆਂ ਦੀ ਲਾਬੀ ਹਾਵੀ ਹੋ ਰਹੀ ਹੈ। ਬੋਤਲਬੰਦ ਪਾਣੀ ਵੇਚਣ ਵਾਲੀਆਂ ਕੰਪਨੀਆਂ ਪੀਣ ਵਾਲੇ ਸਾਫ ਪਾਣੀ ਦੇ ਨਾਮ ਦੇ ਕਾਫੀ ਪੈਸਾ ਕਮਾ ਰਹੀਆਂ ਹਨ ਪਰ ਸਾਡੇ ਦੇਸ਼ ਦੀ ਸਰਕਾਰ ਸਭ ਕੁਝ ਦੇਖ ਕੇ ਵੀ ਅਣਜਾਨ ਬਣੀ ਬੈਠੀ ਹੈ। ਵੱਧ ਰਹੀ ਅਬਾਦੀ ਕਾਰਨ ਵੀ ਪੀਣ ਵਾਲੇ ਸਾਫ ਪਾਣੀ ਦੇ ਸੋਮੇ ਘੱਟ ਹੁੰਦੇ ਜਾ ਰਹੇ ਹਨ ਜਿਸਦਾ ਫਾਇਦਾ ਵੀ ਬੋਤਲਬੰਦ ਪਾਣੀ ਵੇਚਣ ਵਾਲੀਆਂ ਕੰਪਨੀਆਂ ਨੂੰ ਹੋ ਰਿਹਾ ਹੈ। ਸਿਰਫ ਵਿਸ਼ਵ ਸਿਹਤ ਦਿਵਸ ਮਨਾਉਣ ਨਾਲ ਲੋਕਾਂ ਦੀ ਸਿਹਤ ਕਿਵੇਂ ਠੀਕ ਹੋ ਸਕਦੀ ਹੈ ਜਦਕਿ ਸਰਕਾਰਾਂ ਦੁਆਰਾ ਕੀਤੇ ਜਾ ਰਹੇ ਆਰਥਿਕ ਸੁਧਾਰਾਂ ਕਰਕੇ ਦਵਾਈਆਂ ਅਤੇ ਇਲਾਜ ਮਹਿੰਗੇ ਹੁੰਦੇ ਜਾ ਰਹੇ ਹਨ। ਇਹਨਾਂ ਮਹਿੰਗੇ ਇਲਾਜਾਂ ਨੂੰ ਕਰਵਾਉਣਾ ਦੇਸ਼ ਦੇ ਗਰੀਬ ਲੋਕਾਂ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਦੇਸ਼ ਭਾਵੇਂ ਆਰਥਿਕ ਤਰੱਕੀ ਕਰ ਰਿਹਾ ਹੈ ਪਰ ਆਰਥਿਕ ਵਿਕਾਸ ਦਾ ਫਾਇਦਾ ਸਿਰਫ ਕੁਝ ਲੋਕਾਂ ਤੱਕ ਹੀ ਪਹੁੰਚ ਰਿਹਾ ਹੈ। ਸਿਹਤਮੰਦ ਜੀਵਨ ਹਾਲਤਾਂ ਅਤੇ ਚੰਗੀਆਂ ਸਿਹਤ ਸਹੂਲਤਾਂ ਤੱਕ ਲੋਕਾਂ ਦੀ ਪਹੁੰਚ, ਸਿਰਫ ਮਨੁੱਖੀ ਹੱਕ ਹੀ ਨਹੀਂ ਸਗੋਂ ਸਮਾਜਿਕ-ਆਰਥਿਕ ਵਿਕਾਸ ਲਈ ਵੀ ਇੱਕ ਜ਼ਰੂਰੀ ਲੋੜ ਹੈ। ਸਾਡੇ ਦੇਸ਼ ਨੇ ਹੋਰ ਕੁੱਝ ਦੇਸ਼ ਵਾਂਗ ਹੀ ਸਭ ਨੂੰ ਸਿਹਤ ਮੁਹੱਈਆ ਕਰਵਾਉਣ ਦੀ ਆਪਣੀ ਸਮਰੱਥਾ ਵਿੱਚ ਫਾਡੀ ਰਹਿਣ ਕਲੰਕ ਅਪਣੇ ਮੱਥੇ ਉਤੇ ਲਗਾਇਆ ਹੋਇਆ ਹੈ। ਸਰਕਾਰੀ ਹਸਪਤਾਲਾਂ ਵਿੱਚ ਜਿਹੜੀਆਂ ਮਾਮੂਲੀ ਸਿਹਤ ਸਹੂਲਤਾਂ ਮੌਜੂਦ ਹਨ ਉਹ ਵੀ ਚੰਗੀ ਤਰ੍ਹਾਂ ਇਸਤੇਮਾਲ ਨਹੀਂ ਹੁੰਦੀਆਂ ਹਨ। ਸਰਕਾਰ ਵੱਲੋਂ ਮਿਆਰੀ ਸਿਹਤ ਸਹੂਲਤਾਂ ਨਾ ਦੇ ਸਕਣ ਕਾਰਨ ਜ਼ਿਆਦਾਤਰ ਲੋਕ ਇਲਾਜ ਲਈ ਨਿੱਜੀ ਸਿਹਤ ਕੇਂਦਰਾਂ ਨੂੰ ਪਹਿਲ ਦਿੰਦੇ ਹਨ। ਸਰਕਾਰ ਵੱਲੋਂ ਗਰੀਬਾਂ ਅਤੇ ਪੇਂਡੂਆਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਨ ਦੀ ਸਮਰੱਥਾ ਵਿੱਚ ਕਮੀ ਹੋਈ ਹੈ ਜਿਸਦੇ ਨਤੀਜੇ ਵਜੋਂ ਬਹੁਗਿਣਤੀ ਵਸੋਂ ਦੀ ਬੀਮਾਰੀ ਦਰ ਬਹੁਤ ਜ਼ਿਆਦਾ ਹੈ। ਵਿਸ਼ਵ ਸਿਹਤ ਸੰਸਥਾ ਦੁਆਰਾ 7 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਵਿਸ਼ਵ ਸਿਹਤ ਦਿਵਸ ਰਾਹੀਂ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਪੀਣ ਵਾਲਾ ਸਾਫ ਪਾਣੀ, ਪਖਾਨਾ ਆਦਿ ਵਰਤਣ ਲਈ ਸੁਨੇਹਾ ਦਿੱਤਾ ਹੈ। ਇਨ੍ਹਾਂ ਬਿਮਾਰੀਆਂ ਤੋਂ ਸਮੂਹ ਵਿਸ਼ਵ ਦੇ ਲੋਕ ਕਦੋਂ ਛੁਟਕਾਰਾ ਪਾਣਗੇ ਇਹ ਇੱਕ ਬੁਝਾਰਤ ਬਣਿਆ ਹੋਇਆ ਹੈ। ਬਹੁਤੇ ਦੇਸ਼ਾਂ ਦੇ ਲੋਕ ਇੱਕ ਦਿਨ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮੋਕੇ ਵੱਡੇ ਵੱਡੇ ਭਾਸ਼ਣ ਅਤੇ ਪ੍ਰੋਗਰਾਮ ਕਰਕੇ ਲੋਕਾਂ ਦੀ ਸਿਹਤ ਪ੍ਰਤੀ ਚਿੰਤਕ ਹੋਣ ਦੀ ਹਾਮੀ ਭਰਦੇ ਹਨ ਪਰ ਜਰੂਰਤ ਹੈ ਕਿ ਸਿਹਤ ਸੰਭਾਲ ਲਈ ਗੰਭੀਰਤਾ ਨਾਲ ਲਗਾਤਾਰ ਸੋਚਿਆ ਜਾਵੇ ਅਤੇ ਜਰੂਰੀ ਕਦਮ ਚੁੱਕੇ ਜਾਣ ਤਾਂ ਜੋ ਸੱਚਮੁਚ ਸਿਹਤਮੰਦ ਸਮਾਜ ਅਤੇ ਵਿਸ਼ਵ ਬਣ ਸਕੇ।
ਕੁਲਦੀਪ  ਚੰਦ 
9417563054