ਚੋਣਾਂ ਸਬੰਧੀ ਪੋਲਿੰਗ ਬੂਥਾਂ ਤੇ ਸਹੂਲਤਾਂ ਸਬੰਧੀ ਰਾਸ਼ਟਰੀ ਚੋਣ ਆਯੋਗ ਵਲੋਂ ਦਿਸ਼ਾ ਨਿਰਦੇਸ਼ ਜਾਰੀ।

19 ਮਾਰਚ, 2014 (ਕੁਲਦੀਪ ਚੰਦ) 16ਵੀਂ ਲੋਕ ਸਭਾ ਦੀਆਂ ਚੋਣਾਂ ਲਈ ਸਾਰੇ ਦੇਸ ਵਿੱਚ ਜੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਭਾਰਤੀ ਚੋਣ ਆਯੋਗ ਨੇ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਸਹੂਲਤਾਂ ਸਬੰਧੀ ਦਿਸ਼ਾ ਨਿਰਦੇਸ਼ ਜਾਰ ਕੀਤੇ ਹਨ। ਪੋਲਿੰਗ ਬੂਥਾਂ ਤੇ ਸਹੂਲਤਾਂ ਸਬੰਧੀ ਭਾਰਤੀ ਚੋਣ ਆਯੋਗ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਪੱਤਰ ਨੰਬਰ 464/ਆਈ ਐਨ ਐਸ ਟੀ-ਬੀ ਐਮ ਐਫ/2013-ਈ ਪੀ ਐਸ ਮਿਤੀ 27 ਜਨਵਰੀ 2014 ਰਾਹੀਂ ਪੋਲਿੰਗ ਬੂਥਾਂ ਤੇ ਸਹੂਲਤਾਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਸਹੂਲਤਾਂ ਲਈ ਜ਼ਿਲ੍ਹਾ ਚੋਣ ਅਫਸਰ ਦੀ ਜਿੰਮੇਵਾਰੀ ਹੋਵੇਗੀ। ਇਹਨਾਂ ਸਹੂਲਤਾਂ ਵਿੱਚ ਸਾਫ ਪੀਣ ਵਾਲਾ ਪਾਣੀ, ਫਰਨੀਚਰ, ਪਖਾਨਾ ਅਤੇ ਰੋਸ਼ਨੀ ਆਦਿ ਦਾ ਪ੍ਰਬੰਧ ਸ਼ਾਮਿਲ ਹਨ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਚੋਣ ਅਫਸਰ ਅਤੇ ਰਿਟਰਨਿੰਗ ਅਫਸਰ ਚੋਣਾਂ ਤੋਂ ਪਹਿਲਾਂ ਪੋਲਿੰਗ ਸਟੇਸ਼ਨਾਂ ਦੀ ਆਪ ਚੈਕਿੰਗ ਕਰਨਗੇ ਅਤੇ ਸਹੂਲਤਾਂ ਸਬੰਧੀ ਜਾਂਚ ਕਰਨਗੇ। ਰਿਟਰਨਿੰਗ ਅਫਸਰ ਨੂੰ ਘੱਟੋਂ ਘੱਟ 10 ਫੀਸਦੀ ਪੋਲਿੰਗ ਸਟੇਸ਼ਨਾਂ ਤੇ ਸਹੂਲਤਾਂ ਸਬੰਧੀ ਜਾਂਚ ਕਰਨੀ ਪਵੇਗੀ। ਪੋਲਿੰਗ ਬੂਥਾਂ ਅੰਦਰ ਵੋਟਾਂ ਪਾਉਣ ਲਈ ਆਣ-ਜਾਣ ਦਾ ਰਸਤਾ ਨਿਸ਼ਚਿਤ ਹੋਣਾ ਜਾਣਾ ਚਾਹੀਦਾ ਹੈ। ਅੰਗਹੀਣ ਵੋਟਰਾਂ ਲਈ ਰੈਂਪ ਬਣਾਇਆ ਜਾਣਾ ਜ਼ਰੂਰੀ ਹੈ। ਪੋਲਿੰਗ ਬੂਥਾਂ ਤੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਵੋਟ ਪਾਣ ਲਈ ਲਾਈਨਾਂ ਵਿੱਚ ਲੱਗੇ ਵੋਟਰਾਂ ਨੂੰ ਵੀ ਪਾਣੀ ਵਰਤਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਪੋਲਿੰਗ ਬੂਥਾਂ ਤੇ ਰੌਸ਼ਨੀ ਦਾ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ। ਬਿਜਲੀ ਦੇ ਪੱਖੇ, ਬੱਲਬਾਂ ਅਤੇ ਸਵਿਚਾਂ ਦੀ ਜਾਂਚ ਵੋਟਾਂ ਤੋਂ ਪਹਿਲਾਂ ਕਰਨੀ ਲਾਜ਼ਮੀ ਹੈ। ਜੇਕਰ ਕਿਸੇ ਪੋਲਿੰਗ ਬੂਥ ਤੇ ਬਿਜਲੀ ਦਾ ਪ੍ਰਬੰਧ ਨਹੀਂ ਹੈ ਤਾਂ ਉਚਿਤ ਰੌਸ਼ਨੀ ਲਈ ਜਨਰੇਟਰ ਦਾ ਪ੍ਰਬੰਧ ਕੀਤਾ ਜਾਵੇਗਾ। ਪੋਲਿੰਗ ਬੂਥਾਂ ਤੇ ਟੋਬਲ, ਕੁਰਸੀਆਂ, ਬੈਂਚਾਂ ਦੀ ਉਚਿਤ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਲਾਈਨਾਂ ਵਿੱਚ ਲੱਗੇ ਵੋਟਰਾਂ ਲਈ ਸ਼ੈਡ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਵੋਟਰਾਂ ਦੀ ਸਹੂਲਤ ਲਈ ਹੈਲਪ ਡੈਸਕ ਹੋਣਾ ਚਾਹੀਦਾ ਹੈ ਜਿੱਥੋਂ ਕਿ ਵੋਟਰਾਂ ਨੂੰ ਵੋਟਰ ਪਰਚੀ ਜਾਰੀ ਕੀਤੀ ਜਾ ਸਕੇ ਅਤੇ ਪੋਲਿੰਗ ਬੂਥ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ ਤਾਂ ਜੋ ਵੋਟਰ ਨੂੰ ਵੋਟ ਪਾਉਣ ਲਈ ਕੋਈ ਪ੍ਰੇਸ਼ਾਨੀ ਨਾ ਹੋਵੇ। ਵੋਟਰਾਂ ਦੀ ਸਹੂਲਤ ਲਈ ਸਾਈਨ ਬੋਰਡ ਹੋਣਾ ਚਾਹੀਦਾ ਹੈ ਜਿੱਥੋਂ ਕਿ ਵੋਟਰ ਨੂੰ ਵੋਟ ਪਾਣ ਲਈ ਆਣ-ਜਾਣ ਵਾਲੇ ਰਸਤੇ, ਪਖਾਨਾ, ਪੀਣ ਵਾਲੇ ਸਾਫ ਪਾਣੀ ਅਤੇ ਹੈਲਪ ਡੈਸਕ ਸਬੰਧੀ ਜਾਣਕਾਰੀ ਮਿਲ ਸਕੇ। ਪੋਲਿੰਗ ਬੂਥਾਂ ਤੇ ਮਹਿਲਾਵਾਂ ਅਤੇ ਪੁਰਸ਼ਾਂ ਲਈ ਅਲੱਗ-ਅਲੱਗ ਪਖਾਨੇ ਦੀ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਪਖਾਨਿਆਂ ਦੀ ਸਫਾਈ ਲਈ ਸਫਾਈ ਕਰਮਚਾਰੀ ਜਾਂ ਦਿਹਾੜੀਦਾਰ ਮਜ਼ਦੂਰ ਦੀ ਵੀ ਵਿਵਸਥਾ ਕਰਨੀ ਚਾਹੀਦੀ ਹੈ। ਜ਼ਿਲ੍ਹਾ ਚੋਣ ਅਫਸਰ ਨੂੰ ਹਰ ਪੋਲਿੰਗ ਬੂਥ ਦੀ ਵੀਡਿਓਗ੍ਰਾਫੀ ਵੀ ਕਰਨੀ ਪਵੇਗੀ ਜਿਸ ਵਿੱਚ ਪੋਲਿੰਗ ਬੂਥ ਤੇ ਆਣ-ਜਾਣ ਦੇ ਰਸਤਾ, ਪੋਲਿੰਗ ਬੂਥ ਦਾ ਆਲਾ ਦੁਆਲਾ, ਪੋਲਿੰਗ ਬੂਥ ਤੇ ਚਾਰਦੀਵਾਰੀ, ਬਿਲਡਿੰਗ ਏਰੀਆ, ਖੁਲੀ ਜਗ੍ਹਾ, ਕਮਰਿਆਂ ਦੀ ਗਿਣਤੀ, ਪੋਲਿੰਗ ਬੂਥ ਦੀ ਅਸਲ ਲੋਕੇਸ਼ਨ, ਪੀਣ ਵਾਲੇ ਪਾਣੀ, ਪਖਾਨਾ, ਫਰਨੀਚਰ, ਰੈਂਪ, ਬਿਜਲੀ ਅਤੇ ਸੈਡ ਸ਼ਾਮਿਲ ਹੋਵੇਗਾ। ਵੀਡਿਓਗ੍ਰਾਫੀ ਦੇ ਸ਼ੁਰੂ ਕਰਨ ਤੋਂ ਪਹਿਲਾਂ ਬੋਰਡ ਤੇ ਜ਼ਿਲ੍ਹੇ ਦਾ ਨਾਮ, ਏ ਸੀ ਨੰਬਰ ਅਤੇ ਨਾਮ, ਪੁਲਿਸ ਸਟੇਸ਼ਨ ਲੋਕੇਸ਼ਨ ਨੰਬਰ ਅਤੇ ਨਾਮ, ਪੁਲਿਸ ਸਟੇਸ਼ਨ ਨੰਬਰ ਅਤੇ ਪਤਾ ਆਦਿ ਲਿਖ ਕੇ ਕੈਮਰੇ ਨਾਲ ਫੋਟੋ ਖਿੱਚ ਕੇ ਵੀਡਿਓਫਿਲਮ ਵਿੱਚ ਦਰਸਾਣੀ ਪਵੇਗੀ ਤਾਂ ਜੋ ਇਹਨਾਂ ਦੀ ਲੋਕੇਸ਼ਨ ਪਤਾ ਕਰਨ ਵਿੱਚ ਕੋਈ ਮੁਸ਼ਕਿਲ ਨਾ ਹੋਵੇ। ਇਹਨਾਂ ਸਾਰੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਚੋਣ ਅਫਸਰ ਨੂੰ 5 ਫਰਵਰੀ 2014 ਤੱਕ ਅਮਲ ਕਰਨ ਲਈ ਕਿਹਾ ਗਿਆ ਹੈ। ਇਸੇ ਲੜੀ ਵਿੱਚ 15 ਫਰਵਰੀ 2014 ਨੂੰ ਜ਼ਿਲ੍ਹਾ ਚੋਣ ਅਫਸਰ ਨੂੰ ਸਾਰੇ ਰਾਜਨੀਤਿਕ ਦਲਾਂ ਨਾਲ ਮੀਟਿੰਗ ਕਰਨ ਲਈ ਕਿਹਾ ਗਿਆ ਸੀ। ਜ਼ਿਲ੍ਹਾ ਚੋਣ ਅਫਸਰ ਨੇ 17 ਫਰਵਰੀ 2014 ਤੱਕ ਚੀਫ ਇਲੈਕਟ੍ਰੋਲ ਅਫਸਰ ਕੋਲ ਆਪਣੀ ਰਿਪੋਰਟ ਭੇਜਣੀ ਸੀ ਅਤੇ 20 ਫਰਵਰੀ 2014 ਤੱਕ ਚੀਫ ਇਲੈਕਟ੍ਰੋਲ ਅਫਸਰ ਵੱਲੋਂ ਸਾਰੀ ਰਿਪੋਰਟ ਭਾਰਤੀ ਚੋਣ ਕਮਿਸ਼ਨ ਦੇ ਜੋਨਲ ਸੈਕਟਰੀ/ਪ੍ਰਿੰਸੀਪਲ ਸੈਕਟਰੀ ਨੂੰ ਭੇਜੀ ਜਾਣੀ ਸੀ। ਚੋਣ ਆਯੋਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾ ਕਾਰਨ ਅਧਿਕਾਰੀਆਂ ਦੇ ਕੰਮ ਵਿੱਚ ਬੇਸ਼ੱਕ ਵਾਧਾ ਹੋ ਗਿਆ ਹੈ ਪਰੰਤੂ ਵੋਟਰਾਂ ਨੂੰ ਇਨ੍ਹਾਂ ਹਦਾਇਤਾਂ ਕਾਰਨ ਜਰੂਰ ਸਹੂਲਤਾਂ ਮਿਲਣਗੀਆਂ। 
ਕੁਲਦੀਪ ਚੰਦ
9417563054