ਇਹ ਹਨ ਸਾਡੇ ਦੇਸ਼ ਦੇ ਸਮਾਜ ਸੇਵਕ

ਐਮ ਪੀਜ਼, ਸਾਬਕਾ ਐਮ ਪੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੀਆਂ ਹਨ ਅਮੀਰਾਂ ਵਾਲੀਆਂ ਸਹੂਲਤਾਂ

24 ਮਾਰਚ, 2014 (ਕੁਲਦੀਪ ਚੰਦ ) ਭਾਰਤ ਦੇਸ਼ ਇਕ ਵਿਸ਼ਾਲ ਆਬਾਦੀ ਵਾਲਾ ਦੇਸ਼ ਹੈ। ਸਾਡੇ ਦੇਸ਼ ਦੀ ਆਬਾਦੀ ਦਾ ਜ਼ਿਆਦਾ ਤਬਕਾ ਗਰੀਬੀ ਅਤੇ ਬੇਰੁਜ਼ਗਾਰੀ ਨਾਲ ਜਕੜਿਆ ਹੋਇਆ ਹੈ। ਦੇਸ਼ ਦੀ ਕਾਫੀ ਅਬਾਦੀ ਅੱਜ ਵੀ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਦੇਸ਼ ਦੇ ਕਰੋੜ੍ਹਾਂ ਲੋਕ ਗਰੀਬੀ ਕਾਰਨ ਜੀਵਨ ਦੀਆਂ ਮੁਢਲੀਆਂ ਸਹੂਲਤਾ ਰੋਟੀ, ਕੱਪੜਾ, ਮਕਾਨ ਤੋਂ ਬਾਂਝੇ ਹਨ। ਦੇਸ਼ ਦੇ ਕਰੋੜ੍ਹਾਂ ਲੋਕ ਬਿਨਾਂ ਦਵਾਈ ਤੋਂ ਤੜਫ-ਤੜਫ ਕੇ ਮਰ ਜਾਂਦੇ ਹਨ। ਦੇਸ਼ ਦੀ ਬਹੁਤੀ ਜਨਤਾ ਹਰ ਵਾਰ ਰਾਜਨੀਤੀਵਾਨਾਂ ਦੇ ਲਾਰਿਆਂ ਵਿੱਚ ਆਕੇ ਅਪਣੀ ਵੋਟ ਦਾ ਇਸਤੇਮਾਲ ਕਰਦੀ ਹੈ ਅਤੇ ਹਰ ਵਾਰ ਸੋਚਦੀ ਹੈ ਕਿ ਸਰਕਾਰ ਵਿੱਚ ਬੈਠੇ ਨੇਤਾ ਉਨ੍ਹਾਂ ਦੀ ਕਿਸਮਤ ਬਦਲਣ ਲਈ ਕੰਮ ਕਰਨਗੇ ਅਤੇ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਗੇ। ਦੇਸ਼ ਦੀ ਬਹੁਤੀ ਜਨਤਾ ਅੱਜ ਵੀ ਇਹ ਸੋਚਦੀ ਹੈ ਕਿ ਚੋਣ ਲੜਣ ਅਤੇ ਜਿਤਣ ਵਾਲੇ ਨੇਤਾਵਾਂ ਨੂੰ ਸਮਾਜ ਸੇਵਾ ਅਤੇ ਲੋਕ ਸੇਵਾ ਦਾ ਦਿਲੀ ਸ਼ੋਂਕ ਹੈ ਅਤੇ ਇਹ ਸਾਰੇ ਬਿਨ੍ਹਾਂ ਕਿਸੇ ਲਾਲਚ ਦੇ ਕੰਮ ਕਰਦੇ ਹਨ ਪਰ ਇਹ ਸਿਰਫ ਇੱਕ ਵਹਿਮ ਹੈ ਜਦਕਿ ਹਕੀਕਤ ਵਿੱਚ ਇਨ੍ਹਾਂ ਮੈਂਬਰਾਂ ਨੂੰ ਲੱਖਾਂ ਰੁਪਏ ਸਰਕਾਰ ਦੇ ਖਜਾਨੇ ਵਿੱਚੋਂ ਮਿਲਦੇ ਹਨ। ਲੋਕਾਂ ਦੇ ਹੱਕਾਂ ਦੀ ਲੜਾਈ ਅਤੇ ਸਹੂਲਤਾਂ ਦੇਣ ਲਈ ਇੱਕ ਦੂਜੇ ਨਾਲ ਲੜਣ ਵਾਲੇ ਸਾਂਸਦਾਂ ਦੇ ਜਦੋਂ ਅਪਣੇ ਨਿੱਜੀ ਲਾਭ ਦੀ ਗੱਲ ਚੱਲਦੀ ਹੈ ਤਾਂ ਸਾਰੇ ਸਾਂਸਦ ਜਨਤਾ ਨੂੰ ਭੁਲਕੇ ਪੂਰੀ ਸਹਿਮਤੀ ਨਾਲ ਇਹ ਬਿੱਲ ਪਾਸ ਕਰ ਦਿੰਦੇ ਹਨ। ਹਰ ਮਹੀਨੇ ਇਨ੍ਹਾਂ ਸਾਂਸਦਾਂ ਨੂੰ ਲੱਖਾਂ ਰੁਪਏ ਮਿਲਦੇ ਹਨ। ਲੋਕ ਸਭਾ ਅਤੇ ਰਾਜ ਸਭਾ ਐਮ ਪੀਜ਼ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਜਿੰਮੇਵਾਰ ਅਧਿਕਾਰੀਆਂ ਸ਼੍ਰੀਮਤੀ ਕਮਲੇਸ਼ ਮਹਿਤਾ ਡਿਪਟੀ ਸੈਕਟਰੀ ਐਮ ਐਸ ਅਤੇ ਗੁਰਸ਼ਰਨ ਕੌਰ ਮੋਹੀ ਅੰਡਰ ਸੈਕਟਰੀ ਐਮ ਐਸ ਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੈਲਰੀ, ਅਲਾਂਉਸਜ਼ ਐਂਡ ਪੈਨਸ਼ਨ ਆਫ ਮੈਂਬਰਜ਼ ਆਫ ਪਾਰਲੀਆਮੈਂਟ ਐਕਟ, 1954 ਅਨੁਸਾਰ ਦੇਸ ਦੇ ਐਮ ਪੀਜ਼ ਅਤੇ ਸਾਬਕਾ ਐਮ ਪੀਜ਼ ਨੂੰ ਵਿੱਤੀ ਸਹੁਲਤਾਂ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸੈਲਰੀ, ਅਲਾਂਉਸਜ਼ ਐਂਡ ਪੈਨਸ਼ਨ ਆਫ ਮੈਂਬਰਜ਼ ਆਫ ਪਾਰਲੀਆਮੈਂਟ ਅਮੈਂਡਮੈਂਟ ਐਕਟ, 2010  ਅਨੁਸਾਰ  18 ਮਈ 2009 ਤੋਂ ਹਰ ਇੱਕ ਐਮ ਪੀ ਨੂੰ ਮਿਲਣ ਵਾਲੀ ਤਨਖਾਹ 16 ਹਜਾਰ ਤੋਂ ਵਧਾਕੇ 50 ਹਜਾਰ ਰੁਪਏ ਕਰ ਦਿਤੀ ਗਈ ਹੈ, ਰੋਜਾਨਾ ਭੱਤਾ ਵੀ ਇੱਕ ਹਜਾਰ ਤੋਂ ਵਧਾਕੇ ਦੋ ਹਜਾਰ ਕਰ ਦਿਤਾ ਗਿਆ ਹੈ। ਹਰ ਇੱਕ ਐਮ ਪੀ ਨੂੰ ਹਲਕਾ ਭੱਤਾ ਵੀ 45 ਹਜਾਰ ਰੁਪਏ ਦਿਤਾ ਜਾਂਦਾ ਹੈ, 45 ਹਜਾਰ ਰੁਪਏ ਦਫਤਰੀ ਭੱਤਾ ਦਿਤਾ ਜਾਂਦਾ ਹੈ ਜਿਸ ਵਿਚੋਂ 15 ਹਜਾਰ ਰੁਪਏ ਸਟੇਸ਼ਨਰੀ, ਪੋਸਟੇਜ ਆਦਿ ਲਈ ਹਨ ਅਤੇ 30 ਹਜਾਰ ਰੁਪਏ ਉਸ ਵਿਅਕਤੀ ਨੂੰ ਦਿਤੇ ਜਾਣੇ ਹਨ ਜੋਕਿ ਦਫਤਰ ਵਿੱਚ ਕੰਮ ਕਰੇਗਾ। ਹਰ ਇੱਕ ਐਮ ਪੀ ਨੂੰ ਸੈਸ਼ਨ ਅਟੈਂਡ ਕਰਨ ਅਤੇ ਹੋਰ ਕਿਸੇ ਸਰਕਾਰੀ ਕੰਮ ਦੇ ਆਣ ਜਾਣ ਲਈ ਰੇਲਵੇ ਰਾਹੀਂ ਫਸਟ ਕਲਾਸ ਦਾ ਪਾਸ ਜਾਰੀ ਕੀਤਾ ਜਾਂਦਾ ਹੈ। ਜੇਕਰ ਐਮ ਪੀ ਜਹਾਜ ਰਾਹੀਂ ਸਫਰ ਕਰਦਾ ਹੈ ਤਾਂ ਸਵਾ ਗੁਣਾ ਕਿਰਇਆ ਦਿਤਾ ਜਾਂਦਾ ਹੇ। ਜੇਕਰ ਐਮ ਪੀ ਸੜ੍ਹਕ ਰਾਹੀਂ ਸਫਰ ਕਰਦਾ ਹੈ ਤਾ 16 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਦਿਤਾ ਜਾਂਦਾ ਹੈ। ਹਰ ਇੱਕ ਐਮ ਪੀ ਨੂੰ ਸਾਲ ਵਿੱਚ 34 ਵਾਰ ਹਵਾਈ ਜਹਾਜ ਰਾਹੀਂ ਸਫਰ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉਹ ਇਸ ਸਹੂਲਤ ਵੇਲੇ  ਅਪਣੇ ਪਤੀ/ਪਤਨੀ ਜਾਂ ਕਿਸੇ ਹੋਰ ਨੂੰ ਵੀ ਨਾਲ ਲਿਜਾ ਸਕਦਾ ਹੈ। ਹਰ ਇੱਕ ਐਮ ਪੀ ਨੂੰ ਅਪਣੇ ਪਤੀ/ਪਤਨੀ ਨਾਲ ਦੇਸ਼ ਵਿੱਚ ਰੇਲਵੇ ਰਾਹੀਂ ਮੁਫਤ ਸਫਰ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਹਰ ਇੱਕ ਐਮ ਪੀ ਨੂੰ ਸਰਕਾਰ ਦੁਆਰਾ ਲਾਇਸੰਸ ਫੀਸ ਮੁੱਕਤ ਹੋਸਟਲ ਜਾਂ ਫਲੈਟ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਜੇਕਰ ਉਹ ਬੰਗਲਾ ਲੈਣ ਦੇ ਯੋਗ ਹੈ ਤਾਂ ਸਧਾਰਨ ਲਾਇਸੰਸ ਫੀਸ ਤੇ ਇਹ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਜਿਸ ਐਮ ਪੀ ਨੂੰ ਬੰਗਲਾ ਦਿਤਾ ਜਾਂਦਾ ਹੈ ਉਸਨੂੰ ਹਰ ਸਾਲ 4000 ਕਿਲੋ ਲੀਟਰ ਪਾਣੀ ਦੀ ਸਪਲਾਈ ਅਤੇ 50000 ਬਿਜਲੀ ਯੂਨਿਟ ਮੁਫਤ ਦੀ ਸਹੂਲਤ ਦਿਤੀ ਜਾਂਦੀ ਹੈ। ਹਰ ਇੱਕ ਐਮ ਪੀ ਨੂੰ ਹਰ ਤਿੰਨ ਮਹੀਨੇ ਬਾਦ ਸੋਫਾ ਕਵਰ ਅਤੇ ਪਰਦੇ ਧੋਣ ਦੀ ਮੁਫਤ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਫਰਨੀਚਰ ਲਈ 75 ਹਜਾਰ ਰੁਪਏ ਦੀ ਸਹੂਲਤ ਦਿਤੀ ਜਾਂਦੀ ਹੈ। ਹਰ ਇੱਕ ਐਮ ਪੀ ਨੂੰ ਤਿੰਨ ਟੈਲੀਫੋਨ ਕੂਨੈਕਸ਼ਨ, ਇੱਕ ਮੋਬਾਇਲ ਕੂਨੈਕਸਨ, ਬਰਾਂਡਬੈਂਡ ਇੰਟਰਨੈਂਟ ਦੀ ਸਹੂਲਤ ਦਿਤੀ ਜਾਂਦੀ ਹੈ ਜਿਸ ਵਿੱਚ ਲੈਂਡਲਾਇਨ ਤੋਂ 50 ਹਜਾਰ ਲੋਕਲ ਕਾਲਾਂ ਅਤੇ ਮੋਬਾਇਲ ਤੋਂ 150000 ਕਾਲਾਂ ਮੁਫਤ ਕਰਨ ਦੀ ਸਹੂਲਤ ਦਿਤੀ ਗਈ ਹੈ ਅਤੇ 3 ਜੀ ਦੀ ਸਹੂਲਤ ਨਾਲ 1500 ਰੁਪਏ ਬਰਾਂਡਬੈਂਡ ਲਈ ਦਿਤੇ ਜਾਂਦੇ ਹਨ। ਸਾਡੇ ਗਰੀਬ ਦੇਸ਼ ਦੇ ਸਾਬਕਾ ਐਮ ਪੀ ਵੀ ਸਹੂਲਤਾਂ ਦਾ ਆਨੰਦ ਮਾਨਣ ਵਿੱਚ ਪਿੱਛੇ ਨਹੀਂ ਹਨ। ਸਾਬਕਾ ਐਮ ਪੀਜ ਨੂੰ ਪੈਨਸ਼ਨ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਹਰ ਸਾਬਕਾ ਐਮ ਪੀ ਨੂੰ 20000/- ਰੁਪਏ ਮਹੀਨਾਵਾਰ ਪੈਨਸ਼ਨ ਮਿਲਦੀ ਹੈ। ਜੋ ਨੇਤਾ ਇੱਕ ਵਾਰ ਤੋਂ ਵੱਧ ਐਮ ਪੀ ਬਣਦਾ ਹੈ ਉਸਨੂੰ ਹਰ ਸਾਲ ਦੇ ਹਿਸਾਬ ਨਾਲ 1500/- ਰੁਪਏ ਵੱਧ ਪੈਨਸ਼ਨ ਦਿਤੀ ਜਾਂਦੀ ਹੈ। ਇਸ ਵਾਧੂ ਪੈਨਸ਼ਨ ਨੂੰ ਦੇਣ ਦਾ ਢੰਗ ਵੀ ਬਹੁਤ ਅਨੋਖਾ ਹੈ ਅਤੇ 9 ਮਹੀਨੇ ਨੂੰ ਇੱਕ ਸਾਲ ਮੰਨਿਆ ਜਾਂਦਾ ਹੇ। ਹਰ ਸਾਬਕਾ ਐਮ ਪੀ ਨੂੰ ਰੇਲਵੇ ਸਫਰ, ਹਵਾਈ ਜਹਾਜ ਰਾਹੀਂ ਸਫਰ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਮੁਮੂਲੀ ਖਰਚ ਤੇ ਸਿਹਤ ਅਤੇ ਮੈਡੀਕਲ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ। ਸੰਸਾਰ ਦੇ ਸਭਤੋਂ ਵੱਡੇ ਲੋਕਤੰਤਰ ਵਿੱਚ ਹਰ ਇੱਕ ਐਮ ਪੀਜ ਦੇ ਪਰਿਵਾਰਾਂ ਨੂੰ ਵੀ ਪੈਨਸ਼ਨ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। 2 ਏ ਏ ਆਫ ਐਮ ਐਸ ਏ ਐਕਟ ਅਨੁਸਾਰ ਐਮ ਪੀ ਦੀ ਪੈਨਸ਼ਨ ਤੋਂ ਅੱਧੀ ਪੈਨਸ਼ਨ ਪਰਿਵਾਰ ਨੂੰ ਦਿਤੀ ਜਾਂਦੀ ਹੈ ਅਤੇ 8 ਏ ਏ ਆਫ ਐਮ ਐਸ ਏ ਐਕਟ ਅਨੁਸਾਰ  ਮੁਫਤ ਸਫਰ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤਰਾਂ ਸਾਡੇ ਦੇਸ ਦੇ ਐਮ ਪੀਜ਼ ਨੂੰ ਮਿਲਦੀਆਂ ਸਹੂਲਤਾਂ ਵੇਖਕੇ ਲੱਗਦਾ ਹੈ ਕਿ ਅਸੀਂ ਕਿਸੇ ਬਹੁਤ ਹੀ ਵਿਕਸਿਤ ਦੇਸ਼ ਵਿੱਚ ਰਹਿ ਰਹੇ ਹਾਂ ਪਰ ਹਕੀਕਤ ਤੋਂ ਤੁਸੀਂ ਆਪ ਭਲੀਭਾਂਤ ਵਾਕਿਫ ਹੋ ਕਿ ਸਾਡੇ ਦੇਸ਼ ਦੀ ਆਮ ਜਨਤਾ ਫੁਟਪਾਥਾਂ, ਰੇਲਵੇਪਲੇਟਫਾਰਮਾਂ, ਗੰਦੀਆਂ ਮਲੀਨ ਬਸਤੀਆਂ ਵਿੱਚ ਕਿਸ ਹਾਲਾਤ ਵਿੱਚ ਰਹਿੰਦੀ ਹੈ।  ਜੇਕਰ ਸਾਡੇ ਸੰਸਦ ਮੈਂਬਰ ਆਮ ਆਦਮੀ ਵਾਲੀ ਜ਼ਿੰਦਗੀ ਜਿਉਣ ਤਾਂ ਹੀ ਉਨਾਂ ਨੂੰ ਆਮ ਆਦਮੀ ਦੀਆਂ ਸਮੱਸਿਆਵਾ ਦਾ ਪਤਾ ਚੱਲ ਸਕਦਾ ਹੈ ਕਿ ਗਰੀਬ ਵਿਅਕਤੀ ਕਿਵੇਂ ਜਿੰਦਗੀ ਦਾ ਗੁਜਾਰਾ ਕਰਦਾ ਹੈ। 
ਕੁਲਦੀਪ  ਚੰਦ 
9417563054